Loading Now

ਸੁਚੇਤ ਅਤੇ ਸੁਰੱਖਿਅਤ ਜਿੰਦਗੀ/ਗੋਪਾਲ ਸ਼ਰਮਾ

ਸੁਚੇਤ ਅਤੇ ਸੁਰੱਖਿਅਤ ਜਿੰਦਗੀ/ਗੋਪਾਲ ਸ਼ਰਮਾ

ਜ਼ਿੰਦਗੀ ਪਰਿਵਾਰ ਰੂਪੀ ਮਾਲਾ ਹੈ ਅਤੇ ਪਰਿਵਾਰ ਦੇ ਸਾਰੇ ਜੀਅ ਇਸਦੇ ਮੋਤੀ ਹਨ । ਜਦੋ ਪਰਿਵਾਰ ਦਾ ਕੋਈ ਜੀਅ ਸਦੀਵੀ ਵਿਛੋੜਾ ਦੇ ਜਾਂਦਾ ਹੈ ਤਾਂ ਇੱਕ ਸਮੇਂ ਲਈ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਸਾਰੀ ਮਾਲਾ ਵਿਖਰ ਗਈ ਹੋਵੇ । ਪਰਿਵਾਰ ਦੇ ਉਸ ਜੀਅ ਦੀ ਘਾਟ ਹਮੇਸ਼ਾ ਘਰ ਵਿੱਚ ਖ਼ਲਦੀ ਹੈ ਪ੍ਰੰਤੂ ਇਸ ਸਦਮੇ ‘ ਚ ਇਹ ਗੱਲ ਵੱਖਰੀ ਹੁੰਦੀ ਹੈ ਕਿ ਕਿਸੇ ਦੇ ਅਕਾਲ ਚਲਾਉਣੇ ਉਪਰੰਤ ਪਰਿਵਾਰ ਵਾਲਿਆਂ ਨੂੰ ਔਖੇ – ਸੌਖੇ ਜੀਣਾ ਆ ਜਾਂਦਾ ਹੈ ਕਿਓਂਕਿ ਮਨ ਆਪਣੇ ਆਪ ਨੂੰ ਇਹ ਸੋਚ ਕੇ ਸਮਝਾ ਲੈਂਦਾ ਹੈ ਕਿ ਇੱਕ ਦਿਨ ਤਾਂ ਸਭ ਨੇ ਜਾਣਾ ਹੈ ਹੀ। ਕਿੰਤੂ ਸਥਿਤੀ ਉਦੋਂ ਬਦ ਤੋਂ ਬਦਤਰ ਹੋ. ਜਾਂਦੀ ਹੈ ਜਦੋਂ ਘਰ ਦਾ ਕੋਈ ਕੋਈ ਮੈਂਬਰ ਅਚਾਨਕ ਲਾਪਤਾ ਹੋ ਜਾਂਦਾ ਹੈ । ਅਜਿਹੇ ਹਲਾਤਾਂ ਵਿੱਚ ਪਰਿਵਾਰ ਦਾ ਬੁਰਾ ਹਾਲ ਹੋ ਜਾਂਦਾ ਹੈ । ਕਿਸੇ ਦਾ ਨਾ ਖਾਣ ਨੂੰ ਚਿੱਤ ਨੀ ਕਰਦਾ ਅਤੇ ਨਾ ਹੀ ਪੀਣ ਨੂੰ । ਹਰ ਵੇਲੇ ਇਹੋ ਚਿੰਤਾ ਲੱਗੀ ਰਹਿੰਦੀ ਹੈ ਕਿ ਸਾਡਾ ਜੀਅ ਕਿੱਥੇ ਹੋਵੇਗਾ ਅਤੇ ਕਿੱਦਾਂ ਹੋਵੇਗਾ ਇੱਥੋਂ ਤੱਕ ਦਿਮਾਗ ਵਿੱਚ ਚੰਗੇ – ਮਾੜੇ ਖਿਆਲ ਆਉਂਦੇ ਰਹਿੰਦੇ ਹਨ ਕਿ ਉਹ ਠੀਕ ਹੋਵੇ ਜਾਂ ਖੌਰੇ ਉਸਨੂੰ ਕੁੱਝ ਹੋ ਨਾ ਗਿਆ ਹੋਵੇ ।

ਆਂਢ – ਗੁਆਂਢ ਦਾ ਮਾਹੌਲ ਤੱਕ ਉਦਾਸੀ ਨਾਲ ਭਰ ਜਾਂਦਾ ਹੈ । ਵਾਰ – ਵਾਰ ਲੋਕੀ ਉਸਦੇ ਬਾਰੇ ਪੁੱਛਦੇ ਰਹਿੰਦੇ ਹਨ ਕਿ ਉਸਦੀ ਕੋਈ ਖ਼ਬਰ ਮਿਲੀ ਜਾਂ ਨਹੀ । ਕਈ ਵਾਰ ਤਾਂ ਇੰਤਜ਼ਾਰ ਦੀਆ ਘੜੀਆਂ ਏਨੀਆਂ ਲੰਬੀਆਂ ਹੋ ਜਾਂਦੀਆਂ ਹਨ ਕਿ ਅੱਖਾਂ ਹਰ ਵਕਤ ਦਰਵਾਜੇ ‘ਤੇ ਲੱਗੀਆਂ ਰਹਿੰਦੀਆਂ। ਪੂਰੀ ਦੁਨੀਆਂ ‘ਚ ਲੋਕੀ ਗੁੰਮਸ਼ੁਦਾ ਹੁੰਦੇ ਰਹਿੰਦੇ ਹਨ ਅਤੇ ਸਾਡੇ ਦੇਸ਼ ਵਿੱਚ ਗੁੰਮ ਹੋਣਾ ਕੋਈ ਨਵੀ ਗੱਲ ਨਹੀਂ ਕਿਓਂਕਿ ਅਜਿਹੀਆਂ ਘਟਨਾਵਾਂ ਦੀ ਖ਼ਬਰ ਕਿਸੇ ਨਾ ਕਿਸੇ ਦਿਨ ਕੋਈ ਨਾ ਕੋਈ ਪੜ੍ਹਨ ਜਾਂ ਸੁਣਨ ਨੂੰ ਮਿਲ ਹੀ ਜਾਂਦੀ ਹੈ, ਪਰ ਹਾਂ ਉਹ ਗੱਲ ਵੱਖਰੀ ਹੈ ਕਿ ਲੋਕਾਂ ਦਾ ਲਾਪਤਾ ਹੋਣਾ ਵੱਡੇ ਨਗਰਾਂ ਅਤੇ ਮਹਾਂ – ਨਗਰਾਂ ਦੀ ਬਜਾਏ ਛੋਟੇ ਇਲਾਕਿਆਂ ਜਾਂ ਪਿੰਡਾਂ ਵਗ਼ੈਰਾ ਦੇ ਮੁਕਾਬਲੇ ਵਧੇਰੇ ਹੁੰਦਾ ਹੈ। ਸ਼ਾਇਦ ਇਸ ਕਰਕੇ ਵੀ ਕਿਉਕਿ ਸੰਘਣੀ ਆਬਾਦੀ ਹੋਣ ਕਰਕੇ ਅਜਿਹੀਆਂ ਘਟਨਾਵਾਂ ਵੱਧ ਹੁੰਦੀਆਂ ਹਨ । ਪਰ ਅੱਜਕੱਲ੍ਹ ਸੋਸ਼ਲ ਮੀਡੀਆ ‘ਤੇ ਲੋਕਾਂ ਦੇ ਗਾਇਬ ਹੋਣ ਦੀਆਂ ਖ਼ਬਰਾਂ ਦੇਖਣ ਨੂੰ ਆਮ ਮਿਲ ਰਹੀਆਂ ਹਨ ਕਿ ਲੋਕ ਲਾਪਤਾ ਹੋ ਰਹੇ ਹਨ ਅਤੇ ਜਿਹਦੇ ਵਿੱਚ ਲੱਗਭਗ ਹਰ ਉਮਰ ਦੇ ਲੋਕ ਸ਼ਾਮਲ ਹਨ।

ਪ੍ਰੰਤੂ ਬੱਚੇ ਤੇ ਨਬਾਲਗ ਲੜਕੇ – ਲੜਕੀਆਂ ਦੀ ਗਿਣਤੀ ਜ਼ਿਆਦਾ ਹੈ ਜਦਕਿ ਗੌਰ ਕਰਨ ਵਾਲੀ ਗੱਲ ਇਹ ਵੀ ਹੈ ਕਿ ਇਹਨਾਂ ਲਾਪਤਾ ਹੋਣ ਵਾਲੀਆ ਵਾਰਦਾਤਾਂ ਵਿੱਚ ਬੱਚੇ ਅਤੇ ਨਬਾਲਗ ਲੜਕੀਆਂ ਦੀ ਗਿਣਤੀ ਵਧੇਰੇ ਹੋਣਾ ਸਭ ਤੋਂ ਵੱਡੀ ਚਿੰਤਾ ਦਾ ਕਾਰਣ ਹੈ ਕਿਓਂਕਿ ਇਸਦੇ ਪਿੱਛੇ ਮਕਸਦ ਖਤਰਨਾਕ ਹੋ ਸਕਦੇ ਹਨ । ਜਿਵੇਂ ਕਿ ਸਭ ਤੋਂ ਪਹਿਲਾਂ ਤਾਂ ਫਿਰੌਤੀ ਮੰਗਣੀ । ਕਿਸੇ ਨੂੰ ਮਾਰ ਕੇ ਉਸਦੇ ਸਰੀਰ ਦੇ ਅੰਗਾਂ ਨੂੰ ਵੇਚ ਦੇਣਾ । ਅਪਾਹਜ ਬਣਾ ਕੇ ਭੀਖ ਮੰਗਵਾਉਣੀ ਬਲਕਿ ਬੱਚਿਆਂ ਤੋਂ ਤਾਂ ਨਸ਼ੇ ਆਦਿ ਦੀ ਸਮਗਲਿੰਗ ਵੀ ਕਰਵਾਉਣੀ ਜਾਂ ਬਾਲ ਮਜ਼ਦੂਰੀ ਕਰਵਾਉਣਾ । ਮਾਸੂਮ ਬੱਚਿਆਂ ਨੂੰ ਗੁਨਾਹ ਦੀ ਦਲਦਲ ਵਿੱਚ ਜ਼ਬਰਦਸਤੀ ਧਕੇਲਿਆ ਜਾਂਦਾ ਹੈ। ਉਹਨਾਂ ਦਾ ਸਰੀਰਕ ਸ਼ੋਸ਼ਣ ਕੀਤਾ ਜਾਂਦਾ ਹੈ ਜਦਕਿ ਨਬਾਲਗ ਲੜਕੀਆਂ ਤੋਂ ਜਬਰਨ ਦੇਹ ਵਪਾਰ ਕਰਵਾਇਆ ਜਾਂਦਾ ਹੈ ਜਾਂ ਫਿਰ ਦੂਸਰੀ ਥਾਂ ਜਾਂ ਵਿਦੇਸ਼ਾਂ ਵਿੱਚ ਭੇਜ ਦਿੱਤਾ ਜਾਂਦਾ ਹੈ। ਸੋਸ਼ਲ ਮੀਡੀਆ ‘ਤੇ ਚੱਲਦੀਆਂ ਇਹਨਾਂ ਸਭ ਗੱਲਾਂ ਵਿੱਚ ਕਿੰਨੀ ਕੁ ਸੱਚਾਈ ਹੈ ਅਤੇ ਕਿੰਨਾ ਕੁ ਅਫਵਾਹ ਇਹ ਤਾਂ ਰੱਬ ਜਾਣਦਾ ਹੈ । ਕਿੰਤੂ ਜੋ ਵੀ ਹੈ ਪਰ ਅੱਜ ਇਨਸਾਨ ਅਪਣੇ ਲਾਲਚ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ ਖ਼ੈਰ ਗੁੰਮਸ਼ੁਦਾ ਹੋਣ ਦੇ ਪਿੱਛੇ ਹੋਰ ਵੀ ਕਈ ਕਾਰਨ ਹੋ ਸਕਦੇ ਹਨ ਜਿਵੇਂ ਕਿ ਕਿਸੇ ਵਿਅਕਤੀ ਦਾ ਅਣਜਾਣ ਥਾਂ ‘ਤੇ ਜਾ ਕੇ ਗੁੰਮ ਹੋ ਜਾਣਾ ਜਾਂ ਰਸਤਾ ਭੁੱਲ ਜਾਣਾ । ਕਿਸੇ ਗੱਲੋਂ ਰੁੱਸ ਕੇ ਘਰ ਤੋਂ ਚਲੇ ਜਾਣਾ । ਵਹਿਲਾ – ਫੁਸਲਾ ਕੇ ਕਿਸੇ ਦਾ ਆਪਣੇ ਨਾਲ ਲੈ ਜਾਣਾ ਕਾਰਨ ਹੋ ਸਕਦੇ ਹਨ ।

ਕਿਸੇ ਆਪਸੀ ਰੰਜਿਸ਼ ਵਿੱਚ ਵਿਅਕਤੀ ਦਾ ਸ਼ਿਕਾਰ ਹੋ ਜਾਣਾ ਜਾਂ ਮਾਰ ਕੇ ਕਿਸੇ ਅਜਿਹੀ ਥਾਂ ‘ਤੇ ਸੁੱਟ ਦੇਣਾ ਜਿੱਥੇ ਕਿਸੇ ਦਾ ਨਾਮੋ – ਨਿਸ਼ਾਨ ਤੱਕ ਨਾ ਲੱਭੇ ਵਗ਼ੈਰਾ – ਵਗ਼ੈਰਾ । ਵਜ੍ਹਾ ਚਾਹੇ ਜੋ ਵੀ ਹੋਵੇ ਪਰ ਇਹ ਵੇਲਾ ਪਰਿਵਾਰ ਵਾਲਿਆਂ ਲਈ ਅਤਿ ਦੁਖਦਾਇਕ ਹੁੰਦਾ ਹੈ। ਜੇਕਰ ਦੁਨੀਆਵੀ ਤੌਰ ‘ਤੇ ਗੱਲ ਕਰੀਏ ਤਾਂ ਗੁਨਾਹ ਦਾ ਰਸਤਾ ਲੋਕੀ ਉਦੋਂ ਅਖਤਿਆਰ ਕਰਦੇ ਹਨ ਜਦੋਂ ਉਹਨਾਂ ਦੀਆਂ ਜਰੂਰੀ ਲੋੜਾਂ ਜਾਂ ਰੀਝਾਂ ਪੂਰੀਆਂ ਨਹੀਂ ਹੁੰਦੀਆਂ । ਦੇਖਿਆ ਜਾਵੇ ਤਾਂ ਲੋਕਾਂ ਦੀ ਸੋਚ ਅੱਜ ਨਿਘਾਰ ਵੱਲ ਜਾ ਰਹੀ ਹੈ । ਪੈਸੇ ਦੀ ਪੂਰਤੀ ਲਈ ਲੋਕੀ ਗਲਤ ਪਾਸੇ ਜਾ ਰਹੇ ਹਨ ਅਲਬਤਾ ਅੱਜ ਲੋਕਾਂ ਦੇ ਦਿਲ – ਦਿਮਾਗ ਵਿੱਚੋਂ ਕਾਨੂੰਨ ਦਾ ਡਰ – ਭੈਅ ਵੀ ਖਾਤਮ ਹੁੰਦਾ ਜਾ ਰਿਹਾ ਹੈ। ਗੁਆਚੇ ਜਾਂ ਅਪਹਰਣ ਕੀਤੇ ਲੋਕਾਂ ਦੀ ਭਾਲ ਕਰਨ ਵਿੱਚ ਪ੍ਰਸ਼ਾਸਨ ਲੱਗਿਆ ਰਹਿੰਦਾ ਹੈ ਸਗੋਂ ਉਹ ਅਜਿਹੇ ਲੋਕਾਂ ਅਤੇ ਗਿਰੋਹਾਂ ਦਾ ਪਤਾ ਲਗਾਉਣ ਅਤੇ ਉਹਨਾਂ ਨੂੰ ਫੜ੍ਹਨ ਦਾ ਯਤਨ ਵੀ ਕਰਦਾ ਹੈ। ਸਗੋਂ ਬਹੁਤੇ ਗਿਰੋਹ ਤਾਂ ਸਲਾਖਾਂ ਦੇ ਪਿੱਛੇ ਪਹੁੰਚਾਏ ਵੀ ਗਏ ਹਨ । ਕਈ ਵਾਰੀ ਗੱਲ ਸੁਣਨ ਵਿੱਚ ਆਉਂਦੀ ਹੈ ਕਿ ਕਿਸੇ ਗੁੰਮਸ਼ੁਦਾ ਦੀ ਰਿਪੋਰਟ ਚੌਵੀ ਘੰਟਿਆਂ ਬਾਅਦ ਲਿਖਵਾਉਣੀ ਚਾਹੀਦੀ ਹੈ ਜਦਕਿ ਅਜਿਹਾ ਨਹੀਂ ਹੈ ਕਿਉਂਕਿ ਪੁਲਿਸ ਨੂੰ ਸੂਚਨਾ ਜਿੰਨੀ ਛੇਤੀ ਮਿਲੇਗੀ ਉਹ ਓਨੀ ਹੀ ਛੇਤੀ ਛਾਣਬੀਣ ਸ਼ੁਰੂ ਕਰੇਗੀ।

ਦੂਜਾ ਜੇਕਰ ਅਜਿਹਾ ਕਰਨ ਵਿੱਚ ਦੇਰੀ ਹੁੰਦੀ ਹੈ ਤਾਂ ਪੁਲਿਸ ਨੂੰ ਸਖਸ਼ ਲੱਭਣ ਵਿੱਚ ਮੁਸ਼ਕਿਲ ਤਾਂ ਆਉਂਦੀ ਹੈ ਉਲਟਾ ਉਸ ਸਖਸ਼ ਲਈ ਵੀ ਖਤਰਾ ਵੱਧ ਜਾਂਦਾ ਹੈ ਜੋ ਲਾਪਤਾ ਹੁੰਦਾ ਹੈ ਬਾਕੀ ਜੇ ਹੁਣ ਅਜਿਹੀਆਂ ਘਟਨਾਵਾਂ ਤੋਂ ਆਪਣੇ ਆਪ ਨੂੰ ਬਚਾਉਣ ਦੀ ਗੱਲ ਕਰੀਏ ਤਾਂ ਪ੍ਰਸ਼ਾਸ਼ਨ ਵੱਲੋਂ ਕਈ ਹੈਲਪਲਾਇਨ ਨੰਬਰ ਜਾਰੀ ਕੀਤੇ ਗਏ ਹਨ ਜਿਹਨਾਂ ਦੁਆਰਾ ਅਸੀਂ ਪ੍ਰਸ਼ਾਸਨ ਤੋਂ ਮੁਸ਼ਕਿਲ ਸਮੇਂ ਵਿੱਚ ਸਹਾਇਤਾ ਪ੍ਰਾਪਤ ਕਰ ਸਕਦੇ ਹਾਂ। ਸਗੋਂ ਪ੍ਰਸਾਸ਼ਨ ਵਲੋਂ ਜਿਹੜੀਆਂ ਐਪਲੀਕੇਸ਼ਨ ਸਾਡੀ ਮਦਦ ਲਈ ਬਣਾਈਆਂ ਗਈਆਂ ਹਨ ਅਸੀਂ ਉਹਨਾਂ ਐਪਲੀਕੇਸ਼ਨਾ ਨੂੰ ਮੋਬਾਇਲ ਵਿੱਚ ਡਾਊਨਲੋਡ ਕਰਕੇ ਰੱਖੀਏ । ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਜਨਤਾ ਦੀ ਸੁਰੱਖਿਆ ਵੱਲ ਵਿਸ਼ੇਸ਼ ਧਿਆਨ ਦੇਣ । ਜ਼ੁਰਮ ਦੀ ਰੋਕਥਾਮ ਲਈ ਸਖਤ ਕਦਮ ਚੁੱਕਣੇ ਚਾਹੀਦੇ ਹਨ । ਹੁਣ ਰਹੀ ਗੱਲ ਜਨਤਾ ਦੀ ਤਾਂ ਸਭ ਤੋਂ ਪਹਿਲਾਂ ਆਪਣੀ ਰੱਖਿਆ ਆਪਣੇ ਹੱਥ ਅਤੇ ਇਸ ਲਈ ਘਰ ਤੋਂ ਬਾਹਰ ਜਾਣ ਸਮੇਂ ਆਪਣੀ ਲੋਕੇਸ਼ਨ ਘਰ ਵਾਲਿਆਂ ਨਾਲ ਜਰੂਰ ਸਾਂਝੀ ਕਰੋ ਤਾਂ ਜੋ ਉਹਨਾਂ ਨੂੰ ਸਾਡੇ ਬਾਰੇ ਪਤਾ ਰਹੇ ਕਿ ਅਸੀਂ ਕਿਸ ਵਖਤ ਕਿੱਥੇ ਹਾਂ, ਵੈਸੇ ਵੀ ਹਰ ਹਮੋਬਾਇਲ ਵਿੱਚ ਐਮਰਜੈਂਸੀ ਕਾਲ ਆਪਸ਼ਨ ਹੁੰਦੀ ਹੈ। ਉਸ ਵਿੱਚ ਆਪਣੇ ਪਰਿਵਾਰ ਵਾਲਿਆਂ ਦੇ ਨੰਬਰ ਜ਼ਰੂਰ ਐਡ ਕਰੋ ਤਾਂ ਜੋ ਮੁਸੀਬਤ ਸਮੇਂ ਉਹਨਾਂ ਨੂੰ ਤੁਰੰਤ ਕਾਲ ਕੀਤੀ ਜਾ ਸਕੇ ਅਤੇ ਜੇਕਰ ਕੋਈ ਸਾਧਨ ਵਗ਼ੈਰਾ ਕਿਰਾਏ ‘ ਤੇ ਲੈਣਾ ਹੈ ਤਾਂ ਉਸਦੀ ਪੂਰੀ ਜਾਣਕਾਰੀ ਪਹਿਲਾਂ ਪਤਾ ਕਰਨੀ ਚਾਹੀਦੀ ਹੈ।

ਰਾਤ ਨੂੰ ਸਫਰ ਕਰਨ ਤੋਂ ਜਿਨਾਂ ਹੋ ਸਕੇ ਬਚੋ ਅਤੇ ਜੇਕਰ ਘਰ ਤੋਂ ਕਿਸੇ ਸਿਲਸਿਲੇ ਕਾਰਨ ਬਾਹਰ ਹੋ ਤਾਂ ਸਮੇਂ ਨਾਲ ਘਰ ਪਰਤਣ ਦੀ ਕੋਸ਼ਿਸ਼ ਕਰੋ । ਵੈਸੇ ਵੀ ਅੱਜ ਕੱਲ੍ਹ ਰਾਤ ਨੂੰ ਦੀਆਂ ਲੁੱਟਾਂ – ਖੋਹਾਂ ਦੀਆਂ ਵਾਰਦਾਤਾਂ ਵੱਧ ਰਹੀਆ ਹਨ । ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਏ ਸਾਵਧਾਨੀ ਵਰਤਣ ਵਿੱਚ ਹੀ ਭਲਾਈ ਹੈ । ਬੱਚਿਆਂ ਨੂੰ ਇੱਕਲੇ ਬਾਹਰ ਨਾ ਜਾਣ ਦਿਓ । ਹੋ ਸਕੇ ਤਾਂ ਆਪ ਉਹਨਾਂ ਦੇ ਨਾਲ ਜਾਓ । ਅੱਜ ਕੱਲ੍ਹ ਲੋਕੀਂ ਆਮ ਤੌਰ ‘ਤੇ ਪਾਲਤੂ ਜਾਨਵਰ ਰੱਖਣ ਲੱਗ ਪਏ ਹਨ ਹੋ ਸਕੇ ਤਾਂ ਉਸਨੂੰ ਆਪਣੇ ਨਾਲ ਲੈ ਜਾਓ ਸੇਫਟੀ ਵੱਜੋ। ਬੱਚਿਆਂ ਨੂੰ ਸਕੂਲ ਵੈਨ ਵਿੱਚ ਧਿਆਨ ਨਾਲ ਬਿਠਾਉ । ਟਿਊਸ਼ਨ ਵਾਲੀ ਥਾਂ ‘ਤੇ ਵੀ ਬੱਚੇ ਨੂੰ ਆਪ ਛੱਡਣ ਅਤੇ ਵਾਪਸ ਲੈ ਕੇ ਆਉਣ ਦੀ ਖੇਚਲ ਕਰੋ । ਬਿਹਤਰ ਹੋਵੇਗਾ ਜੇਕਰ ਹਰ ਸਾਰੇ ਸਕੂਲਾਂ ਵਿੱਚ ਬੱਚਿਆਂ ਨੂੰ ਆਤਮ – ਰੱਖਿਆ ( ਸੈਲਫ – ਡਿਫੈਂਸ ) ਦੀ ਸਿਖਲਾਈ ਦਿੱਤੀ ਜਾਵੇ । ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਮਾਜ ਵਿੱਚ ਹੁੰਦੀਆਂ ਅਜਿਹੀਆਂ ਗਤੀਵਿਧੀਆਂ ਪ੍ਰਤੀ ਜਾਗਰੂਕ ਕਰਨ ਜਦਕਿ ਨਾਬਾਲਗ ਮੁੰਡੇ – ਕੁੜੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਮਾਪਿਆਂ ਦੀ ਦਿੱਤੀ ਅਜ਼ਾਦੀ ਦਾ ਨਾਜਾਇਜ਼ ਫਾਇਦਾ ਨਾ ਉਠਾਉਣ ।

ਉਹ ਝੂਠ ਨਾ ਬੋਲਣ ਜਿਵੇ ਕਿ ਜਾਣਾ ਕਿਸੇ ਹੋਰ ਥਾਂ ਅਤੇ ਦੱਸਦੇ ਕੋਈ ਹੋਰ ਥਾਂ ਹਨ ਜੋ ਕਿ ਸਰਾਸਰ ਗਲਤ ਹੈ। ਮਸਲਨ ਬੱਚਿਆਂ ਦਾ ਮਾਪਿਆ ਦੀ ਨਿਗਰਾਨੀ ਵਿੱਚ ਰਹਿਣਾ ਹੀ ਠੀਕ ਹੈ ਮਤਲਬ ਕਿ ਬੱਚਿਆਂ ਨੂੰ ਬਹੁਤੇ ਚਲਾਕ ਬਣਨ ਦੀ ਲੋੜ ਨਹੀਂ ਹੈ ਕਿਓਂਕਿ ਅਜੋਕੇ ਸਮੇਂ ਵਿੱਚ ਜਿਆਦਾ ਸਿਆਣਪ ਅਤੇ ਲਾਪਰਵਾਹੀ ਬਹੁਤ ਮਹਿੰਗੀ ਪੈਂਦੀ ਹੈ । ਸਮਾਂ ਕਾਫੀ ਖਰਾਬ ਚੱਲ ਰਿਹਾ ਹੈ । ਕੁੱਝ ਵਾਪਰਨ ਤੋਂ ਬਾਅਦ ਅਜਿਹੇ ਸੰਭਲੇ ਜਾਂ ਨਾ ਸੰਭਲੇ ਗੱਲ ਇੱਕੋ ਹੁੰਦੀ ਹੈ । ਅਖੀਰ ਵਿੱਚ ਮੈਂ ਇਹੋ ਕਹਿਣਾ ਚਾਹੂੰਗਾ ਕਿ ਸੁਚੇਤ ਅਤੇ ਸੁਰੱਖਿਅਤ ਰਹੋ ਕਿਉਕਿ ਆਪਣੇ ਪਰਿਵਾਰ ਤੋਂ ਉੱਪਰ ਜ਼ਿੰਦਗੀ ਵਿੱਚ ਹੋਰ ਕੁੱਝ ਨਹੀਂ ਹੁੰਦਾ ਹੈ। ਇਸ ਲਈ ਆਪਣਾ ਅਤੇ ਆਪਣਿਆਂ ਦਾ ਹਰ ਪਾਸਿਓਂ ਖਿਆਲ ਰੱਖੋ ਅਤੇ ਇੱਕ ਸੁੱਖੀ ਜੀਵਨ ਬਤੀਤ ਕਰੋ ।

gopal-sharma-225x300 ਸੁਚੇਤ ਅਤੇ ਸੁਰੱਖਿਅਤ ਜਿੰਦਗੀ/ਗੋਪਾਲ ਸ਼ਰਮਾ

ਗੋਪਾਲ ਸ਼ਰਮਾ
ਮੋਬਾਈਲ ਨੰਬਰ 95013 – 47009

Share this content:

Post Comment