ਸੀਬੀਆਈ ਨੇ ਲੋੜੀਂਦੇ ਭਗੌੜੇ ਸੁਜੀਤ ਕੁਮਾਰ ਨੂੰ ਯੂਏਈ ਤੋਂ ਦੇਸ਼ ਨਿਕਾਲਾ ਦਿਵਾਇਆ
ਨਵੀਂ ਦਿੱਲੀ, 26 ਨਵੰਬਰ – ਕੇਂਦਰੀ ਜਾਂਚ ਬਿਊਰੋ (CBI) ਨੇ ਵਿਦੇਸ਼ ਮੰਤਰਾਲੇ, ਗ੍ਰਹਿ ਮੰਤਰਾਲੇ ਅਤੇ ਕੇਰਲ ਪੁਲਿਸ ਦੇ ਸਾਂਝੇ ਤਾਲਮੇਲ ਨਾਲ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਕਤਲ ਦੇ ਮਾਮਲੇ ਵਿੱਚ ਲੋੜੀਂਦੇ ਭਗੌੜੇ ਸੁਜੀਤ ਕੁਮਾਰ ਨੂੰ ਸੰਯੁਕਤ ਅਰਬ ਅਮੀਰਾਤ (UAE) ਤੋਂ ਡਿਪੋਰਟ ਕਰਵਾ ਕੇ ਭਾਰਤ ਲਿਆਂਦਾ ਹੈ। ਰੈੱਡ ਨੋਟਿਸ ਦਾ ਸਾਹਮਣਾ ਕਰ ਰਹੇ ਇਸ ਮੁਲਜ਼ਮ ਨੂੰ 25 ਨਵੰਬਰ 2026 ਨੂੰ ਭਾਰਤ ਵਾਪਸ ਲਿਆਂਦਾ ਗਿਆ।
ਕੀ ਸੀ 2008 ਦਾ ਕਤਲ ਮਾਮਲਾ?
ਸੀਬੀਆਈ ਵੱਲੋਂ ਜਾਰੀ ਪ੍ਰੈੱਸ ਨੋਟ ਅਨੁਸਾਰ, ਸੁਜੀਤ ਕੁਮਾਰ ਕੇਰਲ ਪੁਲਿਸ ਵੱਲੋਂ ਦਰਜ ਇੱਕ ਕਤਲ ਕੇਸ ਵਿੱਚ ਲੋੜੀਂਦਾ ਸੀ। ਇਹ ਘਟਨਾ ਅਕਤੂਬਰ 2008 ਵਿੱਚ ਵਾਪਰੀ ਸੀ, ਜਦੋਂ ਪੁਰਾਣੀ ਰੰਜਿਸ਼ ਕਾਰਨ ਸੁਜੀਤ ਕੁਮਾਰ ਅਤੇ ਉਸ ਦੇ ਹੋਰ ਸਾਥੀਆਂ ਨੇ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਸੜਕ ਕਿਨਾਰੇ ਸ਼ਿਕਾਇਤਕਰਤਾ ਨਾਲ ਗੱਲ ਕਰ ਰਹੇ ਇੱਕ ਵਿਅਕਤੀ ’ਤੇ ਹਮਲਾ ਕਰ ਦਿੱਤਾ ਸੀ। ਹਮਲਾਵਰਾਂ ਨੇ ਪੀੜਤ ’ਤੇ ਕਈ ਵਾਰ ਕੀਤੇ, ਜਿਸ ਕਾਰਨ ਉਸੇ ਦਿਨ ਹਸਪਤਾਲ ਵਿੱਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿੱਚ ਅਦਾਲਤ ’ਚ ਚਾਰਜਸ਼ੀਟ ਪਹਿਲਾਂ ਹੀ ਦਾਖ਼ਲ ਕੀਤੀ ਜਾ ਚੁੱਕੀ ਹੈ, ਪਰ ਸੁਜੀਤ ਕੁਮਾਰ ਲੰਬੇ ਸਮੇਂ ਤੋਂ ਫ਼ਰਾਰ ਚੱਲ ਰਿਹਾ ਸੀ।
ਇੰਟਰਪੋਲ ਰੈੱਡ ਨੋਟਿਸ ਰਾਹੀਂ ਕੱਸਿਆ ਸ਼ਿਕੰਜਾ
ਕੇਰਲ ਪੁਲੀਸ ਦੀ ਬੇਨਤੀ ’ਤੇ ਐੱਨ.ਸੀ.ਬੀ.-ਨਵੀਂ ਦਿੱਲੀ ਨੇ ਇੰਟਰਪੋਲ (INTERPOL) ਰਾਹੀਂ ਸੁਜੀਤ ਕੁਮਾਰ ਖ਼ਿਲਾਫ਼ ਰੈੱਡ ਨੋਟਿਸ ਜਾਰੀ ਕਰਵਾਇਆ ਸੀ। ਇਸ ਤੋਂ ਬਾਅਦ ਯੂਏਈ ਦੇ ਅਧਿਕਾਰੀਆਂ ਨੇ ਉਸ ਦੀ ਲੋਕੇਸ਼ਨ ਟਰੇਸ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਲੋੜੀਂਦੀ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਉਪਰੰਤ ਭਾਰਤ ਹਵਾਲੇ ਕਰਨ (ਡਿਪੋਰਟ) ਲਈ ਸਹਿਮਤੀ ਦਿੱਤੀ। ਸੀਬੀਆਈ ਦੇ ਸਰਗਰਮ ਤਾਲਮੇਲ ਸਦਕਾ ਕੇਰਲ ਪੁਲੀਸ ਦੀ ਟੀਮ ਯੂਏਈ ਗਈ, ਜਿੱਥੇ ਮੁਲਜ਼ਮ ਨੂੰ ਉਨ੍ਹਾਂ ਦੇ ਹਵਾਲੇ ਕੀਤਾ ਗਿਆ ਅਤੇ 25 ਨਵੰਬਰ ਨੂੰ ਟੀਮ ਉਸ ਨੂੰ ਲੈ ਕੇ ਕੋਚੀਨ ਪੁੱਜ ਗਈ।
2019 ਤੋਂ ਹੁਣ ਤੱਕ 300 ਤੋਂ ਵੱਧ ਭਗੌੜੇ ਲਿਆਂਦੇ ਵਾਪਸ
ਜ਼ਿਕਰਯੋਗ ਹੈ ਕਿ ਸੀਬੀਆਈ ਭਾਰਤ ਵਿੱਚ ਇੰਟਰਪੋਲ ਲਈ ਨੈਸ਼ਨਲ ਸੈਂਟਰਲ ਬਿਊਰੋ ਵਜੋਂ ਕੰਮ ਕਰਦੀ ਹੈ ਅਤੇ ‘ਭਾਰਤਪੋਲ’ (BHARATPOL) ਰਾਹੀਂ ਕੌਮਾਂਤਰੀ ਪੁਲਿਸ ਸਹਿਯੋਗ ਲਈ ਦੇਸ਼ ਦੀਆਂ ਸਾਰੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਤਾਲਮੇਲ ਕਰਦੀ ਹੈ।
Share this content:


Post Comment