ਸਿੱਖ ਇਤਿਹਾਸ ਦਾ ਲਹੂ ਭਿੱਜਿਆ ਪੰਨਾ
ਸਿੱਖ ਇਤਿਹਾਸ ਅੰਦਰ ਦਰਜ ਸਾਕਾ ਚਮਕੌਰ ਤੇ ਸਾਕਾ ਸਰਹਿੰਦ ਦੀਆਂ ਸ਼ਹਾਦਤਾਂ ਦੀ ਗਾਥਾ ਪੜ੍ਹ ਕੇ ਸਿੱਖ ਜਿਸ ਮਾਣ ਦੇ ਸਨਮੁੱਖ ਹੁੰਦੇ ਹਨ, ਉਹ ਆਪਣੇ-ਆਪ ਵਿਚ ਲਾਸਾਨੀ ਅਤੇ ਗੌਰਵਮਈ ਹੈ। ਬਾਦਸ਼ਾਹ ਦਰਵੇਸ਼ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਅਜੋਕੇ ਨੌਜਵਾਨਾਂ ਤੇ ਬੱਚਿਆਂ ਲਈ ਪ੍ਰੇਰਨਾ ਦਾ ਸੋਮਾ ਹਨ ਜਿਸ ਤੋਂ ਅਗਵਾਈ ਲੈ ਕੇ ਜਬਰ-ਜ਼ੁਲਮ ਲਈ ਵੰਗਾਰ ਅਤੇ ਮਨੁੱਖੀ ਹੱਕਾਂ ਲਈ ਢਾਲ ਬਣਿਆ ਜਾ ਸਕਦਾ ਹੈ। ਪੋਹ ਮਹੀਨੇ ਦੇ ਆਰੰਭ ਤੋਂ ਹੀ ਸਿੱਖ ਸੰਗਤਾਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸ੍ਰੀ ਅਨੰਦਪੁਰ ਸਾਹਿਬ ਛੱਡਣ, ਪਰਿਵਾਰ ਵਿਛੋੜੇ ਅਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੀ ਯਾਦ ਨੂੰ ਮਨਾਂ ਵਿਚ ਵਸਾ ਕੇ ਸ੍ਰੀ ਚਮਕੌਰ ਸਾਹਿਬ ਤੇ ਸ੍ਰੀ ਫ਼ਤਹਿਗੜ੍ਹ ਸਾਹਿਬ ਦੀ ਧਰਤੀ ਨੂੰ ਸਿਜਦਾ ਕਰਨ ਲਈ ਪੁੱਜਦੀਆਂ ਹਨ।
ਧਰਮਾਂ ਦੇ ਇਤਿਹਾਸ ਵਿਚ ਸਾਕਾ ਸਰਹਿੰਦ ਉਹ ਘਟਨਾ ਹੈ ਜਿਸ ਨੇ ਸਿੱਖ ਮਨਾਂ ਅੰਦਰ ਸਮੇਂ ਦੀ ਹਕੂਮਤ ਵਿਰੁੱਧ ਗੁੱਸੇ ਤੇ ਰੋਹ ਦੀ ਅੱਗ ਨੂੰ ਹੋਰ ਤਿੱਖਾ ਕੀਤਾ ਅਤੇ ਇਸ ਤੋਂ ਸ਼ਕਤੀ ਤੇ ਪ੍ਰੇਰਨਾ ਲੈ ਕੇ ਸਿੱਖਾਂ ਨੇ ਜ਼ਾਲਮ ਮੁਗ਼ਲ ਹਕੂਮਤ ਨਾਲ ਜ਼ਬਰਦਸਤ ਟੱਕਰ ਲਈ। ਜਿਸ ਸਮੇਂ ਕਲਗੀਧਰ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਹਿ ਸਿੰਘ ਜੀ ਨੂੰ ਸੂਬਾ ਸਰਹਿੰਦ ਦੇ ਹੁਕਮ ’ਤੇ ਜਿੰਦਾ ਨੀਹਾਂ ਵਿਚ ਚਿਣ ਕੇ ਸ਼ਹੀਦ ਕੀਤਾ ਗਿਆ ਤਾਂ ਸਾਹਿਬਜ਼ਾਦਿਆਂ ਦੀ ਉਮਰ ਭਾਵੇਂ ਬਹੁਤ ਛੋਟੀ ਸੀ ਪਰੰਤੂ ਉਨ੍ਹਾਂ ਦੀ ਦਲੇਰੀ ਅਤੇ ਸਿੱਖੀ ਪ੍ਰਤੀ ਦ੍ਰਿੜਤਾ ਪ੍ਰੌੜ ਉਮਰ ਤੋਂ ਘੱਟ ਨਹੀਂ ਸੀ। ਸਾਹਿਬਜ਼ਾਦਿਆਂ ਨੇ ਜਿਸ ਦਲੇਰੀ, ਸਿਦਕਦਿਲੀ ਅਤੇ ਜ਼ਿੰਦਾਦਿਲੀ ਨਾਲ ਸੂਬੇ ਦੀ ਕਚਹਿਰੀ ਵਿਚ ਸਵਾਲਾਂ ਦੇ ਜਵਾਬ ਦਿੱਤੇ, ਉਸ ਵੱਲੋਂ ਧਰਮ ਛੱਡਣ ਖ਼ਾਤਰ ਦਿੱਤੇ ਜਾ ਰਹੇ ਲਾਲਚਾਂ ਨੂੰ ਠੁਕਰਾਇਆ ਅਤੇ ਸ਼ਹਾਦਤ ਨੂੰ ਕਬੂਲ ਕੀਤਾ, ਉਸ ਦਾ ਵਿਸ਼ਵ ਦੇ ਧਰਮ ਇਤਿਹਾਸ ਅੰਦਰ ਕੋਈ ਮੁਕਾਬਲਾ ਨਹੀਂ ਮਿਲਦਾ। ਇਹ ਚੜ੍ਹਦੀ ਕਲਾ ਦੀ ਜੀਵਤ ਮਿਸਾਲ ਹੈ ਜੋ ਮਾਤਾ ਗੁਜਰੀ ਜੀ ਨੇ ਸਾਹਿਬਜ਼ਾਦਿਆਂ ਨੂੰ ਧਰਮ ਵਿਚ ਦ੍ਰਿੜਤਾ ਅਤੇ ਨਿਡਰਤਾ ਦਾ ਪਾਠ ਪੜ੍ਹਾ ਕੇ ਕਾਇਮ ਕੀਤੀ। ਨੀਹਾਂ ਵਿਚ ਚਿਣੇ ਜਾਣ ਦੇ ਵਕਤ ਸਾਹਿਬਜ਼ਾਦੇ ਅਡੋਲ ਸਨ। ਠੰਢੇ ਬੁਰਜ ਵਿਚ ਦਾਦੀ ਦੇ ਮੁਖਾਰਬਿੰਦ ’ਚੋਂ ਸੁਣੀਆਂ ਸਾਖੀਆਂ ਨੇ ਉਨ੍ਹਾਂ ਨੂੰ ਚੜ੍ਹਦੀਕਲਾ ਵਿਚ ਰੱਖਿਆ। ਨੀਹਾਂ ਵਿਚ ਚਿਣੇ ਜਾਣ ਤੋਂ ਬਾਅਦ ਸਿੱਖੀ ਦੀਆਂ ਨੀਹਾਂ ਹੋਰ ਮਜ਼ਬੂਤ ਹੋ ਗਈਆਂ। ਕਹਿਰ ਦੀ ਠੰਢੀ ਰਾਤ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਖ਼ਾਲਸੇ ਸਮੇਤ ਸ੍ਰੀ ਅਨੰਦਪੁਰ ਛੱਡਣਾ, ਸਰਸਾ ਨੇ ਰਸਤਾ ਰੋਕਣਾ, ਪਰਿਵਾਰ ਦਾ ਖੇਰੂੰ-ਖੇਰੂੰ ਹੋਣਾ ਅਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਆਦਿ ਸਭ ਘਟਨਾਵਾਂ ਸਿੱਖ ਇਤਿਹਾਸ ਦੇ ਵੱਡੇ ਪਹਿਲੂ ਹਨ। ਸਰਸਾ ਨੂੰ ਪਾਰ ਕਰਨ ਤੋਂ ਬਾਅਦ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਆਪ ਦੇ ਮਾਤਾ ਜੀ, ਸਾਹਿਬਜ਼ਾਦੇ ਅਤੇ ਆਪ ਜੀ ਦੇ ਮਹਿਲ, ਸਭ ਵਿਛੜ ਗਏ। ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦਿਆਂ ਨਾਲ ਗੁਰੂਘਰ ਦੇ ਰਸੋਈਏ ਗੰਗੂ ਨਾਲ ਉਸ ਦੇ ਪਿੰਡ ਖੇੜੀ (ਸਹੇੜੀ) ਆ ਗਏ। ਮਾਤਾ ਜੀ ਕੋਲ ਸੋਨੇ ਦੀਆਂ ਮੋਹਰਾਂ ਵੇਖ ਅਤੇ ਸਰਕਾਰੀ ਇਨਾਮ ਦੇ ਲਾਲਚ ’ਚ ਗੰਗੂ ਡੋਲ ਗਿਆ। ਉਸ ਵੱਲੋਂ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨਾਲ ਕੀਤੇ ਵਿਸ਼ਵਾਸਘਾਤ ਬਾਰੇ ਅੱਲਾ ਯਾਰ ਖਾਂ ਜੋਗੀ ਲਿਖਦੇ ਹਨ :
ਬਦਜ਼ਾਤ ਬਦ-ਸਿਫਾਤ ਵਹੁ ਗੰਗੂ ਨਮਕ-ਹਰਾਮ। ਟੁਕੜੋਂ ਪੇ ਸਤਗੁਰੂ ਕੇ ਜੋ ਪਲਤਾ ਰਹਾ ਮੁਦਾਮ। ਦੁਨੀਆ ਮੇਂ ਅਪਨੇ ਨਾਮ ਕੋ ਬਦਨਾਮ ਕਰ ਗਿਆ। ਦੁਸ਼ਮਨ ਭੀ ਜੁ ਨ ਕਰਤਾ ਵਹੁ ਯਿ ਕਾਮ ਕਰ ਗਿਆ। ਗੰਗੂ ਨੇ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦੀ ਖ਼ਬਰ ਮੋਰਿੰਡੇ ਥਾਣੇ ਜਾ ਦਿੱਤੀ ਜਿੱਥੇ ਸਾਹਿਬਜ਼ਾਦਿਆਂ ਨੂੰ ਮਾਤਾ ਜੀ ਸਮੇਤ ਗ੍ਰਿਫ਼ਤਾਰ ਕਰ ਕੇ ਸਰਹਿੰਦ ਦੇ ਸੂਬੇਦਾਰ ਵਜ਼ੀਰ ਖ਼ਾਨ ਦੇ ਹਵਾਲੇ ਕੀਤਾ ਗਿਆ। ਸੂਬੇਦਾਰ ਵਜ਼ੀਰ ਖ਼ਾਨ ਨੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਠੰਢੇ ਬੁਰਜ ਵਿਚ ਕੈਦ ਕਰ ਦਿੱਤਾ। ਕਹਿਰ ਦੀ ਸੀਤ ਵਿਚ ਭੁੱਖੇ-ਭਾਣੇ ਸਾਹਿਬਜ਼ਾਦੇ ਸਾਰੀ ਰਾਤ ਦਾਦੀ ਮਾਂ ਦੀ ਗੋਦ ਵਿਚ ਬੈਠੇ ਗੁਰੂ ਪਿਤਾ ਦੀ ਸੂਰਮਗਤੀ, ਦਾਦਿਆਂ-ਪੜਦਾਦਿਆਂ ਦੀਆਂ ਕੁਰਬਾਨੀਆਂ ਦੀਆਂ ਬਾਤਾਂ ਸੁਣਦੇ ਸਿੱਖੀ ਅਸੂਲਾਂ ’ਤੇ ਦ੍ਰਿੜ ਰਹਿਣ ਲਈ ਸਿੱਖਿਆ ਲੈਂਦੇ ਰਹੇ। ਦਿਨ ਚੜ੍ਹਦਿਆਂ ਸਾਹਿਬਜ਼ਾਦਿਆਂ ਨੂੰ ਕਚਹਿਰੀ ’ਚ ਪੇਸ਼ ਕਰਨ ਦਾ ਹੁਕਮ ਹੋਇਆ। ਸਾਹਿਬਜ਼ਾਦੇ ਬੁਲੰਦ ਹੌਸਲੇ ਵਿਚ ਸਨ। ਮਾਤਾ ਗੁਜਰੀ ਜੀ ਨੇ ਬੱਚਿਆਂ ਨੂੰ ਤਿਆਰ ਕੀਤਾ। ਸਾਹਿਬਜ਼ਾਦਿਆਂ ਨੂੰ ਕਚਹਿਰੀ ’ਚ ਵਜ਼ੀਰ ਖ਼ਾਨ ਦੇ ਸਾਹਮਣੇ ਪੇਸ਼ ਕੀਤਾ ਗਿਆ। ਉਨ੍ਹਾਂ ਨੂੰ ਪਹਿਲਾਂ ਧਨ, ਦੌਲਤ, ਜਾਗੀਰਾਂ, ਸ਼ਾਹੀ ਡੋਲੀਆਂ ਦੇ ਲਾਲਚ ਦੇ ਕੇ ਇਸਲਾਮ ਧਰਮ ਧਾਰਨ ਕਰਨ ਲਈ ਕਿਹਾ ਗਿਆ, ਫਿਰ ਸਰੀਰਕ ਕਸ਼ਟ ਤੇ ਮੌਤ ਦੇ ਡਰਾਵੇ ਦਿੱਤੇ ਗਏ ਪਰ ਕੋਮਲ ਜਿੰਦਾਂ ਦੇ ਚਿਹਰਿਆਂ ’ਤੇ ਸਿੱਖੀ ਪਿਆਰ, ਵੀਰਤਾ ਤੇ ਜੁਰਅਤ ਪ੍ਰਤੱਖ ਦਿਸ ਰਹੀ ਸੀ। ਸਾਹਿਬਜ਼ਾਦਿਆਂ ਨੇ ਅਡੋਲ ਚਿੱਤ ਰਹਿੰਦਿਆਂ ਰੋਅਬ ਭਰੇ ਜਵਾਬਾਂ ਨਾਲ ਸਭ ਨੂੰ ਕੰਬਣੀ ਛੇੜ ਦਿੱਤੀ।
ਸਾਹਿਬਜ਼ਾਦਿਆਂ ਨੂੰ ਇਸਲਾਮ ਧਾਰਨ ਕਰਵਾਉਣ ਲਈ ਲਗਾਤਾਰ ਲਾਲਚ, ਡਰਾਵੇ ਅਤੇ ਧਮਕੀਆਂ ਦਾ ਦੌਰ ਚੱਲਦਾ ਰਿਹਾ। ਪੇਸ਼ ਨਾ ਜਾਂਦੀ ਵੇਖ ਕੇ ਮੁੱਲਾਂ ਤੇ ਕਾਜ਼ੀਆਂ ਨੂੰ ਸਾਹਿਬਜ਼ਾਦਿਆਂ ਦੀ ਸਜ਼ਾ ਨਿਸ਼ਚਿਤ ਕਰਨ ਲਈ ਕਿਹਾ ਗਿਆ, ਜਿਸ ’ਤੇ ਉਨ੍ਹਾਂ ਸਾਹਿਬਜ਼ਾਦਿਆਂ ਨੂੰ ਨੀਹਾਂ ਵਿਚ ਚਿਣ ਕੇ ਸ਼ਹੀਦ ਕਰਨ ਦਾ ਹੁਕਮ ਸੁਣਾਇਆ। ਇੰਜ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਹਿ ਸਿੰਘ ਜੀ ਨੇ ਲਾਸਾਨੀ ਸ਼ਹਾਦਤ ਪ੍ਰਾਪਤ ਕਰ ਕੇ ਦੁਨੀਆ ਦੇ ਇਤਿਹਾਸ ਅੰਦਰ ਨਿਵੇਕਲਾ ਪੰਨਾ ਸਿਰਜਿਆ। ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖ਼ਬਰ ਸੁਣ ਕੇ ਮਾਤਾ ਗੁਜਰੀ ਜੀ ਵੀ ਠੰਢੇ ਬੁਰਜ ਵਿਚ ਗੁਰਪੁਰੀ ਪਿਆਨਾ ਕਰ ਗਏ। ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਸਸਕਾਰ ਲਈ ਦੀਵਾਨ ਟੋਡਰ ਮੱਲ ਨੇ ਸੋਨੇ ਦੀਆਂ ਮੋਹਰਾਂ ਦੇ ਕੇ ਜ਼ਮੀਨ ਖ਼ਰੀਦੀ ਜਿਸ ਸਥਾਨ ’ਤੇ ਗੁਰਦੁਆਰਾ ਜੋਤੀ ਸਰੂਪ ਸੁਭਾਇਮਾਨ ਹੈ। ਸਾਹਿਬਜ਼ਾਦਿਆਂ ਦੀ ਸ਼ਹਾਦਤ ਨੇ ਸਿੱਖ ਸੰਘਰਸ਼ ਵਿਚ ਨਵੀਂ ਰੂਹ ਫੂਕ ਦਿੱਤੀ। ਦਸਮੇਸ਼ ਪਿਤਾ ਜੀ ਦਾ ਥਾਪੜਾ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਅਜਿਹੀ ਉਥਲ-ਪੁਥਲ ਲਿਆਂਦੀ ਕਿ ਮੁਗ਼ਲ ਸਾਮਰਾਜ ਦੀਆਂ ਜੜ੍ਹਾਂ ਹਿੱਲ ਗਈਆਂ। ਸਿੱਖ ਯੋਧਿਆਂ ਨੇ ਸਮੇਂ ਦੇ ਹੈਂਕੜਬਾਜ਼ ਵਜ਼ੀਰ ਖ਼ਾਨ ਅਤੇ ਉਸ ਦੇ ਦਰਬਾਰੀਆਂ ਦੀ ਜੋ ਦਸ਼ਾ ਕੀਤੀ, ਉਹ ਇਤਿਹਾਸ ਬਣ ਗਿਆ। ਇਸ ਸਾਕੇ ਪਿੱਛੋਂ ਖ਼ਾਲਸੇ ਨੇ ਸਿੱਖ ਰਾਜ ਦੀ ਮੰਜ਼ਿਲ ਵੀ ਸਰ ਕੀਤੀ। ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਸਿੱਖ ਕੌਮ ਲਈ ਮਾਰਗ ਦਰਸ਼ਕ ਹੈ। ਇਹ ਸ਼ਹਾਦਤਾਂ ਸਾਨੂੰ ਸਿੱਖ ਧਰਮ ਦੀਆਂ ਉੱਚੀਆਂ-ਸੁੱਚੀਆਂ ਕਦਰਾਂ ਕੀਮਤਾਂ ’ਤੇ ਪਹਿਰਾ ਦੇਣ ਲਈ ਸਦਾ ਤਤਪਰ ਰਹਿਣ ਦੀ ਪ੍ਰੇਰਨਾ ਦਿੰਦੀਆਂ ਆ ਰਹੀਆਂ ਹਨ। ਲੋੜ ਹੈ ਇਨ੍ਹਾਂ ਮਹਾਨ ਸ਼ਹਾਦਤਾਂ ਨੂੰ ਸਤਿਕਾਰ ਭੇਟ ਕਰਦਿਆਂ ਕੌਮ ਦੀ ਨੌਜਵਾਨੀ ਅਤੇ ਬੱਚਿਆਂ ਨੂੰ ਆਪਣੇ ਇਤਿਹਾਸ, ਪ੍ਰੰਪਰਾਵਾਂ, ਸਿਧਾਂਤਾਂ ਅਤੇ ਗੁਰਬਾਣੀ ਦੀ ਅੰਮ੍ਰਿਤਮਈ ਵਿਚਾਰਧਾਰਾ ਨਾਲ ਜੋੜੀਏ ਤਾਂ ਜੋ ਆਪਣੇ ਵਿਰਸੇ ਤੋਂ ਸੇਧ ਪ੍ਰਾਪਤ ਕਰ ਕੇ ਸਿੱਖ ਧਰਮ ਦੀ ਚੜ੍ਹਦੀ ਕਲਾ ਅਤੇ ਏਕਤਾ ਲਈ ਵਚਨਬੱਧ ਹੋ ਕੇ ਸ਼ਹੀਦਾਂ ਵੱਲੋਂ ਪਾਏ ਪੂਰਨਿਆਂ ’ਤੇ ਚੱਲ ਸਕੀਏ।
Share this content:


Post Comment