ਸਿਡਨੀ ਹਵਾਈ ਅੱਡੇ ’ਤੇ ਹੜਤਾਲ; ਹਜ਼ਾਰਾਂ ਮੁਸਾਫ਼ਰ ਪਰੇਸ਼ਾਨ
ਸਿਡਨੀ, 16 ਅਕਤੂਬਰ – ਆਸਟਰੇਲੀਆ ਦੇ ਸਭ ਤੋਂ ਰੁਝੇਵੇਂ ਵਾਲੇ ਸਿਡਨੀ ਹਵਾਈ ਅੱਡੇ ’ਤੇ ਸੈਂਕੜੇ ਸੁਰੱਖਿਆ ਕਰਮਚਾਰੀਆਂ ਦੀ ਹੜਤਾਲ ਕਾਰਨ ਮੁਸਾਫ਼ਰਾਂ ਨੂੰ ਲੰਬੀਆਂ ਕਤਾਰਾਂ ਅਤੇ ਉਡਾਣਾਂ ਖੁੰਝਣ ਦੀ ਚਿੰਤਾ ਦਾ ਸਾਹਮਣਾ ਕਰਨਾ ਪਿਆ। ਕੁਝ ਯਾਤਰੀਆਂ ਮੁਤਾਬਕ ਆਮ ਤੌਰ ’ਤੇ 20 ਮਿੰਟਾਂ ਵਿੱਚ ਹੋਣ ਵਾਲੀ ਸੁਰੱਖਿਆ ਜਾਂਚ ਲਈ ਕਈ ਘੰਟਿਆਂ ਤੋਂ ਵੱਧ ਉਡੀਕ ਕਰਨੀ ਪਈ। ਟਰਾਂਸਪੋਰਟ ਵਰਕਰਜ਼ ਯੂਨੀਅਨ ਦੇ ਸੱਦੇ ’ਤੇ ਸੁਰੱਖਿਆ ਕਰਮਚਾਰੀਆਂ ਨੇ ਸਵੇਰੇ 6 ਤੋਂ 10 ਵਜੇ ਤੱਕ ਕੰਮ ਛੱਡਿਆ, ਜਦੋਂਕਿ ਦੂਜੀ ਹੜਤਾਲ ਸ਼ਾਮ 5 ਤੋਂ ਰਾਤ 9 ਵਜੇ ਤੱਕ ਰੱਖੀ ਗਈ।
ਕਰਮਚਾਰੀ ਪੱਕੀਆਂ ਨੌਕਰੀਆਂ, ਬਿਹਤਰ ਤਨਖ਼ਾਹ, ਨਿਰਪੱਖ ਡਿਊਟੀ ਸਮਾਂ ਅਤੇ ਪਾਰਟ-ਟਾਈਮ ਘੰਟਿਆਂ ਵਿੱਚ ਕਟੌਤੀ ਰੋਕਣ ਦੀ ਮੰਗ ਕਰ ਰਹੇ ਹਨ। ਹੈਰਾਨੀਜਨਕ ਗੱਲ ਇਹ ਹੈ ਕਿ ਸਿਡਨੀ ਹਵਾਈ ਅੱਡੇ ਨੇ ਸਾਲ 2024-25 ਦੌਰਾਨ ਹਵਾਬਾਜ਼ੀ ਕਾਰੋਬਾਰ ਤੋਂ ਰਿਕਾਰਡ 58.43 ਕਰੋੜ ਡਾਲਰ ਮੁਨਾਫ਼ਾ ਕਮਾਇਆ ਸੀ। ਯੂਨੀਅਨ ਆਗੂ ਮਾਈਕਲ ਕੇਨ ਨੇ ਕਿਹਾ ਕਿ ਹੜਤਾਲ ਆਖ਼ਰੀ ਰਸਤਾ ਸੀ। ਦੂਜੇ ਪਾਸੇ ਸੁਰੱਖਿਆ ਕੰਪਨੀ ‘ਸਰਟਿਸ’ ਨੇ ਨਵੀਂ ਪੇਸ਼ਕਸ਼ ਦੇਣ ਦਾ ਦਾਅਵਾ ਕੀਤਾ ਹੈ। ਹਵਾਈ ਅੱਡਾ ਪ੍ਰਸ਼ਾਸਨ ਨੇ ਯਾਤਰੀਆਂ ਨੂੰ ਵਾਧੂ ਸਮਾਂ ਲੈ ਕੇ ਪਹੁੰਚਣ ਦੀ ਸਲਾਹ ਦਿੱਤੀ ਹੈ।
Share this content:


Post Comment