Loading Now

ਸਿਆਸਤਦਾਨਾਂ ਨੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਦੀ ਸ਼ਹਾਦਤ ਨੂੰ ਮਿਟੀ ਵਿੱਚ ਰੋਲ ਦਿੱਤਾ/ਡਾ. ਚਰਨਜੀਤ ਸਿੰਘ ਗੁਮਟਾਲਾ

ਸਿਆਸਤਦਾਨਾਂ ਨੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਦੀ ਸ਼ਹਾਦਤ ਨੂੰ ਮਿਟੀ ਵਿੱਚ ਰੋਲ ਦਿੱਤਾ/ਡਾ. ਚਰਨਜੀਤ ਸਿੰਘ ਗੁਮਟਾਲਾ

ਪਿਛਲੀ ਸਦੀ ਦੇ ਵਿਲੱਖਣ ਸਿੱਖ ਸ਼ਹੀਦ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਦਾ ਸ਼ਹੀਦੀ ਦਿਹਾੜਾ 27 ਅਕਤੂਬਰ ਨੂੰ ਹੁੰਦਾ ਹੈ, ਪਰ ਆਮਤੌਰ ਤੇ ਪ੍ਰਤੱਖ ਹੈ ਕਿ ਉਨ੍ਹਾਂ ਦੇ ਜਿਗਰੀ ਦੋਸਤ ਜਥੇਦਾਰ ਸੋਹਣ ਸਿੰਘ ਜਲਾਲ ਉਸਮਾ ਵੱਲੋਂ ਸਥਾਪਿਤ ਕੀਤੇ ਗਏ ” ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਟਰੱਸਟ, ਰਈਆ ” ਜਾਂ ਇੱਕ ਦੋ ਹੋਰ ਸਥਾਨਿਕ ਗੁਰਦੁਆਰਾ ਸਾਹਿਬ ਤੋਂ ਇਲਾਵਾ ਪੰਜਾਬ ਦੀ ਕਿਸੇ ਹੋਰ ਸਿਆਸੀ ਪਾਰਟੀ ਵੱਲੋਂ ਨਹੀਂ ਮਨਾਇਆ ਜਾਂਦਾ, ਭਾਵੇਂ ਕਿ ਸਰਦਾਰ ਸਾਹਿਬ ਜੀ ਨੇ ” ਸਿੱਖ ਅਰਦਾਸ ” ਦੀ ਮਹੱਤਤਾ ਮਹਾਨਤਾ ਨੂੰ ਸਿਰੜ ਨਾਲ ਉਜਾਗਰ ਕਰਨ ਲਈ ਅਤੇ ਪੰਜਾਬ ਦੀਆਂ ਅਤਿ ਅਹਿਮ ਅਤੇ ਹੱਕੀ ਮੰਗਾਂ ਦੀ ਪੂਰਤੀ ਲਈ 74 ਦਿਨ ਭੁੱਖੇ ਰਹਿ ਕੇ ਕੱਟ ਕੱਟ ਕੇ ਪ੍ਰਾਣ ਤਿਆਗ ਦਿੱਤੇ ਆਪ ਦਾ ਜਨਮ  ਪਿੰਡ ਫੇਰੂਮਾਨ ਜ਼ਿਲ੍ਹਾ ਅੰਮ੍ਰਿਤਸਰ ਵਿਚ ਇਕ ਅਗਸਤ 1885 ਈ. ਵਿਚ ਹੋਇਆ। ਆਪ ਦੇ ਪਿਤਾ ਦਾ ਨਾਂ ਸ. ਚੰਦਾ ਸਿੰਘ ਤੇ ਮਾਤਾ ਦਾ ਸਰਦਾਰਨੀ ਰਾਜ ਕੌਰ ਸੀ।ਆਪ ਦਸਵੀਂ ਜਮਾਤ ਪਾਸ ਕਰਕੇ 1912 ਵਿਚ ਭਾਰਤੀ ਫ਼ੌਜ ਵਿਚ ਬਤੌਰ ਸਿਪਾਈ ਭਰਤੀ ਹੋਇ।ਦੋ ਸਾਲ ਬਾਦ ਆਪ ਫ਼ੌਜ ਵਿਚੋਂ ਅਸਤੀਫ਼ਾ ਦੇ ਕੇੇ ਹਿਸਾਰ ਵਿਚ ਠੇਕੇਦਾਰੀ ਕਰਨ ਲੱਗੇੇ।ਉਨ੍ਹਾਂ ਦੇ ਮਾਤਾ ਜੀ ਧਾਰਮਿਕ ਬਿਰਤੀ ਦੇ ਸਨ, ਉਨ੍ਹਾਂ ਨੇ ਉਨ੍ਹਾਂ ਨੂੰ ਗੁਰਦੁਆਰਾ ਸੁਧਾਰ ਲਹਿਰ ਵਿਚ ਹਿੱਸਾ ਲੈਣ ਲਈ ਕਿਹਾ।

ਆਪ ਨੇ ਨਵੰਬਰ 1921 ਵਿਚ  ਚਾਬੀਆਂ ਦੇ ਮੋਰਚੇ ਵਿਚ  ਹਿਸਾ ਲਿਆ ।ਆਪ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ ਇਕ ਸਾਲ ਦੀ ਸਜ਼ਾ ਹੋਈ। ਸੰਨ 1923 ਵਿਚ ਸੁਲਤਾਨਵਿਡ ਪਿੰਡ ਜ਼ਿਲ੍ਹਾ ਅੰਮ੍ਰਿਤਸਰ ਵਿਚ ਕਾਂਗਰਸ ਵੱਲੋਂ ਇਕ ਰਾਜਸੀ ਜਲਸਾ ਹੋਇਆ।ਆਪ ਤੇ ਬਾਬਾ ਇੰਦਰ ਸਿੰਘ ਵੇਰਕਾ  ਉਸ ਦੇ ਪ੍ਰਬੰਧਕ ਸਨ। ਸਰਕਾਰ ਨੇ ਉਨ੍ਹਾਂ ਨੂੰ ਗਿ੍ਫ਼ਤਾਰ ਕਰ ਕੇ ਸਵਾ-ਸਵਾ ਸਾਲ ਦੀ ਕੈਦ ਕਰ ਕੇ ਮੁਲਤਾਨ ਸੈਂਟਰਲ ਜੇਲ੍ਹ ਭੇਜ ਦਿੱਤਾ। ਫਰਵਰੀ 1924 ਵਿਚ ਗੰਗਸਰ ਜੈਤੋ ਦਾ ਮੋਰਚਾ ਲੱਗਿਆ।ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜ ਪੰਜ ਸੌ ਦੇ ਜੱਥੇ ਜਾਂਦੇ ਸਨ ਆਪ ਨੇ 14ਵੇਂ ਸ਼ਹੀਦੀ ਜੱਥੇ ਦੇ ਜੱਥੇਦਾਰ ਬਣ ਕੇ ਨਾਭੇ ਗ੍ਰਿਫਤਾਰੀ ਦਿੱਤੀ। ਦਸ ਮਹੀਨੇ ਜੇਲ੍ਹ ’ਚ ਰਹੇ। ਜੁਲਾਈ 1925 ਵਿਚ ਗੁਰਦੁਆਰਾ ਐਕਟ ਬਣ ਗਿਆ। ਸਰਕਾਰ ਨੇ ਸਾਰੇ ਅਕਾਲੀ ਕੈਦੀ ਛੱਡ ਦਿੱਤੇ ਅਤੇ ਆਪ  ਵੀ ਰਿਹਾਅ ਹੋ ਗਏ।  1926 ਵਿਚ ਆਪ ਆਪਣੇ ਪਿਤਾ ਕੋਲ ਮਲਾਇਆ ਚਲੇ ਗਏ। ਮਲਾਇਆ ’ਚ ਬੁੱਧ ਸਿੰਘ ਸਠਿਆਲਾ ਨਾਲ ਮਿਲ ਕੇ ਦੇਸ਼ ਦੀ ਆਜ਼ਾਦੀ ਲਈ ਭਾਰਤੀਆਂ ਨਾਲ ਪ੍ਰਚਾਰ ਕਰਨ ਲੱਗ ਪਏ। ਉੱਥੇ ਅੰਗਰੇਜ਼ੀ ਸਰਕਾਰ ਨੇ ਆਪ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਵਿਚ ਬੰਦ ਕਰ ਦਿੱਤਾ।ਜੇਲ ਵਿਚ ਆਪ ਨੂੰ ਕਛਹਿਰਾ ਪਾਉਣ ਦੀ ਆਗਿਆ ਨਹੀਂ ਦਿੱਤੀ ਗਈ ਤਾਂ ਆਪ ਨੇ  ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ,21 ਦਿਨਾਂ ਬਾਦ  ਉਨ੍ਹਾਂ ਮੰਗ ਗਈ। ਤਿੰਨ ਸਾਲ ਪਿੱਛੋਂ 1929 ’ਚ ਉਹ ਵਾਪਸ ਆ ਗਏ। ਦੂਸਰੇ ਵਿਸ਼ਵ-ਯੁਧ ਵਿਚ ਮਹਾਤਮਾ ਗਾਂਧੀ ਵਲੋਂ ੁ ਭਾਰਤੀ ਰਾਸ਼ਟਰੀ ਕਾਂਗਰਸ ਦੇ ਪੂਰਨ ਸਮਰਥਨ ਨਾਲ ਸ਼ੁਰੂ ਕੀਤੀ ਗਈ ਨਾ-ਮਿਲਵਰਤਨ ਲਹਿਰ ਵਿਚ ਆਪ ਨੇ ਭਾਗ ਲਿਆ ਤੇ 14 ਮਹੀਨੇ ਜੇਲ ਵਿਚ ਗੁਜਾਰੇ।

ਸੰਨ 1934-35 ਆਪ  ਨੇ ਸ. ਊਧਮ ਸਿੰਘ ਨਾਗੋਕੇ ਅਤੇ ਸ.ਪ੍ਰਤਾਪ ਸਿੰਘ ਕੈਰੋਂ ਨਾਲ ਮਿਲ ਕੇ ਕਿਸਾਨੀ ਲਹਿਰ ਸ਼ੁਰੂ ਕੀਤੀ। ਸੰਨ 1939 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਈਆਂ। ਉਨ੍ਹਾਂ ਵਿਚ ਆਪ ਦੋ ਵਾਰ ਦਰਬਾਰ ਸਾਹਿਬ ਕਮੇਟੀ ਦੇ ਮੈਂਬਰ ਚੁਣੇ ਗਏ। ਆਜ਼ਾਦੀ ਤੋਂ ਬਾਅਦ 1952 ਤੋਂ 1964  ਕਾਂਗਰਸ ਦੀ ਟਿਕਟ ’ਤੇ ਆਪ ਰਾਜ ਸਭਾ ਦੇ ਮੈਂਬਰ ਰਹੇ। ਪਰ ਕਾਂਗਰਸ ਨਾਲ ਮਤਭੇਦ ਪੈਦਾ ਹੋ ਜਾਣ ਕਾਰਨ ਕਾਂਗਰਸ ਛੱਡ ਕੇ ਸੁਤੰਤਰ ਪਾਰਟੀ ਵਿਚ ਸ਼ਾਮਲ ਹੋ ਗਏ। ਤਰਨ ਤਾਰਨ ਲੋਕ ਸਭਾ ਹਲਕੇ ਤੋਂ ਪਾਰਲੀਮੈਂਟ ਦੀ ਚੋਣ ਲੜੀ, ਪਰ ਹਾਰ ਗਏ।ਪਰ ਜੇ ਅਸੀਂ ਉਨ੍ਹਾਂ ਦੀ ਜਿੰਦਗੀ ‘ਤੇ ਝਾਤ ਪਾਈਏ ਤਾਂ ਪਤਾ ਲਗਦਾ ਹੈ ਕਿ ਉਨ੍ਹਾਂ ਨੇ ਸਾਰੀ ਜਿੰਦਗੀ ਆਜ਼ਾਦੀ ‘ਤੇ ਲਾ ਦਿੱਤੀ ਤੇ ਆਖਰ ਵਿਚ ਆਪ ਨੇ ਸਿੱਖ ਧਰਮ ਵਿਚ ਅਰਦਾਸ ਦੀ ਕੀ ਮਹੱਤਤਾ ਹੈ? ਵਿਚ ਆਪਾ ਕੁਰਬਾਨ ਕਰ ਦਿੱਤਾ।ਇਸ ਲਈ ਚਾਹੀਦਾ ਹੈ ਕਿ ਪਾਰਟੀਬਾਜੀ ਤੋਂ ਉਪਰ ਉੱਠ ਕੇ  ਇਸ ਦਿਨ ਵੱਡੀ ਕਾਨਫਰੰਸ ਕੀਤੀ ਜਾਵੇ ਤੇ ਕੇਂਦਰ ਨਾਲ ਸਬੰਧਿਤ ਮੰਗਾਂ ਨੂੰ ਲੈ ਕੇ ਜਨਤਕ ਲਾਮਬੰਦੀ ਕੀਤੀ ਜਾਵੇ।

 ਮਰਨ ਵਰਤ ਕਿਊਂ ਰਖਿਆ?:ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਾਸਟਰ ਤਾਰਾ ਸਿੰਘ ਨੇ ਸੰਨ 1961 ਵਿਚ ਪੰਜਾਬੀ ਭਾਸ਼ੀ ਸੂਬਾ ਬਣਾਉਣ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ ਸ਼ੁਰੂ ਕੀਤੀ । ਉਨ੍ਹਾਂ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਪਣਾ ਮਰਨ ਵਰਤ ਸ਼ੁਰੂ ਕੀਤਾ ਗਿਆ ਸੀ। ਉਨ੍ਹਾਂ ਮਰਨ ਵਰਤ ਸ਼ੁਰੂ ਕਰਨ ਤੋਂ ਪਹਿਲਾਂ ਐਲਾਨ ਕੀਤਾ ਸੀ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤੱਕ ਉਹ ਮਰਨ ਵਰਤ ਜਾਰੀ ਰਖਣਗੇ।  ਇਸ ਐਲਾਨ ਨੇ  ਕੇਂਦਰ ਨੂੰ ਭਾਜੜਾਂ ਪਾ ਦਿੱਤੀਆਂ ਜਿਸ ਤੋਂ ਬਾਅਦ ਤਤਕਾਲੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਮਾਸਟਰ ਤਾਰਾ ਸਿੰਘ ਨੂੰ ਇਕ ਚਿੱਠੀ ਲਿਖ ਕੇ ਉਨ੍ਹਾਂ ਵੱਲੋਂ ਉਠਾਏ ਜਾਂਦੇ ਮਾਮਲੇ ਨੂੰ ਘੋਖਣ ਦਾ ਭਰੋਸਾ ਦਿੱਤਾ ।ਮਾਸਟਰ ਤਾਰਾ ਸਿੰਘ ਨੇ ਅਕਾਲੀ ਆਗੂ ਸੰਤ ਫਤਿਹ ਸਿੰਘ ਦੇ ਹੱਥੋਂ ਜੂਸ ਦਾ ਗਿਲਾਸ ਪੀ ਕੇ 48 ਦਿਨਾਂ ਮਗਰੋਂ ਆਪਣਾ ਮਰਨ ਵਰਤ ਖ਼ਤਮ ਕਰ ਦਿੱਤਾ ਸੀ,ਪਰ ਅਕਾਲੀ ਦਲ ਨਾਲ ਜੁੜੇ ਜ਼ਿਆਦਾਤਰ ਲੋਕ ਇਸ ਫ਼ੈਸਲੇ ਤੋਂ ਨਾਰਾਜ਼ ਹੋ ਗਏ ਸੀ।

ਭਾਰਤ ਅਤੇ ਪਾਕਿਸਤਾਨ ਵਿੱਚ 1965 ਦੀ ਜੰਗ ਸ਼ੁਰੂ ਹੋਣ ਵਾਲੀ ਸੀ ਕਿ ਸੰਤ ਫ਼ਤਿਹ ਸਿੰਘ ਨੇ ਵੀ ਮਰਨ ਵਰਤ ਸ਼ੁਰੂ ਕਰ ਦਿੱਤਾ ਪਰ ਜੰਗ ਸ਼ੁਰੁ ਹੋ ਜਾਣ ਪਿਛੋਂ ਉਸ ਵੇਲ਼ੇ ਦੇ ਪ੍ਰਧਾਨ ਮੰਤਰੀ ਸ੍ਰੀ ਲਾਲ ਬਹਾਦੁਰ ਸ਼ਾਸਤਰੀ ਦੀ ਅਪੀਲ ਉਪਰੰਤ ਉਨ੍ਹਾਂ ਮਰਨ ਵਰਤ ਛੱਡ ਦਿੱਤਾ । ਸ੍ਰੀ ਮਤੀ ਇੰਦਰਾ ਗਾਂਧੀ ਨੇ ਪ੍ਰਧਾਨ ਮੰਤਰੀ ਬਣਦਿਆਂ ਹੀ ਅਕਤੂਬਰ 1966 ਵਿੱਚ ਪੰਜਾਬੀ ਸੂਬਾ ਬਨਾਉਣ ਦਾ ਐਲਾਨ ਕਰ ਦਿੱਤਾ ਪਰ ਕੇਂਦਰੀ ਗ੍ਰਹਿ ਮੰਤਰੀ ਗੁਲਜ਼ਾਰੀ ਲਾਲ ਨੰਦਾ ਨੇ ਪੰਜਾਬੀ ਸੂਬਾ ਐਕਟ ਬਣਾਉਣ ਸਮੇਂ ਉਸ ਵੇਲੇ ਦੇ ਪੰਜਾਬ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਦਿੱਤਾ। ਕਈ ਪੰਜਾਬੀ ਬੋਲਦੇ ਇਲਾਕੇ ਨਵੇਂ ਹੋਂਦ ਵਿੱਚ ਆਏ ਹਿਮਾਚਲ ਹਰਿਆਣੇ ਅਤੇ (ਜ਼ਿਲ੍ਹਾ ਗੰਗਾਨਗਰ) ਰਾਜਸਥਾਨ ਵਿੱਚ ਸ਼ਾਮਲ ਕਰ ਦਿੱਤੇ। ਚੰਡੀਗੜ੍ਹ ਅਤੇ ਭਾਖ਼ੜਾ ਡੈਮ ਦਾ ਪ੍ਰਬੰਧ ਕੇਂਦਰੀ ਸਰਕਾਰ ਨੇ ਆਪਣੇ ਕੋਲ਼ ਰੱਖ ਲਿਆ ਅਤੇ ਦਰਿਆਈ ਪਾਣੀਆਂ ਦੀ ਵੀ ਕਾਣੀ ਵੰਡ ਕਰ ਦਿੱਤੀ, ਜਿਸ ਕਾਰਨ ਅਕਾਲੀਆਂ ਨੂੰ ਮੋਰਚਿਆਂ ਦੇ ਰਾਹ ਫਿਰ ਪੈਣਾ ਪਿਆ।

ਲੰਗੜਾ ਪੰਜਾਬੀ ਸੂਬਾ ਹੋਂਦ ਵਿੱਚ ਆਉਣ ਪਿਛੋਂ ਜਦੋਂ ਹਰ ਪਾਸਿਓਂ ਫਿਟਕਾਰਾਂ ਪੈਣ ਲੱਗੀਆਂ ਤਾਂ ਸੰਤ ਫ਼ਤਹਿ ਸਿੰਘ ਨੇ  ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਲ਼ ਲੱਗਦੇ ਕਮਰੇ ਉਪਰ ਅਗਨ-ਕੁੰਡ ਬਣਾ ਲਏ ਅਤੇ 17 ਦਸੰਬਰ 1966 ਨੂੰ  ਮਰਨ ਵਰਤ ਸ਼ੁਰੂ ਕਰ ਦਿਤਾ ਤੇ ਸਰਕਾਰ ਨੂੰ ਇਹ ਅਲਟੀਮੇਟਮ ਦਿੱਤਾ ਕਿ ਜੇ ਦਸ ਦਿਨਾਂ ਦੇ ਅੰਦਰ-ਅੰਦਰ ਪੰਜਾਬੀ ਸੂਬੇ ਨੂੰ ਮੁਕੰਮਲ ਕਰਨ ਦੀ ਮੰਗ ਨਾ ਮੰਨੀ ਗਈ ਤਾਂ ਉਹ ਅਗਨ ਕੁੰਡ ਵਿਚ ਬੈਠ ਕੇ ਸੜ ਮਰਨਗੇ।ਉਨ੍ਹਾਂ ਦੇ ਇਸ ਐਲਾਨ ਪਿਛੋਂ ਸੰਤ ਚੰਨਣ ਸਿੰਘ, ਜੱਥੇਦਾਰ ਭਾਗ ਸਿੰਘ ਜੈਦ, ਜੱਥੇਦਾਰ ਪ੍ਰੀਤਮ ਸਿੰਘ ਸ਼ਰੀਂਹ, ਸ. ਜਗੀਰ ਸਿੰਘ ਫੱਗੂਵਾਲ ਅਤੇ ਜੱਥੇਦਾਰ ਜਗੀਰ ਸਿੰਘ ਪੂਲੇ ਨੇ ਵੀ ਐਲਾਨ ਕਰ ਦਿੱਤਾ ਕਿ ਉਹ ਸੰਤ ਫ਼ਤਹਿ ਸਿੰਘ ਤੋਂ ਅਗਲੇ ਦਿਨ ਸੜ ਮਰਨਗੇ, ਜਦੋਂ ਕਿ ਲੋਕ ਜਾਣਦੇ ਸਨ ਕਿ ਇਹ ਦੁੱਧ ਪੀਣੇ ਮਜਨੂੰ ਮਰ ਨਹੀਂ ਸਕਦੇ।

ਹਲਕਾ ਪੱਟੀ ਤੋਂ ਸ. ਪ੍ਰਤਾਪ ਸਿੰਘ ਕੈਰੋਂ ਦੇ ਵਿਰੋਧ ਦੇ ਬਾਵਜੂਦ ਪੰਜਾਬ ਵਿਧਾਨ ਸਭਾ ਲਈ ਆਜ਼ਾਦ ਜਿੱਤਿਆ ਸ. ਹਜ਼ਾਰਾ ਸਿੰਘ ਗਿੱਲ ਆਪਣੇ  ਸਾਥੀਆਂ ਨੂੰ ਲੈ ਕੇ ਮੀਰੀ ਪੀਰੀ ਦੇ ਨਿਸ਼ਾਨ ਸਾਹਿਬਾਨ ਨੇੜੇ ਮਰਨ ਵਰਤ ‘ਤੇ ਬੈਠ ਗਿਆ ਅਤੇ ਐਲਾਨ ਕਰ ਦਿੱਤਾ ਕਿੰਜਾਬੀ ਸੂਬੇ ਨੂੰ ਮੁਕੰਮਲ ਕਰਵਾਏ ਬਿਨਾਂ ਸੰਤ ਫ਼ਤਿਹ ਸਿੰਘ ਤੇ ਉਸ ਦੇ ਸਾਥੀਆਂ ਨੂੰ ਮਰਨ ਵਰਤ ਛੱਡ ਕੇ ਭੱਜਣ ਨਹੀਂ ਦੇਣਾ। ਆਖ਼ਰਕਾਰ ਸੜ ਮਰਨ ਦਾ ਦਿਨ ਆ ਗਿਆ। ਨੀਯਤ ਸਮਾਂ ਲੰਘ ਗਿਆ। ਅਕਾਲੀ ਆਗੂ ਅਕਾਸ਼ ਵੱਲ ਵੇਖੀ ਜਾਣ, ਦੁਪਹਿਰ ਦੇ ਢਾਈ ਵੱਜ ਚੁੱਕੇ ਸਨ ਕਿ ਇਕ ਹਵਾਈ ਜਹਾਜ਼ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਉਪਰੋਂ ਦੀ ਲੰਘਿਆ। ਅਕਾਲੀਆਂ ਦੇ ਮੁਰਝਾਏ ਚਿਹਰੇ ਖਿੜ ਗਏ। ਹਰ ਪਾਸਿਓਂ ‘ਸ. ਹੁਕਮ ਸਿੰਘ ਆ ਗਿਆ, ਸ. ਹੁਕਮ ਸਿੰਘ ਆ ਗਿਆ’ ਦੀਆਂ ਆਵਾਜ਼ਾਂ ਆਉਣ ਲੱਗ ਪਈਆਂ। ਕੋਈ ਅੱਧੇ ਘੰਟੇ ਪਿਛੋਂ ਸ. ਹੁਕਮ ਸਿੰਘ ਆਏ ਜੋ ਉਸ ਵੇਲੇ ਲੋਕ ਸਭਾ ਦੇ ਸਪੀਕਰ ਸਨ। ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਦੂਜੀ ਮੰਜ਼ਲ ‘ਤੇ ਚੜ੍ਹ ਗਏ ਅਤੇ ਸੰਤ ਫ਼ਤਹਿ ਸਿੰਘ ਨਾਲ਼ ਮਿਲਣ ਉਪਰੰਤ ਅਕਾਲ ਤਖ਼ਤ ਸਾਹਿਬ ‘ਤੇ ਖਲੋ ਕੇ ਕਿਹਾ ਕਿ ਭਾਰਤ ਸਰਕਾਰ ਨੇ ਅਕਾਲੀ ਦਲ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਹਨ, ਜਿਨ੍ਹਾਂ ਦਾ ਵਿਸਤਾਰ ਮਗਰੋਂ ਦੱਸਿਆ ਜਾਵੇਗਾ। ਉਹ ਭਾਰਤ ਸਰਕਾਰ ਵੱਲੋਂ ਇਹ ਭਰੋਸਾ ਦੁਆ ਰਹੇ ਹਨ। ਇਸ ਐਲਾਨ ਦੀ ਢਿੱਲ ਸੀ ਕਿ ਸੰਤ ਫ਼ਤਹਿ ਸਿੰਘ ਨੇ ਜੂਸ ਦਾ ਗਿਲਾਸ ਗੱਟ-ਗੱਟ ਕਰਕੇ ਪੀ ਲਿਆ। ਜਿੱਤ ਦੇ ਜੈਕਾਰੇ ਗੂੰਜਣ ਲੱਗੇ। ਸ. ਹਜ਼ਾਰਾ ਸਿੰਘ ਗਿੱਲ ਤੇ ਉਸ ਦੇ  ਸਾਥੀਆਂ ਨੇ ਬਹੁਤ ਰੌਲਾ ਪਾਇਆ ਕਿ ਕੌਮ ਨਾਲ਼ ਠੱਗੀ ਹੋਣ ਲੱਗੀ ਹੈ ਪਰ ਅਕਾਲੀਆਂ ਦੀ ਬੁਰਛਾਗਰਦੀ ਅੱਗੇ ਬਹੁਤੀ ਦੇਰ ਟਿਕ ਨਾ ਸਕੇ। ਮਗਰੋਂ ਇਹ ਭੇਦ ਖੁੱਲ੍ਹਿਆ ਕਿ ਸ. ਲਛਮਣ ਸਿੰਘ ਗਿੱਲ ਹਵਾਈ ਜਹਾਜ਼ ਕਿਰਾਏ ‘ਤੇ ਲੈ ਕੇ ਹੁਕਮ ਸਿੰਘ ਨੂੰ ਆਪ ਲਿਆਇ ਸਨ।ਇਸ ਮੌਕੇ ਇਹ ਲੇਖਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਦੇ ਦਫ਼ਤਰ ਦੇ ਬਾਹਰ ਸਾਰਾ ਦ੍ਰਿਸ਼ ਵੇਖ ਰਿਹਾ ਸੀ। ਮੇਰੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਮੈਂਬਰ ਜਥੇਦਾਰ ਅਮਰ ਸਿੰਘ ਘਣੂਪੁਰ ਖੜ੍ਹੇ ਸਨ, ਜਿਉਂ ਹੀ ਐਲਾਨ ਹੋਇਆ ਕਿ ਸੰਤ ਫਤਹਿ ਸਿੰਘ ਨੇ ਮਰਨਵਰਤ ਛਡ ਦਿੱਤਾ ਹੈ ਸਾਡੇ ਨਜਦੀਕ ਸੰਤ ਫਤਹਿ ਸਿੰਘ ਦੀ ਵੱਡੀ ਸਾਰੀ ਰੰਗਦਾਰ ਤਸਵੀਰ ਲੱਗੀ ਹੋਈ ਸੀ ਘਣੂਪੁਰ ਸਾਹਿਬ ਨੇ ਜੁਤੀ ਦਾ ਛਿੱਤਰ ਲਾ ਕੇ ਜੋਰ ਦੀ ਮਾਰਿਆ ਤੇ ਨਾਲ ਹੀ ਕਿਹਾ ਲਾਹਨਤ ਹੈ ਐਸੇ ਸਾਧ ਨੂੰ। ਫੋਟੋ ਫੱਟ ਗਈ ।

ਸੰਤ ਫ਼ਤਹਿ ਸਿੰਘ ਤੇ ਉਸ ਦੇ ਸਾਥੀਆਂ ਵੱਲੋਂ ਅਰਦਾਸ ਤੋਂ ਭਗੌੜੇ ਹੋ ਜਾਣ ਪਿੱਛੋਂ ਡਾਕਟਰ ਜਗਜੀਤ ਸਿੰਘ ਚੌਹਾਨ  ਜਲੰਧਰ ਤੋਂ  ਹਰਬੰਸ ਸਿੰਘ ਬਾਗਲਾ ਨਾਂ ਦਾ ਇਕ ਨੌਜਵਾਨ ਫੜ ਲਿਆਇਆ ਅਤੇ ਉਸ ਤੋਂ ਭੁੱਖ ਹੜਤਾਲ ਸ਼ੁਰੂ ਕਰਵਾ ਦਿੱਤੀ। ਕੁਝ ਦਿਨਾਂ ਪਿਛੋਂ ਹੀ ਉਹ ਭੱਜ ਗਿਆ। ਫਿਰ ਖ਼ਡੂਰ ਸਾਹਿਬ ਤੋਂ ਜਗਦੀਸ਼ ਸਿੰਘ ਚੂਹੇ ਨੂੰ ਲੈ ਆਇ ਪਰ ਉਹ ਵੀ ਭੁੱਖ ਨਾ ਸਹਾਰ ਸਕਿਆ ਅਤੇ ਦੌੜ ਗਿਆ। ਇਸ ਤੋਂ ਉਪਰੰਤ ਫ਼ਰੀਦਕੋਟ ਤੋਂ ਮਹੰਤ ਸੇਵਾਦਾਰ ਨਾਂ ਦੇ ਇਕ ਸਾਧ ਨੂੰ ਲਿਆ ਕੇ, ਮਰਨ ਵਰਤ ‘ਤੇ ਬਿਠਾ ਦਿੱਤਾ।ਉਹ ਮਹੰਤ ਵੀ ਭੱਜ ਗਿਆ। ਫੇਰੂਮਾਨ ਜੀ ਵੱਲੋਂ ਪਹਿਲੀ ਅਗਸਤ 1969 ਨੂੰ ਰਈਆ ਵਿਖੇ ਇਕ ਕਾਨਫ਼ਰੰਸ ਰੱਖੀ ਗਈ ਸੀ। ਇਸ ਮੌਕੇ ‘ਤੇ ਆਪ ਨੇ ਐਲਾਨ ਕਰ ਦਿੱਤਾ ਕਿ ਉਹ 15 ਅਗਸਤ ਨੂੰ ਸ੍ਰੀ ਦਰਬਾਰ ਸਾਹਿਬ ਮੱਥਾ ਟੇਕ ਕੇ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਅਰਦਾਸ ਕਰਨਗੇ, ਜਿਹੜੀ ਸੰਤ ਫਤਹਿ ਸਿੰਘ ਤੇ ਉਸ ਦੇ ਸਾਥੀਆਂ ਨੇ ਕਈ ਵਾਰ ਕਾਇਰਾਂ ਵਾਂਗ ਤੋੜੀ ਹੈ; ਇਸ ਉਪਰੰਤ ਉਹ ਮਰਨ ਵਰਤ ਸ਼ੁਰੂ ਕਰਨਗੇ, ਜਾਂ ਤਾਂ ਅਰਦਾਸ ਪੂਰੀ ਹੋਵੇਗੀ ਜਾਂ ਆਪ ਆਪਣੀ ਜਾਨ ਉੱਤੇ ਖੇਡ ਜਾਣਗੇ। ਜਦੋਂ ਉਹ ਮਰਨ ਵਰਤ ਸ਼ੁਰੂ ਕਰੇ ਤਾਂ ਕੋਈ ਵੀ ਨਾ ਤਾਂ ਅਮਨ ਭੰਗ ਕਰੇ ਅਤੇ ਨਾ ਹੀ ਕਿਸੇ ਸਰਕਾਰੀ ਸੰਪੱਤੀ ਦਾ ਨੁਕਸਾਨ ਕਰੇ।

ਪਰ 9 ਅਗਸਤ 1969 ਨੂੰ ਇੱਕ ਸਧਾਰਨ ਜਿਹੇ ਬੰਦੇ ਗੁਰਦਿੱਤ ਸਿੰਘ ਨੇ ਬਿਆਸ ਥਾਣੇ ਵਿੱਚ ਇੱਕ ਰਪਟ ਲਿਖਵਾਈ ਕਿ ਦਰਸ਼ਨ ਸਿੰਘ ਫੇਰੂਮਾਨ ਖੁੱਲ੍ਹਮ-ਖੁੱਲ੍ਹਾ ਸੰਤ ਫਤਹਿ ਸਿੰਘ ਨੂੰ ਪਖੰਡੀ ਅਤੇ ਧੋਖੇਬਾਜ਼ ਸਾਧ ਕਹਿ ਰਿਹਾ ਹੈ। ਇਸ ਤੋਂ ਇਲਾਵਾ ਫੇਰੂਮਾਨ ਪੰਜਾਬ ਦੀ ਵਰਤਮਾਨ ਸਰਕਾਰ ਨੂੰ, ਪੰਥ ਦਾ ਭਲਾ ਚਾਹੁਣ ਵਾਲੀ ਸਰਕਾਰ ਨਹੀਂ  ਮੰਨਦਾ ਅਤੇ ਖੰਡਾ ਖੜਕਾਉਣ ਦੀਆਂ ਗੱਲਾਂ ਕਰਦਾ ਹੈ। ਪੁਲੀਸ ਨੇ ਆਪ ਵਿਰੁੱਧ ਦਫ਼ਾ 9 ਅਧੀਨ ਕੇਸ ਦਰਜ ਕਰ ਲਿਆ। 12 ਅਗਸਤ ਨੂੰ  ਬਿਨਾਂ ਕੋਈ ਕਾਨੂੰਨੀ ਕਾਰਵਾਈ ਕੀਤੇ 12 ਅਤੇ 13 ਅਗਸਤ ਦੀ ਰਾਤ ਨੂੰ ਪੁਲੀਸ ਨੇ ਉਨ੍ਹਾਂ  ਦੇ ਘਰ ਨੂੰ ਘੇਰਾ ਪਾ ਲਿਆ ਜੋ ਕਿ ਪਿੰਡ ਫੇਰੂਮਾਨ ਦੇ ਬਾਹਰਵਾਰ ਹੈ। ਓਥੋਂ ਆਪ ਨੂੰ ਪੰਜਾਬ ਸਿਕਿਓਰਿਟੀ ਐਕਟ ਦੀ ਦਫ਼ਾ 9 ਅਧੀਨ ਗ੍ਰਿਫ਼ਤਾਰ ਕਰਕੇ ਅੰਮ੍ਰਿਤਸਰ ਜੇਲ੍ਹ ਵਿੱਚ ਬੰਦ ਕਰ ਦਿੱਤਾ।

ਆਪ  ਨੇ 15 ਅਗਸਤ ਨੂੰ ਜੇਲ੍ਹ ਵਿੱਚ ਹੀ ਅਰਦਾਸ ਕਰਕੇ ਮਰਨ ਵਰਤ ਸ਼ੁਰੂ ਕਰ ਦਿੱਤਾ।  ਦਿਨੋ ਦਿਨ ਵਿਗੜ ਰਹੀ ਹਾਲਤ ਕਾਰਨ ਉਸ ਨੂੰ ਗੁਰੂ ਤੇਗ਼ ਬਹਾਦਰ ਹਸਪਤਾਲ ਦੇ ਫੈਮਿਲੀ ਵਾਰਡ ਦੇ ਕਮਰਾ 13 ਵਿੱਚ ਲਿਆਂਦਾ ਗਿਆ। ਭਾਵੇਂ ਸਰਕਾਰ ਨੇ ਸ. ਫੇਰੂਮਾਨ ਦੀ ਰਿਹਾਈ ਦਾ ਹੁਕਮ ਦੇ ਦਿੱਤਾ ਸੀ ਪਰ ਆਪ ਪੁਲੀਸ ਦੀ ਨਿਗਰਾਨੀ ਹੇਠ ਹੀ ਰਹਿ। ਕਿਸੇ ਵੀ ਆਮ ਆਦਮੀ ਨੂੰ ਆਪ  ਨੂੰ ਮਿਲਣ ਦੀ ਆਗਿਆ ਨਹੀਂ ਸੀ ਦਿੱਤੀ ਜਾਂਦੀ। 27 ਅਕਤੂਬਰ 1969 ਦੀ ਸ਼ਾਮ ਦੇ ਸਾਢੇ ਤਿੰਨ ਵਜੇ 74 ਦਿਨਾਂ ਦੇ ਮਰਨ ਵਰਤ ਉਪਰੰਤ ਆਪ ਨੇ  ਅੰਤਿਮ ਸਵਾਸ ਲਿਆ ਅਤੇ ਉਨ੍ਹਾਂ ਦੀ ਆਤਮਾ ਗੁਰੂ ਚਰਨਾਂ ਵਿੱਚ ਜਾ ਬਿਰਾਜੀ। ਇਸ ਤਰ੍ਹਾਂ ਉਨ੍ਹਾਂ ਨੇੇ ਸਿੱਖਾਂ ਵਾਲੀ ਮਹਾਨ ਸ਼ਹੀਦਾਂ ਦੀ ਪਦਵੀ ਪ੍ਰਾਪਤ ਕੀਤੀ।

ਬੜੇ ਅਫ਼ਸੋਸ ਦੀ ਗੱਲ ਹੈ ਕਿ  ਪੰਜਾਬ ਦੀਆਂ ਸਾਰੀਆਂ ਮੰਗਾਂ ਉੱਥੇ ਹੀ ਖੜੀ੍ਹਆਂ ਹਨ।ਉਹ ਭਾਵੇਂ ਅੱਜ ਸਾਡੇ ਵਿਚ ਨਹੀਂ ਪਰ ਆਪ ਦੀ ਕੁਰਬਾਨੀ ਸਿੱਖ ਇਤਿਹਾਸ ਵਿਚ ਆਪ ਦੇ ਨਾਂ ਨੂੰ ਹਮੇਸ਼ਾਂ ਕਾਇਮ ਰਖੇਗੀ। ਉਨ੍ਹਾਂ ਦੀ ਯਾਦ ਨੂੰ ਕਾਇਮ ਰਖਣ ਲਈ ਉਨ੍ਹਾਂ ਦੇ ਪ੍ਰਵਾਰ ਤੇ ਇਲਾਕਾ ਨਿਵਾਸੀਆਂ ਨੇ ਇਕ ਟਰੱਸਟ ਬਣਾਇਆ ਹੈ।ਉਨ੍ਹਾਂ ਦੇ ਨਾਂ ਤੇ ਰਈਆ ਵਿਚ ਲੜਕੀਆਂ ਦਾ ਕਾਲਜ, ਪਬਲਿਕ ਸਕੂਲ ਤੇ ਬੁਤਾਲਾ ਵਿਚ ਪਬਲਿਕ ਸਕੂਲ ਕਾੲਮ ਕੀਤੇ ਗਏ ਹਨ।

ਦੇਸ਼ ਅਜ਼ਾਦ-ਪੰਥ ਗ਼ੁਲਾਮ :- ਸ. ਦਰਸ਼ਨ ਸਿੰਘ ਫੇਰੂਮਾਨ ਨੇ ਪਹਿਲੀ ਅਗਸਤ 1969 ਨੂੰ ਇੱਕ ਵਸੀਹਤ ਕੀਤੀ ਸੀ ਜਿਸਦੀ ਲਿਖਤ ਅਜੇ ਮੌਜੂਦ ਹੈ ਅਤੇ ਉਹਨਾਂ ਦੀ ਆਵਾਜ਼ ਵਿੱਚ ਰੀਕਾਰਡ ਵੀ ਕੀਤੀ ਹੋਈ ਹੈ, ਜੋ ਇਸ ਪ੍ਰਕਾਰ ਹੈ :-

ਮੈਂ ਪੰਥ ਦੀ ਚੜ੍ਹਦੀ ਕਲਾ ਅਤੇ ਦੇਸ਼ ਦੀ ਆਜ਼ਾਦੀ ਲਈ ਘੋਲ ਕਰਦਾ ਰਿਹਾ ਹਾਂ, ਮੇਰਾ ਇਹ ਜੀਵਨ ਲੋਕਾਂ ਦੇ ਸਾਹਮਣੇ ਹੈ। ਹੁਣ ਦੇਸ਼ ਆਜ਼ਾਦ ਹੋ ਗਿਆ ਹੈ, ਪਰ ਪੰਥ ਅਜੇ ਵੀ ਗ਼ੁਲਾਮ ਹੈ। ਪੰਥ ਦੀ ਰਾਜਨੀਤੀ ਅਤੇ ਗੁਰਧਾਮਾਂ ਉਤੇ ਦੰਭੀ ਸੰਤਾਂ ਤੇ ਪੰਥ ਦੋਖੀਆਂ ਦਾ ਕਬਜ਼ਾ ਹੈ। ਧਰਮ ਦੀ ਥਾਂ ਭ੍ਰਿਸ਼ਟਾਚਾਰ ਤੇ ਗਿਰਾਵਟ ਵੱਧ ਗਈ ਹੈ। ਸਿੱਖ ਧਰਮ ਦੇ ਸਿਧਾਂਤ, ਖ਼ਾਲਸੇ ਦੀਆਂ ਰਵਾਇਤਾਂ ਅਤੇ ਸਿੰਘਾਂ ਦਾ ਇਤਿਹਾਸਕ ਗੌਰਵ ਪੈਰਾਂ ਹੇਠ ਲਿਤਾੜ ਦਿੱਤਾ ਗਿਆ ਹੈ। ਸ੍ਰੀ ਅਕਾਲ ਤਖ਼ਤ ਦੇ ਸਨਮੁਖ ਮਰਨ ਵਰਤ ਰੱਖ ਕੇ ਅਤੇ ਜਿਉਂਦੇ ਸੜ ਮਰਨ ਦੇ ਅਰਦਾਸੇ ਕਰਨ ਵਾਲੇ ਕਾਇਰਤਾ ਦਾ ਰਾਹ ਫੜ ਕੇ ਪੰਥ ਤੇ ਸਿੱਖ ਧਰਮ ਅਤੇ ਪੰਜਾਬ ਸਰਕਾਰ ਉੱਤੇ ਪੱਕਾ ਜੱਫਾ ਪਾਈ ਰੱਖਣ ਦੀ ਸਾਜ਼ਿਸ਼ ਵਿੱਚ ਕਾਮਯਾਬ ਹੋ ਰਹੇ ਹਨ। ਇਸ ਦੰਭ ਅਤੇ ਅਧਰਮ ਨੂੰ ਹੀ ਸਿੱਖਾਂ ਦਾ ਧਰਮ ਦਰਸਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸ਼ਰੀਕ ਕੁੰਡ ਖੜ੍ਹੇ ਕਰ (ਪੰਨਾ 48) ਦਿੱਤੇ ਹਨ, ਜਿਨ੍ਹਾਂ ਨੂੰ ਧੱਕੇ ਤੇ ਸਰਕਾਰੀ ਸ਼ਹਿ ਨਾਲ ਕਾਇਮ ਰੱਖਿਆ ਜਾ ਰਿਹਾ ਹੈ। ਪੰਥ ਦੀ ਅਧੋਗਤੀ ਅਤੇ ਅਪਮਾਨ ਜੋ ਅੱਜ ਹੋ ਰਿਹਾ ਹੈ, ਅੱਗੇ ਕਦੇ ਨਹੀਂ ਹੋਇਆ, ਧਰਮ ਦੀ ਦੁਰਦਸ਼ਾ ਜੋ ਅੱਜ ਕੀਤੀ ਜਾ ਰਹੀ ਹੈ, ਪਹਿਲਾਂ ਕਦੇ ਨਹੀਂ ਹੋਈ। ਸਿੱਖ ਰਾਜਨੀਤੀ ਵਿੱਚੋਂ ਸਾਧਾਂ, ਮਹੰਤਾਂ ਅਤੇ ਕੌਮ ਦੇ ਗ਼ੱਦਾਰਾਂ ਨੇ ਸਿੱਖੀ ਨੂੰ ਖਾਰਿਜ ਕਰਨ ਅਤੇ ਸਿੱਖਾਂ ਨੂੰ ਗ਼ੈਰਾਂ ਦੇ ਗ਼ੁਲਾਮ ਬਣਾਉਣ ਦੀ ਸਾਜ਼ਿਸ਼ ਪੱਕੇ ਤੌਰ ‘ਤੇ ਰਚ ਲਈ ਹੈ। ਇਹ ਕੂੜ ਦੀ ਮੱਸਿਆ, ਅਤੇ ਦੰਭ ਦਾ ਜਾਲ ਬਿਨਾਂ ਸਿਰ ਦਿੱਤਿਆਂ ਹੁਣ ਦੂਰ ਨਹੀਂ ਹੋਣਾ। ਇਹ ਅਰਦਾਸੇ ਭੰਗ ਕਰਨ ਦਾ ਪਾਪ, ਪੰਥ ਦੇ ਮੁੜ ਉੱਠ ਖੜ੍ਹੇ ਹੋਣ ਦੇ ਰਾਹ ਵਿੱਚ ਵੱਡੀ ਰੁਕਾਵਟ ਹੈ ਅਤੇ ਇਹ ਪਾਪ ਬਿਨਾਂ ਸੀਸ ਦਿੱਤਿਆਂ ਧੋਤਾ ਨਹੀਂ ਜਾਣਾ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੰਤ ਫਤਹਿ ਸਿੰਘ ਅਤੇ ਉਸ ਦੇ ਦੰਭੀ ਸਾਥੀਆਂ ਦੇ ਨਾਮ ਹੇਠਾਂ ਬਣਾਏ ਹੋਏ ਅਗਨੀ-ਕੁੰਡ ਪੁਕਾਰ ਪੁਕਾਰ ਕੇ ਸਿੰਘਾਂ ਕੋਲੋਂ ਆਹੂਤੀਆਂ ਮੰਗ ਰਹੇ ਹਨ। ਗੁਰੂ ਤੇ ਅਕਾਲ ਪੁਰਖ ਤੋਂ ਭਗੌੜਾ ਹੋ ਕੇ ਪੰਥ ਬਚ ਨਹੀਂ ਸਕਦਾ। ਹੁਣ ਇਹ ਜ਼ਰੂਰੀ ਹੋ ਗਿਆ ਹੈ ਕਿ ਕੋਈ ਗੁਰੂ ਕਾ ਸਿੰਘ ਆਪਣਾ ਸੀਸ ਦੇ ਕੇ ਪੰਥ ਦੇ ਅਖ਼ੌਤੀ ਲੀਡਰਾਂ ਅਤੇ ਸਿੱਖੀ ਦੇ ਗ਼ੱਦਾਰਾਂ ਦੇ ਕੀਤੇ ਹੋਏ ਪਾਪਾਂ ਦਾ ਪ੍ਰਾਸ਼ਚਿਤ ਕਰੇ ਤਾਂ ਜੋ ਪੰਥ ਆਜ਼ਾਦ ਹਿੰਦੁਸਤਾਨ ਵਿੱਚ ਆਜ਼ਾਦ ਪੰਥ ਅਥਵਾ ਸਿੱਖ ਹੋਮਲੈਂਡ ਦੀ ਸਥਾਪਤੀ ਵੱਲ ਅਗਲਾ ਕਦਮ ਚੁੱਕ ਸਕੇ। ਇਸ ਨਿਸ਼ਾਨੇ ਦੀ ਪ੍ਰਾਪਤੀ ਲਈ ਮੈਂ ਆਪਣਾ ਬਲੀਦਾਨ ਦੇਣ ਲੱਗਾ ਹਾਂ। ਸੰਗਤਾਂ ਨੂੰ ਮੇਰੀ ਬੇਨਤੀ ਹੈ ਕਿ ਮੇਰੇ ਪਿੱਛੋਂ ਉਹ ਆਪਣਾ ਫ਼ਰਜ਼ ਪਛਾਣਨ। ਮੇਰੇ ਮਰਨ ਤੋਂ ਪਿੱਛੋਂ ਮੇਰੇ ਸਰੀਰ ਨੂੰ ਸੰਤ ਫ਼ਤਹਿ ਸਿੰਘ ਦੇ ਨਾਮ ਹੇਠਾਂ ਬਣਾਏ ਹੋਏ ਅੱਗਨੀ ਕੁੰਡ ਵਿੱਚ ਰੱਖ ਕੇ ਫੂਕ ਦਿੱਤਾ ਜਾਵੇ ਅਤੇ ਮੇਰੀਆਂ ਅਸਥੀਆਂ ਕੀਰਤਪੁਰ ਸਾਹਿਬ ਪੁਚਾ ਦਿੱਤੀਆਂ ਜਾਣ। ਪੰਥ ਦੇ ਮਸੰਦਾਂ ਅਤੇ ਧਰਮ ਦੇ ਦੋਖੀਆਂ ਨਾਲ ਯਥਾਯੋਗ ਸਕੂਲ ਕੀਤਾ ਜਾਵੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਬਣੇ ਹੋਏ ਦੰਭ ਅਤੇ ਪਾਖੰਡ ਦੀਆਂ ਨਿਸ਼ਾਨੀਆਂ ਅਗਨੀਕੁੰਡ ਢਾਹ ਦਿੱਤੇ ਜਾਣ। ਸੰਗਤਾਂ ਅਰਦਾਸ ਕਰਨ ਕਿ ਸਾਹਿਬ ਦਸਮ ਪਾਤਸ਼ਾਹ ਮੇਰੀ ਤੁੱਛ ਕੁਰਬਾਨੀ ਕਬੂਲ ਕਰਨ ਅਤੇ ਆਪਣੇ ਪੰਥ ਦੀ ਬਾਹੁੜੀ ਕਰਨ, ਸੰਪੂਰਨ ਪੰਜਾਬ ਜ਼ਿੰਦਾਬਾਦ, ਸਿੱਖ ਹੋਮਲੈਂਡ ਅਮਰ ਰਹੇ।

ਵਾਹਿਗੁਰੂ ਜੀ ਦਾ ਖ਼ਾਲਸਾ॥

ਵਾਹਿਗੁਰੂ ਜੀ ਕੀ ਫਤਹਿ॥

ਗੁਰੂ ਪੰਥ ਦਾ ਦਾਸ

ਦਰਸ਼ਨ ਸਿੰਘ ਫੇਰੂਮਾਨ

  ਸ. ਕਪੂਰ ਸਿੰਘ ਦਾ ਪ੍ਰਤੀਕਰਮ :     ਸਿੱਖ ਪੰਥ ਦੇ ਸ਼੍ਰੋਮਣੀ ਵਿਦਵਾਨ ਸ. ਕਪੂਰ ਸਿੰਘ ਅਨੁਸਾਰ “ਸ. ਦਰਸ਼ਨ ਸਿੰਘ ਫੇਰੂਮਾਨ ਨੇ ਇਸ ਲਈ ਸ਼ਹਾਦਤ ਦਿੱਤੀ ਸੀ ਕਿ ਉਹ ਕਾਲਖ ਜਿਹੜੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਜਿਊਂਦੇ ਸੜ ਮਰਨ ਦੇ ਅਰਦਾਸੇ ਭੰਗ ਕਰਕੇ ਕਾਇਰ, ਦੰਭੀ, ਗੁਰੂ ਤੋਂ ਬੇਮੁੱਖ ਤੇ ਪੰਥ ਦੇ ਅਖੌਤੀ ਭਗ਼ੌੜੇ ਲੀਡਰਾਂ ਨੇ, ਪੰਥ ਦੇ ਉੱਜਲ ਮੁੱਖ ਉੱਤੇ ਮਲੀ ਹੈ, ਉਹ ਧੋਤੀ ਜਾਵੇ। ਉਹਨਾਂ ਨੇ ਆਪਣਾ ਬਲੀਦਾਨ ਕੀਤਾ ਤਾਂ ਜੋ ਜਿਹੜੇ ਝੂਠੇ ਦਾਅਵੇ, ਅਖੌਤੀ ਸਿੱਖ ਲੀਡਰਾਂ ਨੇ ਚੰਡੀਗੜ੍ਹ ਅਤੇ ਭਾਖੜਾ ਨੂੰ ਪੰਜਾਬ ਵਿੱਚ ਸ਼ਾਮਲ ਕਰਾਉਣ ਲਈ ਕੀਤੇ ਸਨ, ਉਹਨਾਂ ਬਚਨਾਂ ਉੱਤੇ ਮੁੜ ਪਹਿਰਾ ਦੇ ਕੇ, ਉਹ ਪੂਰੇ ਕੀਤੇ ਜਾਣ। ਸ. ਦਰਸ਼ਨ ਸਿੰਘ ਫੇਰੂਮਾਨ ਨੇ ਮਹਾਨ ਕੁਰਬਾਨੀ ਇਸ ਲਈ ਕੀਤੀ ਸੀ ਤਾਂ ਜੋ ਉਹਨਾਂ ਕਾਇਰ, ਦੰਭੀ ਅਤੇ ਪੰਥ ਦੇ ਗ਼ੱਦਾਰ, ਜਿਨ੍ਹਾਂ ਨੇ ਜਿਊਂਦੇ ਸੜ ਮਰਨ ਦਾ ਅਰਦਾਸਾ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛੱਤ ਉੱਤੇ ਅਗਨੀ ਕੁੰਡ ਬਣਾਏ ਹਨ ਅਤੇ ਮੌਤ ਤੋਂ ਡਰਦੇ ਗਿੱਦੜਾਂ ਵਾਂਗ ਭੱਜ ਗਏ ਹਨ ਅਤੇ ਇਉਂ ਪੰਥ ਦੇ ਅਦ੍ਰਿਸ਼ਟ, ਦਿੱਬ ਗੁਰੂ ਨਾਲ ਪੀਡੇ ਰਿਸ਼ਤੇ ਨੂੰ ਕਮਜ਼ੋਰ ਕੀਤਾ ਹੈ, ਉਹ ਰਿਸ਼ਤਾ ਮੁੜ ਸੁਰਜੀਤ ਕੀਤਾ ਜਾਵੇ। ਇਹ ਸ਼ਹਾਦਤ ਸਿੱਖ ਹੋਮਲੈਂਡ ਦੀ ਸਥਾਪਤੀ ਅਤੇ ਆਜ਼ਾਦ ਪੰਥ ਆਜ਼ਾਦ ਹਿੰਦੁਸਤਾਨ ਵਿੱਚ ਪ੍ਰਾਪਤ ਕਰਨ ਲਈ ਕੀਤੀ ਗਈ ਹੈ”।

ਸ. ਫੇਰੂਮਾਨ ਦੀ ਸ਼ਹਾਦਤ ਤੋਂ ਪਿੱਛੋਂ ਗੁਰੂ ਦੀ ਮਾਰ ਅਤੇ ਪਾਪਾਂ ਦਾ ਬੋਝ ਨਾ ਸਹਾਰਦੇ ਹੋਏ ਸੰਤ ਫਤਹਿ ਸਿੰਘ ਅਤੇ ਸੰਤ ਚੰਨਣ ਸਿੰਘ 1972 ਵਿੱਚ ਇਸ ਦੁਨੀਆਂ ਤੋਂ ਸਦਾ ਲਈ ਚਲੇ ਗਏ। ਉਹਨਾਂ ਦੇ ਪਿੱਛੋਂ ਜਥੇਦਾਰ ਮੋਹਨ ਸਿੰਘ ਤੁੜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੁਣੇ ਗਏ। ਪਰ 1973 ਵਿੱਚ ਹੋਈਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਕਾਂਗਰਸ ਬਹੁਮਤ ਲੈ ਗਈ ਅਤੇ ਗਿਆਨੀ ਜ਼ੈਲ ਸਿੰਘ ਮੁੱਖ ਮੰਤਰੀ ਬਣ ਗਏ। ਪੰਜਾਬ ਦੀਆਂ ਮੰਗਾਂ ਜਿਉਂ ਦੀਆਂ ਤਿਉਂ ਵਿਚਾਲੇ ਹੀ ਲਟਕ ਰਹੀਆਂ ਸਨ ਕਿ ਜੱਥੇਦਾਰ ਤੁੜ ਨੇ ਅਕਾਲੀ ਦਲ ਦਾ ਨਵਾਂ ਪਾਲਸੀ ਪ੍ਰੋਗਰਾਮ ਤਿਆਰ ਕਰਨ ਲਈ ਸ. ਕਪੂਰ ਸਿੰਘ ਆਈ ਸੀ ਐਸ ਦੀ ਸਰਪ੍ਰਸਤੀ ਹੇਠ ਇੱਕ ਸੱਤ ਮੈਂਬਰੀ ਸਬ ਕਮੇਟੀ ਬਣਾ ਦਿੱਤੀ। ਇਸ ਦੀਆਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਲਗਾਤਾਰ ਮੀਟਿੰਗਾਂ ਚੱਲਦੀਆਂ ਰਹੀਆਂ ਅਤੇ ਪਾਲਸੀ ਪ੍ਰੋਗਰਾਮ ਦਾ ਖਰੜਾ ਤਿਆਰ ਕਰਕੇ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੂੰ ਸੌਂਪ ਦਿੱਤਾ ਗਿਆ, ਜਿਸ ਨੇ ਇਸ ਉੱਪਰ ਵਿਚਾਰ ਕਰਨ ਲਈ ਜਨਰਲ ਹਾਊਸ ਦੀ ਮੀਟਿੰਗ ਸੱਦ ਲਈ। ਇਸ ਮੀਟਿੰਗ ਵਿੱਚ ਇਹ ਖਰੜਾ ਪ੍ਰਵਾਨ ਕਰ ਲਿਆ ਗਿਆ। ਜੋ ਅਨੰਦਪੁਰ ਸਾਹਿਬ ਦੇ ਮਤੇ ਦੇ ਨਾਂ ਨਾਲ ਪ੍ਰਸਿੱਧ ਹੋਇਆ।

charanjit-singh-gumtala ਸਿਆਸਤਦਾਨਾਂ ਨੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਦੀ ਸ਼ਹਾਦਤ ਨੂੰ ਮਿਟੀ ਵਿੱਚ ਰੋਲ ਦਿੱਤਾ/ਡਾ. ਚਰਨਜੀਤ ਸਿੰਘ ਗੁਮਟਾਲਾ

ਡਾ. ਚਰਨਜੀਤ ਸਿੰਘ ਗੁਮਟਾਲਾ

0019375739812 (ਅਮਰੀਕਾ),

ਵਟਸਐਪ 919417533060

Share this content:

Post Comment