ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਅੰਤਰਾਸ਼ਟਰੀ ਮਾਂ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਅਤੇ ਵਿਚਾਰ ਚਰਚਾ ਦਾ ਆਯੋਜਨ
*ਪ੍ਰਵਾਸੀ ਸਾਹਿਤ ਅਧਿਐਨ ਕੇਂਦਰ ਦੇ ਕੋਆਰਡੀਨੇਟਰ ਪ੍ਰੋ ਸ਼ਰਨਜੀਤ ਕੌਰ ਅਤੇ ਡਾ ਤੇਜਿੰਦਰ ਕੌਰ ਵਿਸ਼ੇਸ਼ ਤੌਰ ‘ਤੇ ਹੋਏ ਸ਼ਾਮਿਲ
ਇਟਲੀ, 15 ਮਈ – ਪਿਛਲੇ ਦਿਨੀਂ ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਅੰਤਰਰਾਸ਼ਟਰੀ ਮਾਂ ਦਿਵਸ ਦੇ ਸੰਬੰਧ ਵਿੱਚ ਆਨ ਲਾਈਨ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਕਵੀ ਦਰਬਾਰ ਅਤੇ ਵਿਚਾਰ ਚਰਚਾ ਕੀਤੀ ਗਈ। ਸਾਹਿਤ ਸੁਰ ਸੰਗਮ ਸਭਾ ਇਟਲੀ ਦੇ ਪ੍ਰਧਾਨ ਮੇਜਰ ਸਿੰਘ ਖੱਖ ਨੇ ਸਭ ਨੂੰ ਜੀ ਆਇਆਂ ਕਹਿੰਦਿਆਂ ਸਮਾਜ ਵਿੱਚ ਮਾਂ ਦੀ ਭੂਮਿਕਾ ਤੇ ਯੋਗਦਾਨ ਨੂੰ ਮੁੱਖ ਰੱਖਦਿਆਂ ਕਿਹਾ ਕਿ ਮਾਂ ਇੱਕ ਅਜਿਹਾ ਸ਼ਬਦ ਤੇ ਸ਼ਖਸ਼ੀਅਤ ਹੈ ਜਿਸ ਦਾ ਦੂਸਰਾ ਰੂਪ ਰੱਬ ਹੈ। ਇਸਦੇ ਬਾਅਦ ਪ੍ਰੋ ਸ਼ਰਨਜੀਤ ਕੌਰ ਮੁਖੀ ਪੰਜਾਬੀ ਵਿਭਾਗ ਗੁੱਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਲੁਧਿਆਣਾ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਸਭਾ ਦੀ ਕਾਰਗੁਜ਼ਾਰੀ ਦੀ ਸਰਾਹਨਾ ਕਰਦਿਆਂ ਮਾਂ ਦਿਵਸ ਤੇ ਵਿਸ਼ੇਸ਼ ਚਰਚਾ ਕੀਤੀ। ਉਪਰੰਤ ਵੱਖ ਵੱਖ ਕਵੀ ਤੇ ਕਵਿਤਰੀਆਂ ਜਿਹਨਾਂ ਵਿੱਚ ਪ੍ਰੇਮਪਾਲ ਸਿੰਘ ਇਟਲੀ, ਬੀਬੀ ਕੁਲਵੰਤ ਕੌਰ ਚੰਨ ਫਰਾਂਸ, ਸਿੱਕੀ ਝੱਜੀ ਪਿੰਡ ਵਾਲਾ, ਨਰਿੰਦਰ ਸਿੰਘ ਪਨੂੰ, ਮਨਦੀਪ ਕੌਰ ਪਨੂੰ, ਜਗਰੂਪ ਸਿੰਘ ਭੁੱਲਰ, ਆਰਤੀ ਬਕਸ਼ੀ ਆਰੂ, ਡਾ ਸੁਰਜੀਤ ਕੌਰ ਭੋਗਪੁਰ, ਭਿੰਦਰਜੀਤ ਕੌਰ ਲਾਂਬੜਾ, ਮੰਜੂ ਸ੍ਰੀਵਾਸਤਵ ਮਨ ਯੂ ਐਸ ਏ, ਸੁਦੇਸ਼ ਮੌਦਗਿੱਲ ਜਪਾਨ, ਬਾਟਾ ਭੁਰਜੀ ਫਰਾਂਸ, ਜੱਸੀ ਬੰਗਾ, ਜਗਦੀਸ਼ ਮਹਿਮੀ ਮੰਢਾਲੀ, ਜਗਤਾਰ ਸਿੰਘ ਇਟਲੀ ਆਦਿ ਨੇ ਮਾਂ ਨੂੰ ਸਮਰਪਿਤ ਕਵਿਤਾਵਾਂ ਦੀ ਛਹਿਬਰ ਲਾਈ। ਇਸਦੇ ਬਾਅਦ ਡਾ ਤੇਜਿੰਦਰ ਕੌਰ ਕੋਆਰਡੀਨੇਟਰ ਪ੍ਰਵਾਸੀ ਸਾਹਿਤ ਅਧਿਐਨ ਕੇਂਦਰ ਗੁੱਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਲੁਧਿਆਣਾ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕੇਂਦਰ ਅਤੇ ਸਭਾ ਦੇ ਆਪਸੀ ਸਬੰਧ, ਸਾਂਝੇ ਕਾਰਜਾਂ ਦੇ ਜ਼ਿਕਰ ਸਮੇਤ ਮਾਂ ਦਿਵਸ ਨੂੰ ਸਮਰਪਿਤ ਵਡਮੁੱਲੇ ਵਿਚਾਰ ਸਾਂਝੇ ਕੀਤੇ। ਉਹਨਾਂ ਤੋਂ ਬਾਅਦ ਪ੍ਰੋ ਜਸਪਾਲ ਸਿੰਘ ਇਟਲੀ ਨੇ ਵਿਚਾਰਾਂ ਦੀ ਸਾਂਝ ਪਾਈ। ਯੂਰਪੀਨ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਨੇ ਧੰਨਵਾਦੀ ਸ਼ਬਦ ਬੋਲਦਿਆਂ ਆਪਣੇ ਵਿਚਾਰ ਪੇਸ਼ ਕੀਤੇ ਅਤੇ ਮਾਂ ਸੰਬੰਧੀ ਸਾਹਿਤ, ਗੀਤਕਾਰੀ, ਕਹਾਣੀ ਤੇ ਪਰਿਵਾਰਾਂ ਵਿੱਚ ਮਾਂ ਦੀ ਭੂਮਿਕਾ ਉੱਤੇ ਚਾਨਣ ਪਾਇਆ। ਅੰਤ ਵਿੱਚ ਦਲਜਿੰਦਰ ਸਿੰਘ ਰਹਿਲ ਨੇ ਸਮੁੱਚੇ ਸਮਾਗਮ ਦਾ ਮੁਲਾਂਕਣ ਵੀ ਕੀਤਾ ਅਤੇ ਆਪਣੀਆਂ ਦੋ ਕਵਿਤਾਵਾਂ ਨਾਲ ਹਾਜ਼ਰੀ ਲਗਵਾਈ। ਜਸਵਿੰਦਰ ਕੌਰ ਮਿੰਟੂ ਦਾ ਸੰਚਾਲਨ ਬਹੁਤ ਪ੍ਰਭਾਵਸ਼ਾਲੀ ਸੀ ਜਿਸ ਵਿੱਚ ਉਹ ਪੇਸ਼ਕਰਤਾ ਨੂੰ ਸ਼ਾਇਰੀ ਦੁਆਰਾ ਭੂਮਿਕਾ ਬੰਨ੍ਹ ਕੇ ਪੇਸ਼ ਕਰਦੀ ਹੋਈ ਸਮਾਗਮ ਨੂੰ ਅੱਗੇ ਤੋਰਦੀ ਰਹੀ।
Share this content:



Post Comment