Loading Now

ਸ਼੍ਰੀ ਲੰਕਾ ਤੋਂ ਨੇਪਾਲ ਤੱਕ ਨੌਜਵਾਨਾਂ ਦਾ ਸਤਾ ਵਿਰੁਧ ਉਬਾਲ/ਜਗਦੀਸ਼ ਸਿੰਘ ਚੋਹਕਾ

ਸ਼੍ਰੀ ਲੰਕਾ ਤੋਂ ਨੇਪਾਲ ਤੱਕ ਨੌਜਵਾਨਾਂ ਦਾ ਸਤਾ ਵਿਰੁਧ ਉਬਾਲ/ਜਗਦੀਸ਼ ਸਿੰਘ ਚੋਹਕਾ

ਸਾਰੇ ਸੰਸਾਰ ਅੰਦਰ ਪ੍ਰਣਾਲੀਗਤ ਆਰਥਿਕ ਸੰਕਟ ਦੇ ਸਿੱਟੇ ਵਜੋਂ ਆਰਥ ਵਿਵੱਸਥਾ ਅੰਦਰ ਵਿਕਾਸ ਦਰ ਸੁਸਤ ਦਿਸ ਰਹੀ ਹੈ। ਜਿਸਦ ਦੇ ਕਾਰਨ ਆਰਥਿਕ ਅਸਮਾਨਤਾਵਾਂ, ਗਰੀਬੀ, ਬੇਰੁਜ਼ਗਾਰੀ, ਭੁੱਖਮਰੀ ਕਾਰਨ ਸਮਾਜ ਦੇ ਹਰ ਵਰਗ ਅੰਦਰ ਬੇਚੈਨੀ ਦਾ ਆਲਮ ਛਾਇਆ ਹੋਇਆ ਹੈ। ਇਹ ਬੇਚੈਨੀ ਗਰੀਬ ਦੇਸ਼ਾਂ ਤੋਂ ਉਪਰ ਵਿਕਸਤ ਦੇਸ਼ਾਂ ਅੰਦਰ ਵੀ ਕਈ ਰੂਪਾਂ ਵਿੱਚ ਸਾਹਮਣੇ ਆ ਰਹੀ ਹੈ। ਕਿਰਤੀ ਜਮਾਤ ਅਤੇ ਨੌਜਵਾਨ ਵਰਗ ਆਪਣੇ ਅਧਿਕਾਰਾਂ ਦੀ ਰੱਖਿਆ ਅਤੇ ਆਰਥਿਕ ਮੁਸ਼ਕਲਾਂ ਦੇ ਵਿਰੁਧ ਸੰਘਰਸ਼ ਵਿੱਢ ਰਹੇ ਹਨ। ਬਹੁਤ ਸਾਰੇ ਦੇਸ਼ਾਂ ਅੰਦਰ ਇਸ ਸੰਘਰਸ਼ ਦਾ ਰਾਜਨੀਤਕ ਰੁਖ ਭਾਵੇਂ ਸੱਜੇ ਪੱਖ ਵਲ ਖਿਸਕਦਾ ਜਾਹਰ ਹੋ ਰਿਹਾ ਹੈ। ਪਿਛਲੇ ਸਮੇਂ ਖਾਸ ਕਰਕੇ ਦੱਖਣੀ ਏਸ਼ੀਆ ਦੇ ਕੁਝ ਦੇਸ਼ਾਂ ਅੰਦਰ ਲੋਕ-ਵਿਦਰੋਹ, ਰਾਜਨੀਤਕ ਸਤਾ ਤਬਦੀਲੀ ਅਤੇ ਆਗੂਆਂ ਵਿਰੁਧ ਇਹ ਪ੍ਰੀਵਰਤਨ ਜਿਸ ਦੀ ਅਗਵਾਈ ਨੌਜਵਾਨਾ ਨੇ ਕੀਤੀ, ਸਾਹਮਣੇ ਆਇਆ ਹੈ।  ਸ਼੍ਰੀ ਲੰਕਾ, ਬੰਗਲਾ ਦੇਸ਼, ਇੰਡੋਨੇਸ਼ੀਆ ਅਤੇ ਹੁਣੇ-ਹੁਣੇ ਹੀ ਹਾਕਮਾਂ ਦੀਆਂ ਲੋਕ ਵਿਰੋਧੀ ਨੀਤੀਆਂ, ਭ੍ਰਿਸ਼ਟਾਚਾਰ, ਬੇਰੁਜ਼ਗਾਰੀ ਅਤੇ ਭਾਈ-ਭਤੀਜਾਵਾਦ ਦੇ ਵਿਰੁਧ ਨੇਪਾਲ ਅੰਦਰ ਨੌਜਵਾਨਾਂ ਅਤੇ ਲੋਕਾਂ ਨੇ ਸਰਕਾਰ ਨੂੰ ਹਿਲਾਅ ਦਿੱਤਾ ਹੈ। ਜਾਪਾਨ ਅਤੇ ਫਰਾਂਸ ਅੰਦਰ ਵੀ ਹਾਕਮਾਂ ਦੀਆਂ ਨੀਤੀਆਂ ਵਿਰੁਧ ਲੋਕ ਦਬਾਅ ਨੇ ਰਾਜਨੀਤਕ ਤਬਦੀਲੀਆਂ ਲਿਆਂਦੀਆਂ।
ਸੰਸਾਰ ਬੈਂਕ ਦੀ 2024 ਦੀ ਰਿਪੋਰਟ ਜ਼ਾਹਰ ਕਰਦੀ ਹੈ ਕਿ ਦੱਖਣੀ ਏਸ਼ੀਆਂ ਦੇ ਦੇਸ਼ਾਂ ਅੰਦਰ ਜੋ ਉਚੀ ਵਿਕਾਸ ਦਰ ਦੀਆਂ ਢੀਗਾਂ ਮਾਰੀਆਂ ਜਾ ਰਹੀਆਂ ਹਨ ਉਸ ਦਾ ਲੋਕਾਂ ਨੂੰ ਕੋਈ ਲਾਭ ਨਹੀਂ ਹੋ ਰਿਹਾ ਹੈ। ਸਗੋਂ ਲੋਕਾਂ ਦੇ ਰੁਜ਼ਗਾਰ ਛੁੱਟ ਗਏ ਹਨ। ਧਿਆਨ ਮਾਰੋ ! ਬੇਰੁਜ਼ਗਾਰੀ ਦੇ ਮਾਰੂ ਹਮਲੇ ਕਾਰਨ ਸਾਲ 2022 ਦੌਰਾਨ ਸ਼੍ਰੀਲੰਕਾ, 2024 ਬੰਗਲਾ ਦੇਸ਼ ਅਤੇ ਅਗਸਤ 2025 ਇੰਡੋਨੇਸ਼ੀਆਂ ਅੰਦਰ ਸਰਕਾਰਾਂ ਦੇ ਭੋਗ ਪੈ ਗਏ। ਇਸੇ ਤਰ੍ਹਾਂ ਪਿਛਲੇ ਮਹੀਨਿਆਂ ਦੌਰਾਨ ਆਰਥਿਕ ਸੰਕਟ ਕਾਰਨ ਆਵਾਮ ਸਮੇਤ ਨੌਜਵਾਨ ਵਰਗ ਦੇ ਦਬਾਅ ਦੇ ਸਿੱਟੇ ਵਜੋਂ ਜਾਪਾਨ ਅਤੇ ਫਰਾਂਸ ਅੰਦਰ ਵੀ ਰਾਜਨੀਤਕ ਬਦਲਾਅ ਸਾਹਮਣੇ ਆਏ, ਪਿਛਲੇ ਹਫਤੇ ਨੇਪਾਲ ਅੰਦਰ ਰਾਜਨੀਤਕ ਪ੍ਰੀਵਰਤਨ ਨੇ ਸਰਕਾਰ ਨੂੰ ਅਸਤੀਫੇ ਦੇ ਕੇ ਭੱਜਣਾ ਪਿਆ। ਇਹ ਸਾਰੇ ਬਦਲਾਅ ਅਤੇ ਰਾਜਨੀਤਕ ਤਬਦੀਲੀਆਂ ਲਹੀ ਮੋਹਰੀ ਰੋਲ ਨੌਜਵਾਨਾ ਨੇ ਹੀ ਅਦਾ ਕੀਤਾ। ਕਿਉਂਕਿ ਇਨ੍ਹਾਂ ਦੇਸ਼ਾਂ ਅੰਦਰ ਵਿਕਾਸ ਦਰ ਦਾ ਲਾਭ ਇਸੇ ਸਮੇਂ ਦੌਰਾਨ ਕਿਰਤ ਸ਼ਕਤੀ ਵਿੱਚ ਜੋ ਨਵਾਂ ਖੂਨ (ਨੌਜਵਾਨ) ਪ੍ਰਵੇਸ਼ ਹੋਇਆ ਹੈ, ਉਹਨਾਂ ਨੂੰ ਰੁਜ਼ਗਾਰ ਤਾਂ ਕੀ ਮਿਲਣਾ ਸਗੋਂ ਉਹ ਵੱਧ ਰਹੀ ਮਹਿੰਗਾਈ ਵਿੱਚ ਲਵੇਟੇ ਗਏ। ਦੂਸਰੇ ਪਾਸੇ ਹਾਕਮ ਵਰਗ ਅਤੇ ਕੁਲੀਨ ਲੋਕ ਹੋਰ ਅਮੀਰ ਹੋ ਗਏ। ਸਗੋਂ ਉਹਨਾਂ ਦੇ ਛੋਕਰੇ (ਧੀਆਂ-ਪੁਤ) ਪੂਰੀ ਐਸ਼ ਕਰ ਰਹੇ ਹਨ ਤੇ ਭ੍ਰਿਸ਼ਟਾਚਾਰ ਹੱਦਾਂ ਬੰਨੇ ਟੱਪ ਚੁੱਕਾ ਹੈ।
ਸਾਲ 2024 ਦੀ ਕੌਮਾਂਤਰੀ ਪਾਰਦਰਸ਼ੀ ਰਿਪੋਰਟ ਅਨੁਸਾਰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਨੇਪਾਲ 180 ਦੇਸ਼ਾਂ ਅੰਦਰ 107-ਵੇਂ ਸਥਾਨ ਤੇ ਪਾਇਆ ਗਿਆ, ਬੰਗਲਾਦੇਸ਼ 151-ਵੇਂ, ਸ਼੍ਰੀ ਲੰਕਾ 121-ਵੇਂ, ਇੰਡੋਨੇਸ਼ੀਆ 99-ਵੇਂ, ਪਾਕਿ 133-ਵੇੇਂ ਅਤੇ ਭਾਰਤ 93ਵੇਂ ਸਥਾਨ ਤੇ ਸੀ। ਉਪਰੋਕਤ ਦੇਸ਼ਾਂ ਅੰਦਰ ਭ੍ਰਿਸ਼ਟਾਚਾਰ ਉਚ-ਦਰਾਂ ਤੇ ਪੁੱਜ ਗਿਆ ਹੈ। ਜਿਸ ਕਾਰਨ ਆਰਾਥਿਕ ਵਿਕਾਸ ਦਾ ਲਾਭ ਹੇਠਾਂ ਨਾਂ ਤਾਂ ਆਮ ਲੋਕਾ ਨੂੰ ਪ੍ਰਾਪਤ ਹੋਇਆ ਹੈ ਤੇ ਨਾ ਹੀ ਆਰਥਿਕਤਾ ਅੰਦਰ ਅਸਮਾਨਤਾ ਘੱਟੀ। ਦੱਖਣੀ ਏਸ਼ੀਆਂ ਦੇ ਬਹੁਤ ਸਾਰੇ ਦੇਸ਼ਾਂ ਅੰਦਰ (ਸੰਸਾਰ ਜਨ-ਸੰਖਿਆਂ ਰਿਪੋਰਟ-2024) 25-30 ਸਾਲ ਦੀ ਉਮਰ ਤਕ ਬੇਰੁਜ਼ਗਾਰ ਨੌਜਵਾਨਾਂ ਦੀ ਗਿਣਤੀ ਵਿੱਚ ਬੇ-ਵਹਾ ਵਾਧਾ ਹੋਇਆ ਹੈ।ਇਸ ਵਾਧੇ ਦੇ ਮੁਕਾਬਲੇ ਰੁਜ਼ਗਾਰ ਬਹੁਤ ਘੱਟ ਪੈਦਾ ਹੋਇਆ । ਨੌਜਵਾਨ-ਸ਼ਕਤੀ ਦੇਸ਼ ਦੀ ਵਿਕਾਸ ਗਤੀ ਵਿੱਚ ਵੱਡਾ ਯੋਗਦਾਨ ਪਾ ਸਕਦੀ ਹੈ ਜੋ ਨਹੀਂ ਹੋ ਰਿਹਾ ਹੈ। ਇਹ ਜਨ-ਸੰਖਿਆਂ ਲਾਭ ਜੋ ਜਨ-ਸੰਖਿਆ ਅੰਦਰ ਉਮਰ (ਨੌਜਵਾਨ ਸ਼ਕਤੀ) ਦੇ ਸੰਰਚਨਾ ਦੇ ਬਦਲਾਅ ਨਾਲ ਆਉਂਦਾ ਹੈ, ਹਾਕਮਾਂ ਦੀਆਂ ਪੂੰਜੀਵਾਦੀ ਅਤੇ ਉਦਾਰੀਵਾਦੀ ਨੀਤੀਆਂ ਜੋ ਰੁਜ਼ਗਾਰ ਨੂੰ ਰੋਕ ਲਾਉਂਦੀਆਂ ਹਨ, ਦੇ ਕਾਰਨ ਬਦਲਾਅ ਨਹੀਂ ਆਇਆ। ਸਗੋਂ ਕੰਮ ਕਰਨ ਦੀ ਉਮਰ ਵਾਲੀ ਆਬਾਦੀ ਦਾ ਅਨੁਪਾਤ ਉਨ੍ਹਾਂ ਲੋਕਾਂ ਦੀ ਤੁਲਨਾ ਅਨੁਸਾਰ ਲਗਾਤਾਰ ਵਧ ਰਿਹਾ ਹੈ ਜੋ ਕੰਮ ਨਹੀਂ ਕਰ ਸਕਦੇ ਜਿਵੇਂ ਛੋਟੇ ਬੱਚੇ ਅਤੇ ਸੇਵਾ ਮੁਕਤ ਤੇ ਸੀਨੀਅਰਜ਼। ਜਿਸ ਕਾਰਨ ਬੇਰੁਜ਼ਗਾਰੀ ਵੱਧਦੀ ਹੈ।
ਵਿਦਿਆਰਥੀ ਧਿਰ ਜਿਓਂ- ਸਿੱਖਿਆ ਪ੍ਰਾਪਤ ਕਰਕੇ ਕਿਰਤ ਸ਼ਕਤੀ ਵਿੱਚ ਸ਼ਾਮਲ ਹੋ ਕੇ ਰੁਜ਼ਗਾਰ  ਭਾਲਦਾ ਹੈ। ਸਰਕਾਰ ਸੰਸਥਾਵਾਂ ਅੰਦਰ ਹਾਕਮਾਂ ਨੇ ਰੁਜ਼ਗਾਰ ਸੀਮਤ ਕਰ ਰੱਖਿਆ ਹੋਇਆ ਹੈ। ਇਹ ਨੌਜਵਾਨ ਨਿਜੀ ਖੇਤਰ ਦੇ ਰੁਜ਼ਗਾਰ ਦੇਣ ਵਾਲੇ ਕਾਰਖਾਨੇ, ਕੰਪਨੀਆਂ ਅਤੇ ਅਦਾਰਿਆਂ ਅੰਦਰ ਕੰਮ ਭਾਲਦੇ ਹਨ। ਜਿਥੇ ਉਨ੍ਹਾਂ ਨੂੰ ਬਹੁਤ ਘੱਟ ਉਜਰਤਾਂ ਮਿਲਦੀਆ ਹਨ। ਜੇਕਰ ਕਿਰਤੀ ਦੀ ਉਜਰਤ ਵੱਧੇਗੀ ਤਾਂ ਉਹ ਕੰਮ ਵੀ ਵੱਧ ਕਰਗੇਾ ਅਤੇ ਪੈਦਾਵਾਰ ਵੀ ਵੱਧੇਗੀ। ਪਰ ਮਾਲਕ ਨਹੀਂ ਚਾਹੁੰਦਾ ਕਿ ਕਿਰਤੀਆਂ ਦੀਆਂ ਉਜ਼ਰਤਾਂ ‘ਚ ਵਾਧਾ ਹੋਵੇ ? ਮਾਲਕ ਖੁਦ ਹੀ ਪੈਦਾਵਾਰ ਨਹੀਂ ਵਧਾਉਣੀ ਚਾਹੁੰਦਾ ਹੈ। ਜਿਸ ਕਰਕੇ ਹੋਰ ਪੂੰਜੀ ਨਿਵੇਸ਼ ਨਾ ਹੋਣ ਕਰਕੇ ਰੁਜ਼ਗਾਰ ਵਿੱਚ ਵਾਧਾ ਨਹੀਂ ਹੋ ਰਿਹਾ। ਮਾਲਕ ਮੁਨਾਫੇ ਤਕ ਨਿਰਭਰ ਕਰਦਾ ਹੈ। ਨਿਵੇਸ਼ ਤੇ ਰੋਕ, ਨਵੇਂ ਰੁਜ਼ਗਾਰ ਨਾ ਸਾਜਨੇ, ਇਸ ਤਰ੍ਹਾਂ ਦੀ ਦੱਖਣੀ ਏਸ਼ੀਆ ਅੰਦਰ ਵਿਕਾਸਸ਼ੀਲ ਅਰਥ-ਵਿਵਸਥਾ ਤਾਂ ਪੈਦਾ ਹੋ ਗਈ ਹੈ ਪਰ ਟਿਕਾਊ ਵਿਕਾਸ ਰੁਕ ਗਿਆ ਹੈ, ਨਵੇਂ ਰੁਜ਼ਗਾਰ ਪੈਦਾ ਨਹੀਂ ਹੋ ਰਹੇ ਹਨ (ਏਸ਼ੀਅਨ ਵਿਕਾਸ ਬੈਂਕ)।ਸ਼ਹਿਰੀ ਖੇਤਰ ‘ਚ ਆਟੋ-ਇਲੈਕਟਰੋਨਿਕਸ, ਕਪੜਾ ਉਦਯੋਗ ਅਤੇ ਉਤਪਾਦਨ ਸਭ ਦਾ ਮਸ਼ੀਨੀਕਰਨ ਤੇ ਆਟੋਮਾਈਜੇਸ਼ਨ ਹੋਣ ਕਰਕੇ ਰੁਜ਼ਗਾਰ ਘੱਟ ਗਏ ਹਨ। ਅੱਠ-ਸਤੰਬਰ, 2025 ਨੂੰ ਨੇਪਾਲ ਵਿੱਚ ਹੋਇਆ ‘ਜੇਨ-ਜੀ` ਵਿਦਰੋਹ ਬੇਰੁਜ਼ਗਾਰੀ ਵਿਰੁਧ ਅਤੇ ਭ੍ਰਿਸ਼ਟਾਚਾਰ ਵਿਰੁਧ ਨੌਜਵਾਨ ਰੋਹ ਸੀ ਜਿਸ ਨੇ ਰਾਜਨੀਤਕ ਤਬਦੀਲੀ ਦਾ ਰਾਹ ਖੋਲ੍ਹਿਆ।
ਆਓ! ਦੱਖਣੀ ਏਸ਼ੀਆ ਦੇ ਦੇਸ਼ਾਂ ਅੰਦਰ ਨੌਜਵਾਨ ਪੀੜੀ ਅੰਦਰ ਵੱਧ ਰਹੇ ਰੋਹ ਅਤੇ ਉਬਾਲ ਦੇ ਕਾਰਨਾਂ ਵੱਲ ਧਿਆਨ ਮਾਰੀਏ ! ਜਿਸ ਕਰਕੇ ਇਨ੍ਹਾਂ ਦੇਸ਼ਾਂ ਅੰਦਰ ਰਾਜਨੀਤਕ ਬਦਲਾਅ ਲਈ ਭੂਮੀ ਪ੍ਰਾਪਤ ਹੋਈ। ਨੇਪਾਲ ਦੀ ਕੁਲ ਆਬਾਦੀ ਦੇ 16-25 ਸਾਲ ਉਮਰ ਦੇ ਨੌਜਵਾਨਾਂ ਦੀ ਹਿੱਸੇਦਾਰੀ 20.8 ਫੀਸਦ ਸੀ। 40.68 ਫੀਸਦ ਲੋਕ ਜੋ 16-40 ਸਾਲ ਉਮਰ ਦੇ ਸਨ, ਉਹ ਕਿਰਤ ਸ਼ਕਤੀ ਦਾ 61.48 ਫੀਸਦ ਸਨ। ਜਿਹੜੇ ਰੁਜ਼ਗਾਰ ਤੋਂ ਵਾਂਝੇ ਰਹਿ ਗਏ। ਏਡੀ ਵੱਡੀ ਕਿਰਤ ਸ਼ਕਤੀ ਫਿਰ ਭੁੱਖੀ ਕਿਵੇਂ ਬੈਠੇਗੀ ? ਨੇਪਾਲ ਦੀ ਪ੍ਰਤੀ ਵਿਅਕਤੀ ਆਮਦਨ (ਜੀ.ਡੀ.ਪੀ.) 1447 ਡਾਲਰ ਸਲਾਨਾ,ਜਦ ਕਿ ਸੰਸਾਰ ਅੰਦਰ ਔਸਤ ਆਮਦਨ 136.73 ਸੀ (ਸੰਸਾਰ ਬੈਂਕ 2024)। ਦੂਸਰੇ ਪਾਸੇ ਆਗੂਆਂ ਰਾਜਨੀਤਕ ਅਤੇ ਕੁਲੀਨ ਵਰਗ ਦੇ ਛੋਕਰੇ ਸੈਰਾਂ ਕਰਦੇ ਅਤੇ ਬਾਹਰਲੇ ਦੇਸ਼ਾਂ ਅੰਦਰ ਮੌਜਾਂ ਕਰਦੇ। ਜਦੋਂ ਨੇਪਾਲੀ ਨੌਜਵਾਨ ਜੋ ਹੋਟਲਾਂ ਅੰਦਰ ਬਰਤਨ ਸਾਫ ਕਰਦੇ ਤੇ ਕੁਲੀਲ-ਵਰਗ ਦੇ ਐਸ਼ ਕਰਦੇ ਛੋਕਰਿਆਂ ਵਿਚਕਾਰ, ਇਹ ਵਿਤਕਰਾ ਸੋਸ਼ਲ ਮੀਡੀਆ ‘ਤੇ ਸਾਹਮਣੇ ਆਇਆ ਤਾਂ ਨੌਜਵਾਨ-ਵਰਗ ਭੜਕ ਉਠਿਆ।
ਇਹੋ ਹਾਲਤ ਬੰਗਲਾਦੇਸ਼ ਜਿਥੇ 15-29 ਸਾਲ ਉਮਰ ਵਰਗ ਦੀ ਕਿਰਤ ਸ਼ਕਤੀ 25ਫੀ ਸਦ ਪ੍ਰਤੀ ਵਿਅਕਤੀ ਆਮਦਨ 2593 ਡਾਲਰ ਅਤੇ ਮਹਿੰਗਾਈ ਦਰ 10.5 ਫੀਸਦ ਸੀ (2024)। ਸ਼੍ਰੀ ਲੰਕਾ ਵਿੱਚ 15.29 ਸਾਲ ਉਮਰ ਦੇ 23.6 ਫੀਸਦ (2023), ਪ੍ਰਤੀ ਵਿਅਕਤੀ ਆਮਦਨ 4515 ਡਾਲਰ ਸੀ (2024)। ਬੇਰੁਜ਼ਗਾਰੀ ਦਰ ਪਾਕਿਸਤਾਨ- 5.4 ਫੀਸਦ, ਇੰਡੋਨੇਸ਼ੀਆ-5.2 ਫੀਸਦ, ਜਾਪਾਨ-2.50 ਫੀਸਦ, ਸ਼੍ਰੀਲੰਕਾ-4.2 ਫੀਸਦ, ਬੰਗਲਾਦੇਸ਼- 4.2ਫੀ ਸਦ, ਨੇਪਾਲ -10.6 ਫੀ ਸਦ ਅਤੇ ਭਾਰਤ-5.6ਫੀ ਸਦ  (ਸਾਲ 2024 ਦੀ ਰਿਪੋਰਟ) ਪਾਈ ਗਈ।
ਸੰਸਾਰ ਅੰਦਰ ਵਿਕਸਤ ਅਤੇ ਵਿਕਾਸਸ਼ੀਲ ਦੋਹਾਂ ਤਰ੍ਹਾਂ ਦੀਆਂ ਅਰਧ-ਵਿਵਸਥਾਵਾਂ ਵਿੱਚ ਕਿਰਤ ਸ਼ਕਤੀ ਦੀ ਹਿੱਸੇਦਾਰੀ ਵਿੱਚ ਗਿਰਾਵਟ ਆਈ ਹੈ। ਅਮੀਰ ਵਰਗਾਂ ਦੇ ਹੱਥਾਂ ‘ਚ ਆਮਦਨ ਵਿੱਚ ਵਧ ਰਿਹਾ ਕੇਂਦਰੀਕਰਨ ਇਸ ਤੱਥ ਵੱਲ ਇਸ਼ਾਰਾ ਕਰਦਾ ਹੈ ਕਿ ਹੇਠਲੇ ਸਤਹਿ ‘ਤੇ ਰਹਿਣ ਵਾਲੀ ਕਿਰਤ ਸ਼ਕਤੀ ਦੀ, ਖਾਸ ਕਰਕੇ 15-29 ਸਾਲ ਦੇ ਨੌਜਵਾਨਾਂ ਨੂੰ ਬੇਰੁਜ਼ਗਾਰੀ ਦੀ ਮਾਰ ਵੱਘ ਪੈ ਰਹੀ ਹੈ। ਇਹ ਵੱਧ ਰਹੀ ਅਸਮਾਨਤਾ ਦਾ ਇਕ ਹੋਰ ਕਾਰਨ ਇਹ ਵੀ ਹੈ ਕਿ ਪੂੰਜੀ ਦਾ ਨਿਵੇਸ਼ ਨਾ ਹੋਣ ਕਾਰਨ ਜਿਥੇ ਬੇਰੁਜ਼ਗਾਰੀ ਵੱਧੀ, ਉਥੇ ਕਿਰਤ -ਸ਼ਕਤੀ ਅਤੇ ਪੂੰਜੀ ਵਿਚਕਾਰ ਵਿਰੋਧਤਾਈ ਵੀ ਹੋਰ ਤੇਜ ਹੋਈ। ਪੂੰਜੀ ਸਦਾ ਸ਼ੋਸ਼ਣਕਾਰੀ ਉਜ਼ਰਤਾਂ ਅਤੇ ਸੱਸਤੀ ਕਿਰਤ ਸ਼ਕਤੀ ਚਾਹੁੰਦੀ ਤਾਂ ਕਿ ਕਿਰਤ ਸ਼ਕਤੀ ਦਾ ਵੱਧ ਤੋਂ ਵੱਧ ਸ਼ੋਸ਼ਣ ਕੀਤਾ ਜਾਵੇ। ਇਹ ਵਿਰੋਧਤਾਈ ਕਈ ਥਾਵਾਂ ‘ਤੇ ਵਿਦਰੋਹ ਨੂੰ ਵੀ ਉਕਸਾਉਂਦੀ ਹੈ। ਦੱਖਣੀ ਏਸ਼ੀਆ ਦੇ ਬਹੁਤ ਸਾਰੇ ਦੇਸ਼ਾਂ ਅੰਦਰ ਜਿਥੇ ਕਈ ਤਰ੍ਹਾਂ ਦੇ ਰਾਜਨੀਤਕ ਪ੍ਰੀਵਰਤਨ ਹੋਏ ਉਥੇ ਸਿਸਟਮ ਅੰਦਰ ਦੌਲਤ ਦਾ ਕੇਂਦਰੀਕਰਨ ਵੀ ਚਿੰਤਾਜਨਕ ਰੂਪ ਵਿੱਚ ਸੀ।
ਦੱਖਣੀ ਦੇਸ਼ਾਂ ਅੰਦਰ ਚੀਨ, ਵੀਤਨਾਮ, ਉ: ਕੋਰੀਆ, ਲਾਊਸ ਆਦਿ ਦੇਸ਼ਾਂ ਨੂੰ ਛੱਡ ਕੇ ਬਾਕੀ ਦੇਸ਼ਾਂ ਅੰਦਰ ਉਥੋਂ ਦੀਆਂ ਸਰਕਾਰਾਂ ਜੋ ਕਾਰਪੋਰੇਟੀ, ਨਵ-ਉਦਾਰਵਾਦੀ ਅਤੇ ਪੂੰਜੀਵਾਦੀ ਰਾਹ ਤੇ ਚਲ ਰਹੀਆ ਹਨ। ਇਨ੍ਹਾਂ ਸਰਕਾਰਾਂ ਅੰਦਰ ਹਾਕਮ ਜਮਾਤਾਂ ਨਿਵੇਸ਼ ਰੋਕ ਕੇ, ਜਨਤਕ ਸੇਵਾਵਾਂ ਦਾ ਨਿਜੀਕਰਨ ਕਰਕੇ ਕਾਰਪੋਰੇਟਾਂ ਦੇ ਹਿਤਾਂ ਦੀ ਰਾਖੀ ਕਰਕੇ ਟੈਕਸਾਂ ਦਾ ਆਮ ਜਨਤਾ ਤੇ ਬੋਝ ਪਾ ਕੇ ਜਿਥੇ ਆਪਣੇ ਮੁਨਾਫ਼ੇ ਬਰਕਰਾਰ ਤੇ ਵਧਾ ਰਹੀਆਂ ਹਨ, ਉਥੇ ਬੇਰੁਜ਼ਗਾਰੀ ਵਧ ਰਹੀ ਹੈ ਜੋ ਆਰਥਿਕ ਅਸਮਾਨਤਾ ਨੂੰ ਵੀ ਤੇਜ਼ੀ ਨਾਲ ਜਨਮ ਦੇ ਰਹੀ ਹੈ। ਵਧ ਰਹੀ ਬੇਰੁਜ਼ਗਾਰੀ, ਗਰੀਬੀ ਅਤੇ ਸਮਾਜਕ ਅਨਿਆਏ ਵਿਰੁਧ ਲੋਕ ਰੋਹ ਵੀ ਪੈਦਾ ਹੋ ਰਹੇ ਹਨ। ਰਾਜਸਤਾ ਵਿਰੁਧ ਆਏ ਨੌਜਵਾਨ ਉਬਾਲ ਦਾ ਅਸਰ ਖਿਤੇ ਅੰਦਰ ਕੀ ਰੁਖ ਅਖਤਿਆਰ ਕਰੇਗਾ ਸਮਾਂ ਹੀ ਦੱਸੇਗਾ ਕਿ, ਕੀ ਲੋਕਾਂ ਦੀਆਂ ਦੁਸ਼ਵਾਰੀਆਂ ਦਾ ਅੰਤ ਹੋਵੇਗਾ ਜਾਂ ਉਨ੍ਹਾਂ ਵਿੱਚ ਹੋਰ ਵਾਧਾ ?
-ਜਗਦੀਸ਼ ਸਿੰਘ ਚੋਹਕਾ
-91-9217997445
-001-403-285-4208
-ਹੁਸ਼ਿਆਰਪੁਰ

Share this content:

Post Comment