ਸ਼ੁਰੂਆਤ ਹੋ ਗਈ
ਭਾਰਤ ਦੀ ਸਭ ਤੋਂ ਵੱਡੀ ਪ੍ਰਾਈਵੇਟ ਈਂਧਨ ਵਿਕਰੇਤਾ ਕੰਪਨੀ ਨਾਇਰਾ ਐਨਰਜੀ ਨੇ ਪੈਟਰੋਲ ਦੀ ਕੀਮਤ ‘ਚ 5 ਰੁਪਏ 30 ਪੈਸੇ ਅਤੇ ਡੀਜ਼ਲ ਦੀ ਕੀਮਤ ‘ਚ 3 ਰੁਪਏ ਪ੍ਰਤੀ ਲਿਟਰ ਦਾ ਵਾਧਾ ਕਰ ਦਿੱਤਾ ਹੈ। ਈਰਾਨ ਉੱਤੇ ਅਮਰੀਕੀ-ਇਜ਼ਰਾਈਲੀ ਹਮਲਿਆਂ ਤੋਂ ਬਾਅਦ ਈਰਾਨ ਵੱਲੋਂ ਹਾਰਮੁਜ਼ ਜਲਡਮਰੂ ਲਾਂਘੇ ‘ਤੇ ਰੋਕਾਂ ਲਾ ਦੇਣ ਕਾਰਨ ਦੇਸ਼ ਵਿੱਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਅਟਕਲਾਂ ਲਾਈਆਂ ਜਾ ਰਹੀਆਂ ਸਨ। ਨਾਇਰਾ ਨੇ ਰੇਟ ਵਧਾ ਕੇ ਸ਼ੁਰੂਆਤ ਕਰ ਦਿੱਤੀ ਹੈ। ਦੇਸ਼ ਵਿੱਚ 102075 ਪੈਟਰੋਲ ਪੰਪ ਹਨ ਅਤੇ ਨਾਇਰਾ ਐਨਰਜੀ 6967 ਪੰਪ ਚਲਾਉਂਦੀ ਹੈ। ਦੋ ਹੋਰ ਪ੍ਰਾਈਵੇਟ ਕੰਪਨੀਆਂ ਰਿਲਾਇੰਸ ਇੰਡਸਟ੍ਰੀਜ਼ ਤੇ ਬੀ ਪੀ ਪੀ ਐੱਲ ਸੀ ਨੇ ਨੁਕਸਾਨ ਉਠਾਉਣ ਦੇ ਬਾਵਜੂਦ ਅਜੇ ਰੇਟ ਨਹੀਂ ਵਧਾÎਏ। ਤੇਲ ਬਾਜ਼ਾਰ ਵਿੱਚ ਸਰਕਾਰੀ ਮਾਲਕੀ ਵਾਲੀਆਂ ਕੰਪਨੀਆਂ ਦੀ ਹਿੱਸੇਦਾਰੀ ਲਗਭਗ 90 ਫੀਸਦੀ ਹੈ।
ਪ੍ਰਾਈਵੇਟ ਕੰਪਨੀਆਂ ਨੂੰ ਹੋਣ ਵਾਲੇ ਨੁਕਸਾਨ ਦੀ ਪੂਰਤੀ ਲਈ ਸਰਕਾਰ ਮਦਦ ਨਹੀਂ ਕਰਦੀ, ਜਦਕਿ ਜਨਤਕ ਕੰਪਨੀਆਂ ਨੂੰ ਸਰਕਾਰੀ ਮਦਦ ਮਿਲਦੀ ਹੈ। ਇਹੀ ਕਾਰਨ ਹੈ ਕਿ ਨਾਇਰਾ ਨੇ ਰੇਟ ਵਧਾ ਕੇ ਆਪਣਾ ਭਾਰ ਲੋਕਾਂ ‘ਤੇ ਪਾ ਦਿੱਤਾ ਹੈ। ਹਾਲਾਂਕਿ ਜਨਤਕ ਕੰਪਨੀਆਂ ਨੇ 20 ਮਾਰਚ ਨੂੰ ਪ੍ਰੀਮੀਅਮ ਪੈਟਰੋਲ ਦੀ ਕੀਮਤ 2 ਰੁਪਏ 35 ਪੈਸੇ ਵਧਾ ਦਿੱਤੀ ਸੀ, ਪਰ ਆਮ ਪੈਟਰੋਲ ਤੇ ਡੀਜ਼ਲ ਦੀ ਕੀਮਤ ਵਿੱਚ ਵਾਧਾ ਨਹੀਂ ਕੀਤਾ ਸੀ। ਜਨਤਕ ਕੰਪਨੀਆਂ ਵੀ ਕਾਫੀ ਦਬਾਅ ਹੇਠ ਹਨ ਅਤੇ ਜੰਗ ਬੰਦ ਹੋਣ ਦੇ ਆਸਾਰ ਵੀ ਨਜ਼ਰ ਨਹੀਂ ਆ ਰਹੇ। ਜੇ ਬੰਦ ਵੀ ਹੋ ਗਈ ਤਾਂ ਖਾੜੀ ਦੇਸ਼ਾਂ ਤੋਂ ਤੇਲ ਦੀ ਸਪਲਾਈ ਨਾਰਮਲ ਹੋਣ ‘ਚ ਕਈ ਦਿਨ ਲੱਗ ਜਾਣੇ ਹਨ। ਇਹ ਤੈਅ ਹੀ ਹੈ ਕਿ ਜਨਤਕ ਕੰਪਨੀਆਂ ਵੀ ਰੇਟ ਵਧਾਉਣਗੀਆਂ। ਕੁਝ ਰਾਜਾਂ ਵਿੱਚ ਅਪ੍ਰੈਲ ‘ਚ ਹੋਣ ਜਾ ਰਹੀਆਂ ਚੋਣਾਂ ਕਾਰਨ ਮੋਦੀ ਸਰਕਾਰ ਉਨ੍ਹਾਂ ਨੂੰ ਫਿਲਹਾਲ ਰੇਟ ਵਧਾਉਣ ਤੋਂ ਰੋਕ ਰਹੀ ਹੈ।
Share this content:


Post Comment