Loading Now

ਸ਼ੁਭ ਅਮਲਾਂ ਬਾਝੋਂ/ਐਡਵੋਕੇਟ ਦਰਸ਼ਨ ਸਿੰਘ ਰਿਆੜ

ਸ਼ੁਭ ਅਮਲਾਂ ਬਾਝੋਂ/ਐਡਵੋਕੇਟ ਦਰਸ਼ਨ ਸਿੰਘ ਰਿਆੜ

ਗੁਰੂ ਨਾਨਕ ਦੇਵ ਜੀ,ਸਿੱਖ ਧਰਮ ਦੇ ਪਹਿਲੇ ਗੁਰੂ ਜੀ ਦਾ ਜਨਮ ਦਿਨ ਹਰ ਸਾਲ ਨਵੰਬਰ ਮਹੀਨੇ ਵਿੱਚ ਮਨਾਇਆ ਜਾਂਦਾ ਹੈ।ਇਹ ਮੰਨਿਆ ਜਾਂਦਾ ਹੈ ਕਿ ਉਹਨਾਂ ਦਾ ਜਨਮ ਦਿਨ ਕੱਤਕ ਮਹੀਨੇ ਦੀ ਪੂਰਨਮਾਸ਼ੀ ਨੂੰ ਰਾਇ ਭੋਇ ਦੀ ਤਲਵੰਡੀ ਵਿਖੇ ਮਾਤਾ ਤ੍ਰਿਪਤਾ ਜੀ ਦੀ ਕੁਖੋਂ,ਪਿਤਾ ਮਹਿਤਾ ਕਾਲੂ ਜੀ ਦੇ ਘਰ ਹੋਇਆ ਸੀ।ਜਦੋਂ ਕਿ ਵਿਸਾਖ ਦੇ ਮਹੀਨੇ ਵਿੱਚ ਇਸ ਮਹਾਨ ਹਸਤੀ ਦੇ ਜਨਮ ਦਿਨ ਬਾਰੇ ਵੀ ਅਕਸਰ ਚਰਚਾ ਹੁੰਦੀ ਰਹਿੰਦੀ ਹੈ।ਪੰਜ ਸਦੀਆਂ ਬੀਤਣ ਬਾਦ ਵੀ ਇਸ ਤਿੱਥ ਤਿਉਹਾਰ ਦਾ ਭੰਬਲਭੂਸਾ ਜਿਵੇਂ ਦਾ ਤਿਵੇਂ ਕਾਇਮ ਹੈ।ਨਵੰਬਰ ਮਹੀਨਾ ਸਰਦ ਰੁੱਤ ਦਾ ਆਗਾਜ਼ ਹੁੰਦਾ ਹੈ।ਸਰਦੀ ਦੀ ਰੁੱਤ ਵਿੱਚ ਗਰਮੀ ਦੀ ਬਿਜਾਏ ਤਿਉਹਾਰ ਤੇ ਸਮਾਗਮ ਮਨਾਉਣੇ ਲੋਕਾਂ ਨੂੰ ਜ਼ਿਆਦਾ ਪਸੰਦ ਹੁੰਦੇ ਹਨ।ਏਸੇ ਲਈ ਇਸ ਮੌਸਮ ਵਿੱਚ ਤਿਉਹਾਰਾਂ ਤੇ ਸਮਾਗਮਾਂ ਦੀ ਭਰਮਾਰ ਰਹਿੰਦੀ ਹੈ।ਮਹਾਨ ਲੋਕਾਂ ਨੂੰ ਯਾਦ ਕਰਨਾ ਤੇ ਉਹਨਾਂ ਦੇ ਦਿਨ ਵਾਰ ਮਨਾਉਣੇ ਮਹੱਤਵਪੂਰਨ ਹੋਣ ਦੇ ਨਾਲ ਨਾਲ ਮਾਣ ਵਾਲੀ ਗੱਲ ਵੀ ਹੈ।ਬਾਬੇ ਨਾਨਕ ਦੇ ਪੈਰੋਕਾਰ ਵਿਸ਼ਵ ਦੇ ਹਰ ਹਿੱਸੇ ਵਿੱਚ ਵਸੇ ਹੋਏ ਹਨ।ਇਸ ਲਈ ਇਹ ਤਿਉਹਾਰ ਕੇਵਲ ਭਾਰਤ ਵਿੱਚ ਹੀ ਨਹੀਂ ਮਨਾਇਆ ਜਾਂਦਾ ਬਲਕਿ ਹਰ ਉਸ ਦੇਸ਼ ਵਿੱਚ ਮਨਾਇਆ ਜਾਂਦਾ ਹੈ ਜਿੱਥੇ ਜਿੱਥੇ ਨਾਨਕ ਨਾਮ ਲੇਵਾ ਲੋਕ ਰਹਿੰਦੇ ਹਨ। ਬਾਬਾ ਨਾਨਕ ਜੀ ਉਹ ਮਹਾਨ ਹਸਤੀ ਹੋਏ ਹਨ ਜਿਨ੍ਹਾਂ ਨੇ ਉਸ ਸਮੇਂ ਦੇ ਵਿਗੜੇ ਹੋਏ ਸਮਾਜ,ਜਿੱਥੇ ਕੂੜ ਦਾ ਪਸਾਰਾ ਸੀ,ਲੋਕ ਵਹਿਮਾਂ ਭਰਮਾਂ ਵਿੱਚ ਫਸੇ ਹੋਏ ਸਨ,ਅੰਧ-ਵਿਸ਼ਵਾਸ ਦਾ ਬੋਲਬਾਲਾ ਸੀ ਤੇ ਲੋਕ ਸੱਚ ਬੋਲਣ ਦੀ ਹਿੰਮਤ ਵੀ ਖੋਹ ਬੈਠੇ ਸਨ,ਉਸ ਵੇਲੇ ਹੱਕ-ਸੱਚ ਤੇ ਇਨਸਾਫ਼ ਦੀ ਅਵਾਜ਼ ਉਠਾਈ।

ਮੌਜੂਦ ਸਿਸਟਮ ਦੇ ਗ਼ਲਤ ਕੰਮਾਂ ਤੇ ਰਵਾਇਤਾਂ ਵਿਰੁੱਧ ਬੋਲਣਾ ਇਨਕਲਾਬ ਅਖਵਾਉਂਦਾ ਹੈ ਇੰਜ ਗੁਰੂ ਨਾਨਕ ਦੇਵ ਜੀ ਇੱਕ ਇਨਕਲਾਬੀ ,ਸਮਾਜ ਸੁਧਾਰਕ ਤੇ ਜਗਤ ਗੁਰੂ ਦੇ ਨਾਮ ਨਾਲ ਮਸ਼ਹੂਰ ਹੋਏ ਸਨ।ਉਸ ਵੇਲੇ ਦਾ ਚਿਤਰਨ ਕਰਦੇ ਹੋਏ ਸਿੱਖ ਧਰਮ ਦੇ ਮਹਾਨ ਫ਼ਿਲਾਸਫ਼ਰ ਭਾਈ ਗੁਰਦਾਸ ਜੀ ਨੇ ਬਹੁਤ ਸੋਹਣਾ ਜ਼ਿਕਰ ਕਰਦੇ ਹੋਏ ਲਿਖਿਆ ਹੈ, ਕਿ ਜਿਵੇਂ ਸੰਘਣੀ ਧੁੰਦ ਦੇ ਅਲੋਪ ਹੋਣ ਲਈ ਸੂਰਜ ਦੀਆਂ ਕੁਝ ਕਿਰਨਾਂ ਚਾਨਣ ਦੀ ਚਮਕ ਦਰਸਾਉਣ ਲੱਗ ਜਾਂਦੀਆਂ ਹਨ ਤੇ ਹਨੇਰਾ ਛਿਪਣ ਲੱਗ ਜਾਂਦਾ ਹੈ,ਉਸੇ ਤਰ੍ਹਾਂ ਹੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇਂ ਵੀ ਸਮਾਜ ਵਿੱਚ ਪ੍ਰਚੱਲਿਤ ਅੰਧਕਾਰ ਤੇ ਕੂੜ ਦੇ ਪਸਾਰੇ ਨੂੰ ਦੂਰ ਕਰਨ ਵਾਲੀ ਤੇ ਸਮਾਜ ਨੂੰ ਨਵੀਂ ਸੇਧ ਦੇਣ ਵਾਲੀ ਰੋਸ਼ਨੀ ਮਹਿਸੂਸ ਹੋਈ ਸੀ।ਇਸ ਦਾ ਅਰਥ ਇਹ ਵੀ ਨਿਕਲਦਾ ਹੈ ਕਿ ਗੁਰੂ ਜੀ ਦੇ ਜਨਮ ਦੇ ਨਾਲ ਹੀ ਸਮਾਜ ਵਿੱਚੋਂ ਆਸਾਵਾਂਪਣ ਖ਼ਤਮ ਹੋਣ ਦਾ ਸੰਕੇਤ ਮਿਲ ਗਿਆ ਸੀ।ਪੰਜਾਬੀ ਭਾਸ਼ਾ ਦਾ ਇੱਕ ਜਾਣਿਆ ਪਹਿਚਾਣਿਆ ਮੁਹਾਵਰਾ ਹੈ,” ਜੰਮਦੀਆਂ ਸੂਲ਼ਾਂ ਦੇ ਮੂੰਹ ਤਿੱਖੇ”।ਮਹਾਨ ਸ਼ਖ਼ਸੀਅਤਾਂ ਜਨਮ ਤੋਂ ਹੀ ਆਪਣਾ ਪ੍ਰਭਾਵ ਦਿਖਾਉਣਾ ਸ਼ੁਰੂ ਕਰ ਦੇ ਦੀਆਂ ਹਨ।ਲਿਹਾਜ਼ਾ ਬਾਬੇ ਨਾਨਕ ਨੇ ਵੀ ਜਨਮ ਸਾਰ ਹੀ ਆਪਣੇ ਜੌਹਰ ਵਿਖਾਉਣੇ ਸ਼ੁਰੂ ਕਰ ਦਿੱਤੇ ਸਨ। ਉਸ ਵੇਲੇ ਦੇ ਹਿੰਦੂ ਸਮਾਜ ਵਿੱਚ ਬਾਲ ਅਵਸਥਾ ਵਿੱਚ ਬੱਚੇ ਨੂੰ ਜਨੇਊ ਪਹਿਨਾ ਕਿ ਧਰਮ ਦੀ ਪਹਿਲੀ ਪੌੜੀ ਚੜ੍ਹਾਇਆ ਜਾਂਦਾ ਸੀ।

ਬਾਬੇ ਨਾਨਕ ਜੀ ਨੂੰ ਜਨੇਊ ਪਹਿਨਾਉਣ ਦੀ ਰਸਮ ਵੇਲੇ ਹੀ ਰੇੜਕਾ ਪੈ ਗਿਆ।ਬਾਬੇ ਨੇ ਜਨੇਊ ਪਹਿਨਾਉਣ ਵਾਲੇ ਪੰਡਿਤ ਨੂੰ ਅਜਿਹੇ ਸੁਆਲ ਪੁੱਛ ਲਏ ਜਿਨ੍ਹਾਂ ਦਾ ਉਹ ਜਵਾਬ ਹੀ ਨਾ ਦੇ ਸਕਿਆ ਤੇ ਬਾਬਾ ਜੀ ਨੇ ਹਿੰਦੂ ਧਰਮ ਦੀ ਮੁੱਖ ਪਰੰਪਰਾ ਦਾ ਵਿਰੋਧ ਕਰ ਦਿੱਤਾ। ਉਹਨਾਂ ਨੇ ਪੰਡਿਤ ਨੂੰ ਸਪਸ਼ਟ ਕਰ ਦਿੱਤਾ ਸੀ ਕਿ ਉਹ ਸੱਚਾ ਤੇ ਸੁੱਚਾ ਜਨੇਊ ਪਹਿਨ ਸਕਦੇ ਹਨ ਜਿਹੜਾ ਸਦਾ ਕਾਇਮ ਰਹੇ।ਪਰ ਮਨੁੱਖੀ ਜ਼ਿੰਦਗੀ ਤਾਂ ਹੈ ਹੀ ਸੀਮਤ।ਇਹ ਬਾਬੇ ਨਾਨਕ ਦਾ ਪਹਿਲਾ ਇਨਕਲਾਬੀ ਕਦਮ ਸੀ।ਦੁਨਿਆਵੀ ਪੜ੍ਹਾਈ ਕਰਨ ਲਈ ਪਿਤਾ ਨੇ ਉਸ ਵੇਲੇ ਦੇ ਵਿੱਦਿਅਕ ਸਿਸਟਮ ਅਨੁਸਾਰ ਵਾਰੀ ਵਾਰੀ ਪਾਂਧੇ ਤੇ ਮੌਲਵੀ ਪਾਸ ਭੇਜਿਆ।ਉੱਥੇ ਫਿਰ ਬਾਬੇ ਨੇ ਦੋਹਾਂ ਨੂੰ “ਇੱਕ”ਦੇ ਚੱਕਰ ਵਿੱਚ ਉਲਝਾ ਲਿਆ।ਇਹ ਦੂਜਾ ਇਨਕਲਾਬੀ ਕਦਮ ਸੀ।ਬਾਬਾ ਨਾਨਕ ਦੁਨਿਆਵੀ ਰੁਝੇਵਿਆਂ ਵਿੱਚ ਨਹੀਂ ਸਨ ਉਲਝਣਾ ਚਾਹੁੰਦੇ।ਉਹ ਦੁਨੀਆ ਨੂੰ ਸੁਧਾਰਨ ਤੇ ਸੁਲਝੀ ਹੋਈ ਸੇਧ ਦੇਣ ਵੱਲ ਕੇਂਦਰਿਤ ਸਨ।ਹਰ ਪਿਤਾ ਵਾਂਗ ਬਾਬੇ ਨਾਨਕ ਦੇ ਪਿਤਾ ਦੀ ਵੀ ਰੀਝ ਸੀ ਕਿ ਉਹਨਾਂ ਦਾ ਬੇਟਾ ਸਮਾਜ ਵਿੱਚ ਸਨਮਾਨਯੋਗ ਅਹੁਦਾ ਪ੍ਰਾਪਤ ਕਰਕੇ ਉਹਨਾਂ ਦਾ ਨਾਮ ਰੋਸ਼ਨ ਕਰੇ।ਉਹ ਸਰਦੇ ਪੁੱਜ ਦੇ ਪਟਵਾਰੀ ਸਨ ਜੋ ਉਸ ਸਥਾਨ ਦੇ ਵੱਡੇ ਜ਼ਿਮੀਂਦਾਰ ਰਾਇ ਬੁਲਾਰ ਦੀ ਜ਼ਮੀਨ ਦਾ ਹਿਸਾਬ ਕਿਤਾਬ ਵੇਖਦੇ ਸਨ।

ਪੁੱਤਰ ਨੂੰ ਵਪਾਰੀ ਬਣਾਉਣ ਲਈ ਉਹਨਾਂ ਨੇ ਵੀਹ ਰੁਪਏ ,ਉਸ ਸਮੇਂ ਦੀ ਵੱਡੀ ਰਕਮ ਦੇ ਕੇ ਕੋਈ ਖਰਾ ਜਿਹਾ ਸੌਦਾ ਕਰਨ ਦੇ ਉਦੇਸ਼ ਨਾਲ ਭੇਜਿਆ। ਪਰ ਬਾਬਾ ਨਾਨਕ ਦੁਨਿਆਵੀ ਵਪਾਰ ਤੋਂ ਕਿਤੇ ਅਗਾਂਹ ਦੀ ਸੋਚ ਵਿੱਚ ਮਸਤ ਸਨ।ਉਹ ਉਸ ਰਕਮ ਨਾਲ ਭੁੱਖੇ ਸਾਧੂਆਂ ਦੇ ਟੋਲੇ ਨੂੰ ਰਾਸ਼ਨ ਪਾਣੀ ਨਾਲ ਨਿਹਾਲ ਕਰਕੇ ਖ਼ਾਲੀ ਹੱਥ ਘਰ ਪਰਤ ਆਏ।ਕਿਹਾ ਜਾਂਦਾ ਹੈ ਕਿ ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਕਾਫ਼ੀ ਝਿੜਕਿਆ ਤੇ ਨਰਾਜ਼ ਵੀ ਹੋਏ। ਅੱਕ ਕੇ ਉਹਨਾਂ ਨੇ ਨਾਨਕ ਨੂੰ ਉਨ੍ਹਾਂ ਦੀ ਵੱਡੀ ਭੈਣ ਬੀਬੀ ਨਾਨਕੀ ਕੋਲ ਸੁਲਤਾਨਪੁਰ ਲੋਧੀ ਭੇਜ ਦਿੱਤਾ।ਏਥੇ ਫਿਰ ਬਾਬੇ ਨਾਨਕ ਨੇ ਇਨਕਲਾਬੀ ਕ੍ਰਿਸ਼ਮਾ ਵਿਖਾਇਆ।ਉਹਨਾਂ ਨੂੰ ਨਵਾਬ ਦੌਲਤ ਖਾਂ ਦੇ ਮੋਦੀਖ਼ਾਨੇ ਵਿੱਚ ਨੌਕਰੀ ਮਿਲ ਗਈ।ਪ੍ਰਮਾਤਮਾ ਦੀ ਮਸਤੀ ਵਿੱਚ ਉਨ੍ਹਾਂ ਨੇ ਖ਼ੂਬ ਦਿਲਚਸਪੀ ਨਾਲ ਡਿਊਟੀ ਨਿਭਾਈ ਤੇ ਲੋੜਵੰਦਾਂ ਨੂੰ ਤੇਰਾ ਤੇਰਾ ਦਾ ਉਪਦੇਸ਼ ਦੇਂਦੇ ਹੋਏ ਰਾਸ਼ਨ ਪੁੱਜ ਦਾ ਕੀਤਾ।ਦਰਅਸਲ ਉਹ ਅਸਲੀ ਸਮਾਜਵਾਦ ਦੇ ਹਾਮੀ ਸਨ।ਉਹ ਚਾਹੁੰਦੇ ਸਨ ਕਿ ਅਜਿਹੇ ਹਾਲਤ ਪੈਦਾ ਹੋਣ ਕਿ ਹਰੇਕ ਲਈ ਲੋੜ ਅਨੁਸਾਰ ਸਾਧਨ ਮੌਜੂਦ ਹੋਣ।ਧਨ ਦੀ ਕਾਣੀ ਵੰਡ ਨਾ ਹੋਵੇ।ਬਰਾਬਰ ਹੋਵੇ,ਊਚ-ਨੀਚ ਤੇ ਜਾਤ-ਪਾਤ ਖ਼ਤਮ ਹੋਵੇ।ਭੁੱਖੇ ਸਾਧੂਆਂ ਨੂੰ ਭੋਜਨ ਛਕਾਉਣਾ,ਮੋਦੀਖ਼ਾਨੇ ਵਿੱਚੋਂ ਤੇਰਾ ਤੇਰਾ ਕਹਿੰਦੇ ਹੋਏ ਰਾਸ਼ਨ ਵੰਡਣਾ ਅਤੇ ਵਲੀ ਕੰਧਾਰੀ ਦੇ ਕਬਜ਼ੇ ਵਿੱਚੋਂ ਪਾਣੀ ਦੇ ਖੂਹ ਦਾ ਕਬਜ਼ਾ ਛੁਡਾ ਕੇ ਪਾਣੀ ਦੇ ਝਰਨੇ ਵਗਾ ਦੇਣੇ ਸਭ ਸਮਾਜਵਾਦ ਦੇ ਹੀ ਪ੍ਰਤੀਕ ਸਨ।ਗ੍ਰਹਿਸਤ ਮਾਰਗ ਦਾ ਉਹਨਾਂ ਨੇ ਵਿਰੋਧ ਨਹੀਂ ਕੀਤਾ।ਵਿਆਹ ਕਰਵਾਇਆ।ਬਾਬਾ ਸ੍ਰੀ ਚੰਦ ਤੇ ਲਖਮੀ ਦਾਸ ਉਹਨਾਂ ਦੇ ਦੋ ਸਾਹਿਬਜ਼ਾਦੇ ਸਨ।ਪਰ ਦੁਨੀਆਦਾਰੀ ਉਹਨਾਂ ਨੂੰ ਘਰ ਤੱਕ ਸੀਮਤ ਨਾ ਰੱਖ ਸਕੀ।ਓਬੜ-ਖਾਬੜ੍ਹ ਰਸਤਿਆਂ ਉੱਪਰ ਪੈਦਲ ਚੱਲਦੇ ਹੋਏ ਉਹਨਾਂ ਨੇ ਚਹੁੰਆਂ ਦਿਸ਼ਾਵਾਂ ਵਿੱਚ ਚਾਰ ਮੁੱਖ ਯਾਤਰਾਵਾਂ ਕੀਤੀਆਂ।ਇਹ ਚਾਰ ਉਦਾਸੀਆਂ ਦੇ ਨਾਮ ਨਾਲ ਮਸ਼ਹੂਰ ਹੋਈਆਂ।ਇਹਨਾਂ ਯਾਤਰਾਵਾਂ ਦੌਰਾਨ ਉਹਨਾਂ ਦਾ ਬਚਪਨ ਦਾ ਸਾਥੀ ਮਰਦਾਨਾ ਹਮੇਸ਼ਾ ਨਾਲ ਰਿਹਾ।

ਮਰਦਾਨਾ ਰਬਾਬ ਵਜਾਉਂਦਾ ਰਿਹਾ ਤੇ ਬਾਬਾ ਬਾਣੀ ਗਾਉਂਦਾ ਵੀ ਰਿਹਾ ਤੇ ਉਸ ਨੂੰ ਸਾਂਭਦਾ ਵੀ ਰਿਹਾ।ਉਹਨਾਂ ਦੀ ਰਚੀ ਹੋਈ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਮੌਕੇ ਦਾ ਹਾਕਮ ਬਾਬਰ ਜਿਸ ਨੂੰ ਉਹਨਾਂ ਨੇ ਜਾਬਰ-ਬਾਬਰ ਕਹਿਣ ਤੋਂ ਵੀ ਸੰਕੋਚ ਨਾ ਕੀਤਾ ਤੇ ਉਸ ਦੇ ਭਾਰਤਵਰਸ਼ ਤੇ ਹਮਲੇ ਨੂੰ ਬੜੀ ਤਫ਼ਸੀਲ ਨਾਲ ਚਿਤਰਿਆ।ਏਮਨਾਬਾਦ ਨਗਰ ਵਿੱਚ ਉੱਚ ਜਾਤੀ ਦਾ ਅਮੀਰ ਮਲਿਕ ਭਾਗੋ ਸ਼ਾਹੂਕਾਰ ਸਮਾਜ ਦੇ ਹੇਠਲੇ ਵਰਗ ਦੇ ਲੋਕਾਂ ਨੂੰ ਆਪਣੇ ਸ਼ਾਹੀ ਪਕਵਾਨਾਂ ਦੇ ਬੋਝ ਹੇਠ ਦੱਬ ਕੇ ਰੱਖਦਾ ਸੀ।ਲੋਕ ਉਸ ਦੇ ਰੋਹਬ ਸਦਕਾ ਉਸ ਦਾ ਹਰ ਹੁਕਮ ਮੰਨਦੇ ਸਨ।ਗੁਰੂ ਨਾਨਕ ਦੇਵ ਜੀ ਨੇ ਵੀ ਉਸੇ ਨਗਰ ਵਿੱਚ ਹੱਕ-ਹਲਾਲ ਦੀ ਮਿਹਨਤ ਕਰਨ ਵਾਲੇ ਭਾਈ ਲਾਲੋ ਦੇ ਘਰ ਰੈਣ-ਬਸੇਰਾ ਕੀਤਾ ਹੋਇਆ ਸੀ।ਮਲਿਕ ਭਾਗੋ ਨੇ ਗੁਰੂ ਜੀ ਉੱਪਰ ਵੀ ਆਪਣੇ ਰੋਹਬ ਦਾ ਪ੍ਰਭਾਵ ਪਾਉਣਾ ਚਾਹਿਆ ਤੇ ਆਪਣੇ ਸ਼ਾਹੀ ਭੋਜ ਦਾ ਨਿਉਂਦਾ ਭੇਜਿਆ।ਗੁਰੂ ਜੀ ਦੇ ਉਸ ਭੋਜ ਵਿੱਚ ਸਿਰਕਤ ਨਾ ਕਰਨ ਤੇ ਉਹ ਅਗ-ਬਬੂਲਾ ਹੋ ਗਿਆ ਤੇ ਬੜੇ ਗ਼ੁੱਸੇ ਦਾ ਇਜ਼ਹਾਰ ਕੀਤਾ।ਸ਼ਾਂਤ ਚਿੱਤ ਗੁਰੂ ਨਾਨਕ ਦੇਵ ਜੀ ਨੇ ਉਸ ਦੇ ਭੋਜ ਵਿੱਚ ਗ਼ਰੀਬਾਂ ਦੇ ਖ਼ੂਨ ਅਤੇ ਭਾਈ ਲਾਲੋ ਦੇ ਕੋਧਰੇ ਦੀ ਰੋਟੀ ਵਿੱਚੋਂ ਦੁੱਧ ਦੀ ਹੋਂਦ ਦਰਸਾ ਕੇ ਉਸ ਦੇ ਭਰਮ ਭੁਲੇਖੇ ਦੂਰ ਕਰ ਦਿੱਤੇ।ਆਪਣੀ ਦਲੀਲ ਤੇ ਤਰਕ ਦੇ ਅਧਾਰ ਤੇ ਉਹਨਾਂ ਨੇ ਮਲਿਕ ਭਾਗੋ ਨੂੰ ਵੀ ਸ਼ਾਂਤ ਕਰ ਦਿੱਤਾ।

ਜ਼ਿੰਦਗੀ ਦੇ ਹਰ ਖੇਤਰ ਵਿੱਚ ਤਰਕ ਦੇ ਅਧਾਰ ਤੇ ਹੀ ਉਹਨਾਂ ਨੇ ਵਹਿਮਾਂ-ਭਰਮਾਂ ਦਾ ਖੰਡਨ ਕੀਤਾ।ਕੁਰਖ਼ੇਤਰ ਦੇ ਸੂਰਜ ਗ੍ਰਹਿਣ ਸਮੇਂ ਅੱਗ ਨਾ ਬਾਲਣ ਤੇ ਪਿਤਰਾਂ ਨੂੰ ਪਾਣੀ ਦੇਣ ਦੇ ਪਖੰਡ ਨੂੰ ਵੀ ਬੜੇ ਸਹਿਜ ਨਾਲ ਹੀ ਉਹਨਾਂ ਨੇ ਸੁਲਝਾ ਦਿੱਤਾ।ਪੰਡਿਤਾਂ ਦੇ ਸੂਰਜ ਵੱਲ ਪਾਣੀ ਦੇ ਛਿੱਟੇ ਮਾਰਨ ਦੇ ਉਲਟ ਉਹਨਾਂ ਨੇ ਲਹਿੰਦੇ ਵੱਲ ਪਾਣੀ ਝੱਟਣਾ ਸ਼ੁਰੂ ਕਰ ਦਿੱਤਾ।ਲੋਕਾਂ ਦੇ ਪੁੱਛਣ ਤੇ ਉਹਨਾਂ ਨੇ ਕਰਤਾਰਪੁਰ ਵਿਖੇ ਆਪਣੇ ਖੇਤਾਂ ਨੂੰ ਪਾਣੀ ਭੇਜਣ ਬਾਰੇ ਕਿਹਾ।ਦੂਰੀ ਦਾ ਅਹਿਸਾਸ ਕਰਕੇ ਜਦੋਂ ਲੋਕਾਂ ਨੇ ਮਜ਼ਾਕ ਕਰਨਾ ਚਾਹਿਆ ਤਾਂ ਝੱਟ ਉਹਨਾਂ ਨੇ ਸੂਰਜ ਦੀ ਦੂਰੀ ਦਰਸਾ ਕੇ ਸਭ ਨੂੰ ਸ਼ਾਂਤ ਕਰ ਦਿੱਤਾ। ਮੱਕੇ ਵਿੱਚ ਕਾਂਬੇ ਵੱਲ ਪੈਰ ਕਰਕੇ ਜਦੋਂ ਉਹ ਲੇਟ ਗਏ ਤਾਂ ਹਾਜ਼ਰ ਮੁੱਲਾਂ ਕਾਜ਼ੀ ਬੜੇ ਗ਼ੁੱਸੇ ਵਿੱਚ ਭੱਜੇ ਆਏ।ਉਹਨਾਂ ਨੇ ਬੜੇ ਰੋਹਬ ਨਾਲ ਰੱਬ ਦੇ ਘਰ ਵੱਲੋਂ ਪੈਰ ਦੂਜੇ ਪਾਸੇ ਕਰਨ ਨੂੰ ਕਿਹਾ।ਬਾਬਾ ਜੀ ਨੇ ਬਿਰਧ ਤੇ ਥੱਕੇ ਹੋਣ ਦਾ ਅਹਿਸਾਸ ਕਰਕੇ ਉਹਨਾਂ ਨੂੰ ਖ਼ੁਦ ਹੀ ਦੂਜੇ ਪਾਸੇ ਪੈਰ ਕਰਨ ਨੂੰ ਕਹਿ ਦਿੱਤਾ,ਜਿਸ ਪਾਸੇ ਰੱਬ ਮੌਜੂਦ ਨਹੀਂ?ਜਿਵੇਂ ਹੀ ਉਹਨਾਂ ਨੇ ਗ਼ੁੱਸੇ ਵਿੱਚ ਲੱਤਾਂ ਤੋਂ ਫੜ ਕੇ ਬਾਬਾ ਜੀ ਨੂੰ ਘੜੀਸਣਾ ਚਾਹਿਆ,ਉਹਨਾਂ ਨੂੰ ਇੰਜ ਪ੍ਰਤੀਤ ਹੋਇਆ ਜਿਵੇਂ ਮੱਕਾ ਵੀ ਪੈਰਾਂ ਦੇ ਨਾਲ ਹੀ ਘੁੰਮ ਰਿਹਾ ਹੈ।ਬੜੀ ਸਰਲ ਦਲੀਲ ਨਾਲ ਗੁਰੂ ਜੀ ਨੇ ਉਹਨਾਂ ਨੂੰ ਸਮਝਾ ਦਿੱਤਾ ਕਿ ਰੱਬ ਦੀ ਮੌਜੂਦਗੀ ਇੱਕ ਥਾਂ ਤੇ ਸਥਿਰ ਨਹੀਂ ਹੈ।

ਬਗ਼ਦਾਦ ਜਾਣ ਤੇ ਉੱਥੇ ਪਹਿਲਾਂ ਹੀ ਮੌਜੂਦ ਪੀਰਾਂ ਫ਼ਕੀਰਾਂ ਨੇ ਗੁਪਤ ਸੰਦੇਸ਼ ਦੇਣ ਲਈ ਦੁੱਧ ਦਾ ਕਟੋਰਾ ਭਰ ਕੇ ਬਾਬਾ ਜੀ ਨੂੰ ਪੇਸ਼ ਕੀਤਾ।ਜਿਸ ਦਾ ਅਰਥ ਸੀ ਕਿ ਇਹ ਨਗਰ ਪਹਿਲਾਂ ਹੀ ਸਾਧੂਆਂ ਨਾਲ ਭਰਿਆ ਪਿਆ ਹੈ,ਤੁਸੀਂ ਕਿਧਰੇ ਹੋਰ ਥਾਂ ਡੇਰਾ ਲਾਉ?ਗੁਰੂ ਜੀ ਨੇ ਵੀ ਗੁਪਤ ਸਵਾਲ ਦਾ ਜਵਾਬ ਗੁਪਤ ਤਰੀਕੇ ਨਾਲ ਚਮੇਲੀ ਦੇ ਫੁੱਲ ਦੀਆਂ ਪੱਤੀਆਂ ਦੁੱਧ ਉੱਪਰ ਰੱਖ ਕੇ ਦੁੱਧ ਵਾਪਸ ਭੇਜ ਦਿੱਤਾ ਤਾਂ ਫ਼ਕੀਰ ਨਿਸ਼ਚਿੰਤ ਹੋ ਗਏ। ਜ਼ਿੰਦਗੀ ਦਾ ਆਖ਼ਰੀ ਪੜਾਅ ਵਿੱਚ ਬਾਬਾ ਜੀ ਨੇ ਕਰਤਾਰਪੁਰ ਵਿਖੇ ਆਪਣੇ ਹੱਥੀਂ ਖੇਤੀ ਕਰਕੇ ਲੋਕਾਂ ਨੂੰ ਕਿਰਤ ਕਰਨ,ਨਾਮ ਜਪਣ ਤੇ ਵੰਡ ਛਕਣ ਦਾ ਸੰਦੇਸ਼ ਦਿੱਤਾ।ਆਪਣੇ ਜੀਵਨ ਦੌਰਾਨ ਰਚੀ ਹੋਈ ਸਾਰੀ ਬਾਣੀ ਇਕੱਤਰ ਕੀਤੀ।ਗੁਣਾਂ ਤੇ ਯੋਗਤਾ ਦੇ ਅਧਾਰ ਤੇ ਆਪਣੇ ਪੁੱਤਰਾਂ ਦੀ ਪ੍ਰਵਾਹ ਨਾ ਕਰਦੇ ਹੋਏ,ਆਪਣੇ ਪਰਮ ਸੇਵਕ ਭਾਈ ਲਹਿਣਾ ਜੀ ਨੂੰ ਗੁਰਗੱਦੀ ਸੌਂਪ ਕੇ ਦੂਜੇ ਗੁਰੂ ਨਾਮਜ਼ਦ ਕੀਤਾ।ਇਹ ਰਵਾਇਤ ਬੜੀ ਲੋਕਤੰਤਰਿਕ ਅਤੇ ਪਿਤਾ ਪੁਰਖੀ ਬੰਧਨਾਂ ਤੋਂ ਮੁਕਤ ਸੀ।ਬਾਬੇ ਨਾਨਕ ਨੇ ਆਪਣੇ ਜੀਵਨ ਦੌਰਾਨ ਸਹਿਜ ਤੇ ਸਰਲਤਾ ਨਾਲ ਵਿਚਰ ਕੇ,ਤਰਕ ਅਤੇ ਦਲੀਲ ਨਾਲ ਵਿਚਾਰ ਕਰਕੇ ਵਿਚਾਰਾਂ ਦੀ ਸਾਂਝ ਨੂੰ ਉਤਸ਼ਾਹਿਤ ਕੀਤਾ।ਵਹਿਮਾਂ-ਭਰਮਾਂ ਦਾ ਖੰਡਨ ਕਰਕੇ ਕੁਦਰਤ ਦੀ ਕਾਇਨਾਤ ਨੂੰ ਸਮਝਣ ਅਤੇ ਉਸ ਦੀ ਕਸਵੱਟੀ ਤੇ ਖਰੇ ਉੱਤਰਨ ਨੂੰ ਤਰਜੀਹ ਦਿੱਤੀ।ਊਚ-ਨੀਚ ਤੇ ਜਬਰ-ਜ਼ੁਲਮ ਦਾ ਡਟ ਕੇ ਵਿਰੋਧ ਕਰਨ ਨੂੰ ਉਤਸ਼ਾਹਿਤ ਕੀਤਾ।

ਪਰ ਅਫ਼ਸੋਸ ਨਾਲ ਕਹਿਣਾ ਪੈਂਦਾ ਹੈ ਕਿ ਪੰਜ ਸਦੀਆਂ ਤੋਂ ਵੱਧ ਦਾ ਸਮਾਂ ਬੀਤਣ ਬਾਦ ਵੀ ਬਾਬੇ ਨਾਨਕ ਦੇ ਪੈਰੋਕਾਰਾਂ ਦੀ ਗਿਣਤੀ ਭਾਵੇਂ ਬਹੁਤ ਵੱਧ ਗਈ ਹੈ ਪਰ ਉਹਨਾਂ ਦੀਆਂ ਸਿੱਖਿਆਵਾਂ ਤੇ ਅਮਲ ਕਰਨ ਵਾਲਿਆਂ ਦੀ ਗਿਣਤੀ ਨਿਰੰਤਰ ਘੱਟਦੀ ਜਾ ਰਹੀ ਹੈ।ਲੋਕ ਵਿਖਾਵੇ ਦਾ ਪ੍ਰਚਾਰ ਤਾਂ ਬਹੁਤ ਕਰਦੇ ਹਨ ਪਰ ਅਮਲੀ ਤੌਰ ਤੇ ਖੋਖਲੇ ਹੋਈ ਜਾ ਰਹੇ ਹਨ।ਮਨੁੱਖਤਾ ਤੇ ਇਨਸਾਨੀਅਤ ਨੈਤਿਕ ਕਦਰਾਂ ਕੀਮਤਾਂ ਦੀ ਪਾਲਣਾ ਨਾਲ ਹੀ ਨਾਲ ਹੀ ਸਹੀ ਮੁਕਾਮ ਹਾਸਲ ਕਰ ਸਕਦੀ ਹੈ।ਸਾਡਾ ਭਾਰਤ ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰ ਤਾਂ ਹੈ ਪਰ ਲੋਕਤੰਤਰੀ ਰਵਾਇਤਾਂ ਖ਼ਤਮ ਹੁੰਦੀਆਂ ਜਾ ਰਹੀਆਂ ਹਨ ।ਸਵਾਰਥ, ਲਾਲਚ ਤੇ ਨਫ਼ਰਤ ਦਾ ਬੋਲਬਾਲਾ ਵੱਧਦਾ ਜਾ ਰਿਹਾ ਹੈ ।ਹੋਰ ਤਾਂ ਹੋਰ ਵੋਟ ਚੋਰੀ ਦਾ ਰੌਲਾ ਗੋਲਾ ਲੋਕਤੰਤਰ ਦੀ ਜੜੀਂ ਤੇਲ ਦੇਣ ਵਾਲਾ ਸਾਬਤ ਹੋਵੇਗਾ ।ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੇ ਅਮਲ ਕਰਨ ਲਈ ਨਫ਼ਰਤ,ਹੇਰਾਫੇਰੀ, ਲਾਲਚ ਅਤੇ ਲਾਲਸਾ ਦਾ ਤਿਆਗ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਜੀਵਨ ਬਹੁਤ ਥੋੜ੍ਹੇ ਚਿਰ ਲਈ ਹੈ ਅਤੇ ਕਿਸੇ ਨੇ ਵੀ ਏਥੇ ਸਦਾ ਕਾਇਮ ਨਹੀਂ ਰਹਿਣਾ । ਆਮੀਨ!

Dr.-darshan-singh-aasht-240x300 ਸ਼ੁਭ ਅਮਲਾਂ ਬਾਝੋਂ/ਐਡਵੋਕੇਟ ਦਰਸ਼ਨ ਸਿੰਘ ਰਿਆੜ

ਐਡਵੋਕੇਟ ਦਰਸ਼ਨ ਸਿੰਘ ਰਿਆੜ

ਮੋ: 9316311677

Share this content:

Post Comment