Loading Now

ਸਵ. ਡਾ. ਜਸਵਿੰਦਰ ਸਿੰਘ ਭੱਲਾ ਜੀ/ਬਰਿੰਦਰ ਸਿੰਘ ਪੰਡੋਰੀ

ਸਵ. ਡਾ. ਜਸਵਿੰਦਰ ਸਿੰਘ ਭੱਲਾ ਜੀ/ਬਰਿੰਦਰ ਸਿੰਘ ਪੰਡੋਰੀ

ਮਿਤੀ 22/08/25 ਨੂੰ ਜਦ ਮੈਂ ਆਪਣੇ ਦਫਤਰ ਲਈ ਤਿਆਰ ਹੋ ਰਿਹਾ ਸੀ ਤਾਂ ਮੈਂ ਟੀਵੀ ਤੇ ਖਬਰਾਂ ਵਿੱਚ ਇੱਕ ਬਹੁਤ ਦੁਖਦਾਇਕ ਖਬਰ ਸੁਣੀ ਕਿ ਡਾ. ਜਸਵਿੰਦਰ ਭੱਲਾ ਜੀ ਹੁਣ ਏਸ ਦੁਨੀਆਂ ਵਿੱਚ ਨਹੀਂ ਰਹੇ। ਇਹ ਖਬਰ ਸੁਣਦੇ ਹੀ ਮਨੋ ਮਨੀ ਇਹ ਆਵਾਜ ਨਿਕਲੀ ਕਿ ਹਾਏ ਰੱਬਾ ਇਹ ਕੀ ਭਾਣਾ ਵਰਤ ਗਿਆ। ਮੈ ਆਪਣਾ ਫੋਨ ਚੱਕਿਆ ਤਾਂ ਵਟਸਅੱਪ ਗਰੁੱਪਾਂ ਵਿੱਚ ਵੀ ਇਹ ਖਬਰ ਘੁੰਮ ਰਹੀ ਸੀ। ਸਵੇਰੇ ਸਵੇਰੇ ਹੀ ਮਨ ਬਹੁਤ ਉਦਾਸ ਹੋ ਗਿਆ। ਜਦ ਮੈਂ ਆਪਣੇ ਦਫਤਰ ਪਹੁੰਚਿਆਂ ਤਾਂ ਸਾਰਿਆਂ ਦੇ ਚਿਹਰਿਆਂ ਤੇ ਉਦਾਸੀ ਸੀ ਤੇ ਇੱਕ ਸਵਾਲ ਵੀ ਸੀ ਕਿ ਇਹ ਸਭ ਕਿਵੇਂ ਹੋ ਗਿਆ ਕਿਉਕਿ ਬਹੁਤਿਆਂ ਨੂੰ ਨਹੀ ਸੀ ਪਤਾ ਕਿ ਡਾ.ਜਸਵਿੰਦਰ ਭੱਲਾ ਜੀ ਇਹਨੇ ਜਿਆਦਾ ਬਿਮਾਰ ਸਨ। ਯੂਨੀਵਰਸਿਟੀ ਦੇ ਹਰ ਇੱਕ ਮੁਲਾਜਮ ਤੇ ਹਰ ਵਿਦਿਆਰਥੀ ਦੀਆਂ ਅੱਖਾਂ ਨਮ ਹੋ ਗਈਆਂ ਸਨ। ਲਗਭਗ ਸਵੇਰੇ 11 ਤੋਂ 12 ਕੁ ਵਜੇ ਤੱਕ ਇਹ ਖਬਰ ਸਾਰਿਆਂ ਤੱਕ ਪਹੁੰਚ ਗਈ ਤੇ ਉਹਨਾ ਨੂੰ ਚਾਹੁਣ ਵਾਲਿਆਂ ਦੇ ਮਨਾਂ ਵਿੱਚ ਸੋਗ ਦੀ ਲਹਿਰ ਪਸਰ ਗਈ। ਪੀ.ਏ.ਯੂ ਦੇ ਪਰਿਵਾਰ ਨੂੰ ਏਸ ਗੱਲ ਦਾ ਬਹੁਤ ਜਿਆਦਾ ਦੁੱਖ ਹੋਇਆ ਕਿਉਂਕਿ ਡਾ. ਜਸਵਿੰਦਰ ਭੱਲਾ ਜੀ ਨੇ ਆਪਣੀ ਜਿੰਦਗੀ ਦੇ ਕਈ ਸਾਲ ਏਥੇ ਪ੍ਰੋਫੈਸਰ ਵਜੋਂ ਆਪਣੀ ਨੌਕਰੀ ਕੀਤੀ।

ਆਪਣੇ ਵਿਦਿਆਰਥੀਆਂ ਨੂੰ ਪੜ੍ਹਾਉਦੇ ਸਮੇਂ ਡਾ. ਜਸਵਿੰਦਰ ਭੱਲਾ ਜੀ ਉਹਨਾਂ ਨਾਲ ਵੀ ਹਾਸੇ ਮਜਾਕੇ ਵਾਲੇ ਮਹੌਲ ਵਿੱਚ ਹੀ ਰਹਿੰਦੇ ਸੀ। ਜਦ ਉਹ ਯੂਨੀਵਰਸਿਟੀ ਵਿੱਚ ਕਿਤੇ ਵੀ ਨਜਰ ਆਉਦੇ ਸੀ ਤਾਂ ਉਹਨਾ ਦੇ ਚਿਹਰੇ ਤੇ ਹਮੇਸ਼ਾ ਮੁਸਕਾਨ ਰਹਿੰਦੀ ਸੀ। ਯੂਨੀਵਰਸਿਟੀ ਦਾ ਕੋਈ ਵੀ ਮੁਲਾਜਮ, ਵਿਦਿਆਰਥੀ ਜਾਂ ਕੋਈ ਹੋਰ ਵੀ ਉਹਨਾਂ ਨੂੰ ਤਸਵੀਰ ਖਿਚਵਾਉਣ ਲਈ ਕਹਿੰਦਾ ਸੀ ਤਾਂ ਉਹ ਕਦੇ ਮਨਾ ਨਹੀ ਸੀ ਕਰਦੇ ਤੇ ਹਮੇਸ਼ਾ ਹੱਸ ਕੇ ਤਸਵੀਰ ਕਰਵਾ ਲੈਂਦੇ ਸੀ ਤੇ ਅੱਜ ਉਹਨਾ ਨਾਲ ਖਿਚਵਾਈਆਂ ਤਸਵੀਰਾਂ ਨੂੰ ਸਾਰੇ ਆਪਣੇ ਵੱਟਸਅੱਪ ਸਟੇਟਸ ਤੇ ਫੇਸਬੁੱਕ ਸਟੋਰੀਆਂ ਲਾ ਕੇ ਉਹਨਾ ਨੂੰ ਯਾਦ ਕਰ ਰਹੇ ਹਨ। ਉਹਨਾ ਨੇ ਆਪਣਾ ਕੈਰੀਅਰ ਛਣਕਾਟਿਆਂ ਤੋਂ ਸ਼ੁਰੂ ਕੀਤਾ ਤੇ ਬਾਦ ਵਿੱਚ ਵੱਡੀਆਂ ਵੱਡੀਆਂ ਫਿਲਮਾਂ ਵਿੱਚ ਕੰਮ ਕਰਕੇ ਆਪਣੇ ਆਪ ਨੂੰ ਇੱਕ ਵਧੀਆ ਕਾਮੇਡੀ ਕਲਾਕਾਰ ਵਜੋਂ ਸਾਬਿਤ ਕੀਤਾ। ਡਾ. ਭੱਲਾ ਜੀ ਨੇ ਕਮੇਡੀ ਦੇ ਰੁਤਬੇ ਨੂੰ ਸ਼ਿਖਰਾਂ ਤੇ ਪਹੁੰਚਾਇਆ। ਉਹਨਾ ਤੋਂ ਬਿਨਾਂ ਹਰ ਕਮੇਡੀ ਫਿਲਮ ਅਧੂਰੀ ਜਾਪਦੀ ਸੀ।

ਉਹਨਾ ਨੇ ਪੂਰੀ ਦੁਨੀਆ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਨਾਮ ਵੀ ਰੌਸ਼ਨ ਕੀਤਾ। ਪੀ.ਏ.ਯੂ ਦੇ ਯੁਵਕ ਮੇਲੇ ਤੇ ਜਦੋਂ ਡਾ. ਜਸਵਿੰਦਰ ਭੱਲਾ ਜੀ ਸਟੇਜ ਤੇ ਹੁੰਦੇ ਸੀ ਤਾਂ ਉਦੋਂ ਤੱਕ ਹਾਸੇ ਠਾਠੇ ਵਾਲਾ ਮਹੌਲ ਬਣਿਆ ਰਹਿੰਦਾ ਸੀ। ਉਹ ਸਟੇਜ ਤੋਂ ਕੁਝ ਅਜਿਹੇ ਟੋਟਕੇ ਜਿਹੇ ਛੱਡਦੇ ਰਹਿੰਦੇ ਸੀ ਕਿ ਸਾਹਮਣੇ ਵਾਲੇ ਬੈਠੇ ਦਰਸ਼ਕ ਬੱਸ ਹੱਸਦੇ ਹੀ ਰਹਿੰਦੇ ਸੀ। ਵੱਡੇ ਵੱਡੇ ਕਲਾਕਾਰ ਵੀ ਉਹਨਾ ਦੇ ਇੱਕ ਵਾਰ ਕਹਿਣ ਤੇ ਯੁਵਕ ਮੇਲੇ ਵਿੱਚ ਹਾਜਰੀ ਭਰਦੇ ਸਨ। ਅੱਜ ਤੋਂ 15-20 ਦਿਨ ਪਹਿਲਾਂ ਹੀ ਮੇਰੇ ਇੱਕ ਮਿੱਤਰ ਰਾਣਾ ਦਾਖਾ( ਦਾਖਾ ਡਰਾਈਕਲੀਨਰ ਮੁੱਲਾਂਪੁਰ), ਨਾਲ ਮੇਰੀ ਗੱਲ ਹੋਈ। ਰਾਣਾ ਦਾਖਾ ਡਾ. ਜਸਵਿੰਦਰ ਭੱਲਾ ਜੀ ਦੇ ਬਹੁਤ ਕਰੀਬੀ ਦੋਸਤ ਸਨ। ਉਹਨਾ ਨੇ ਮੈਨੂੰ ਦੱਸਿਆ ਕਿ ਭੱਲਾ ਸਾਹਿਬ ਹੁਣ ਹੌਲੀ ਹੌਲੀ ਠੀਕ ਹੋ ਰਹੇ ਨੇ।

ਉਹ ਹੁਣ ਰੋਟੀ-ਪਾਣੀ ਵੀ ਵਧੀਆ ਖਾਣ ਲੱਗ ਗਏ ਹਨ ਤੇ ਉਮੀਦ ਹੈ ਕਿ ਬਹੁਤ ਜਲਦੀ ਉਹ ਫਿਲਮਾਂ ਵਿੱਚ ਵੀ ਆ ਸਕਦੇ ਨੇ। ਇਹ ਸੁਣ ਕਿ ਮੈਨੂੰ ਵੀ ਮਨੋ ਮਨੀ ਖੁਸ਼ੀ ਜੇਹੀ ਮਹਿਸੂਸ ਹੋਈ ਕਿਉਕਿ ਡਾ. ਜਸਵਿੰਦਰ ਭੱਲਾ ਜੀ ਨੂੰ ਚਾਹੁਣ ਵਾਲਿਆਂ ਵਿੱਚੋਂ ਮੈਂ ਵੀ ਇੱਕ ਸੀ। ਮੇਰੇ ਸਵ. ਪਿਤਾ ਜੀ ਨੇ ਵੀ ਉਹਨਾ ਦੇ ਛਣਕਾਟਿਆਂ ਵਿੱਚ ਉਹਨਾ ਦੇ ਨਾਲ ਕੰਮ ਕੀਤਾ ਸੀ। ਮੈਨੂੰ ਵੀ ਕਈ ਵਾਰ ਉਹਨਾ ਨਾਲ ਬੈਠ ਕੇ ਗੱਲਬਾਤ ਕਰਨ ਦਾ ਮੌਕਾ ਮਿਲਿਆ। ਜਿੰਨਾ ਕੁ ਮੈਂ ਉਹਨਾ ਨੂੰ ਜਾਣਿਆਂ, ਉਹ ਬਹੁਤ ਨੇਕ ਦਿਲ ਇਨਸਾਨ ਸਨ। ਜਿਵੇਂ ਉਹ ਦੂਜਿਆਂ ਨੂੰ ਹਸਾਉਦੇ ਸੀ, ਉਸ ਤਰਾਂ ਆਪ ਵੀ ਹਮੇਸ਼ਾ ਹੱਸਦੇ ਹੀ ਰਹਿੰਦੇ ਸੀ। ਪਰ ਅੱਜ ਉਹ ਸਾਰਿਆਂ ਨੂੰ ਰੁਵਾ ਕੇ ਚਲੇ ਗਏ। ਅੱਜ ਜਦੋਂ ਵੀ ਉਹਨਾ ਨੂੰ ਯਾਦ ਕਰਦੇ ਹਾਂ ਤਾਂ ਅੱਖਾਂ ਵਿੱਚ ਹੰਝੂ ਨਹੀਂ ਰੁਕਦੇ।

Share this content:

Post Comment