ਸਰਬ ਨੌਜਵਾਨ ਸਭਾ ਨੇ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੂੰ ਦਿੱਤਾ ‘ਧੀਆਂ ਦੇ ਸਮੂਹਿਕ ਵਿਆਹ’ ਦਾ ਸੱਦਾ ਪੱਤਰ
* ਸਲਾਨਾ ਵਿਆਹ ਸਮਾਗਮ ਦੀਆਂ ਤਿਆਰੀਆਂ ਜਾਰੀ – ਅਵਤਾਰ ਮੰਡ
ਫਗਵਾੜਾ, 25 ਜੂਨ (ਏ.ਡੀ.ਪੀ ਨਿਊਜ਼) – ਸਰਬ ਨੌਜਵਾਨ ਸਭਾ ਰਜਿ. ਫਗਵਾੜਾ ਅਤੇ ਸਰਬ ਨੌਜਵਾਨ ਵੈਲਫੇਅਰ ਸੁਸਾਇਟੀ ਰਜਿ. ਫਗਵਾੜਾ ਦਾ ਇਕ ਵਫਦ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੂੰ ਮਿਲਿਆ। ਇਸ ਦੌਰਾਨ ਸਭਾ ਅਤੇ ਸੁਸਾਇਟੀ ਦੇ ਅਹੁਦੇਦਾਰਾਂ ਵੱਲੋਂ ਧੀਆਂ ਦੇ ਕਰਵਾਏ ਜਾਣ ਵਾਲੇ ਸਲਾਨਾ ਸਮੂਹਿਕ ਵਿਆਹ ਸਮਾਗਮ ਸਬੰਧੀ ਸੱਦਾ ਪੱਤਰ ਸਾਬਕਾ ਕੇਂਦਰੀ ਮੰਤਰੀ ਨੂੰ ਦਿੱਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਸਭਾ ਦੇ ਸਲਾਹਕਾਰ ਬੋਰਡ ਦੇ ਮੈਂਬਰ ਅਵਤਾਰ ਸਿੰਘ ਮੰਡ ਨੇ ਦੱਸਿਆ ਕਿ ਸੋਮ ਪ੍ਰਕਾਸ਼ ਉਹਨਾਂ ਦੀ ਸੰਸਥਾ ਦੇ ਸਰਪ੍ਰਸਤ ਵੀ ਹਨ। ਜਿਹਨਾਂ ਦੇ ਅਸ਼ੀਰਵਾਦ ਨਾਲ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦਾ ਸਮੂਹਿਕ ਵਿਆਹ ਸਮਾਗਮ ਇਸ ਸਾਲ 11 ਅਕਤੂਬਰ ਦਿਨ ਸ਼ਨੀਵਾਰ ਨੂੰ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਫਗਵਾੜਾ ਵਿਖੇ ਕਰਵਾਇਆ ਜਾ ਰਿਹਾ ਹੈ। ਜਿਸ ਦੀਆਂ ਤਿਆਰੀਆਂ ਪੂਰੇ ਜੋਰ ਸ਼ੋਰ ਦੇ ਨਾਲ ਜਾਰੀ ਹਨ। ਸਾਬਕਾ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਪਿਛਲੇ 35 ਸਾਲਾਂ ਤੋਂ ਜ਼ਰੂਰਤਮੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਕਰਵਾਉਣੇ ਇਕ ਉੱਤਮ ਤੇ ਸ਼ਲਾਘਾਯੋਗ ਕਦਮ ਹੈ।
ਸਭਾ ਤੇ ਸੁਸਾਇਟੀ ਦੇ ਵਫਦ ਨੇ ਸਾਬਕਾ ਕੇਂਦਰੀ ਮੰਤਰੀ ਨਾਲ ਵਿਆਹ ਸਮਾਗਮ ਦੀਆਂ ਤਿਆਰੀਆਂ ਬਾਰੇ ਵਿਚਾਰ ਵਟਾਂਦਰਾ ਵੀ ਕੀਤਾ। ਜਿਸ ਵਿੱਚ ਵਿਆਹਾਂ ਲਈ ਆਰਥਿਕ, ਸਮਾਜਿਕ ਅਤੇ ਪ੍ਰਸ਼ਾਸਕੀ ਸਹਿਯੋਗ ਲੈਣ ਬਾਰੇ ਗੰਭੀਰ ਵਿਚਾਰ ਚਰਚਾ ਹੋਈ। ਇਸ ਤੋਂ ਇਲਾਵਾ ਸਭਾ ਦੇ ਮੈਂਬਰਾਂ ਨੇ ਸਾਬਕਾ ਮੰਤਰੀ ਨੂੰ ਸਭਾ ਵੱਲੋਂ ਕਰਵਾਏ ਜਾ ਰਹੇ ਸਮਾਜ ਸੇਵੀ ਕਾਰਜਾਂ ਦੀ ਜਾਣਕਾਰੀ ਦਿੱਤੀ ਅਤੇ ਨਾਲ ਹੀ ਲੋੜਵੰਦ ਪਰਿਵਾਰਾਂ ਨੂੰ ਵੀ ਪੁਰਜੋਰ ਅਪੀਲ ਕੀਤੀ ਗਈ ਕਿ ਜਲਦੀ ਤੋਂ ਜਲਦੀ ਆਪਣੀਆਂ ਧੀਆਂ ਦੇ ਵਿਆਹ ਕਰਵਾਉਣ ਸਬੰਧੀ ਸਭਾ ਦੇ ਅਹੁਦੇਦਾਰਾਂ ਨਾਲ ਸੰਪਰਕ ਕਰਕੇ ਆਪਣਾ ਪੰਜੀਕਰਣ ਕਰਵਾਇਆ ਜਾਵੇ। ਸੋਮ ਪ੍ਰਕਾਸ਼ ਨੇ ਵਫਦ ਨੂੰ ਹਮੇਸ਼ਾ ਦੀ ਤਰ੍ਹਾਂ ਹਰ ਸੰਭਵ ਸਹਿਯੋਗ ਦਾ ਭਰੋਸਾ ਵੀ ਦਿੱਤਾ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਕਿਹਾ ਕਿ ਸਮੂਹਿਕ ਵਿਆਹ ਸਮਾਗਮ ਕਰਵਾਉਣ ਦਾ ਮਕਸਦ ਕੇਵਲ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਕਰਵਾਉਣਾ ਹੀ ਨਹੀਂ, ਸਗੋਂ ਜ਼ਰੂਰਤਮੰਦ ਪਰਿਵਾਰਾਂ ਨੂੰ ਆਤਮ ਸਨਮਾਨ ਦੇਣਾ ਵੀ ਹੈ।
ਨਾਲ ਹੀ ਸਮਾਜ ਨੂੰ ਇਹ ਸੰਦੇਸ਼ ਦੇਣਾ ਵੀ ਹੈ ਕਿ ਮਿਲ ਕੇ ਚੱਲਣ ਨਾਲ ਹਰ ਮੁਸ਼ਕਲ ਅਸਾਨ ਹੋ ਜਾਂਦੀ ਹੈ। ਇਸ ਮੀਟਿੰਗ ਰਾਹੀਂ ਸਭਾ ਨੇ ਸਰਕਾਰੀ ਪੱਧਰ ’ਤੇ ਹੋਰ ਸਹੂਲਤਾਂ ਜਿਵੇਂ ਵਿਆਹ ਯੋਜਨਾ ਦੇ ਅਧੀਨ ਰਾਸ਼ੀ ਜਾਂ ਆਵਾਸ ਸਹਾਇਤਾ ਲੈਣ ਦੀ ਯੋਜਨਾ ਵੀ ਬਣਾਈ ਹੈ। ਇਸ ਮੌਕੇ ਸਭਾ ਦੇ ਉਪ ਪ੍ਰਧਾਨ ਸਵਰਨ ਸਿੰਘ ਸਵਰਨ ਸਵੀਟ ਸ਼ਾਪ, ਉਪ ਪ੍ਰਧਾਨ ਰਾਜ ਕੁਮਾਰ ਕਨੌਜੀਆ, ਜਨਰਲ ਸਕੱਤਰ ਡਾ. ਵਿਜੇ ਕੁਮਾਰ, ਉਪ ਪ੍ਰਧਾਨ ਰਵਿੰਦਰ ਸਿੰਘ ਰਾਏ, ਪਰਮਜੀਤ ਰਾਏ, ਰਾਕੇਸ਼ ਕੋਛੜ, ਸ਼ੁਭਮ ਸ਼ਰਮਾ, ਜਗਜੀਤ ਸੇਠ, ਗੁਲਸ਼ਨ ਕਪੂਰ, ਜਸਵੀਰ ਸਿੰਘ ਰਾਣੀਪੁਰ, ਭਾਜਪਾ ਆਗੂ ਰਾਜੀਵ ਪਾਹਵਾ, ਮੈਡਮ ਤਨੁ, ਮੈਡਮ ਸਪਨਾ ਸ਼ਾਰਦਾ, ਮੈਡਮ ਗੁਰਜੀਤ ਕੌਰ, ਮੈਡਮ ਲਕਸ਼ਮੀ, ਮੈਡਮ ਆਸ਼ੂ ਬੱਗਾ, ਕਸ਼ਿਸ਼, ਦਿਲਜੋਤ, ਪ੍ਰਿਆ ਆਦਿ ਹਾਜ਼ਰ ਸਨ।
Share this content:



Post Comment