Loading Now

ਸਰਕਾਰੀ ਨੀਤੀਆਂ ਖ਼ਿਲਾਫ਼ ਅੱਜ ਕਈ ਮੈਡੀਕਲ ਸਟੋਰਾਂ ਦੇ ਸ਼ਟਰ ਡਾਊਨ

ਸਰਕਾਰੀ ਨੀਤੀਆਂ ਖ਼ਿਲਾਫ਼ ਅੱਜ ਕਈ ਮੈਡੀਕਲ ਸਟੋਰਾਂ ਦੇ ਸ਼ਟਰ ਡਾਊਨ

ਲੁਧਿਆਣਾ, 20 ਮਈ – ਪੰਜਾਬ ਅਤੇ ਭਾਰਤ ਸਰਕਾਰ ਵੱਲੋਂ ਆਪਣੀਆਂ ਮੰਗਾਂ ਮਨਵਾਉਣ ਲਈ ਦਵਾਈ ਵਿਕ੍ਰੇਤਾਵਾਂ ਨੇ ਰੋਸ ਵਜੋਂ ਦੇਸ਼ ਪੱਧਰੀ ਹੜਤਾਲ ਦੇ ਚਲਦੇ ਜਿੱਥੇ ਲੁਧਿਆਣਾ ਦੀਆਂ ਜਿਆਦਾਤਰ ਦਵਾਈਆਂ ਦੇ ਦੁਕਾਨਾਂ ਬੰਦ ਰਹੀਆਂ ਉੱਥੇ ਹੀ ਪੰਜਾਬ ਦੀ ਦਵਾਈਆਂ ਦੀ ਹੋਲਸੇਲ ਮੰਡੀ ਵਜੋਂ ਮਸ਼ਹੂਰ ਪਿੰਡੀ ਗਲੀ ਅੱਜ ਬੁੱਧਵਾਰ ਨੂੰ ਪੂਰੀ ਤਰ੍ਹਾਂ ਬੰਦ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਹੜਤਾਲ ਦਾ ਅਸਰ ਲੁਧਿਆਣਾ ਤੋਂ ਜਲੰਧਰ, ਅੰਮ੍ਰਿਤਸਰ, ਪਟਿਆਲਾ ਅਤੇ ਹੋਰ ਵੱਡੇ ਸ਼ਹਿਰਾਂ ਵਿੱਚ ਵੀ ਵੇਖਣ ਨੂੰ ਮਿਲਿਆ, ਜਿੱਥੇ ਦਵਾਈਆਂ ਦੀ ਸਪਲਾਈ ਪ੍ਰਭਾਵਿਤ ਰਹੀ। ਅੱਜ ਲੁਧਿਆਣਾ ਦੀ ਹੋਲਸੇਲ ਮਾਰਕੀਟ ਪਿੰਡੀ ਗਲੀ ਵਿੱਚ ਸਵੇਰੇ ਤੋਂ ਹੀ ਦੁਕਾਨਾਂ ਬੰਦ ਹੋਣ ਕਾਰਨ ਸੁੰਨ-ਸਾਨ ਰਹੀ।

ਦਵਾਈ ਵਿਕ੍ਰੇਤਾ ਐਸੋਸੀਏਸ਼ਨ ਦੇ ਆਗੂਆਂ ਨੇ ਦੱਸਿਆ ਕਿ ਸਰਕਾਰ ਦੀਆਂ ਕੁਝ ਨੀਤੀਆਂ ਅਤੇ ਵਿਭਾਗੀ ਕਾਰਵਾਈਆਂ ਕਾਰਨ ਦਵਾਈ ਕਾਰੋਬਾਰ ਨਾਲ ਜੁੜੇ ਲੋਕਾਂ ਵਿੱਚ ਨਾਰਾਜ਼ਗੀ ਵਧ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬਿਨਾਂ ਵਾਜਬ ਕਾਰਨਾਂ ਦੇ ਕੀਤੀਆਂ ਜਾ ਰਹੀਆਂ ਚੈਕਿੰਗਾਂ, ਲਾਇਸੈਂਸ ਸੰਬੰਧੀ ਪੇਚੀਦਗੀਆਂ ਅਤੇ ਵਧ ਰਹੇ ਆਨਲਾਈਨ ਦਵਾਈ ਕਾਰੋਬਾਰ ਕਾਰਨ ਰਿਟੇਲ ਅਤੇ ਹੋਲਸੇਲ ਵਪਾਰੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਹੜਤਾਲ ਦੇ ਮੱਦੇਨਜ਼ਰ ਐਸੋਸੀਏਸ਼ਨ ਦੇ ਕਈ ਅਹੁਦੇਦਾਰ ਚੰਡੀਗੜ੍ਹ ਲਈ ਰਵਾਨਾ ਹੋਏ, ਜਿੱਥੇ ਉਹ ਸਰਕਾਰੀ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਆਪਣੀਆਂ ਮੰਗਾਂ ਰੱਖਣਗੇ। ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਜਲਦ ਕੋਈ ਸਕਾਰਾਤਮਕ ਫੈਸਲਾ ਨਾ ਲਿਆ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।

ਉਧਰ, ਹੋਲਸੇਲ ਮੰਡੀ ਬੰਦ ਰਹਿਣ ਕਾਰਨ ਕਈ ਰਿਟੇਲ ਦਵਾਈ ਦੁਕਾਨਾਂ ਨੂੰ ਵੀ ਦਵਾਈਆਂ ਦੀ ਸਪਲਾਈ ਵਿੱਚ ਦਿੱਕਤ ਆਈ। ਖ਼ਾਸ ਕਰਕੇ ਜੀਵਨ ਰੱਖਿਆ ਦਵਾਈਆਂ ਅਤੇ ਰੋਜ਼ਾਨਾ ਵਰਤੋਂ ਵਾਲੀਆਂ ਦਵਾਈਆਂ ਦੀ ਸਪਲਾਈ ਪ੍ਰਭਾਵਿਤ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਹਾਲਾਂਕਿ ਕੈਮਿਸਟ ਆਗੂਆਂ ਨੇ ਕਿਹਾ ਕਿ ਐਮਰਜੈਂਸੀ ਸਥਿਤੀ ਵਿੱਚ ਮਰੀਜ਼ਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ, ਇਸ ਲਈ ਜ਼ਰੂਰੀ ਸੇਵਾਵਾਂ ਨੂੰ ਧਿਆਨ ਵਿੱਚ ਰੱਖਿਆ ਜਾ ਰਿਹਾ ਹੈ। ਵਪਾਰੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਦਵਾਈ ਕਾਰੋਬਾਰ ਨਾਲ ਜੁੜੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਕੀਤਾ ਜਾਵੇ ਤਾਂ ਜੋ ਮਰੀਜ਼ਾਂ ਅਤੇ ਵਪਾਰੀਆਂ ਦੋਵਾਂ ਨੂੰ ਰਾਹਤ ਮਿਲ ਸਕੇ।

Share this content:

Post Comment