ਸਪੀਕਰ ਸੰਧਵਾਂ ਵੱਲੋਂ ਹੜ ਪੀੜਤਾਂ ਲਈ ਨਿੱਤ ਵਰਤੋਂ ਵਾਲਾ ਸਮਾਨ ਅਤੇ ਪਸ਼ੂਆਂ ਦਾ ਚਾਰਾ ਪਹੁੰਚਾਉਣ ਦੀ ਅਪੀਲ
*ਆਪਣੀ ਇਕ ਮਹੀਨੇ ਦੀ ਤਨਖਾਹ ਅਤੇ 10 ਲੱਖ ਰੁਪਏ ਡੀਜ਼ਲ ਸੇਵਾ ਲਈ ਦੇਣ ਦਾ ਐਲਾਨ
ਕੋਟਕਪੂਰਾ, 29 ਅਗਸਤ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਮਨੁੱਖਤਾ ਦੀ ਭਲਾਈ ਲਈ ਯਤਨਸ਼ੀਲ ਰਹਿਣ ਵਾਲੀਆਂ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਅਤੇ ਗੁੱਡ ਮੌਰਨਿੰਗ ਵੈਲਫੇਅਰ ਕਲੱਬ ਵਰਗੀਆਂ ਅਨੇਕਾਂ ਸੰਸਥਾਵਾਂ/ਜੱਥੇਬੰਦੀਆਂ ਨਾਲ ਜੁੜੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਜੋ ਇਸ ਵੇਲੇ ਵਿਦੇਸ਼ ਵਿਚ ਹਨ, ਨੇ ਆਪਣੀ ਇਕ ਮਹੀਨੇ ਦੀ ਤਨਖਾਹ ਅਤੇ 10 ਲੱਖ ਰੁਪੈ ਡੀਜਲ ਸੇਵਾ ਹੜ੍ਹ ਪੀੜਤਾਂ ਦੀ ਮੱਦਦ ਵਾਲੇ ਸੇਵਾ ਕਾਰਜਾਂ ਲਈ ਦੇਣ ਦਾ ਐਲਾਨ ਕੀਤਾ ਹੈ। ਸੰਧਵਾਂ ਨੇ ਆਖਿਆ ਕਿ ਦੁੱਖ ਦੀ ਘੜੀ ਵਿੱਚ ਕਿਸੇ ਦੀ ਬਾਂਹ ਫੜਨ ਦੀ ਪ੍ਰੇਰਨਾ ਸਾਡੇ ਗੁਰੂਆਂ ਤੋਂ ਮਿਲਦੀ ਰਹੀ ਹੈ, ਇਸੇ ਪ੍ਰੇਰਨਾ ਸਹਿਤ ਪੰਜਾਬ ਦੇ ਕਾਫੀ ਹਿੱਸਿਆਂ ਵਿੱਚ ਹੜ੍ਹ ਆਉਣ ਕਰਕੇ ਉੱਥੋਂ ਦੀ ਵਸੋਂ, ਇਨਸਾਨੀ ਜੀਵ, ਜਾਨਵਰ, ਫਸਲਾਂ ਸਮੇਤ ਹਰ ਤਰ੍ਹਾਂ ਦੀ ਬਨਸਪਤੀ ਪ੍ਰਭਾਵਿਤ ਹੋਈ ਹੈ। ਸਪੀਕਰ ਸੰਧਵਾਂ ਨੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਤਿਲਫੁਲ ਯੋਗਦਾਨ ਪਾਉਣ ਵਾਸਤੇ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਸਾਰੇ ਹੀ ਸੁਹਿਰਦ ਸੱਜਣਾ ਨੂੰ ਅਪੀਲ ਕੀਤੀ ਹੈ। ਉਹਨਾਂ ਵਿਦੇਸ਼ ਵਿਚ ਕੈੰਸਰ ਰੋਕੋ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਅਤੇ ਹੋਰ ਉਘੇ ਵਿਅਕਤੀਆਂ ਨਾਲ ਮੀਟਿੰਗ ਵੀ ਕੀਤੀ ।
ਸੰਧਵਾਂ ਨੇ ਕਿਹਾ ਹੈ 2 ਸਤੰਬਰ ਤੋਂ ਪਹਿਲਾਂ ਪਹਿਲਾਂ ਰਾਸ਼ਨ, ਦਵਾਈਆਂ, ਪਾਣੀ, ਪਸ਼ੂਆਂ ਲਈ ਅਚਾਰ, ਫੀਡ, ਆਟਾ ਥੈਲੀਆਂ, ਦਾਲਾਂ ਸਮੇਤ ਜਿਸ ਤਰ੍ਹਾਂ ਦਾ ਵੀ ਕੋਈ ਯੋਗਦਾਨ ਪਾ ਸਕਦਾ ਹੈ, ਜਰੂਰ ਪਾਵੇ। ਉਹਨਾ ਦੱਸਿਆ ਕਿ ਸੇਵਾ ਕਾਰਜਾਂ ਲਈ ਯੋਗਦਾਨ ਪਾਉਣ ਅਤੇ ਵਲੰਟੀਅਰ ਤੌਰ ’ਤੇ ਸੇਵਾ ਲਈ ਜਾਣ ਵਾਸਤੇ ਸ੍ਰ. ਗੁਰਮੀਤ ਸਿੰਘ ਆਰੇਵਾਲਾ ਚੇਅਰਮੈਨ ਮਾਰਕਿਟ ਕਮੇਟੀ ਕੋਟਕਪੂਰਾ (98142-26862) ਅਤੇ ਸ੍ਰ ਮੇਹਰ ਸਿੰਘ ਚੰਨੀ (95011-00225) ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈ। ਚੇਅਰਮੈਨ ਗੁਰਮੀਤ ਸਿੰਘ ਅਤੇ ਮੇਹਰ ਸਿੰਘ ਚੰਨੀ ਨੇ ਦੱਸਿਆ ਕਿ ਸਪੀਕਰ ਸੰਧਵਾਂ ਵੱਲੋਂ ਪਹਿਲਾਂ ਕੀਤੇ ਐਲਾਨ ਅਨੁਸਾਰ ਦਰਿਆ ਦੇ ਨਾਲ ਲੱਗਦੇ ਬੰਨ੍ਹਾਂ ਨੂੰ ਮਜਬੂਤ ਕਰਨ ਲਈ ਡੀਜ਼ਲ ਸੇਵਾ ਵਾਸਤੇ 10 ਲੱਖ ਰੁਪਏ ਦੀ ਰਕਮ ਭੇਜੀ ਜਾ ਚੁੱਕੀ ਹੈ ਤੇ ਉਹ ਫਿਰ ਵੀ ਹੜ੍ਹ ਪੀੜਤ ਪਰਿਵਾਰਾਂ ਨਾਲ ਹਮਦਰਦੀ ਰੱਖਦੇ ਹੋਏ ਬਕਾਇਦਾ ਟੀਮਾ ਦਾ ਗਠਨ ਕਰ ਰਹੇ ਹਨ, ਜੋ ਨਿੱਤ ਵਰਤੋਂ ਵਾਲਾ ਸਮਾਨ ਅਤੇ ਪਸ਼ੂਆਂ ਦਾ ਚਾਰਾ ਹੜ੍ਹ ਪੀੜਤਾਂ ਨੂੰ ਮੁਹੱਈਆ ਕਰਵਾਉਣ ਲਈ ਯਤਨਸ਼ੀਲ ਰਹਿਣਗੇ। ਪ੍ਰੈਸ ਨੂੰ ਇਹ ਜਾਣਕਾਰੀ ਸਪੀਕਰ ਸਾਹਿਬ ਦੇ ਨਿੱਜੀ ਪੀ ਆਰ ਓ ਮਨਪ੍ਰੀਤ ਸਿੰਘ ਨੇ ਜਾਰੀ ਕੀਤੀ।
Share this content:



Post Comment