Loading Now

ਸਤਾ ਤੇ ਕਾਬਜ਼ ਰਹਿਣ ਦੀ ਲਾਲਸਾ/ਦਰਸ਼ਨ ਸਿੰਘ ਰਿਆੜ

ਸਤਾ ਤੇ ਕਾਬਜ਼ ਰਹਿਣ ਦੀ ਲਾਲਸਾ/ਦਰਸ਼ਨ ਸਿੰਘ ਰਿਆੜ

ਸਤਾ ਤੇ ਕਾਬਜ਼ ਰਹਿਣ ਦੀ ਲਾਲਸਾ! ਮਨੁੱਖ ਸੁਭਾਅ ਤੋਂ ਹੀ ਲਾਲਚੀ ਕਿਸਮ ਦਾ ਪ੍ਰਾਣੀ ਹੈ।ਜੰਮਦੇ ਸਾਰ ਹੀ ਜਿੰਦਾ ਰਹਿਣ ਦੀ ਲਾਲਸਾ ਵਿੱਚ ਕੁਝ ਨਾ ਕੁਝ ਖਾਣ ਦਾ ਲਾਲਚ ਜਿਹੜਾ ਮਾਂ ਦੇ ਦੁੱਧ ਤੋਂ ਸ਼ੁਰੂ ਹੁੰਦਾ ਹੈ ਤੇ ਫਿਰ ਉਮਰ ਭਰ ਨਾਲ ਹੀ ਰਹਿੰਦਾ ਹੈ।ਹਾਲਾਂ ਕਿ ਇਸ ਨੂੰ ਲਾਲਚ ਨਹੀਂ ਕਿਹਾ ਜਾ ਸਕਦਾ ਕਿਉਂਕਿ ਇਹ ਤਾਂ ਬੱਚੇ ਦੀ ਜ਼ਰੂਰਤ ਹੁੰਦੀ ਹੈ।ਵੱਡਾ ਹੁੰਦੇ ਸਾਰ ਹੀ ਅਧਿਆਤਮਕ ਪੱਖ ਤੋਂ ਸਿੱਖਿਆ ਦੇਣ ਵਾਲੇ ਤੇ ਸੰਤ ਮਹਾਤਮਾ ਮਨੁੱਖੀ ਸਰੀਰ ਨੂੰ ਚਿੰਬੜੇ ਪੰਜ ਵਿਕਾਰਾਂ ਤੋਂ ਜਾਣੂ ਕਰਵਾਉਣ ਲੱਗ ਜਾਂਦੇ ਹਨ। ਕਾਮ,ਕ੍ਰੋਧ,ਲੋਭ, ਮੋਹ ਤੇ ਹੰਕਾਰ।ਇਹਨਾਂ ਪੰਜਾਂ ਤੋਂ ਬਚਣ ਦੀ ਦੁਹਾਈ ਉਮਰ ਭਰ ਚੱਲਦੀ ਰਹਿੰਦੀ ਹੈ ਪਰ ਕਿਸੇ ਨਾ ਕਿਸੇ ਹੱਦ ਤਕ ਇਹ ਸਭ ਨੂੰ ਘੇਰੀ ਰੱਖਦੇ ਹਨ।ਸਨਿਆਸੀ ਤੇ ਤਿਆਗੀ ਲੋਕ ਹੀ ਇਹਨਾਂ ਤੋਂ ਨਿਰਲੇਪ ਰਹਿ ਸਕਦੇ ਹਨ।ਸਮਾਜ ਵਿੱਚ ਰਹਿਣ ਵਾਲਿਆਂ ਨੂੰ ਤਾਂ ਲੋੜ ਅਨੁਸਾਰ ਇਹਨਾਂ ਚੀਜ਼ਾਂ ਦਾ ਸਹਾਰਾ ਲੈਣਾ ਹੀ ਪੈਂਦਾ ਹੈ।

ਪਰ ਜਦੋਂ ਲੋੜ ਤੋਂ ਵੱਧ ਲਾਲਸਾ ਬਣ ਜਾਵੇ,ਮਜਬੂਰੀ ਜਾਂ ਆਦਤ ਪੈ ਜਾਵੇ ਉਹ ਮਾੜੀ ਹੁੰਦੀ ਹੈ।ਜਿਹੜੇ ਲੋਕ ਹੱਦੋਂ ਵੱਧ ਕਿਸੇ ਵੀ ਚੀਜ਼ ਦੇ ਆਦੀ ਬਣ ਜਾਂਦੇ ਹਨ ਤੇ ਉਸ ਤੋਂ ਬਿਨਾਂ ਰਹਿ ਹੀ ਨਹੀਂ ਸਕਦੇ ਉਹ ਅਮਲੀ ਅਖਵਾਉਣ ਲੱਗ ਜਾਂਦੇ ਹਨ। ਆਮ ਅਜੋਕੀ ਭਾਸ਼ਾ ਵਿੱਚ ਇਸ ਨੂੰ ਆਪਾਂ “ਨਸ਼ੇ” ਕਹਿ ਸਕਦੇ ਹਾਂ। ਤੇ ਨਸ਼ਾ ਕਿਸੇ ਵੀ ਚੀਜ਼ ਦਾ ਹੋਵੇ ,ਮਾੜਾ ਹੁੰਦਾ ਹੈ।ਪਹਿਲਾਂ ਪਹਿਲ ਤਾਂ ਨਸ਼ੇ ਵੀ ਗਿਣੇ ਚੁਣੇ ਹੀ ਹੁੰਦੇ ਸਨ।ਸ਼ਰਾਬ ਤੇ ਅਫ਼ੀਮ ਆਦਿ। ਫਿਰ ਭੰਗ,ਚਰਸ ਤੇ ਤਮਾਕੂ ਵਿਚ ਸ਼ਾਮਲ ਹੋ ਗਏ।ਸਿਗਰਟ- ਬੀੜੀਆਂ ਤੇ ਸ਼ਰਾਬ ਤਾਂ ਵਪਾਰਕ ਬਣ ਗਏ।ਹੁਣ ਥਾਂ ਥਾਂ ਇਹਨਾਂ ਦੀਆਂ ਦੁਕਾਨਾਂ ਤੇ ਠੇਕਿਆਂ ਦੀ ਭਰਮਾਰ ਹੋ ਗਈ ਹੈ।ਦੇਸੀ,ਵਿਦੇਸ਼ੀ ਕਈ ਤਰ੍ਹਾਂ ਦੇ ਬਰਾਂਡ ਬਣ ਗਏ ਹਨ।ਮੁੱਕਦੀ ਗੱਲ ਹੁਣ ਸ਼ਰਾਬ ਤੇ ਇਸ ਦੀਆਂ ਵੰਨਗੀਆਂ ਤੇ ਸਿਗਰਟਾਂ ਦੇ ਬਰਾਂਡ ਨਸ਼ੇ ਨਹੀਂ ਗਿਣੇ ਜਾਂਦੇ। ਹੁਣ ਤਾਂ ਇਹ ਸਟੇਟਸ ਸਿੰਬਲ ਤੇ ਅਗਾਂਹ ਵਧੂ ਸਮਾਜ ਦੇ ਚਿੰਨ੍ਹ ਸਮਝੇ ਜਾਣ ਲੱਗ ਪਏ ਹਨ। ਅੱਜ ਦੇ ਆਧੁਨਿਕ ਦੌਰ ਵਿੱਚ ਤਰੱਕੀ ਕਰਦਾ ਪੜ੍ਹਿਆ ਲਿਖਿਆ ਮਨੁੱਖ ਖ਼ੁਸ਼ਹਾਲ ਹੋ ਰਿਹਾ ਹੈ।

ਅੱਜਕੱਲ੍ਹ ਦੇ ਨਸ਼ੇ ਤਾਂ ਆਧੁਨਿਕ ਬਰਾਂਡ ਸਮੈਕ,ਹੈਰੋਇਨ,ਆਈਸ ਤੇ ਨਿੱਤ ਨਵੇਂ ਤੋਂ ਨਵੇਂ ਮਹਿੰਗੇ ਤੇ ਸਮੱਗਲ ਹੁੰਦੇ ਡਰੱਗ ,ਜਿਨ੍ਹਾਂ ਨੇ ਦੇਸ਼ ਦੀ ਆਰਥਿਕਤਾ ਤੇ ਜਵਾਨੀ ਨੂੰ ਖੂੰਜੇ ਲਗਾ ਦਿੱਤਾ ਹੈ ,ਉਹਨਾਂ ਨੂੰ ਕਿਹਾ ਜਾਂਦਾ ਹੈ।ਨੌਜਵਾਨ ਵਰਗ ਇਸ ਇਲਾਮਤ ਵਿੱਚ ਜ਼ਿਆਦਾ ਫਸਦਾ ਹੈ ਤੇ ਘਰਾਂ ਦੇ ਘਰ ਇਸ ਦੀ ਭੇਟ ਚੜ ਗਏ ਹਨ।ਇਸ ਇਲਾਮਤ ਤੋਂ ਨਿਜਾਤ ਦਿਵਾਉਣ ਦੇ ਭਰੋਸੇ ਨਾਲ ਕਈ ਸਰਕਾਰਾਂ ਬਣੀਆਂ ਤੇ ਡਿੱਗੀਆਂ ਵੀ ਹਨ ਤੇ ਹੁਣ ਇੱਕ ਯੁੱਧ ਨਸ਼ਿਆਂ ਵਿਰੁੱਧ ਨਾਮੀ ਮੁਹਿੰਮ ਵੀ ਚਲਾਈ ਜਾ ਰਹੀ ਹੈ। ਵੇਖੋ ਉਹ ਸੁਭਾਗਾ ਕਿਹੜਾ ਸਮਾਂ ਆਉਂਦਾ ਹੈ ਜਦੋਂ ਇਸ ਤੋਂ ਰਾਹਤ ਮਿਲਦੀ ਹੈ। ਦੂਸਰਾ ਨਸ਼ਾ ਹੈ ਤਾਕਤ ਦਾ ਨਸ਼ਾ।ਰਾਜੇ ਰਾਣਿਆਂ ਦੇ ਤਾਕਤ ਦੇ ਅਧਾਰ ਤੇ ਜੱਦੀ-ਪੁਸ਼ਤੀ ਘਰਾਣਿਆਂ ਵਾਲੇ ਸਾਮਰਾਜ ਤਾਂ ਹੁਣ ਬੀਤੇ ਦੀਆਂ ਗੱਲਾਂ ਬਣ ਕੇ ਰਹਿ ਗਏ ਹਨ।ਹੁਣ ਤਾਂ ਵੋਟ ਤੇ ਅਧਾਰਿਤ ਲੋਕਰਾਜੀ ਪ੍ਰਕਿਰਿਆ ਰਾਹੀਂ ਸਰਕਾਰਾਂ ਬਣਦੀਆਂ ਤੇ ਚੱਲਦੀਆਂ ਹਨ।ਵੱਖ ਵੱਖ ਵਿਚਾਰਧਾਰਾ ਵਾਲੇ ਰਾਜਨੀਤਕ ਦਲ ਸਾਰੇ ਹੀ ਦੇਸ਼ਾਂ ਵਿੱਚ ਪ੍ਰਚੱਲਿਤ ਹੋ ਚੁੱਕੇ ਹਨ।ਵੱਖ ਵੱਖ ਦੇਸ਼ਾਂ ਦੇ ਬਾਲਗ ਵੋਟਰ ਆਪਣੀਆਂ ਵੋਟਾਂ ਰਾਹੀਂ ਆਪਣੇ ਪ੍ਰਤੀਨਿਧ ਚੁਣਦੇ ਹਨ।ਬਹੁਮਤ ਪ੍ਰਾਪਤ ਕਰਨ ਵਾਲੀ ਰਾਜਨੀਤਕ ਪਾਰਟੀ ਸੱਤਾ ਤੇ ਕਾਬਜ਼ ਹੁੰਦੀ ਹੈ ਤੇ ਰਾਜ ਚਲਾਉਂਦੀ ਹੈ।ਚਾਹੀਦਾ ਤਾਂ ਇਹ ਸੀ ਕਿ ਇੰਜ ਚੁਣੀਆਂ ਸਰਕਾਰਾਂ ਦੇਸ਼ ਤੇ ਲੋਕ ਹਿੱਤਾਂ ਅਨੁਸਾਰ ਕੰਮ ਕਰਦੀਆਂ ਜਿਸ ਨਾਲ ਲੋਕਾਂ ਦਾ ਜੀਵਨ ਖ਼ੁਸ਼ਹਾਲ ਹੁੰਦਾ।ਪਰ ਸੱਤਾ ਸੁੱਖ ਦੇ ਲਾਲਚ ਨੇ ਰਾਜਨੀਤਕ ਲੋਕਾਂ ਨੂੰ ਸੱਤਾ ਦੇ ਅਮਲੀ ਬਣਾ ਦਿੱਤਾ ਹੈ।

ਹੁਣ ਉਹ ਦੇਸ਼ ਤੇ ਲੋਕ ਹਿੱਤਾਂ ਦੀ ਥਾਂ ਆਪਣੇ ਹਿੱਤਾਂ ਨੂੰ ਪਹਿਲ ਦੇਣ ਲੱਗ ਪਏ ਹਨ।ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਜਾਂ ਖ਼ੁਸ਼ਹਾਲ ਕਰਨ ਦੀ ਉਹਨਾਂ ਦੀ ਸੋਚ ਹੀ ਨਹੀਂ ਰਹੀ।ਲੋਕਾਂ ਦੇ ਰੋਜ਼ਗਾਰ,ਸਿਹਤ ਤੇ ਸਿੱਖਿਆ ਹੁਣ ਉਹਨਾਂ ਦੀ ਡਿਕਸ਼ਨਰੀ ਦੀ ਸੂਚੀ ਵਿੱਚੋਂ ਬਾਹਰ ਹੋ ਗਏ ਜਾਪਦੇ ਹਨ।ਉਹ ਤਾਂ ਸਤਾ ਤੇ ਕਾਬਜ਼ ਹੋਣ ਸਾਰ ਹੀ ਅਗਲੀ ਵਾਰ ਸਤਾ ਕਿੰਜ ਹਥਿਆਉਣੀ ਹੈ,ਇਸੇ ਸੋਚ ਵਿੱਚ ਮਸਰੂਫ਼ ਰਹਿਣ ਲੱਗ ਪਏ ਹਨ। ਜ਼ਿੰਮੇਵਾਰੀ ਦੀ ਭਾਵਨਾ ਤੇ ਦ੍ਰਿੜ੍ਹਤਾ ਅਜੋਕੇ ਨੇਤਾਵਾਂ ਦੀ ਸੋਚ ਵਿੱਚੋਂ ਮਨਫ਼ੀ ਹੋ ਗਈ ਲੱਗਦੀ ਹੈ।ਪਹਿਲਾਂ ਨੇਤਾ ਲੋਕ ਉੱਚਕੋਟੀ ਦੇ ਨੈਤਿਕ ਪੱਧਰ ਵਾਲੇ ਹੁੰਦੇ ਸਨ।ਲਾਲ ਬਹਾਦਰ ਸ਼ਾਸਤਰੀ ਵਰਗੇ ਨੇਤਾ ਅੱਜਕੱਲ੍ਹ ਨਹੀਂ ਮਿਲਦੇ।ਇੱਕ ਵਾਰ ਉਹ ਰੇਲਵੇ ਮੰਤਰੀ ਸਨ। ਰੇਲ ਦੁਰਘਟਨਾ ਹੋ ਗਈ ਤਾਂ ਉਹਨਾਂ ਨੇ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਝੱਟ ਅਸਤੀਫ਼ਾ ਦੇ ਦਿੱਤਾ ਸੀ।ਅੱਜਕੱਲ੍ਹ ਤਾਂ ਨੇਤਾ ਲੋਕ ਅਸਤੀਫ਼ਾ ਦੇਣ ਬਾਰੇ ਸੋਚਣ ਦੀ ਥਾਂ ਸਤਾ ਤੇ ਕਾਬਜ਼ ਰਹਿਣ ਲਈ ਨਿੱਤ ਨਵੀਂਆਂ ਪਾਰਟੀਆਂ ਬਦਲਣ ਤੋਂ ਵੀ ਗੁਰੇਜ਼ ਨਹੀਂ ਕਰਦੇ।ਹਰੇਕ ਰਾਜਨੀਤਕ ਪਾਰਟੀ ਦੇ ਆਪਣੇ ਨਿਯਮ ਜਾਂ ਆਦਰਸ਼ ਹੁੰਦੇ ਹਨ।ਇੱਕ ਪਾਰਟੀ ਤੋਂ ਦੂਜੀ ਪਾਰਟੀ ਵਿੱਚ ਜਾਣ ਤੇ ਉਸ ਦੀਆਂ ਨੀਤੀਆਂ ਸਮਝਣ ਲਈ ਸਮੇਂ ਦੀ ਲੋੜ ਹੁੰਦੀ ਹੈ।ਪਰ ਏਥੇ ਤਾਂ ਲੇਬਲ ਬਦਲਦੇ ਹੀ ਦੂਸਰੀ ਪਾਰਟੀ ਵਿੱਚ ਵੀ ਮੰਤਰੀ ਪੱਦ ਪਰੋਸੇ ਜਾਣ ਲੱਗ ਪਏ ਹਨ।ਦਲ ਬਦਲੀਆਂ ਤੇ ਲੋਕ ਅੰਦਰੋਂ ਭਾਵੇਂ ਦੁਖੀ ਹੋਣ ਪਰ ਵੋਟਾਂ ਪਾਉਣ ਸਮੇਂ ਫਿਰ ਕਿਸੇ ਨੈਤਿਕ ਸੋਚ ਜਾਂ ਪਰਖ ਦੀ ਥਾਂ ਅੰਧ ਭਗਤ ਬਣ ਵੋਟਾਂ ਪਾ ਦੇਂਦੇ ਹਨ।ਸਿੱਖਿਆ ਦਾ ਪੱਧਰ ਤੇ ਰੋਜ਼ਗਾਰਹੀਣਤਾ ਵੋਟਰਾਂ ਨੂੰ ਸਹੀ ਸੋਚਣ ਦੇ ਸਮਰੱਥ ਹੋਣ ਹੀ ਨਹੀਂ ਦਿੰਦੀ।ਉੱਚ ਸਿੱਖਿਆ ਦਾ ਪੱਧਰ ਉੱਚਾ ਹੋਣ ਦੀ ਥਾਂ ਦਿਨ ਬ ਦਿਨ ਡਿੱਗਦਾ ਜਾ ਰਿਹਾ ਹੈ।ਇਹੀ ਵੱਡਾ ਕਾਰਨ ਹੈ ਕਿ ਦੇਸ਼ ਦੀ ਜਵਾਨੀ ਪਲੱਸ ਟੂ ਪਾਸ ਕਰਦੇ ਸਾਰ ਹੀ ਵਿਦੇਸ਼ਾਂ ਨੂੰ ਦੌੜਨ ਲਈ ਮਜਬੂਰ ਹੈ।

ਮਨੁੱਖੀ ਜ਼ਿੰਦਗੀ ਬੜੀ ਸੀਮਤ ਹੈ। ਹੁਣ ਜੰਗਲਾਂ ਜਾਂ ਪਹਾੜਾਂ ਦੀਆਂ ਖੁੱਡਾਂ ਵਿਚ ਰਹਿਣ ਦਾ ਸਮਾਂ ਨਹੀਂ ਹੈ।ਤਕਨੀਕ ਤੇ ਵਿਗਿਆਨ ਦੇ ਇਸ ਦੌਰ ਵਿੱਚ ਸਿੱਖਿਆ ਦੀ ਕ੍ਰਾਂਤੀ ਦੀ ਲੋੜ ਹੈ।ਉਹ ਕ੍ਰਾਂਤੀ ਤਾਂ ਹੀ ਆਵੇਗੀ ਜੇ ਨੇਤਾ ਲੋਕ ਸੁਹਿਰਦ ਹੋਣਗੇ।ਲਾਲਚ ਰਹਿਤ ਹੋਣਗੇ।ਉਹਨਾਂ ਦੀ ਸੋਚ ਸਰਬੱਤ ਦੇ ਭਲੇ ਨਾਲ ਲਬਰੇਜ਼ ਹੋਵੇਗੀ ਨਾ ਕਿ ਗਿਣੇ ਚੁਣੇ ਪਰਿਵਾਰਾਂ ਦੀ ਖ਼ੁਸ਼ਹਾਲੀ ਨੂੰ ਅਰਪਿਤ ਹੋਵੇਗੀ।ਸਾਡੀਆਂ ਇਸਰੋ ਵਰਗੀਆਂ ਵਿਗਿਆਨਕ ਸੰਸਥਾਵਾਂ ਵਿਸ਼ਵ ਵਿੱਚ ਪ੍ਰਸਿੱਧ ਹਨ। ਉਹਨਾਂ ਨੂੰ ਹੋਰ ਆਧੁਨਿਕ ਬਣਾਉਣ ਤੇ ਨਵੀਨੀਕਰਨ ਦੀ ਲੋੜ ਹੈ।ਦੇਸ਼ ਦੇ ਚੋਣ ਪ੍ਰਬੰਧ ਤੇ ਕਈ ਤਰ੍ਹਾਂ ਦੇ ਕਿੰਤੂ ਉੱਠਦੇ ਰਹਿੰਦੇ ਹਨ।ਜਿਨ੍ਹਾਂ ਵਿੱਚ ਲੋਕਾਂ ਦਾ ਵਿਸ਼ਵਾਸ ਬਹਾਲ ਕਰਨ ਦੀ ਲੋੜ ਹੈ।ਪਾਰਦਰਸ਼ਿਕਤਾ,ਨੈਤਿਕਤਾ,ਇਮਾਨਦਾਰੀ,ਧਾਰਮਿਕ ਤੇ ਸਿਆਸੀ ਸੂਝ-ਬੂਝ ਸਮੇਂ ਦੀ ਮੁੱਖ ਲੋੜ ਹੈ।ਦਲ-ਬਦਲੂ ਸਮਾਜ ਲਈ ਕੋਹੜ ਦੀ ਭਾਂਤੀ ਹਨ।ਨਸ਼ਿਆਂ ਵਾਂਗ ਹੀ ਦਲ ਬਦਲੂਆਂ ਤੋਂ ਬਚਾਅ ਕੇ ਹੀ ਦੇਸ਼ ਵਿੱਚ ਸਿਆਸੀ ਇਨਕਲਾਬ ਲਿਆਂਦਾ ਜਾ ਸਕਦਾ ਹੈ।ਕਾਸ਼ ਦੇਸ਼ ਭਰ ਦੀਆਂ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਨੇਤਾ ਆਪਣੇ ਅੰਦਰ ਝਾਤੀ ਮਾਰਨ ਤੇ ਤਨੋ ਮਨੋਂ ਪ੍ਰਣ ਕਰਕੇ ਦੇਸ਼ ਤੇ ਸਮਾਜ ਦੇ ਭਲੇ ਤੇ ਖ਼ੁਸ਼ਹਾਲੀ ਲਈ ਜੁੱਟ ਜਾਣ।ਨਿੱਜੀ ਲਾਲਚ ਤੇ ਸਹੂਲਤਾਂ ਤੋਂ ਉੱਪਰ ਉੱਠ ਕੇ ਇੱਕ ਨਰੋਏ,ਸਿਹਤਮੰਦ,ਖ਼ੁਸ਼ਹਾਲ ਭਾਰਤ ਲਈ ਸਮਰਪਿਤ ਹੋ ਜਾਣ ਤੇ ਸਮੂਹ ਨਾਗਰਿਕ ਆਪ ਮੁਹਾਰੇ ਉਹਨਾਂ ਦੇ ਨਕਸ਼ੇ ਕਦਮਾਂ ਤੇ ਪਹਿਰਾ ਦੇਣਗੇ ਤੇ ਸਾਡਾ ਭਾਰਤ ਮੁੜ ਤੋਂ ” ਸੋਨੇ ਦੀ ਚਿੜੀ” ਬਣ ਜਾਵੇਗਾ। ਇਸ ਬ੍ਰਹਿਮੰਡ ਵਿੱਚ ਲੱਖਾਂ ਹੀ ਜੀਵ-ਜੰਤੂ,ਪਸੂ-ਪੰਛੀ ਤੇ ਤਰ੍ਹਾਂ ਤਰ੍ਹਾਂ ਦੀ ਬਨਾਸਪਤੀ,ਫਲ-ਫੁੱਲ ਤੇ ਮਨੁੱਖਤਾ ਦੀ ਸਹੂਲਤ ਲਈ ਖਣਿਜ ਪਦਾਰਥਾਂ ਦੀ ਭਰਮਾਰ ਹੈ।ਮਨੁੱਖ ਹੀ ਇੱਕ ਉੱਤਮ ਜੀਵ ਹੈ ਜਿਸ ਨੂੰ ਸੋਚਣ-ਸਮਝਣ,ਵਿਚਾਰ ਕਰਨ,ਖੋਜਾਂ ਕਰਕੇ ਨਵੇਂ ਸਾਧਨ ਲੱਭਣ ਤੇ ਜ਼ਿੰਦਗੀ ਨੂੰ ਖ਼ੁਸ਼ਹਾਲ ਬਣਾਉਣ ਦੀ ਸੋਝੀ ਹੈ।

ਜੇ ਕਿਹਾ ਜਾਵੇ ਕਿ ਸਭ ਕੁਝ ਮਨੁੱਖ ਦੀ ਸਹੂਲਤ ਲਈ ਹੀ ਹੈ ਤਾਂ ਅਤਿਕਥਨੀ ਨਹੀਂ ਹੋਵੇਗੀ? ਪਰ ਮਨੁੱਖ ਦੀ ਜ਼ਿੰਮੇਵਾਰੀ ਵੀ ਬਹੁਤ ਵੱਡੀ ਹੈ।ਉਸ ਨੂੰ ਅਨੁਸ਼ਾਸਨ ਵਿਚ ਰਹਿ ਕਿ ਅਜਿਹਾ ਮਹੌਲ ਬਣਾਉਣ ਤੇ ਸਾਧਨ ਪੈਦਾ ਕਰਨ ਦੀ ਲੋੜ ਹੈ ਜਿਸ ਵਿੱਚ ਸਮੂਹ ਮਨੁੱਖਤਾ ਖ਼ੁਸ਼ਹਾਲ ਰਹੇ।ਪਿਆਰ ਮੁਹੱਬਤ ਦਾ ਬੋਲਬਾਲਾ ਹੋਵੇ।ਆਪਸ ਭਾਈਚਾਰਕ ਸਾਂਝ ਵਧੇ ਫੁੱਲੇ।ਈਰਖਾ,ਲਾਲਸਾ ਤੇ ਹਿੰਸਾ ਦੀ ਸੁਲਝੇ ਸਮਾਜ ਲਈ ਕੋਈ ਥਾਂ ਨਹੀਂ ਹੈ। ਕਿਉਂਕਿ ਮਨੁੱਖੀ ਜ਼ਿੰਦਗੀ ਥੋੜ੍ਹਚਿਰੀ ਤੇ ਅਸਥਾਈ ਹੈ।ਫਿਰ ਵੀ ਮਨੁੱਖ ਲਾਲਚ,ਹਊਮੈ,ਸਵਾਰਥ ਤੇ ਈਰਖਾ ਨਾਲ ਭਰਿਆ ਪਿਆ ਹੈ।ਹਰੇਕ ਨੂੰ ਇਸ ਰੰਗੀਨ ਦੁਨੀਆ ਤੋਂ ਸੀਮਤ ਸਮੇਂ ਬਾਦ ਹੀ ਜਾਣ ਦਾ ਪੂਰਾ ਗਿਆਨ ਹੁੰਦੇ ਹੋਏ ਵੀ ਮਨੁੱਖ ਅਨਜਾਣ ਬਣਿਆ ਹੋਇਆ ਹੈ।ਉਹ ਅਜਿਹੇ ਕੁਕਰਮ ਕਰਨ ਤੋਂ ਜਰਾ ਵੀ ਗੁਰੇਜ਼ ਨਹੀਂ ਕਰਦਾ ਜੋ ਨਾਂ ਤਾਂ ਉਸ ਨੂੰ ਸੋਭਦੇ ਹਨ ਤੇ ਨਾ ਹੀ ਸਭਿਅਕ ਮਨੁੱਖ ਦੇ ਸੁਣਨ ਤੇ ਸੋਚਣ ਦੇ ਹੀ ਯੋਗ ਹਨ।ਮਨੁੱਖ ਨੂੰ ਮਨੁੱਖਤਾ ਦੀ ਲਾਜ ਰੱਖਦੇ ਹੋਏ ਯੋਗ ਇਨਸਾਨ ਬਣਨਾ ਚਾਹੀਦਾ ਹੈ ਨਾ ਕਿ ਪਸ਼ੂਆਂ ਤੋਂ ਵੀ ਭਿਆਨਕ ਹੈਵਾਨ! ਆਮੀਨ!

Darshan-Singh-Riar ਸਤਾ ਤੇ ਕਾਬਜ਼ ਰਹਿਣ ਦੀ ਲਾਲਸਾ/ਦਰਸ਼ਨ ਸਿੰਘ ਰਿਆੜ

ਦਰਸ਼ਨ ਸਿੰਘ ਰਿਆੜ

ਮੋ: 9316311677

Share this content:

Post Comment