Loading Now

ਸਕੇਪ ਸਾਹਿਤਕ ਸੰਸਥਾ ਫਗਵਾੜਾ ਵੱਲੋਂ ਕਰਮਜੀਤ ਸਿੰਘ ਸੰਧੂ ਅਤੇ ਗੁਰਮੁੱਖ ਲੋਕਪ੍ਰੇਮੀ  ਨਾਲ਼ ਰੂਬਰੂ ਦਾ ਆਯੋਜਨ

ਸਕੇਪ ਸਾਹਿਤਕ ਸੰਸਥਾ ਫਗਵਾੜਾ ਵੱਲੋਂ ਕਰਮਜੀਤ ਸਿੰਘ ਸੰਧੂ ਅਤੇ ਗੁਰਮੁੱਖ ਲੋਕਪ੍ਰੇਮੀ  ਨਾਲ਼ ਰੂਬਰੂ ਦਾ ਆਯੋਜਨ

ph27-oct-300x142 ਸਕੇਪ ਸਾਹਿਤਕ ਸੰਸਥਾ ਫਗਵਾੜਾ ਵੱਲੋਂ ਕਰਮਜੀਤ ਸਿੰਘ ਸੰਧੂ ਅਤੇ ਗੁਰਮੁੱਖ ਲੋਕਪ੍ਰੇਮੀ  ਨਾਲ਼ ਰੂਬਰੂ ਦਾ ਆਯੋਜਨ
ਕਰਮਜੀਤ ਸਿੰਘ ਸੰਧੂ ਅਤੇ ਗੀਤਕਾਰ-ਗ਼ਜ਼ਲਗੋ ਗੁਰਮੁਖ ਲੋਕਪ੍ਰੇਮੀ ਨੂੰ ਸਨਮਾਨਿਤ ਕਰਦੇ ਹੋਏ ਪ੍ਰਿੰ: ਗੁਰਮੀਤ ਸਿੰਘ ਪਲਾਹੀ, ਰਵਿੰਦਰ ਚੋਟ, ਕਮਲੇਸ਼ ਸੰਧੂ ਅਤੇ ਹੋਰ।

ਫਗਵਾੜਾ, 27 ਅਕਤੂਬਰ   (  ਏ.ਡੀ.ਪੀ. ਨਿਊਜ਼  )  ਸਕੇਪ ਸਾਹਿਤਕ ਸੰਸਥਾ ਫਗਵਾੜਾ ਵੱਲੋਂ ਗੁਰੂ ਹਰਿਗੋਬਿੰਦ ਨਗਰ ਫਗਵਾੜਾ ਵਿਖੇ ਕਹਾਣੀਕਾਰ ਕਰਮਜੀਤ ਸਿੰਘ ਸੰਧੂ ਅਤੇ ਗੀਤਕਾਰ-ਗ਼ਜ਼ਲਗੋ ਗੁਰਮੁਖ ਲੋਕਪ੍ਰੇਮੀ ਨਾਲ “ਰੂਬਰੂ” ਪ੍ਰੋਗਰਾਮ ਵੀ ਆਯੋਜਿਤ ਕੀਤਾ ਗਿਆ, ਜਿਸ ਵਿੱਚ ਦੋਵੇਂ ਸ਼ਖ਼ਸੀਅਤਾਂ ਨੇ ਆਪਣੇ ਜੀਵਨ ਦੇ ਨਿੱਜੀ ਅਤੇ ਰਚਨਾਤਮਕ ਅਨੁਭਵ ਸਾਂਝੇ ਕੀਤੇ। ਕਹਾਣੀਕਾਰ ਕਰਮਜੀਤ ਸਿੰਘ ਸੰਧੂ ਨੇ ਆਪਣੀ ਜ਼ਿੰਦਗੀ ਦੇ ਸੰਘਰਸ਼ਮਈ ਅਧਿਆਇ ਸਰੋਤਿਆਂ ਨਾਲ ਸਾਂਝੇ ਕਰਦੇ ਹੋਏ ਦੱਸਿਆ ਕਿ ਕਿਵੇਂ ਉਹ ਕਈ ਮੁਸ਼ਕਲ ਦੌਰਾਂ ਵਿਚੋਂ ਗੁਜ਼ਰੇ — ਸੰਘਰਸ਼ ਦੌਰਾਨ ਜੇਲਾਂ ਦੇ ਤਜਰਬੇ, ਨੌਕਰੀ ਦੇ ਉਤਾਰ-ਚੜ੍ਹਾਵਾਂ ਅਤੇ ਸਮਾਜਿਕ ਸੰਵੇਦਨਾਵਾਂ ਨਾਲ਼ ਜੁੜੇ ਕਈ ਕਿੱਸੇ,ਉਨ੍ਹਾਂ ਨੇ ਦਿਲਚਸਪ ਢੰਗ ਨਾਲ ਬਿਆਨ ਕੀਤੇ। ਉਹਨਾਂ ਦੇ ਬੋਲਾਂ ਵਿੱਚ ਜੀਵਨ ਦੇ ਤਜਰਬੇ ਦੀ ਸੱਚਾਈ ਅਤੇ ਆਤਮ- ਵਿਸ਼ਵਾਸ ਸਾਫ਼ ਨਜ਼ਰ ਆ ਰਿਹਾ ਸੀ। ਕਈ ਵਾਰ ਉਹਨਾਂ ਹਾਸੇ-ਮਜ਼ਾਕ ਦੇ ਰੂਪ ਵਿਚ ਗੰਭੀਰ ਹਕੀਕਤਾਂ ਨੂੰ ਬਿਆਨ ਕੀਤਾ।

ਇਸ ਸਮਾਗਮ ਦੌਰਾਨ ਗੁਰਮੁਖ ਲੋਕਪ੍ਰੇਮੀ ਨੇ ਆਪਣੀ ਗੱਲਾਂ ਅਤੇ ਗ਼ਜ਼ਲਾਂ ਰਾਹੀਂ ਦਰਸ਼ਕਾਂ ਨੂੰ ਮੰਤਰਮੁਗਧ ਕਰ ਦਿੱਤਾ। ਉਹਨਾਂ ਨੇ ਦ੍ਰਿੜਤਾ, ਨਿਰੰਤਰ ਕੋਸ਼ਿਸ਼ ਦੀ ਮਹੱਤਤਾ, ਸਮਾਜ ਲਈ ਛੋਟੀਆਂ-ਵੱਡੀਆਂ ਕੁਰਬਾਨੀਆਂ, ਇਤਿਹਾਸਕ ਘਟਨਾਵਾਂ ਬਾਰੇ ਉਨ੍ਹਾਂ ਦੀ ਸੋਚ ਸਰੋਤਿਆਂ ਨਾਲ਼ ਸਾਂਝੀ ਕੀਤੀ ਉਹਨਾਂ ਨੇ ਆਪਣੇ ਅਧਿਆਪਕ ਬਣਨ ਦਾ ਸੁਪਨਾ, ਨੌਕਰੀ ਹਾਸਲ ਕਰਨ ਲਈ ਸੰਘਰਸ਼ ,ਆਪਣੇ ਅਧਿਆਪਨ ਜੀਵਨ, ਜਥੇਬੰਦਕ ਲੜਾਈਆਂ ਅਤੇ ਖ਼ਾਲੀ ਅਸਾਮੀਆਂ ਦੇ ਮਾਮਲੇ ਉੱਤੇ ਵਿਚਾਰ ਸਾਂਝੇ ਕੀਤੇ। ਸੰਸਥਾ ਵੱਲੋਂ ਦੋਵੇਂ ਸਾਹਿਤਕਾਰਾਂ ਨੂੰ ਸਿਰੋਪਾ ਭੇਂਟ ਕਰ ਕੇ ਸਨਮਾਨਿਤ ਕੀਤਾ ਗਿਆ। ਸੰਸਥਾ ਦੇ ਪ੍ਰਧਾਨ ਰਵਿੰਦਰ ਚੋਟ ਨੇ ਕਿਹਾ ਕਿ ਸਕੇਪ ਦਾ ਮਕਸਦ ਹਰ ਮਹੀਨੇ ਇਸ ਤਰ੍ਹਾਂ ਦੇ ਕਵੀ ਦਰਬਾਰਾਂ  ਅਤੇ ਰੂਬਰੂ ਸਮਾਗਮਾਂ ਰਾਹੀਂ ਨਵੀਆਂ ਤੇ ਪੁਰਾਣੀਆਂ ਕਲਮਾਂ ਨੂੰ ਇਕ ਮੰਚ ਉੱਪਰ ਲਿਆਉਣਾ ਹੈ ਤਾਂ ਜੋ ਸ਼ਬਦਾਂ ਦੀ ਇਹ ਜੋਤ ਸਮਾਜ ਵਿੱਚ ਜਗਦੀ ਰਹੇ। ਸੰਸਥਾ ਦੇ ਸਰਪ੍ਰਸਤ ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਨੇ ਸਰੋਤਿਆਂ ਨੂੰ ਸੰਬੋਧਨ ਹੁੰਦੇ ਹੋਏ ਕਈ ਮਹੱਤਵਪੂਰਨ ਮੁੱਦਿਆਂ ਨੂੰ ਛੋਹਿਆ। ਉਹਨਾਂ ਕਿਹਾ ਕਿ ਕੈਂਸਰ ਤੋਂ ਇਲਾਵਾ ਅੱਖਾਂ ਦੇ ਮਰੀਜ਼ਾਂ ਦੀ ਵਧਦੀ ਗਿਣਤੀ ਅੱਜ ਦੇ ਸਮੇਂ ਦਾ ਸਭ ਤੋਂ ਵੱਡੀ ਚਿੰਤਾ ਅਤੇ ਚਿੰਤਨ ਦਾ ਵਿਸ਼ਾ ਹੈ। ਬੱਚਿਆਂ ਨੂੰ ਮੋਬਾਈਲ ਤੋਂ ਦੂਰ ਰੱਖਣ ਦੀ ਬਹੁਤ ਜ਼ਰੂਰਤ ਹੈ। ਕਈ ਮਾਪਿਆਂ ਵੱਲੋਂ ਘਰਾਂ ਵਿੱਚ ਛੋਟੇ-ਛੋਟੇ ਬੱਚਿਆਂ ਨੂੰ ਫ਼ੋਨ ਵਰਤਣ ਲਈ ਉਤਸਾਹਿਤ ਕਰਨਾ — ਖ਼ਤਰਨਾਕ ਰੁਝਾਨ ਹੈ ਜੋ ਆਉਣ ਵਾਲੀਆਂ ਪੀੜ੍ਹੀਆਂ ਦੀ ਸਿਹਤ ਅਤੇ ਸੋਚ ਦੋਵਾਂ ਨੂੰ ਪ੍ਰਭਾਵਿਤ ਕਰੇਗਾ। ਉਹਨਾਂ ਕਿਹਾ ਕਿ ਸਾਹਿਤਕਾਰਾਂ ਅਤੇ ਬੁੱਧੀਜੀਵੀਆਂ ਕੋਲ਼ ਵੱਖਰੇ ਅਤੇ ਬਹੁਮੁੱਲੇ ਵਿਚਾਰ ਹਨ, ਜਿਨ੍ਹਾਂ ਵਿੱਚ ਸਮਾਜ ਨੂੰ ਬਦਲਣ ਦੀ ਸਮਰੱਥਾ ਮੌਜੂਦ ਹੈ। ਵਿਚਾਰਾਂ ਦੀ ਤਾਕਤ ਸਭ ਤੋਂ ਵੱਡੀ ਤਾਕਤ ਹੈ। ਸਾਡੇ ਲੇਖਕਾਂ, ਕਵੀਆਂ ਅਤੇ ਵਿਚਾਰਕਾਂ ਦੇ ਸ਼ਬਦ ਹੀ ਉਹ ਚਿਣਗ ਹਨ ਜੋ ਸਮਾਜ ਨੂੰ ਸਹੀ ਦਿਸ਼ਾ ਦੇ ਸਕਦੇ ਹਨ। ਪਲਾਹੀ ਸਾਹਿਬ ਨੇ ਕੁਦਰਤ ਬਾਰੇ ਗੱਲ ਕਰਦਿਆਂ ਕਿਹਾ ਕਿ ਕੁਦਰਤ ਸਾਡੇ ਲਈ ਸਿਰਫ਼ ਪ੍ਰੇਰਨਾ ਦਾ ਸਰੋਤ ਨਹੀਂ, ਸਾਡੀ ਜ਼ਿੰਦਗੀ ਦੀ ਜੜ੍ਹ ਹੈ। ਸਾਨੂੰ ਆਪਣੀ ਸੋਚ, ਲਿਖਤ ਤੇ ਜੀਵਨ ਦੇ ਰਾਹੀਂ ਸਮਾਜ ਵਿੱਚ ਸੱਚ, ਨੇਕੀ ਅਤੇ ਜਾਗਰੂਕਤਾ ਦਾ ਚਾਨਣ ਫੈਲਾਉਣਾ ਚਾਹੀਦਾ ਹੈ। ਇਸ ਮੌਕੇ ਬਲਦੇਵ ਰਾਜ ਕੋਮਲ, ਸੋਢੀ ਸੱਤੋਵਾਲੀ, ਲਾਲੀ ਕਰਤਾਰਪੁਰੀ, ਓਮ ਪ੍ਰਕਾਸ਼ ਸੰਦਲ, ਉਰਮਲਜੀਤ ਸਿੰਘ ਵਾਲੀਆ, ਗੁਰਮੁਖ ਲੁਹਾਰ, ਗੁਰਦੀਪ ਸਿੰਘ ਉਜਾਲਾ, ਜਸਵਿੰਦਰ ਫਗਵਾੜਾ, ਬਲਬੀਰ ਕੌਰ ਬੱਬੂ ਸੈਣੀ, ਸਿਮਰਤ ਕੌਰ, ਦਵਿੰਦਰ ਸਿੰਘ ਜੱਸਲ, ਦਲਜੀਤ ਮਹਿਮੀ, ਇੰਦਰਜੀਤ ਸਿੰਘ ਵਾਸੂ , ਆਸ਼ੀਸ਼ ਪਾਲ, ਭਾਵਨਾ, ਰਵਿੰਦਰ ਸਿੰਘ ਰਾਏ, ਜੱਸ ਸਰੋਆ, ਕਮਲੇਸ਼ ਸੰਧੂ, ਸੁਖਦੇਵ ਸਿੰਘ ਗੰਢਵਾਂ ਹਾਜ਼ਰ ਸਨ।

Share this content:

Post Comment