ਸਕੂਲਾਂ ਨੂੰ ਧਮਕੀਆਂ
ਰੇਲ-ਗੱਡੀਆਂ, ਬੱਸ ਅੱਡਿਆਂ ਅਤੇ ਜਹਾਜ਼ਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਤੋਂ ਬਾਅਦ ਹੁਣ ਦਹਿਸ਼ਤ ਫੈਲਾਉਣ ਵਾਲੇ ਸਮਾਜ ਵਿਰੋਧੀ ਅਨਸਰਾਂ ਦੇ ਹੌਸਲੇ ਹੱਦਾਂ ਪਾਰ ਕਰ ਰਹੇ ਹਨ। ਕੁਝ ਮਹੀਨਿਆਂ ਤੋਂ ਸਕੂਲਾਂ ਨੂੰ ਫ਼ਰਜ਼ੀ ਈ-ਮੇਲਾਂ ਰਾਹੀਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਹੁਣ ਪਟਿਆਲਾ ਦੇ ਛੇ ਸਕੂਲਾਂ, ਦੋ ਕਾਲਜਾਂ, ਇਕ ਐਜੂਕੇਸ਼ਨ ਅਕਾਦਮੀ ਅਤੇ ਰੇਲਵੇ ਸਟੇਸ਼ਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਆਈ ਹੈ।
ਧਮਕੀ ਵਾਲੀ ਈ-ਮੇਲ ਆਉਣ ਤੋਂ ਬਾਅਦ ਜ਼ਿਲ੍ਹੇ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਸੁਰੱਖਿਆ ਦੇ ਮੱਦੇਨਜ਼ਰ ਬੱਚਿਆਂ ਨੂੰ ਘਰ ਭੇਜ ਦਿੱਤਾ ਗਿਆ ਅਤੇ ਮਾਪਿਆਂ ਲਈ ਵੀ ਇਹ ਪਰੇਸ਼ਾਨੀ ਵਾਲਾ ਸਮਾਂ ਸੀ। ਇਸ ਮਹੀਨੇ ਪੰਦਰਾਂ ਦਸੰਬਰ ਨੂੰ ਜਲੰਧਰ ਸ਼ਹਿਰ ਦੇ 11 ਸਕੂਲਾਂ ਨੂੰ ਬੰਬ ਧਮਾਕਿਆਂ ਨਾਲ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਗਈ ਸੀ। ਚਾਰ ਸਕੂਲਾਂ ਸੇਂਟ ਜੋਸਫ ਕਾਨਵੈਂਟ ਸਕੂਲ, ਆਈਵੀਵਾਈ ਵਰਲਡ ਸਕੂਲ, ਸੰਸਕਿ੍ਰਤੀ ਕੇਐੱਮਵੀ ਸਕੂਲ ਅਤੇ ਸ਼ਿਵ ਜਯੋਤੀ ਸਕੂਲ ਨੂੰ ਧਮਕੀ ਵਾਲੀ ਈ-ਮੇਲ ਆਈ ਸੀ।
ਇਸ ਤੋਂ ਪਹਿਲਾਂ ਪੰਜਾਬ ਦੇ ਮਸ਼ਹੂਰ ਗਾਇਕਾਂ ਨੂੰ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਬੀਤੇ ਦਿਨੀਂ ਮਰਹੂਮ ਪੰਜਾਬੀ ਗਾਇਕ ਸਰਦੂਲ ਸਿਕੰਦਰ ਦੀ ਪਤਨੀ ਮਸ਼ਹੂਰ ਗਾਇਕਾ ਤੇ ਅਦਾਕਾਰਾ ਅਮਰ ਨੂਰੀ ਨੂੰ ਫੋਨ ’ਤੇ ਧਮਕੀ ਦਿੱਤੀ ਗਈ। ਫੋਨ ਕਰਨ ਵਾਲੇ ਨੇ ਖ਼ੁਦ ਨੂੰ ਪੁਲਿਸ ਮੁਲਾਜ਼ਮ ਦੱਸਿਆ ਤੇ ਧਮਕੀ ਦਿੱਤੀ ਕਿ ਨੂਰੀ ਆਪਣੇ ਸੰਗੀਤਕਾਰ ਲੜਕੇ ਨੂੰ ਇਸ ਕੰਮ ਤੋਂ ਹਟਾ ਲਵੇ। ਅਜਿਹੀਆਂ ਧਮਕੀਆਂ ਦੀ ਸੂਚੀ ਲੰਬੀ ਹੈ। ਇਸੇ ਸਾਲ ਜੁਲਾਈ ਮਹੀਨੇ ਬੈਂਗਲੁਰੂ ਦੇ 80 ਤੋਂ ਵੱਧ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ। ਨੋਇਡਾ ’ਚ ਇਸ ਸਾਲ ਨੌਂ ਸਕੂਲਾਂ ਨੂੰ ਅਜਿਹੀ ਧਮਕੀ ਵਾਲੀ ਈ-ਮੇਲ ਭੇਜੀ ਗਈ ਸੀ। ਬੇਸ਼ੱਕ ਜਾਂਚ ਤੋਂ ਬਾਅਦ ਇਹ ਧਮਕੀਆਂ ਝੂਠੀਆਂ ਤੇ ਈ-ਮੇਲਾਂ ਫ਼ਰਜ਼ੀ ਸਾਬਿਤ ਹੁੰਦੀਆਂ ਹਨ ਪਰ ਇਹ ਕਿਤੇ ਨਾ ਕਿਤੇ ਦੇਸ਼ ਦੇ ਖ਼ੁਫ਼ੀਆਤੰਤਰ ਨੂੰ ਚੁਣੌਤੀ ਦੇਣ ਵਾਲੀ ਗੱਲ ਹੈ। ਇਨ੍ਹਾਂ ਧਮਕੀਆਂ ਤੋਂ ਬਾਅਦ ਸਵਾਲ ਉੱਠਦਾ ਹੈ ਕਿ ਦਹਿਸ਼ਤ ਫੈਲਾਉਣ ਵਾਲੇ ਸਕੂਲੀ ਬੱਚਿਆਂ ਨੂੰ ਨਿਸ਼ਾਨਾ ਬਣਾਉਣ ਦੀਆਂ ਅਜਿਹੀਆਂ ਕੋਝੀਆਂ ਹਰਕਤਾਂ ਕਿਉਂ ਕਰ ਰਹੇ ਹਨ?
ਅਜਿਹੇ ਧਮਕੀ ਸੰਦੇਸ਼ ਅਤੇ ਸਕੂਲਾਂ ’ਚ ਇਸ ਕਾਰਨ ਬਣਨ ਵਾਲੇ ਹਾਲਾਤ ਬਾਲ ਮਨਾਂ ’ਤੇ ਲੰਬੇ ਸਮੇਂ ਲਈ ਡੂੰਘਾ ਅਸਰ ਪਾਉਂਦੇ ਹਨ। ਵਿੱਦਿਅਕ ਅਦਾਰਿਆਂ ’ਚ ਵਿਦਿਆਰਥੀਆਂ ਦੇ ਰੂਪ ’ਚ ਇਕ ਚੰਗੇ ਨਾਗਰਿਕ ਦਾ ਕਿਰਦਾਰ ਵੀ ਘੜਿਆ ਜਾਂਦਾ ਹੈ ਪਰ ਅਜਿਹੇ ਮਾਹੌਲ ਉਨ੍ਹਾਂ ਦਾ ਆਤਮ-ਬਲ ਪ੍ਰਭਾਵਿਤ ਕਰਦੇ ਹਨ। ਇਨ੍ਹਾਂ ਧਮਕੀਆਂ ਦੀ ਮਨਸ਼ਾ ਦਹਿਸ਼ਤ ਫੈਲਾਉਣੀ ਹੈ ਤੇ ਇਹ ਸੁਰੱਖਿਅਤ ਸਮਾਜ ਦੀ ਕਲਪਨਾ ਕਰਨ ਵਾਲੇ ਨਾਗਰਿਕਾਂ ਲਈ ਸੁਖਦ ਅਹਿਸਾਸ ਨਹੀਂ ਸਿਰਜਦੀ। ਵਿਰੋਧੀ ਧਿਰਾਂ ਮੌਜੂਦਾ ਸਰਕਾਰਾਂ ’ਤੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਸਵਾਲ ਚੁੱਕਦੀਆਂ ਹਨ ਤੇ ਸਰਕਾਰਾਂ ਨੂੰ ਇਨ੍ਹਾਂ ਸਵਾਲਾਂ ਨੂੰ ਰਾਜਨੀਤੀ ਤੋਂ ਪਾਸੇ ਰੱਖ ਕੇ ਹੱਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਧਮਕੀਆਂ ਦੇਣ ਵਾਲਿਆਂ ਦੀ ਪੈੜ ਨੱਪਣ ਲਈ ਨਿਰਪੱਖ ਤੇ ਪਾਰਦਰਸ਼ੀ ਤਰੀਕੇ ਨਾਲ ਤਫ਼ਤੀਸ਼ ਹੋਣੀ ਚਾਹੀਦੀ ਹੈ। ਨਿੱਤ ਆਉਣ ਵਾਲੀਆਂ ਇਨ੍ਹਾਂ ਧਮਕੀਆਂ ਕਾਰਨ ਸੂਬੇ ਦੀ ਸੁਰੱਖਿਆ ਮਸ਼ੀਨਰੀ ਅਤੇ ਬੱਚਿਆਂ ਦੀ ਵਿੱਦਿਆ ਪ੍ਰਾਪਤੀ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ। ਧਮਕੀ ਵਾਲੀਆਂ ਈ-ਮੇਲਾਂ ਪਿੱਛੇ ਨਿਕਲਣ ਵਾਲੇ ਸ਼ਰਾਰਤੀ ਅਨਸਰਾਂ ਨੂੰ ਕਾਨੂੰਨ ਮੁਤਾਬਕ ਸਖ਼ਤ ਸਜ਼ਾ ਦੇਣੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਕੋਈ ਦਹਿਸ਼ਤ ਪੈਦਾ ਕਰਨ ਦੀ ਹਿਮਾਕਤ ਨਾ ਕਰ ਸਕੇ।
Share this content:



Post Comment