ਵੈਟਨਰੀ ਯੂਨੀਵਰਸਿਟੀ ਦੇ ਯੁਵਕ ਮੇਲੇ ਵਿੱਚ ਸੰਗੀਤਕ ਅਤੇ ਨਾਚ ਵਿਧਾਵਾਂ ਨੇ ਦਰਸ਼ਕਾਂ ਨੂੰ ਮੋਹਿਆ
ਲੁਧਿਆਣਾ, 4 ਦਸੰਬਰ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ 14ਵੇਂ ਯੁਵਕ ਮੇਲੇ (ਯੁਵ ਤਰੰਗ) ਦਾ ਅੱਜ ਦੂਸਰਾ ਪੜਾਅ ਸ਼ੁਰੂ ਹੋਇਆ ਜਿਸ ਵਿਚ ਸਟੇਜ ’ਤੇ ਕੀਤੀਆਂ ਜਾਣ ਵਾਲੀਆਂ ਪੇਸ਼ਕਾਰੀਆਂ ਦਾ ਮੰਚਨ ਕੀਤਾ ਗਿਆ। ਸ਼੍ਰੀ ਹਿਮਾਂਸ਼ੂ ਜੈਨ, ਆਈ ਏ ਐਸ, ਡਿਪਟੀ ਕਮਿਸ਼ਨਰ, ਲੁਧਿਆਣਾ ਨੇ ਬਤੌਰ ਮੁੱਖ ਮਹਿਮਾਨ ਯੁਵਕ ਮੇਲੇ ਦਾ ਰਸਮੀ ਉਦਘਾਟਨ ਕੀਤਾ। ਸ਼੍ਰੀ ਜੈਨ ਨੇ ਕਿਹਾ ਕਿ ਯੂਨੀਵਰਸਿਟੀ ਵੈਟਨਰੀ ਵਿਗਿਆਨ ਦੇ ਖੇਤਰ ਵਿਚ ਜ਼ਿਕਰਯੋਗ ਕਾਰਜ ਕਰ ਰਹੀ ਹੈ। ਉਨ੍ਹਾਂ ਵਿਦਿਆਰਥੀਆਂ ਦੀ ਕਲਾਤਮਕ ਪ੍ਰਤਿਭਾ ਨੂੰ ਵੀ ਸਰਾਹਿਆ। ਉਨ੍ਹਾਂ ਕਿਹਾ ਕਿ ਵਿਗਿਆਨ ਦੇ ਵਿਦਿਆਰਥੀ ਹੋਣ ਦੇ ਬਾਵਜੂਦ ਉਹ ਉੱਚ ਕਲਾਤਮਕ ਖੂਬੀਆਂ ਰੱਖਦੇ ਹਨ।ਉਨ੍ਹਾਂ ਨੌਜਵਾਨਾਂ ਵਿਦਿਆਰਥੀਆਂ ਨੂੰ ਪ੍ਰੇਰਨਾ ਦਿੱਤੀ ਕਿ ਉਹ ਸਖਤ ਮਿਹਨਤ ਅਤੇ ਸਮਰਪਣ ਭਾਵ ਨਾਲ ਆਪਣੀ ਜ਼ਿੰਦਗੀ ਦੇ ਟੀਚਿਆਂ ਵੱਲ ਵਧਣ, ਸਫ਼ਲਤਾ ਜ਼ਰੂਰ ਉਨ੍ਹਾਂ ਦੇ ਕਦਮ ਚੁੰਮੇਗੀ।

ਸ਼੍ਰੀ ਜਸਦੇਵ ਸਿੰਘ ਸੇਖੋਂ, ਸਹਾਇਕ ਕਮਿਸ਼ਨਰ ਨਗਰ ਨਿਗਮ ਲੁਧਿਆਣਾ ਅਤੇ ਡਾ. ਪਰਵੇਂਦਰ ਸ਼ੇਰੋਂ, ਨਿਰਦੇਸ਼ਕ ਅਟਾਰੀ ਬਤੌਰ ਪਤਵੰਤੇ ਮਹਿਮਾਨ ਸਮਾਰੋਹ ਵਿੱਚ ਸ਼ਾਮਿਲ ਹੋਏ। ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ।ਉਨ੍ਹਾਂ ਕਿਹਾ ਕਿ ਅਜਿਹੇ ਮੰਚ ’ਤੇ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਸਵਾਰਨ ਲਈ ਬਹੁਤ ਸੁਚੱਜਾ ਮੌਕਾ ਮਿਲਦਾ ਹੈ। ਉਨ੍ਹਾਂ ਇਸ ਗੱਲ ’ਤੇ ਜੋਰ ਦਿੱਤਾ ਕਿ ਹਰੇਕ ਵਿਦਿਆਰਥੀ ਕਿਸੇ ਨਾ ਕਿਸੇ ਕਲਾਤਮਕ ਗਤੀਵਿਧੀ ਵਿੱਚ ਜਰੂਰ ਹਿੱਸਾ ਲਵੇ। ਸਮਾਗਮ ਵਿੱਚ ‘ਮੰਡੇਰ ਬਰਦਰਜ਼’ ਗਰੁੱਪ ਨੇ ਆਪਣੀ ਲੋਕ ਗਾਇਨ ਸ਼ੈਲੀ ਨਾਲ ਗਾਇਕੀ ਦਾ ਪ੍ਰਦਰਸ਼ਨ ਕਰਦੇ ਹੋਏ ਸਰੋਤਿਆਂ ਨੂੰ ਆਕਰਸ਼ਿਤ ਕੀਤਾ। ਅੱਜ ਦੇ ਦਿਨ ਲੋਕ ਗੀਤ, ਰਚਨਾਤਮਕ ਨਾਚ, ਸੁਗਮ ਸੰਗੀਤ ਅਤੇ ਸਮੂਹ ਗਾਨ (ਭਾਰਤੀ) ਦੇ ਮੁਕਾਬਲੇ ਕਰਵਾਏ ਗਏ। ਇਹ ਮੁਕਾਬਲੇ ਪੀ ਏ ਯੂ ਦੇ ਖੁੱਲ੍ਹੇ ਮੰਚ ’ਤੇ ਕਰਵਾਏ ਗਏ ਸਨ। ਯੂਨੀਵਰਸਿਟੀ ਦੇ ਅਧਿਕਾਰੀਆਂ, ਅਧਿਆਪਕਾਂ, ਵਿਦਿਆਰਥੀਆਂ ਅਤੇ ਕਰਮਚਾਰੀਆਂ ਦੇ ਨਾਲ ਪੀ ਏ ਯੂ ਤੋਂ ਵੀ ਵੱਡੀ ਗਿਣਤੀ ਵਿਚ ਮੋਹਤਬਰ ਸਖ਼ਸ਼ੀਅਤਾਂ ਨੇ ਯੁਵਕ ਮੇਲੇ ਵਿਚ ਸ਼ਿਰਕਤ ਕੀਤੀ। ਡਾ. ਰਾਬਿੰਦਰ ਸਿੰਘ ਔਲਖ, ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਜਾਣਕਾਰੀ ਦਿੱਤੀ ਕਿ ਵੱਡੀ ਗਿਣਤੀ ਵਿਚ ਵਿਦਿਆਰਥੀ ਆਪਣੀ ਕਲਾ ਦਾ ਮੁਜ਼ਾਹਰਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਵਿਭਿੰਨ ਕਮੇਟੀਆਂ ਨੇ ਯੁਵਕ ਮੇਲੇ ਨੂੰ ਸਫ਼ਲ ਬਨਾਉਣ
ਵਿਚ ਦਿਨ ਰਾਤ ਮਿਹਨਤ ਕੀਤੀ ਹੈ। ਡਾ. ਸਰਵਪ੍ਰੀਤ ਸਿੰਘ ਘੁੰਮਣ, ਪ੍ਰਬੰਧਕੀ ਸਕੱਤਰ ਨੇ ਜਾਣਕਾਰੀ ਦਿੱਤੀ ਕਿ ਕੱਲ ਪੀ ਏ ਯੂ ਦੇ ਇਸੇ ਮੰਚ ’ਤੇ ਮਾਈਮ, ਸਕਿਟ, ਇਕਾਂਗੀ ਨਾਟਕ ਅਤੇ ਮਮਿਕਰੀ ਦੇ ਮੁਕਾਬਲੇ ਸਵੇਰੇ 09.00 ਵਜੇ ਤੋ ਸ਼ੁਰੂ ਹੋਣਗੇ। ਡਾ. ਘੁੰਮਣ ਨੇ ਅੱਜ ਹੋਏ ਮੁਕਾਬਲਿਆਂ ਦੇ ਨਤੀਜਿਆਂ ਬਾਰੇ ਦੱਸਿਆ।
ਨਤੀਜੇ
ਲੋਕ ਗੀਤ

1. ਜਸਲੀਨ ਜੌਹਲ, ਖਾਲਸਾ ਕਾਲਜ ਆਫ ਵੈਟਨਰੀ ਐਂਡ ਐਨੀਮਲ ਸਾਇੰਸਜ਼, ਅੰਮ੍ਰਿਤਸਰ
2. ਸੁਨੇਹਾ ਮੰਡਲ, ਕਾਲਜ ਆਫ ਫ਼ਿਸ਼ਰੀਜ਼
3. ਅੰਕੇਸ਼, ਕਾਲਜ ਆਫ ਵੈਟਨਰੀ ਸਾਇੰਸ, ਲੁਧਿਆਣਾ
ਰਚਨਾਤਮਕ ਨਾਚ

1. ਅਨਵੀ ਮਹਾਜਨ, ਖਾਲਸਾ ਕਾਲਜ ਆਫ ਵੈਟਨਰੀ ਐਂਡ ਐਨੀਮਲ ਸਾਇੰਸਜ਼, ਅੰਮ੍ਰਿਤਸਰ
2. ਏਕਮਜੋਤ ਕੌਰ, ਕਾਲਜ ਆਫ ਵੈਟਨਰੀ ਸਾਇੰਸ, ਰਾਮਪੁਰਾ ਫੂਲ
3. ਸਾਨਵੀ ਭਾਟੀਆ, ਖਾਲਸਾ ਕਾਲਜ ਆਫ ਵੈਟਨਰੀ ਐਂਡ ਐਨੀਮਲ ਸਾਇੰਸਜ਼, ਅੰਮ੍ਰਿਤਸਰ
3. (ਬਰੈਕਟਿਡ) ਕਸ਼ਿਸ਼ ਪਵਾਰ, ਕਾਲਜ ਆਫ ਵੈਟਨਰੀ ਸਾਇੰਸ, ਲੁਧਿਆਣਾ
Share this content:



Post Comment