ਵੇਰਕਾ ਮੈਂਗੋ ਲੱਸੀ ਦੇ ਇਸ਼ਤਿਹਾਰ ‘ਤੇ ਮੱਚਿਆ ਹੰਗਾਮਾ
ਚੰਡੀਗੜ੍ਹ, 11 ਜੂਨ – ਪੰਜਾਬ ਸਰਕਾਰ ਦੇ ਡੇਅਰੀ ਬ੍ਰਾਂਡ ਵੇਰਕਾ ਨੇ ਆਪਣੇ ਸਾਰੇ ਸੋਸ਼ਲ ਮੀਡੀਆ ਖਾਤਿਆਂ ਤੋਂ ਉਸ ਇਸ਼ਤਿਹਾਰ ਨੂੰ ਹਟਾ ਲਿਆ ਹੈ, ਜਿਸ ਵਿੱਚ ‘ਹਾਊ ਟੂ ਕਿਡਨੈਪ ਮੀ?’ (ਮੈਨੂੰ ਕਿਵੇਂ ਅਗਵਾ ਕਰਨਾ ਹੈ?) ਸ਼ਬਦਾਂ ਦੀ ਵਰਤੋਂ ਕੀਤੀ ਗਈ ਸੀ। ਦੱਸ ਦਈਏ ਕਿ ਇਹ ਇਸ਼ਤਿਹਾਰ ਵੇਰਕਾ ਵੱਲੋਂ ਮੈਂਗੋ ਲੱਸੀ ਦੀ ਵਿਕਰੀ ਨੂੰ ਉਤਸ਼ਾਹਤ ਕਰਨ ਲਈ ਸੀ, ਪਰ ਇਸ ਦੇ ਸਿਰਲੇਖ ਨੇ ਵਿਵਾਦ ਖੜਾ ਕਰ ਦਿੱਤਾ, ਜਿਸ ਦਾ ਲੋਕਾਂ ਵੱਲੋਂ ਤਿੱਖੀ ਆਲੋਚਨਾ ਕੀਤੀ ਗਈ, ਜਿਸ ਕਾਰਨ ਕੰਪਨੀ ਨੇ ਇਸ ਨੂੰ ਵਾਪਸ ਲੈ ਲਿਆ।
ਵੇਰਕਾ ਵੱਲੋਂ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਸੀ ਰੀਲ
ਵੇਰਕਾ ਖਪਤਕਾਰਾਂ ਨੇ ਇਸ਼ਤਿਹਾਰ ‘ਤੇ ਜਤਾਇਆ ਇਤਰਾਜ਼
ਸੋਮਵਾਰ ਨੂੰ ਕਈ ਵੇਰਕਾ ਖਪਤਕਾਰਾਂ ਨੇ ਸੋਸ਼ਲ ਮੀਡੀਆ ਰਾਹੀਂ ਇਸ ਰੀਲ ਨੂੰ ਤੁਰੰਤ ਹਟਾਉਣ ਦੀ ਮੰਗ ਕੀਤੀ। ਚੰਡੀਗੜ੍ਹ ਦੀ ਰਹਿਣ ਵਾਲੀ ਸਿਮਰਨ ਨੇ ਕਿਹਾ ਕਿ ਇੱਕ ਸਰਕਾਰੀ ਮਾਲਕੀ ਵਾਲੇ ਬ੍ਰਾਂਡ ਵੱਲੋਂ ਇੱਕ ਨੌਜਵਾਨ ਕੁੜੀ ਨੂੰ ਇਸ ਤਰ੍ਹਾਂ ਦੀ ਪ੍ਰਚਾਰ ਸਮੱਗਰੀ ਵਿੱਚ ਵਰਤਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ ਅਤੇ ਅਜਿਹੀਆਂ ਪੋਸਟਾਂ ਲਈ ਢੁੱਕਵੇਂ ਨਿਯੰਤਰਣ ਹੋਣੇ ਚਾਹੀਦੇ ਹਨ।
ਮੈਂਗੋ ਲੱਸੀ ਵਿਵਾਦ ‘ਤੇ ਮਿਲਕਫੈਡ ਦਾ ਕੀ ਹੈ ਕਹਿਣਾ ?
ਇਸ ਮਾਮਲੇ ‘ਤੇ ਮਿਲਕਫੈੱਡ (MILKFED) ਦੇ ਮੈਨੇਜਿੰਗ ਡਾਇਰੈਕਟਰ ਰਾਹੁਲ ਗੁਪਤਾ ਨੇ ਕਿਹਾ ਕਿ ਉਹ ਇਸ ਰੀਲ ਬਾਰੇ ਪਹਿਲਾਂ ਜਾਣੂ ਨਹੀਂ ਸਨ, ਪਰ ਉਨ੍ਹਾਂ ਨੇ ਮੰਨਿਆ ਕਿ ਇਹ ਪੂਰੀ ਤਰ੍ਹਾਂ ਅਣਉਚਿਤ ਸੀ। ਉਨ੍ਹਾਂ ਦੱਸਿਆ ਕਿ ਪ੍ਰਚਾਰ ਮੁਹਿੰਮਾਂ ਇੱਕ ਬਾਹਰੀ ਏਜੰਸੀ ਨੂੰ ਸੌਂਪੀਆਂ ਗਈਆਂ ਹਨ, ਪਰ ਇਸ ਤਰ੍ਹਾਂ ਦੀ ਸਮੱਗਰੀ ਕਿਸੇ ਵੀ ਹਾਲਤ ਵਿੱਚ ਕਬੂਲਯੋਗ ਨਹੀਂ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਇਸ ਸਬੰਧੀ ਲੋੜੀਂਦੇ ਸੁਧਾਰਾਤਮਕ ਕਦਮ ਚੁੱਕੇ ਜਾਣਗੇ ਤਾਂ ਜੋ ਭਵਿੱਖ ਵਿੱਚ ਅਜਿਹੀ ਘਟਨਾ ਦੁਬਾਰਾ ਨਾ ਵਾਪਰੇ। ਇੱਕ ਸੀਨੀਅਰ ਮਿਲਕਫੈੱਡ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਵਿਵਾਦਿਤ ਰੀਲ ਹਟਾ ਦਿੱਤੀ ਗਈ ਹੈ ਅਤੇ ਜ਼ਿੰਮੇਵਾਰ ਏਜੰਸੀ ਨੂੰ ਚੇਤਾਵਨੀ ਪੱਤਰ ਜਾਰੀ ਕੀਤਾ ਗਿਆ ਹੈ।
Share this content:



Post Comment