Loading Now

ਵੇਦ ਪੜ੍ਹੋ, ਇੰਜੀਨੀਅਰ ਬਣੋ!

ਵੇਦ ਪੜ੍ਹੋ, ਇੰਜੀਨੀਅਰ ਬਣੋ!

ਆਲ ਇੰਡੀਆ ਕਾਉਸਿਲ ਫਾਰ ਟੈਕਨੀਕਲ ਐਜ਼ੂਕੇਸ਼ਨ (ਏ ਆਈ ਸੀ ਟੀ ਈ) ਨੇ ਆਪਣੇ ਸਾਰੇ ਮਾਨਤਾ ਪ੍ਰਾਪਤ ਕਾਲਜਾਂ ਨੂੰ ਕਿਹਾ ਹੈ ਕਿ ਉਹ ਵੈਦਿਕ ਸਿੱਖਿਆ ਪ੍ਰਣਾਲੀ ਦੇ ਵਿਦਿਆਰਥੀਆਂ ਨੂੰ ਇੰਜੀਨੀਅਰਿੰਗ ਵਿੱਚ ਦਾਖਲੇ ਲਈ ਨਿਯਮਤ ਸਕੂਲ ਬੋਰਡ ਦੇ ਵਿਦਿਆਰਥੀਆਂ ਦੇ ਬਰਾਬਰ ਮੰਨਣ। ਇਸ ਨਿਰਦੇਸ਼ ਨੂੰ ਭਾਰਤ ਨੂੰ ਵਿਸ਼ਵ ਗੁਰੂ ਬਣਾਉਣ ਲੱਗੀ ਮੋਦੀ ਸਰਕਾਰ ਦੀ ਇੱਕ ਨਵੀਂ ਪਹਿਲ ਕਹਿ ਕੇ ਪ੍ਰਚਾਰਤ ਕੀਤਾ ਜਾ ਰਿਹਾ ਹੈ। ਏ ਆਈ ਸੀ ਟੀ ਈ ਨੇ ਤਕਨੀਕੀ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ, ਰਾਜ ਸਰਕਾਰਾਂ ਤੇ ਆਪਣੇ ਕਰੀਬ 9 ਹਜ਼ਾਰ ਮਨਜ਼ੂਰਸ਼ੁਦਾ ਅਦਾਰਿਆਂ ਨੂੰ ਪੱਤਰ ਲਿਖ ਕੇ ਨਿਰਦੇਸ਼ ਦਿੱਤਾ ਹੈ ਕਿ ਮਹਾਂਰਿਸ਼ੀ ਸਾਂਦੀਪਨੀ ਰਾਸ਼ਟਰੀ ਵੇਦ ਸੰਸਕ੍ਰਿਤੀ ਸ਼ਿਕਸ਼ਾ ਬੋਰਡ (ਐੱਮ ਐੱਸ ਆਰ ਵੀ ਐੱਸ ਐੱਸ ਬੀ) ਦੇ ਵੇਦ ਭੂਸ਼ਣ ਤੇ ਵੇਦ ਵਿਭੂਸ਼ਣ ਸਰਟੀਫਿਕੇਟਾਂ ਨੂੰ ਕ੍ਰਮਵਾਰ ਦਸਵੀਂ ਤੇ ਬਾਰ੍ਹਵੀਂ ਜਮਾਤ ਦੇ ਬਰਾਬਰ ਮੰਨਿਆ ਜਾਵੇ।

ਏ ਆਈ ਸੀ ਟੀ ਈ ਦੇ ਸਲਾਹਕਾਰ ਐੱਨ ਐੱਚ ਸਿੱਧਾਲਿੰਗਾ ਸਵਾਮੀ ਨੇ ਕਿਹਾ ਹੈ ਕਿ ਐਸੋਸੀਏਸ਼ਨ ਆਫ ਇੰਡੀਅਨ ਯੂਨੀਵਰਸਿਟੀਜ਼ (ਏ ਆਈ ਯੂ) ਪਹਿਲਾਂ ਹੀ ਐੱਮ ਐੱਸ ਆਰ ਵੀ ਐੱਸ ਐੱਸ ਬੀ ਦੀ ਦਸਵੀਂ ਤੇ ਬਾਰ੍ਹਵੀਂ ਦੀ ਯੋਗਤਾ ਨੂੰ ਬੋਰਡਾਂ ਦੇ ਬਰਾਬਰ ਮੰਨ ਚੁੱਕੀ ਹੈ। ਸਿੱਖਿਆ ਮੰਤਰਾਲੇ ਨੇ ਵੀ ਐੱਮ ਐੱਸ ਆਰ ਵੀ ਐੱਸ ਐੱਸ ਬੀ ਨੂੰ ਇੱਕ ਨਿਯਮਤ ਸਕੂਲ ਬੋਰਡ ਵਜੋਂ ਮਾਨਤਾ ਦਿੱਤੀ ਹੈ ਅਤੇ ਇਸ ਦੇ ਸਰਟੀਫਿਕੇਟਾਂ ਨੂੰ ਉੱਚ ਸਿੱਖਿਆ ਤੇ ਸਰਕਾਰੀ ਨੌਕਰੀਆਂ ਵਿੱਚ ਦਾਖਲੇ ਲਈ ਵੈਧ ਦੱਸਿਆ ਹੈ।

ਐੱਮ ਐੱਸ ਆਰ ਵੀ ਐੱਸ ਐੱਸ ਬੀ ਦੇ ਤਾਜ਼ਾ ਨਿਰਦੇਸ਼ ਨਾਲ ਤਮਾਮ ਸਿੱਖਿਆ ਸ਼ਾਸਤਰੀ ਸਹਿਮਤ ਨਹੀਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਵੈਦਿਕ ਸਿੱਖਿਆ ਪ੍ਰਣਾਲੀ ਵਿੱਚ ਪ੍ਰਾਚੀਨ ਗ੍ਰੰਥਾਂ ਨੂੰ ਕੰਠ ਕਰਨ ’ਤੇ ਵਧੇਰੇ ਜ਼ੋਰ ਹੁੰਦਾ ਹੈ, ਜਦਕਿ ਆਧੁਨਿਕ ਸਿੱਖਿਆ ਵਿੱਚ ਵਿਚਾਰਕ ਸਮਝ ਨੂੰ ਤਰਜੀਹ ਦਿੱਤੀ ਜਾਂਦੀ ਹੈ। ਉੱਤਰਾਖੰਡ ਤਕਨੀਕੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਓਂਕਾਰ ਸਿੰਘ ਦਾ ਕਹਿਣਾ ਹੈ ਕਿ ਵਿਗਿਆਨ ਵਿਸ਼ਿਆਂ ਦੀ ਮਜ਼ਬੂਤ ਬੁਨਿਆਦ ਤੋਂ ਬਿਨਾਂ ਵਿਦਿਆਰਥੀਆਂ ਨੂੰ ਇੰਜੀਨੀਅਰਿੰਗ ਦੀ ਪੜ੍ਹਾਈ ਵਿੱਚ ਮੁਸ਼ਕਲ ਹੋ ਸਕਦੀ ਹੈ। ਇਸ ਨਾਲ ਤਕਨੀਕੀ ਸਿੱਖਿਆ ਦਾ ਸਟੈਂਡਰਡ ਵੀ ਘਟੇਗਾ। ਹਰ ਸਾਲ ਇੰਜੀਨੀਅਰਿੰਗ ਕਾਲਜਾਂ ਵਿੱਚ 30-40 ਫੀਸਦੀ ਸੀਟਾਂ ਖਾਲੀ ਰਹਿੰਦੀਆਂ ਹਨ, ਇਸ ਲਈ ਕਈ ਅਦਾਰੇ ਵੈਦਿਕ ਬੋਰਡ ਦੇ ਵਿਦਿਆਰਥੀਆਂ ਨੂੰ ਦਾਖਲਾ ਦੇਣਾ ਸ਼ੁਰੂ ਕਰ ਸਕਦੇ ਹਨ।

Share this content:

Post Comment