ਵਿਸਾਖੀ ਦਾ ਮੇਲਾ/ਐਡਵੋਕੇਟ ਦਰਸ਼ਨ ਸਿੰਘ ਰਿਆੜ
ਮੇਲਿਆਂ ਤੇ ਤਿਉਹਾਰਾਂ ਨਾਲ ਭਰਪੂਰ ਦੇਸ਼ ਭਾਰਤ ਵਿੱਚ ਵੰਨ ਸੁਵੰਨੇ ਮੇਲੇ ਲੱਗਦੇ ਹਨ ਤੇ ਤਿਉਹਾਰ ਮਨਾਏ ਜਾਂਦੇ ਹਨ। ਕੁਝ ਮੇਲੇ ਤੇ ਤਿਉਹਾਰ ਧਾਰਮਿਕ ਹੁੰਦੇ ਨੇ ਤੇ ਕੁਝ ਸਮਾਜਿਕ!ਕੁਝ ਮਹਾਨ ਵਿਅਕਤੀਆਂ ਤੇ ਖ਼ਾਸ ਹੈਸੀਅਤ ਵਾਲੇ ਲੋਕਾਂ ਨਾਲ ਵੀ ਜੁੜੇ ਹੁੰਦੇ ਹਨ।ਰੁੱਤਾਂ ਤੇ ਮੌਸਮਾਂ ਦੇ ਨਾਲ ਜੁੜੇ ਮੇਲਿਆਂ ਦਾ ਤਾਂ ਆਪਣਾ ਹੀ ਅਨੰਦ ਹੈ।ਵਿਸਾਖੀ, ਇੱਕ ਅਜਿਹਾ ਤਿਉਹਾਰ ਹੈ ਜਿਹੜਾ ਮੁੱਖ ਤੌਰ ਤੇ ਤਾਂ ਰੁੱਤ ਦੀ ਤਬਦੀਲੀ ਦਾ ਸੰਕੇਤ ਕਰਦਾ ਹੈ।ਪਰ ਇਹ ਧਾਰਮਿਕ ਮਹੱਤਵ ਪ੍ਰਾਪਤ ਕਰਨ ਦੇ ਨਾਲ ਨਾਲ ਇਨਕਲਾਬੀ ਤੇ ਕ੍ਰਾਂਤੀਕਾਰੀ ਵੀ ਬਣ ਗਿਆ ਹੈ। ਉੱਤਰੀ ਭਾਰਤ ਤੇ ਖ਼ਾਸ ਕਰਕੇ ਪੰਜਾਬ ਵਿੱਚ ਤਾਂ ਇਸ ਨੂੰ ਬਹੁਤ ਮਾਣਮੱਤਾ ਸਥਾਨ ਹਾਸਲ ਹੈ।ਅੰਗਰੇਜ਼ੀ ਮਹੀਨਿਆਂ ਵਾਂਗ ਹੀ ਸਾਡੇ ਦੇਸ਼ ਵਿੱਚ ਪੰਜਾਬੀ ਮਹੀਨਿਆਂ ਦਾ ਵੀ ਬਰਾਬਰ ਹੀ ਮਹੱਤਵ ਹੈ।ਅੰਗਰੇਜ਼ੀ ਸਾਲ ਦੇ ਜਨਵਰੀ ਵਿੱਚ ਸ਼ੁਰੂ ਹੋਣ ਵਾਂਗ ਦੇਸੀ ਚੇਤਰ ਦੇ ਮਹੀਨੇ ਤੋਂ ਸ਼ੁਰੂ ਹੁੰਦਾ ਹੈ।
ਅੰਗਰੇਜ਼ੀ ਮਹੀਨਾ ਅੱਧਾ ਕੁ ਬੀਤ ਚੁੱਕਾ ਹੁੰਦਾ ਹੈ ਜਦੋਂ ਦੇਸੀ ਮਹੀਨਾ ਸ਼ੁਰੂ ਹੁੰਦਾ ਹੈ।ਇੰਜ ਦੇਸੀ ਸਾਲ ਦੀ ਸ਼ੁਰੂਆਤ ਮਾਰਚ ਮਹੀਨੇ ਦੇ ਅੱਧ ਕੁ ਵਿੱਚ ਸ਼ੁਰੂ ਹੁੰਦੀ ਹੈ।ਵਿਸਾਖ ਦੇਸੀ ਮਹੀਨਿਆਂ ਵਿੱਚ ਦੂਸਰੇ ਸਥਾਨ ਤੇ ਆਉਂਦਾ ਹੈ ਤੇ ਇਸ ਦੀ ਸੰਗਰਾਂਦ,ਭਾਵ ਪਹਿਲਾ ਦਿਨ ਵਿਸਾਖੀ ਦੇ ਤੌਰ ਤੇ ਮਨਾਇਆ ਜਾਂਦਾ ਹੈ। ਸਾਡੇ ਪੁਰਖਿਆਂ ਦੁਆਰਾ ਮਹੀਨਿਆਂ ਤੇ ਤਿਉਹਾਰਾਂ ਦੀ ਵੰਡ ਤੇ ਨਾਮਕਰਨ ਆਪਣੀ ਬੁੱਧੀ ਅਨੁਸਾਰ ਤੇ ਸਹੂਲਤਾਂ ਅਨੁਸਾਰ ਕੀਤੀ ਹੋਵੇਗੀ।ਮਕਸਦ ਇਹਨਾਂ ਸਮਿਆਂ ਤੇ ਜ਼ਰੂਰੀ ਇਕੱਠ ਤਾਂ ਹੀ ਸੰਭਵ ਸਨ ਜੇ ਲੋਕਾਂ ਕੋਲ ਸਮਾਂ ਤੇ ਵਿਹਲ ਹੋਵੇ! ਪੁਰਾਤਨ ਸਮੇਂ ਤੋਂ ਹੀ ਸਾਡੇ ਦੇਸ਼ ਦੇ ਲੋਕਾਂ ਦਾ ਮੁੱਖ ਕਿੱਤਾ ਵੀ ਖੇਤੀਬਾੜੀ ਹੀ ਰਿਹਾ ਹੈ।ਹੁਣ ਤਾਂ ਖੇਤੀ ਆਧੁਨਿਕ ਤਕਨੀਕਾਂ ਤੇ ਸੰਦਾਂ ਨਾਲ ਹੁੰਦੀ ਹੈ ਪਰ ਪੁਰਾਤਨ ਖੇਤੀ ਕੇਵਲ ਕੁਦਰਤ ਤੇ ਹੀ ਨਿਰਭਰ ਹੁੰਦੀ ਸੀ ਤੇ ਪਸ਼ੂਆਂ ਦੀ ਸਹਾਇਤਾ ਨਾਲ ਮਨੁੱਖ ਖ਼ੁਦ ਉਸ ਨੂੰ ਸਿਰੇ ਚਾੜ ਦਾ ਹੁੰਦਾ ਸੀ।
ਜ਼ਮੀਨ ਤਾਂ ਭਾਵੇਂ ਉਪਜਾਊ ਸੀ ਪਰ ਸਿੰਚਾਈ ਦੇ ਸਾਧਨ ਨਾਮ ਮਾਤਰ ਹੀ ਹੁੰਦੇ ਸਨ ਤੇ ਅਕਸਰ ਇੱਕ ਖੇਤ ਵਿੱਚੋਂ ਸਾਲ ਭਰ ਵਿੱਚ ਇਕ ਹੀ ਫ਼ਸਲ ਲਈ ਜਾ ਸਕਦੀ ਸੀ।ਇੰਜ ਫ਼ਸਲਾਂ ਜਲਦੀ ਪੱਕ ਜਾਂਦੀਆਂ ਤੇ ਸਾਂਭ ਵੀ ਲਈਆਂ ਜਾਂਦੀਆਂ ਸਨ।ਉਦੋਂ ਫ਼ਸਲਾਂ ਖਾਦਾਂ ਤੋਂ ਬਿਨਾਂ ਹੀ ਦੇਸੀ ਰੂੜੀ ਵਗ਼ੈਰਾ ਪਾ ਕੇ ਹੀ ਬੀਜੀਆਂ ਜਾਂਦੀਆਂ ਸਨ ਤੇ ਹੁਣ ਦੇ ਮੁਕਾਬਲੇ ਪੈਦਾਵਾਰ ਬਹੁਤ ਘੱਟ ਹੁੰਦੀ ਸੀ।ਉਦੋਂ ਅਬਾਦੀ ਵੀ ਸੀਮਤ ਸੀ ਤੇ ਲੋਕਾਂ ਦੀਆਂ ਲੋੜਾਂ ਵੀ ਬਹੁਤ ਸੀਮਿਤ ਸਨ।ਵਿਸਾਖੀ ਦਾ ਤਿਉਹਾਰ ਆਉਣ ਤੋਂ ਪਹਿਲਾਂ ਹੀ ਲੋਕ ਹਾੜੀ ਦੀ ਫ਼ਸਲ ਵੱਢ ਗਾਹ ਕੇ ਸਾਂਭ ਲੈਂਦੇ ਹੁੰਦੇ ਸਨ ਤੇ ਮੇਲੇ ਦਾ ਅਨੰਦ ਮਾਣਨ ਲਈ ਤਿਆਰ ਹੋ ਚੁੱਕੇ ਹੁੰਦੇ ਸਨ। ਏਸੇ ਲਈ ਹੀ ” ਪੰਜਾਬ ਦੇ ਵਰਡਜਵਰਥ”,ਕਵੀ ਧਨੀ ਰਾਮ ਚਾਤ੍ਰਿਕ ਨੇ ਵਿਸਾਖੀ ਦੇ ਮੇਲੇ ਦਾ ਚਿਤਰਨ ਬੜੇ ਸ਼ਾਨਦਾਰ ਢੰਗ ਨਾਲ ਕੀਤਾ ਹੈ:- ਤੂੜੀ ਤੰਦ ਸਾਂਭ,ਹਾੜੀ ਵੇਚ ਵੱਟ ਕੇ, ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ, ਚਾਦਰ ਤੇ ਝੱਗਾ ਨਵਾਂ ਸਿਵਾ ਕੇ, ਸੰਮਾਂ ਵਾਲੀ ਡਾਂਗ ਉੱਤੇ ਤੇਲ ਲਾ ਕੇ, ਕੱਛੇ ਮਾਰ ਵੰਝਲੀ ਅਨੰਦ ਛਾ ਗਿਆ, ਮਾਰਦਾ ਦਮਾਮੇ ਜੱਟ ਮੇਲੇ ਆ ਗਿਆ…….! ਹੁਣ ਤਾਂ ਸਿੰਚਾਈ ਦੀਆਂ ਸਹੂਲਤਾਂ ਬਹੁਤ ਜ਼ਿਆਦਾ ਹਨ,ਤਕਨੀਕਾਂ ਤੇ ਸੰਦਾਂ ਦਾ ਵੀ ਮੇਚ ਬੰਨਾ ਨਹੀਂ ਰਿਹਾ।
ਰਸਾਇਣਿਕ ਖਾਦਾਂ ਤੇ ਦਵਾਈਆਂ ਦੀ ਵੀ ਬਹੁਤਾਤ ਹੈ, ਅਬਾਦੀ ਵੀ ਬਹੁਤ ਜ਼ਿਆਦਾ ਹੈ ਤੇ ਵਧਦੀ ਅਬਾਦੀ ਦਾ ਢਿੱਡ ਭਰਨ ਲਈ ਜ਼ਿਆਦਾ ਝਾੜ ਵਾਲੀਆਂ ਫ਼ਸਲਾਂ ਪੈਦਾ ਕਰਨਾ ਮਨੁੱਖ ਦੀ ਮਜਬੂਰੀ ਬਣ ਗਈ ਹੈ।ਮਨੁੱਖ ਬਹੁਤ ਵਿਕਸਤ ਹੋ ਗਿਆ ਹੈ।ਸੁਪਨੇ ਵੇਖਣ ਤੇ ਪੂਰੇ ਕਰਨ ਵਿੱਚ ਲਗਾਤਾਰ ਮਸਰੂਫ਼ ਹੈ।ਮਨੁੱਖ ਨੇ ਸਹੂਲਤਾਂ ਤਾਂ ਬਹੁਤ ਪੈਦਾ ਕਰ ਲਈਆਂ ਹਨ। ਫ਼ਸਲਾਂ ਦੇ ਝਾੜ ਵੀ ਬਹੁਤ ਵਧਾ ਲਏ ਹਨ ਪਰ ਆਪਣਾ ਵਾਤਾਵਰਣ ਤੇ ਆਲਾ ਦੁਆਲਾ ਰੱਜ ਕੇ ਪ੍ਰਦੂਸ਼ਿਤ ਕਰ ਲਿਆ ਹੈ।ਨਾਂ ਤਾਂ ਹੁਣ ਪੀਣ ਵਾਲਾ ਸ਼ੁੱਧ ਕੁਦਰਤੀ ਪਾਣੀ ਨਸੀਬ ਹੁੰਦਾ ਹੈ ਤੇ ਨਾ ਹੀ ਖਾਣ ਵਾਲੀਆਂ ਚੀਜ਼ਾਂ ਵਸਤਾਂ।ਹਰ ਚੀਜ਼ ਸ਼ੁੱਧ ਕਰਨ ਲਈ ਤਕਨੀਕੀ ਸੰਦ ਵਰਤਣੇ ਪੈ ਰਹੇ ਹਨ।ਇਹ ਸਭ ਕਿਸੇ ਨਾ ਕਿਸੇ ਰੂਪ ਵਿੱਚ ਹੋਰ ਅਸ਼ੁੱਧੀਆਂ ਸਾਡੀ ਧਰਤੀ ਤੇ ਵਾਯੂ-ਮੰਡਲ ਵਿਚ ਧਕੇਲ ਰਹੇ ਹਨ।ਮਨੁੱਖ ਬਹੁਤ ਲਾਲਚੀ ਹੋ ਗਿਆ ਹੈ।ਆਪਣੀ ਹੀ ਸਿਹਤ ਨਾਲ ਰੱਜ ਕੇ ਖਿਲਵਾੜ ਕਰ ਰਿਹਾ ਹੈ।
ਅੱਗਾ ਦੌੜ ਤੇ ਪਿੱਛਾ ਚੌੜ ਹੋ ਰਿਹਾ ਹੈ।ਮਨੁੱਖੀ ਸਰੀਰ ਬਿਮਾਰੀਆਂ ਦੇ ਘੇਰੇ ਵਿੱਚ ਫਸਦੇ ਜਾ ਰਹੇ ਹਨ।ਅਜਿਹੇ ਵਿਕਾਸ ਦਾ ਕੀ ਲਾਭ ਜਿਸ ਨਾਲ ਕੀਮਤੀ ਜ਼ਿੰਦਗੀ ਦਾ ਸਮੇਂ ਤੋਂ ਪਹਿਲਾਂ ਹੀ ਨਾਸ ਹੋ ਜਾਵੇ?ਸਾਡੇ ਧਾਰਮਿਕ ਗ੍ਰੰਥ ਤੇ ਰਹਿਬਰ ਸਾਨੂੰ ਸਦਾ ਉਪਦੇਸ਼ ਦਿੰਦੇ ਹਨ ਕਿ ਕਾਮ,ਕ੍ਰੋਧ,ਲੋਭ,ਮੋਹ ਤੇ ਹੰਕਾਰ ਪੰਜ ਕੁਰੀਤੀਆਂ ਤੋਂ ਬਚ ਕੇ ਰਹੋ ਪਰ ਇਹ ਪੰਜੇ ਕੁਰੀਤੀਆਂ ਹੀ ਮਨੁੱਖ ਮਾਤਰ ਦੀ ਬੁੱਧੀ ਭ੍ਰਿਸ਼ਟ ਕਰ ਰਹੀਆਂ ਹਨ।ਸਾਡੀਆਂ ਅਦਾਲਤਾਂ ਕਾਮ,ਕ੍ਰੋਧ,ਲੋਭ,ਮੋਹ ਤੇ ਹੰਕਾਰ ਤੋਂ ਉਪਜੇ ਮੁਕੱਦਮਿਆਂ ਨਾਲ ਭਰਪੂਰ ਹਨ।ਭਾਵੇਂ ਆਮ ਲੋਕ ਬਹੁਤ ਦੁਖੀ ਹਨ ਤੇ ਦੋਸ਼ੀ ਪ੍ਰਵਿਰਤੀ ਵਾਲੇ ਲੋਕ ਆਦੀ ਬਣਦੇ ਜਾ ਰਹੇ ਹਨ।ਕਈ ਲੋਕ ਤਾਂ ਜੁਰਮ ਕਰਨ ਵਿੱਚ ਮਾਣ ਮਹਿਸੂਸ ਕਰਦੇ ਹਨ। ਲਾਲਚ ਨੇ ਹਰ ਪੱਧਰ ਤੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਕਰ ਦਿੱਤਾ ਹੈ।ਅਜਿਹੇ ਲੋਕ ਤਾਂ ਇਹ ਸਮਝਦੇ ਹਨ ਜਿਵੇਂ ਦੁਨੀਆ ਉਹਨਾਂ ਦਾ ਪੱਕਾ ਰੈਣ-ਬਸੇਰਾ ਹੋਵੇ? ਮਨੁੱਖ ਬ੍ਰਹਿਮੰਡ ਦਾ ਸਭ ਤੋਂ ਉੱਤਮ ਤੇ ਬੁੱਧੀਮਾਨ ਜੀਵ ਹੈ।ਇਸ ਨੂੰ ਪੂਰਾ ਗਿਆਨ ਵੀ ਹੈ ਕਿ ਸੀਮਿਤ ਜਿਹੀ ਜ਼ਿੰਦਗੀ ਪਿਆਰ ਮੁਹੱਬਤ ਨਾਲ ਹੀ ਵਧੀਆ ਤਰੀਕੇ ਨਾਲ ਬਿਤਾਈ ਜਾ ਸਕਦੀ ਹੈ।
ਫਿਰ ਵੀ ਲਾਲਚ,ਲਾਲਸਾ ਤੇ ਹੰਕਾਰ ਭਰਪੂਰ ਹੋ ਕੇ ਇਸ ਨੇ ਊਚ-ਨੀਚ,ਜਾਤਾਂ ਵਰਗਾਂ ਤੇ ਧਰਮਾਂ ਦੇ ਭੇਦਭਾਵ ਪੈਦਾ ਕਰਕੇ ਮਨੁੱਖਤਾ ਵਿੱਚ ਵੰਡੀਆਂ ਪਾ ਛੱਡੀਆਂ ਹਨ।ਸਦੀਆਂ ਤੋਂ ਇਹ ਵਰਤਾਰਾ ਇੰਜ ਹੀ ਚੱਲਦਾ ਆ ਰਿਹਾ ਹੈ।ਅਮੀਰੀ ਗ਼ਰੀਬੀ ਦਾ ਬਹੁਤ ਵੱਡਾ ਪਾੜਾ ਹੈ।ਪੰਜ ਛੇ ਸੌ ਸਾਲ ਪਹਿਲਾਂ ਤਾਂ ਹਾਲਤ ਹੋਰ ਵੀ ਦਰਦਨਾਕ ਸਨ।ਉਸ ਸਮੇਂ ਸੰਨ 1469 ਈਸਵੀ ਵਿੱਚ ਰਾਇ ਭੋਇ ਦੀ ਤਲਵੰਡੀ,ਨਨਕਾਣਾ ਸਾਹਿਬ ਵਿਖੇ,ਜੋ ਅੱਜਕੱਲ੍ਹ ਪਾਕਿਸਤਾਨ ਵਿੱਚ ਹੈ,ਵਿਸਾਖ ਦੇ ਮਹੀਨੇ ਵਿੱਚ ਹੀ ਮਹਿਤਾ ਕਾਲੂ ਜੀ ਦੇ ਘਰ ਇੱਕ ਵਚਿੱਤਰ ਬਾਲਕ ਨੇ ਜਨਮ ਲਿਆ ਸੀ। ਉਹ ਮਹਾਨ ਸ਼ਖ਼ਸੀਅਤ ਗੁਰੂ ਨਾਨਕ ਦੇਵ ਜੀ ਵਜੋਂ ਜਗਤ ਗੁਰੂ ਵੀ ਜਾਣੇ ਜਾਣ ਲੱਗੇ ਤੇ ਸਿੱਖ ਧਰਮ ਦੇ ਬਾਨੀ ਵੀ।ਉਸ ਮਹਾਨ ਆਤਮਾ ਨੇ ਮਨੁੱਖਤਾ ਨੂੰ ਬਹੁਤ ਝੰਜੋੜਿਆ।ਵਹਿਮਾਂ-ਭਰਮਾਂ ਤੇ ਪਖੰਡਾਂ ਦੇ ਵਿਰੁੱਧ ਅਵਾਜ਼ ਉਠਾਈ।ਗ਼ਰੀਬਾਂ ਦਾ ਸਾਥ ਦੇ ਕੇ ਉਹਨਾਂ ਨੂੰ ਇਨਕਲਾਬੀ ਸੂਝਬੂਝ ਵੱਲ ਪ੍ਰੇਰਿਆ।ਬਾਬਰ ਵਰਗੇ ਉਸ ਸਮੇਂ ਦੇ ਜਾਬਰ ਹਾਕਮਾਂ ਨੂੰ ਵੀ ਹਲੂਣਿਆ ਤੇ ਸਮਾਜਵਾਦ ਦੀ ਅਵਾਜ਼ ਦੇ ਕੇ ਭੁੱਖੇ ਸਾਧੂਆਂ ਨੂੰ ਸੱਚੇ ਸੌਦੇ ਲਈ ਦਿੱਤੀ ਰਾਸ਼ੀ ਵਿੱਚੋਂ ਲੰਗਰ ਛਕਾ ਕੇ ਵੰਡ ਛਕਣ ਦੀ ਲੀਹ ਪਾਈ।ਦੇਸ਼ਾਂ ਵਿਦੇਸ਼ਾਂ ਵਿੱਚ ਆਪਣੇ ਸਾਥੀ ਮਰਦਾਨੇ ਨਾਲ ਯਾਤਰਾਵਾਂ ਕਰਕੇ ਲੋਕਾਂ ਨੂੰ ਸਿੱਧੇ ਰਾਹ ਪਾਉਣ ਦੇ ਅਣਥੱਕ ਯਤਨ ਕੀਤੇ।
ਉਹਨਾਂ ਤੋਂ ਉਪਰੰਤ ਬਾਕੀ ਨੌਂ ਸਿੱਖ ਗੁਰੂਆਂ ਨੇ ਵੀ ਮਨੁੱਖਤਾ ਦੇ ਸੁਧਾਰ ਲਈ ਮੀਲ ਪੱਥਰ ਕਾਇਮ ਕੀਤੇ। ਦਸਵੇਂ ਗੁਰੂ ਤੱਕ ਪਹੁੰਚਦੇ ਪਹੁੰਚਦੇ ਸਰਕਾਰੀ ਵਧੀਕੀਆਂ ਦਾ ਬਹੁਤ ਵਾਰ ਸਾਹਮਣਾ ਹੋਇਆ।ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਤੇ ਬੈਠ ਕੇ ਸ਼ਹੀਦ ਹੋਣਾ ਪਿਆ ਜਿਨ੍ਹਾਂ ਨੂੰ ਸ਼ਹੀਦਾਂ ਦੇ ਸਿਰਤਾਜ ਕਿਹਾ ਜਾਂਦਾ ਹੈ।ਨੌਵੇਂ ਗੁਰੂ ਤੇਗ਼ ਬਹਾਦਰ ਜੀ ਨੂੰ ਵੀ ਦੇਸ਼ ਦੀ ਰਾਜਧਾਨੀ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਬਲੀਦਾਨ ਦੇਣਾ ਪਿਆ।ਉਸ ਸਮੇਂ ਦੀ ਮੁਗ਼ਲ ਹਕੂਮਤ ਦੇ ਰਹਿਬਰ ਔਰੰਗਜ਼ੇਬ ਨੇ ਡਰ ਤੇ ਦਹਿਸ਼ਤ ਵਾਲਾ ਮਹੌਲ ਕਾਇਮ ਕਰ ਦਿੱਤਾ ਸੀ।ਲੋਕ ਡਰਪੋਕ ਤੇ ਕਾਇਰ ਬਣ ਕੇ ਰਹਿ ਰਹੇ ਸਨ।ਗੁਰੂ ਤੇਗ਼ ਬਹਾਦਰ ਜੀ ਤੋਂ ਬਾਦ ਦਸਵੇਂ ਗੁਰੂ ਗੋਬਿੰਦ ਰਾਇ ਜੀ ਨੇ ਸੋਚਿਆ ਕਿ ਸਾਹਸਹੀਣ ਹੋਈ ਮਨੁੱਖਤਾ ਵਿੱਚ ਦਲੇਰੀ ਤੇ ਸੂਰਬੀਰਤਾ ਵਾਲੇ ਗੁਣ ਪ੍ਰਫੁੱਲਿਤ ਕਰਨ ਦੀ ਲੋੜ ਹੈ।ਇਸ ਉਦੇਸ਼ ਨਾਲ ਉਹਨਾਂ ਨੇ 1699 ਦੀ ਵਿਸਾਖੀ ਦਾ ਦਿਨ ਚੁਣ ਕੇ ਤਿਆਰੀ ਅਰੰਭ ਕਰ ਦਿੱਤੀ।ਸਾਰੇ ਦੇਸ਼ ਵਿੱਚ ਚਹੁੰਆਂ ਦਿਸ਼ਾਵਾਂ ਵਿੱਚ ਹੀ ਨਾਨਕ ਨਾਮ ਲੇਵਾ ਸੰਗਤਾਂ ਨੂੰ ਅਨੰਦਪੁਰ ਸਾਹਿਬ ਵਿਖੇ ਉਸ ਦਿਨ ਧੂਮ ਧਾਮ ਨਾਲ ਪਹੁੰਚਣ ਦੇ ਸੰਦੇਸ਼ ਪੁਚਾ ਦਿੱਤੇ।
ਆਵਾਜਾਈ ਦੇ ਸਾਧਨ ਤਾਂ ਉਦੋਂ ਵਿਕਸਤ ਨਹੀਂ ਸਨ ਹੁੰਦੇ।ਘੋੜੇ,ਗੱਡੇ ਤੇ ਪੈਦਲ ਹੀ ਲੋਕ ਵਹੀਰਾਂ ਘੱਤ ਕੇ ਗੁਰੂ ਜੀ ਦੇ ਹੁਕਮ ਦੀ ਪਾਲਣਾ ਕਰਨ ਪਹੁੰਚ ਗਏ। ਭਾਰੀ ਸੰਗਤਾਂ ਦੇ ਇਕੱਠ ਵਿੱਚ ਅਚੰਭਾ ਉਸ ਸਮੇਂ ਵਾਪਰਿਆ ਜਦੋਂ ਗੁਰੂ ਜੀ ਨੰਗੀ ਤਲਵਾਰ ਲੈ ਕੇ ਸਜਾਈ ਗਈ ਸਟੇਜ ਉਪਰ ਚੜ ਗਏ ਤੇ ਇੱਕ ਸੀਸ ਦੀ ਮੰਗ ਕਰ ਦਿੱਤੀ।ਇਸ ਕੌਤਕ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ।ਲੋਕ ਭੈਭੀਤ ਵੀ ਹੋ ਗਏ।ਇੱਕ ਦੋ ਵਾਰ ਪੁਕਾਰਨ ਤੋਂ ਬਾਦ ਹੌਲੀ ਹੌਲੀ ਸੇਵਕ ਉੱਠ ਕੇ ਸਟੇਜ ਵੱਲ ਵਧਣ ਲੱਗੇ।ਸਭ ਤੋਂ ਪਹਿਲਾਂ ਲਹੌਰ ਵਾਸੀ ਦਿਆ ਰਾਮ ਉੱਠਿਆ।ਗੁਰੂ ਜੀ ਉਸ ਨੂੰ ਬਾਂਹੋਂ ਫੜ ਕੇ ਤੰਬੂ ਵਿੱਚ ਲੈ ਗਏ।ਇੰਜ ਪੰਜ ਸਿਰਾਂ ਤੱਕ ਮੰਗ ਕੀਤੀ ਤੇ ਇੰਜ ਧਰਮ ਚੰਦ, ਹਿੰਮਤ ਰਾਇ,ਮੋਹਕਮ ਚੰਦ ਤੇ ਸਾਹਿਬ ਚੰਦ ਪੰਜ ਸੇਵਕ ਮੈਦਾਨ ਵਿੱਚ ਨਿੱਤਰੇ।ਗੁਰੂ ਜੀ ਕਾਫ਼ੀ ਦੇਰ ਬਾਦ ਤੰਬੂ ਵਿੱਚ ਰਹੇ।ਹਾਜ਼ਰ ਲੋਕ ਭੈਭੀਤ ਹੋਏ ਸੋਚਦੇ ਰਹੇ।ਫਿਰ ਗੁਰੂ ਜੀ ਪੰਜ ਸਿੰਘਾਂ ਨੂੰ ਸ਼ਾਹੀ ਜਲਾਲ ਵਿੱਚ ਅੰਮ੍ਰਿਤਧਾਰੀ ਕਰਕੇ,ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਸਟੇਜ ਉੱਪਰ ਲੈ ਆਏ।ਉਹਨਾਂ ਪੰਜਾਂ ਨੂੰ ਗੁਰੂ ਜੀ ਨੇ ਪੰਜ ਪਿਆਰਿਆਂ ਦਾ ਨਾਮ ਦਿੱਤਾ ਤੇ ਉਹਨਾਂ ਦੇ ਨਾਵਾਂ ਨਾਲ ਸਿੰਘ ਲਗਾ ਕੇ ਊਚ-ਨੀਚ ਦਾ ਭੇਦ ਭਾਵ ਮਿਟਾ ਦਿੱਤਾ।ਉਹਨਾਂ ਪੰਜਾਂ ਪਿਆਰਿਆਂ ਕੋਲੋਂ ਗੁਰੂ ਜੀ ਨੇ ਖ਼ੁਦ ਵੀ ਉਸੇ ਦਿਨ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਤੇ ਗੋਬਿੰਦ ਰਾਇ ਤੋਂ ਗੋਬਿੰਦ ਸਿੰਘ ਬਣ ਗਏ।
ਉਸ ਮਹਾਨ ਗੁਰੂ ਨੇ ,”ਆਪੇ ਗੁਰ ਚੇਲਾ” ਦੀ ਨਵੀਂ ਪਰੰਪਰਾ ਕਾਇਮ ਕਰ ਦਿੱਤੀ।ਉਸ ਤੋਂ ਬਾਦ ਲੋਕਾਂ ਵਿੱਚ ਦਲੇਰੀ ਦਾ ਸੰਚਾਰ ਹੋਣਾ ਸ਼ੁਰੂ ਹੋ ਗਿਆ। ਕੁਝ ਹੀ ਸਮੇਂ ਦੌਰਾਨ ਹਜ਼ਾਰਾਂ ਪ੍ਰਾਣੀ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਦੇ ਸਿੰਘ ਸਜ ਗਏ।ਗੁਰੂ ਜੀ ਨੇ ਆਪਣੀ ਫ਼ੌਜ ਤਿਆਰ ਕੀਤੀ ਜਿਸ ਵਿੱਚ ਜਾਤ ਤੇ ਧਰਮ ਦੇ ਭੇਦ ਭਾਵ ਤੋਂ ਬਿਨਾ ਯੋਗ ਤੇ ਸਿਦਕੀ ਸਿਪਾਹੀ ਭਰਤੀ ਕੀਤੇ।ਉਹਨਾਂ ਨੇ ਅਜ਼ਾਦੀ ਨਾਲ ਰਹਿਣ ਤੇ ਕਿਸੇ ਨਾਲ ਵੀ ਕੋਈ ਵਧੀਕੀ ਨਾ ਕਰਨ ਤੇ ਨਾ ਸਹਿਣ ਦਾ ਉਪਦੇਸ਼ ਦਿੱਤਾ।ਸਮਾਜਵਾਦ ਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਹਥਿਆਰ ਚੁੱਕ ਕੇ ਜੂਝਣ ਤੇ ਲੜਨ ਦੀ ਪ੍ਰੇਰਨਾ ਦੇ ਕੇ ਗੁਰੂ ਜੀ ਨੇ ਉਸ ਸਮੇਂ ਡਰਪੋਕ ਬਣ ਕੇ ਜੀਵਨ ਬਤੀਤ ਕਰ ਰਹੇ ਲੋਕਾਂ ਵਿੱਚ ਨਵੀਂ ਰੂਹ ਫੂਕੀ।ਉਦੋਂ ਤੋਂ ਹੀ ਵਿਸਾਖੀ ਦਾ ਦਿਨ ਖ਼ਾਲਸੇ ਦੇ ਸਥਾਪਨਾ ਦਿਵਸ ਵਜੋਂ ਪ੍ਰਚੱਲਿਤ ਹੋ ਗਿਆ ਤੇ ਹਰ ਸਾਲ ਦੇਸ਼ਾਂ ਵਿਦੇਸ਼ਾਂ ਵਿੱਚ ਬੜੀ ਸ਼ਰਧਾ, ਪਿਆਰ ਤੇ ਰੌਣਕ ਨਾਲ ਮਨਾਇਆ ਜਾਂਦਾ ਹੈ। ਮੁਗ਼ਲਾਂ ਤੇ ਪਹਾੜੀ ਰਾਜਿਆਂ ਨਾਲ ਗੁਰੂ ਜੀ ਨੂੰ ਕਈ ਲੜਾਈਆਂ ਲੜਨੀਆਂ ਪਈਆਂ।ਪਰ ਕੋਈ ਵੀ ਲੜਾਈ ਜਾਇਦਾਦ ਜਾਂ ਇਲਾਕਾ ਹਥਿਆਉਣ ਦੇ ਉਦੇਸ਼ ਨਾਲ ਨਹੀਂ ਸੀ ਲੜੀ ਗਈ।ਲੜਾਈ ਵਿੱਚ ਜ਼ਖ਼ਮੀਆਂ ਨੂੰ ਪਾਣੀ ਪਿਲਾਉਣ ਦਾ ਕੰਮ ਭਾਈ ਕਨ੍ਹਈਆ ਜੀ ਕਰਦੇ ਸਨ।ਜੋ ਦੋਹਾਂ ਧਿਰਾਂ ਦੇ ਜ਼ਖ਼ਮੀਆਂ ਨੂੰ ਪਾਣੀ ਪਿਲਾਈ ਜਾਂਦੇ ਸਨ।
ਕਿਹਾ ਜਾਂਦਾ ਹੈ ਕਿ ਕੁਝ ਸਿੰਘਾਂ ਨੇ ਗੁਰੂ ਜੀ ਕੋਲ ਸ਼ਿਕਾਇਤ ਕਰ ਦਿੱਤੀ ਕਿ ਭਾਈ ਕਨ੍ਹਈਆ ਜੀ ਦੁਸ਼ਮਣਾਂ ਨੂੰ ਵੀ ਪਾਣੀ ਪਿਲਾ ਰਹੇ ਹਨ।ਪਰ ਜਵਾਬ ਵਿੱਚ ਉਹਨਾਂ ਦੇ ਦੱਸਣ ਤੇ ਕਿ ਉਹਨਾਂ ਨੂੰ ਤਾਂ ਹਰੇਕ ਵਿੱਚ ਹੀ ਗੁਰੂ ਜੀ ਦਾ ਹੀ ਰੂਪ ਨਜ਼ਰ ਆਉਂਦਾ ਹੈ।ਗੁਰੂ ਜੀ ਨੇ ਪਾਣੀ ਦੇ ਨਾਲ ਨਾਲ ਉਹਨਾਂ ਨੂੰ ਮਲ੍ਹਮ-ਪੱਟੀ ਦੀ ਸੇਵਾ ਵੀ ਸੌਂਪ ਦਿੱਤੀ ਤੇ ਜ਼ਖ਼ਮੀਆਂ ਦੀ ਸੇਵਾ ਸੰਭਾਲ ਲਈ ਕਿਹਾ। ਇਸ ਸੇਵਾ ਭਾਵਨਾ ਤੋਂ ਹੀ ਰੈੱਡ-ਕਰਾਸ ਨਾਮੀ ਸੰਸਥਾ ਹੋਂਦ ਵਿੱਚ ਆਈ ਸੀ।ਇਸ ਤੋਂ ਸਪਸ਼ਟ ਹੈ ਕਿ ਗੁਰੂ ਜੀ ਕੇਵਲ ਜ਼ੁਲਮ ਨਾਲ ਨਫ਼ਰਤ ਕਰਦੇ ਸਨ।ਕਿਸੇ ਧਰਮ ਜਾਂ ਜਾਤ ਨਾਲ ਨਹੀਂ।ਉਹਨਾਂ ਦਾ ਕਥਨ ਬੜਾ ਪ੍ਰਸਿੱਧ ਹੈ:- “ਚੂੰ ਕਾਰ ਅਜ ਹਮਾ ਹੀਲਤੇ ਦਰ ਗੁਜ਼ਸ਼ਤ, ਹਲਾਲਅਸਤ ਬੁਰਦਨ ਬਾ ਸ਼ਮਸ਼ੀਰ ਦਸਤ”। ਭਾਵ ਜਦੋਂ ਜ਼ੁਲਮ ਨੂੰ ਸੁਧਾਰਨ ਦੇ ਸਾਰੇ ਤਰੀਕੇ ਅਸਫਲ ਹੋ ਜਾਣ ਤਾਂ ਉਸ ਦੇ ਖ਼ਾਤਮੇ ਲਈ ਤਲਵਾਰ ਉਠਾਉਣਾ ਜਾਇਜ਼ ਹੈ। ਇੰਜ 1699 ਦੀ ਵਿਸਾਖੀ ਖ਼ਾਲਸੇ ਦੀ ਸਥਾਪਨਾ ਦਾ ਮਹਾਨ ਦਿਨ ਬਣ ਕੇ ਉੱਭਰੀ।ਖ਼ਾਲਸਾ ਭਾਵ ਖਰਾ, ਸ਼ੁੱਧ। ਜਾਤ-ਪਾਤ,ਊਚ-ਨੀਚ,ਰੰਗ ਤੇ ਵਰਗ ਦੇ ਭੇਦ ਭਾਵ ਤੋਂ ਬਿਨਾਂ ਹਰੇਕ ਨਾਲ ਪਿਆਰ ਨਾਲ ਰਹਿਣ ਵਾਲਾ ਤੇ ਜ਼ੁਲਮ ਦੇ ਟਾਕਰੇ ਲਈ ਜੂਝਣ ਵਾਲਾ।ਗੁਰੂ ਜੀ ਦੇ ਉਪਦੇਸ਼ ਨਾਲ ਪੰਜਾਬ ਦੀ ਇਸ ਧਰਤੀ ਤੋਂ ਜਬਰ ਤੇ ਜ਼ੁਲਮ ਦਾ ਖ਼ਾਤਮਾ ਹੋਣ ਦੀ ਆਸ ਬੱਝੀ ਸੀ।ਗੁਰੂ ਜੀ ਤੋਂ ਬਾਦ ਵੀ ਬੰਦਾ ਬਹਾਦਰ ਨੇ ਖ਼ਾਲਸਾ ਫ਼ੌਜ ਤਿਆਰ ਕੀਤੀ ਤੇ ਜੌਹਰ ਵਿਖਾਏ ਸਨ।
ਸਮੇਂ ਦੇ ਬੀਤਣ ਨਾਲ ਨਿਯਮਾਂ ਦੀ ਪਾਲਣਾ ਤੇ ਵਚਨਬੱਧਤਾ ਵਿੱਚ ਨਿਘਾਰ ਆਉਣਾ ਸ਼ੁਰੂ ਹੋ ਗਿਆ ਹੈ।ਬਹੁਤ ਕੁਰੀਤੀਆਂ,ਲਾਲਚ,ਲਾਲਸਾ ਤੇ ਸਵਾਰਥ ਨੇ ਅਜੋਕੇ ਸਮੇਂ ਦੌਰਾਨ ਮਨੁੱਖਤਾ ਦੀ ਉਹ ਦਿੱਖ ਨਹੀਂ ਰਹਿਣ ਦਿੱਤੀ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਨੇ ਸਿਰਜੀ ਤੇ ਆਸ ਕੀਤੀ ਸੀ।ਨਸ਼ਿਆਂ ਤੇ ਕੁਰੀਤੀਆਂ ਦਾ ਬੋਲਬਾਲਾ,ਧਾਰਮਿਕ ਬੇਅਦਬੀਆਂ ਅਜੋਕੇ ਸੁਲਝੇ ਤੇ ਤਕਨੀਕੀ ਸਮਾਜ ਵਿੱਚ ਸੋਭਦੀਆਂ ਨਹੀਂ।ਪਰ ਲਗਾਤਾਰ ਵਾਪਰ ਰਹੀਆਂ ਹਨ।ਲੋਕ ਦੀਨ ਇਮਾਨ ਤੇ ਕਦਰਾਂ ਕੀਮਤਾਂ ਤੋਂ ਖੋਖਲੇ ਹੁੰਦੇ ਜਾ ਰਹੇ ਹਨ। ਵਿਸਾਖੀ ਦਾ ਤਿਉਹਾਰ ਮੇਲਿਆਂ ਤੇ ਰੌਣਕਾਂ ਨਾਲ ਭਰਪੂਰ ਹੁੰਦਾ ਸੀ।ਇਸ ਧਾਰਮਿਕ ਅਵਸਰ ਤੇ ਅਨੰਦਪੁਰ ਸਾਹਿਬ ਵਿਖੇ ਹਰ ਸਾਲ ਮੇਲਾ ਤਾਂ ਬਹੁਤ ਭਰਦਾ ਹੈ।ਸਮਾਗਮ ਤੇ ਰੌਣਕਾਂ ਵੀ ਖ਼ੂਬ ਲਗਦੀਆਂ ਹਨ।ਉਪਦੇਸ਼ ਵੀ ਬਹੁਤ ਦਿੱਤੇ ਜਾਂਦੇ ਹਨ ਪਰ ਅਮਲ ਕਰਨ ਵਿੱਚ ਉਪਦੇਸ਼ ਦੇਣ ਵਾਲਿਆਂ ਤੇ ਅਮਲ ਕਰਨ ਵਾਲਿਆਂ ਸਾਰਿਆਂ ਵਿੱਚ ਹੀ ਬੇਵਿਸ਼ਵਾਸੀ ਜਿਹੀ ਬਣੀ ਹੋਈ ਹੈ।ਲੋਕ ਰਾਜਨੀਤਕ ਨੇਤਾਵਾਂ ਤੋਂ ਵੀ ਅੱਕੇ ਹੋਏ ਪ੍ਰਤੀਤ ਹੁੰਦੇ ਹਨ। ਲੋਕ ਮਨਾਂ ਵਿੱਚੋਂ ਈਰਖਾ,ਤੰਗ-ਦਿਲੀ,ਲਾਲਸਾ ਤੇ ਸਵਾਰਥ ਖ਼ਤਮ ਨਹੀਂ ਹੁੰਦੀ।ਗੁਰੂ ਜੀ ਨੇ ਖ਼ਾਲਸਾ ਸਾਜ਼ ਕੇ ਜਾਤਾਂ ਤੇ ਵਰਗਾਂ ਨੂੰ ਖ਼ਤਮ ਕਰਕੇ ਸਰਬ ਸਾਂਝਾ ਸਮਾਜ ਸਿਰਜਣ ਦਾ ਉਪਰਾਲਾ ਕੀਤਾ ਸੀ।
ਪਰ ਉੱਚ ਵਰਗ ਦੇ ਕਈ ਲੋਕ ਹੁਣ ਵੀ ਖ਼ੁਦ ਨੂੰ ਦੂਜਿਆਂ ਨਾਲੋਂ ਵੱਖ ਤੇ ਉੱਤਮ ਸਮਝਦੇ ਹਨ।ਜਦੋਂ ਕਿ ਗੁਰੂ ਜੀ ਦਾ ਮਨੋਰਥ ਤਾਂ ਬਰਾਬਰਤਾ ਭਾਵ ਸਮਾਜਵਾਦ ਦਾ ਸੰਕਲਪ ਸੀ।ਅਜਿਹਾ ਸਮਾਜ ਸਿਰਜਣ ਦਾ ਉਪਰਾਲਾ ਕੀਤਾ ਸੀ ਜੋ ਵਿਤਕਰਿਆਂ ਤੇ ਭੇਦਭਾਵ ਤੋਂ ਬਿਨਾਂ ਹਰੇਕ ਨੂੰ ਬਰਾਬਰ ਮੌਕੇ ਪ੍ਰਦਾਨ ਕਰੇ।ਪਹਿਲਾਂ ਲੋਕ ਹਾ ਵੀ ਦੀ ਫ਼ਸਲ ਸਾਂਭ ਕੇ ਵਿਸਾਖੀ ਵੇਖਦੇ ਹੁੰਦੇ ਸਨ।ਹੁਣ ਵਿਸਾਖੀ ਦਾ ਮੇਲਾ ਵੇਖ ਕੇ ਫ਼ਸਲ ਦੀ ਕਟਾਈ ਹੁੰਦੀ ਹੈ।”ਫ਼ਸਲਾਂ ਦੀ ਮੁੱਖ ਗਈ ਰਾਖੀ,ਜੱਟਾ ਆਈ ਵਿਸਾਖੀ”।ਵਿਸਾਖੀ ਦੇ ਤਿਉਹਾਰ ਦਾ ਸਬੰਧ ਖਾਲ਼ਸੇ ਦੀ ਸਥਾਪਨਾ ਨਾਲ ਅਤੇ ਗੁਰੂ ਨਾਨਕ ਦੇਵ ਜੀ ਦੇ ਜਨਮ ਨਾਲ ਹੋਣ ਕਰਕੇ ਵੀ ਹਰ ਸਾਲ ਸਿੱਖਾਂ ਦਾ ਇੱਕ ਵੱਡਾ ਜਥਾ ਪਾਕਿਸਤਾਨ ਵਿੱਚ ਵੀ ਗੁਰੂ ਨਾਨਕ ਦੇਵ ਜੀ ਦੀ ਯਾਦ ਚੋਂ ਸਥਾਪਤ ਹੋਏ ਗੁਰਦਵਾਰਿਆਂ ਦੇ ਦਰਸ਼ਨਾਂ ਨੂੰ ਜਾਂਦਾ ਹੈ। ਧਨੀ ਰਾਮ ਚਾਤ੍ਰਿਕ ਦੀ ਵਿਸਾਖੀ ਤਾਂ ਹੁਣ ਉਂਜ ਹੀ ਕਿਤਾਬਾਂ ਦਾ ਸ਼ਿੰਗਾਰ ਬਣ ਕੇ ਰਹਿ ਗਈ ਹੈ।ਫ਼ਸਲਾਂ ਦੀਆਂ ਕਿਸਮਾਂ ਤੇ ਬੀਜਣ ਕੱਟਣ ਦੇ ਢੰਗ ਤਰੀਕੇ ਹੀ ਬਦਲ ਗਏ ਹਨ।ਰਸਾਇਣਿਕ ਖਾਦਾਂ ਤੇ ਦਵਾਈਆਂ ਦਾ ਯੁੱਗ ਆ ਗਿਆ ਹੈ।ਅਬਾਦੀ ਦੀ ਲੋੜ ਅਨੁਸਾਰ ਪੈਦਾਵਾਰ ਪ੍ਰਾਪਤ ਕਰਨ ਲਈ ਇਹ ਸਭ ਮਜਬੂਰੀ ਵੀ ਬਣ ਗਈ ਹੈ।ਨਤੀਜਾ ਪ੍ਰਦੂਸ਼ਣ ਤੇ ਬਿਮਾਰੀਆਂ ਦਾ ਬੋਲਬਾਲਾ ਤੇ ਇੱਕ ਦੂਜੇ ਉੱਪਰ ਦੂਸ਼ਣਬਾਜ਼ੀ ਦਾ ਬਜ਼ਾਰ ਗਰਮ ਹੈ।
ਵਾਹਿਗੁਰੂ ਹੀ ਹੈ ਜੋ ਲੋਕਾਂ ਨੂੰ ਸੁਮੱਤ ਬਖਸ਼ੇ ਤੇ ਉਹ ਸਿੱਧੇ ਰਾਹੇ ਪੈਣ ਵਰਨਾ ਸਮਾਜ ਦਾ ਵੱਡਾ ਹਿੱਸਾ ਵਿਹਲੜ ਤੇ ਮੁਫ਼ਤ ਦਾ ਖਾਣ ਤੇ ਲੱਕ ਬੰਨ੍ਹ ਬੈਠਾ ਹੈ ਤੇ ਰਾਜਨੀਤਕ ਪਾਰਟੀਆਂ ਵੀ ਸਤਾ ਹਾਸਲ ਕਰਨ ਲਈ ਮੁਫ਼ਤ ਕਲਚਰ ਨੂੰ ਹਵਾ ਦੇ ਰਹੀਆਂ ਹਨ।ਪੁਰਾਤਨ ਵਿਸਾਖੀ ਦੇ ਮੇਲੇ ਜਿੱਥੇ ਦੰਗਲ,ਘੋਲ,ਦੌੜਾਂ,ਕਬੱਡੀ ਤੇ ਹੋਰ ਕਸਰਤ ਵਾਲੀਆਂ ਖੇਡਾਂ ਹੁੰਦੀਆਂ ਸਨ ਉਹ ਤਾਂ ਹੁਣ ਸੁਪਨਾ ਬਣ ਕੇ ਰਹਿ ਗਈਆਂ ਹਨ।ਅਜੋਕੇ ਦੌਰ ਵਿੱਚ ਤਾਂ ਸਭ ਕੁਝ ਟੀ.ਵੀ ਸਕਰੀਨ ਤੇ ਵੀਡੀਓਜ਼ ਰਾਹੀਂ ਵੇਖਣ ਦਾ ਕਲਚਰ ਪੈਦਾ ਹੋ ਗਿਆ ਹੈ।ਉਹੋ ਜਿਹੇ ਕੱਦ ਕਾਠ ਵਾਲੇ ਨੌਜਵਾਨ ਵੀ ਹੁਣ ਵਿਰਲੇ ਹੀ ਨਜ਼ਰ ਆਉਂਦੇ ਹਨ।ਨਸ਼ਿਆਂ ਨੇ ਤੇ ਰੋਜ਼ਗਾਰ-ਹੀਣਤਾ ਕਾਰਨ ਪ੍ਰਵਾਸ ਨੇ ਪੰਜਾਬ ਤਾਂ ਖ਼ਾਲੀ ਖ਼ਾਲੀ ਜਿਹਾ ਕਰ ਕੇ ਰੱਖ ਦਿੱਤਾ ਹੈ।ਵਿਗਿਆਨ ਤੇ ਤਕਨੀਕ ਤਰੱਕੀ ਤੇ ਖ਼ੁਸ਼ਹਾਲੀ ਲਈ ਕੰਮ ਕਰਦਾ ਹੈ ਜੰਮ ਜੰਮ ਕੇ ਕਰੇ ਪਰ ਨਾਗਰਿਕਾਂ ਦੀ ਸਿਹਤ ਨਾਲ ਕਰਵਾ ਨਹੀਂ ਹੋਣਾ ਚਾਹੀਦਾ।ਆਸ ਕਰਨੀ ਬਣਦੀ ਹੈ ਕਿ ਮਨੁੱਖ ਕੰਧ ਤੇ ਲਿਖੀ ਇਬਾਰਤ ਪੜ੍ਹ ਕੇ ਗ਼ਲਤੀਆਂ ਸੁਧਾਰਨ ਦੀਆਂ ਕੋਸ਼ਿਸ਼ਾਂ ਕਰੇਗਾ ਤੇ ਵਿਸਾਖੀ ਦੇ ਤਿਉਹਾਰ ਨੂੰ ਫਿਰ ਤੋਂ ਚਾਵਾਂ -ਖੁਸ਼ੀਆਂ,ਭੰਗੜਿਆਂ ਤੇ ਰੌਣਕਾਂ ਭਰਪੂਰ ਬਣਾਉਣ ਦਾ ਯਤਨ ਵੀ ਕਰੇਗਾ ਤੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਿਰਜੇ ਗਏ ਖ਼ਾਲਸ ਵਿਅਕਤੀਤਵ ਦਾ ਵੀ ਖਿਆਲ ਰੱਖੇਗਾ।

ਐਡਵੋਕੇਟ ਦਰਸ਼ਨ ਸਿੰਘ ਰਿਆੜ
ਮੋ: 9316311677.
Share this content:



Post Comment