ਵਿਸ਼ਵ ਹਾਕੀ ਕੱਪ ਲਈ ਭਾਰਤ ਵੱਲੋਂ ਟੀਮ ਦਾ ਐਲਾਨ, ਹਰਮਨਪ੍ਰੀਤ ਸਿੰਘ ਹੋਣਗੇ ਕਪਤਾਨ
ਭਾਰਤ ਨੇ ਅਗਲੇ ਮਹੀਨੇ ਹੋਣ ਵਾਲੇ ਐੱਫ ਆਈ ਐੱਚ ਪੁਰਸ਼ ਹਾਕੀ ਆਲਮੀ ਕੱਪ ਲਈ 20 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਹਰਮਨਪ੍ਰੀਤ ਸਿੰਘ ਟੀਮ ਦਾ ਕਪਤਾਨ ਹੋਵੇਗਾ ਅਤੇ ਮਨਪ੍ਰੀਤ ਸਿੰਘ ਮਿਡਫੀਲਡ ’ਚ ਅਹਿਮ ਭੂਮਿਕਾ ਨਿਭਾਏਗਾ। ਪ੍ਰੋ ਲੀਗ ਦਾ ਯੂਰੋਪ ਗੇੜ ਖੇਡਣ ਵਾਲੇ ਅਮਨਦੀਪ ਲਾਕੜਾ, ਰਾਜ ਕੁਮਾਰ ਪਾਲ, ਰਵੀਚੰਦਰ ਸਿੰਘ ਮੋਇਰੰਗਥਾਮ ਅਤੇ ਸੇਲਵਮ ਕਾਰਤੀ ਨੂੰ ਟੀਮ ਜਗ੍ਹਾ ਨਹੀਂ ਮਿਲੀ।
ਭਾਰਤ ਪਿਛਲੇ ਮਹੀਨੇ ਪ੍ਰੋ ਲੀਗ ਦੇ ਯੂਰੋਪ ਗੇੜ ਤੋਂ ਮਗਰੋਂ ਨੌਂ ਟੀਮਾਂ ਵਿੱਚ ਅੱਠਵੇਂ ਸਥਾਨ ’ਤੇ ਰਿਹਾ ਸੀ। ਚੁਣੀ ਗਈ ਟੀਮ ’ਚ ਹਰਮਨਪ੍ਰੀਤ ਸਿੰਘ (ਕਪਤਾਨ), ਮੋਹਿਤ ਐੱਚ ਐੱਸ ਤੇ ਸੂਰਜ ਕਰਕੇਰਾ (ਗੋਲਕੀਪਰ) ਤੋਂ ਇਲਾਵਾ ਜਰਮਨਪ੍ਰੀਤ ਸਿੰਘ, ਅਮਿਤ ਰੋਹਿਦਾਸ, ਜੁਗਰਾਜ ਸਿੰਘ, ਸੰਜੈ, ਸੁਮਿਤ, ਯਸ਼ਦੀਪ ਸਿਵਾਚ, ਰਾਜਿੰਦਰ ਸਿੰਘ, ਆਦਿੱਤਿਆ ਅਰਜੁਨ ਲਾਲਾਗੇ, ਹਾਰਦਿਕ ਸਿੰਘ, ਮਨਪ੍ਰੀਤ ਸਿੰਘ, ਨੀਲਾਕਾਂਤ ਸ਼ਰਮਾ, ਵਿਵੇਕ ਸਾਗਰ ਪ੍ਰਸਾਦ, ਦਿਲਪ੍ਰੀਤ ਸਿੰਘ, ਸ਼ਿਲਾਨੰਦ ਲਾਕੜਾ, ਸੁਖਜੀਤ ਸਿੰਘ, ਮਨਦੀਪ ਸਿੰਘ ਅਤੇ ਅਭਿਸ਼ੇਕ ਨੂੰ ਸ਼ਾਮਲ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਅੱਠ ਵਾਰ ਦੀ ਓਲੰਪਿਕ ਚੈਂਪੀਅਨ ਭਾਰਤੀ ਹਾਕੀ ਟੀਮ ਹੁਣ ਤੱਕ ਸਿਰਫ਼ ਇੱਕ ਵਾਰ 1975 ਵਿੱਚ ਵਿਸ਼ਵ ਕੱਪ ਜਿੱਤ ਸਕੀ ਹੈ। ਪਿਛਲੀ ਵਾਰ ਭੁਬਨੇਸ਼ਵਰ ਵਿੱਚ ਹੋਏ ਹਾਕੀ ਵਿਸ਼ਵ ਕੱਪ -2023 ਵਿੱਚ ਮੇਜ਼ਬਾਨ ਭਾਰਤ ਨੌਵੇਂ ਸਥਾਨ ’ਤੇ ਰਿਹਾ ਸੀ। ਵਿਸ਼ਵ ਕੱਪ-2026 ਲਈ ਭਾਰਤ ਨੂੰ ਪੂਲ-ਡੀ ਵਿੱਚ ਇੰਗਲੈਂਡ, ਪਾਕਿਸਤਾਨ ਅਤੇ ਵੇਲਜ਼ ਦੇ ਨਾਲ ਰੱਖਿਆ ਗਿਆ ਹੈ। ਭਾਰਤ ਦੇ ਸਾਰੇ ਪੂਲ ਮੈਚ ਨੈਦਰਲੈਂਡਜ਼ ਦੇ ਐਮਸਟਲਵੀਨ ਵਿੱਚ ਹੋਣਗੇ। ਭਾਰਤ ਦਾ ਪਹਿਲਾ ਮੈਚ 15 ਅਗਸਤ ਨੂੰ ਵੇਲਜ਼ ਨਾਲ, ਦੂਜਾ 17 ਨੂੰ ਇੰਗਲੈਂਡ ਨਾਲ ਤੇ ਤੀਜਾ 19 ਅਗਸਤ ਨੂੰ ਪਾਕਿਸਤਾਨ ਨਾਲ ਹੋਵੇਗਾ।
Share this content:



Post Comment