ਵਿਸ਼ਵ ਪੰਜਾਬੀ ਸਭਾ ਬਰਾਪਟਨ (ਕੈਨੇਡਾ) ਵੱਲੋਂ ਪੰਜਾਬੀ ਕਵੀ ਹਰਜਿੰਦਰ ਕੰਗ ਦਾ ਸਨਮਾਨ

ਲੁਧਿਆਣਾਃ 3 ਅਗਸਤ(ਏਡੀਪੀ ਨਿਊਜ਼)ਵਿਸ਼ਵ ਪੰਜਾਬੀ ਸਭਾ ਬਰਾਪਟਨ (ਕੈਨੇਡਾ) ਵੱਲੋਂ ਪੰਜਾਬੀ ਕਵੀ ਹਰਜਿੰਦਰ ਕੰਗ ਦਾ ਸਨਮਾਨ ਕਰਦਿਆਂ ਸਭਾ ਦੇ ਸਰਪ੍ਰਸਤ ਸ. ਇੰਦਰਜੀਤ ਸਿੰਘ ਬੱਲ ਨੇ ਕਿਹਾ ਹੈ ਕਿ ਫਰਿਜਨੋ(ਅਮਰੀਕਾ) ਰਹਿੰਦਿਆਂ ਵੀ ਮਿਸ਼ਰੀ ਨਾਲੋਂ ਮਿੱਠੇ ਗੀਤ, ਗ਼ਜ਼ਲਾਂ ਤੇ ਕਵਿਤਾਵਾਂ ਲਿਖ ਕੇ ਹਰਜਿੰਦਰ ਕੰਗ ਨੇ ਸਾਬਤ ਕੀਤਾ ਹੈ ਕਿ ਕੋਈ ਵੀ ਦੇਸ਼ ਤੁਹਾਨੂੰ ਮਾਂ ਬੋਲੀ, ਮਾਂ ਧਰਤੀ ਨਾਲੋਂ ਤੋੜ ਨਹੀਂ ਸਕਦਾ। ਹਰਜਿੰਦਰ ਕੰਗ ਦੇ ਲਿਖੇ ਅਤੇ ਹੰਸ ਰਾਜ ਹੰਸ ਦੇ ਗਾਏ ਗੀਤਾਂ ਦੇ ਹਵਾਲੇ ਨਾਲ ਉਨ੍ਹਾਂ ਕਿਹਾ ਕਿ “ਆਪਾਂ ਦੋਵੇਂ ਰੁੱਸ ਬੈਠੇ ਤਾਂ ਮਨਾਊਂ ਕੌਣ ਵੇ” ਅਤੇ “ ਕੁੜੀਆਂ ਚਿੜੀਆਂ ਹੁੰਦੀਆਂ ਨੇ, ਪਰ ਪਰ ਨਹੀਂ ਹੁੰਦੇ ਕੁੜੀਆਂ ਦੇ। ਪੇਕੇ ਸਹੁਰੇ ਹੁੰਦੇ ਨੇ ਪਰ ਘਰ ਨਹੀਂ ਹੁੰਦੇ ਕੁੜੀਆਂ ਦੇ” ਰਾਹੀਂ ਉਹ ਸਾਡੀ ਰੂਹ ਵਿੱਚ ਵੱਸ ਗਿਆ ਹੈ। ਡਾ. ਦਲਬੀਰ ਸਿੰਘ ਕਥੂਰੀਆ ਨੇ ਹਰਜਿੰਦਰ ਕੰਗ ਦਾ ਰੂਬਰੂ ਕਰਵਾ ਕੇ ਸਾਨੂੰ ਭਾਵਨਾ ਪੱਖੋਂ ਮਾਲਾਮਾਲ ਕੀਤਾ ਹੈ।
ਡਾ. ਦਲਬੀਰ ਸਿੰਘ ਕਥੂਰੀਆ ਨੇ ਆਪਣੇ ਸੁਆਗਤੀ ਬੋਲਾਂ ਦੇ ਨਾਲ ਹੀ ਹਰਜਿੰਦਰ ਕੰਗ ਦੀ ਜਾਣ ਪਛਾਣ ਕਰਵਾਉਂਦਿਆਂ ਦੱਸਿਆ ਕਿ ਵਿਸ਼ਵ ਪੰਜਾਬੀ ਸਭਾ ਦਾ ਮਾਟੋ ਵੀ ਕੰਗ ਸਾਹਿਬ ਦਾ ਲਿਖਿਆ ਹੋਇਆ ਹੈ ਕਿ” ਆਪਣੀ ਬੋਲੀ ਤੇ ਕੰਗ ਮਾਣ ਹੋਣਾ ਚਾਹੀਦਾ। ਬੋਲ਼ੇ ਜਦੋਂ ਬੰਦਾ ਤਾਂ ਪਛਾਣ ਹੋਣਾ ਚਾਹੀਦਾ। ਵੇਖਿਓ, ਪਛਾਣ ਵਾਲਾ ਦੀਵਾ ਨਾ ਬੁਝਾ ਦਿਉ। ਵੇਖਿਉ ਪੰਜਾਬੀਓ ਪੰਜਾਬੀ ਨਾ ਭੁਲਾ ਦਿਓ।
ਉਨ੍ਹਾਂ ਕਿਹਾ ਕਿ ਲੋਕ ਗੀਤ ਸਭਿਆਚਾਰ ਦਾ ਵਿਸ਼ਵਕੋਸ਼ ਹਨ। ਇਨ੍ਹਾਂ ‘ਚੋਂ ਸਮਾਜ ਦਾ ਮੂੰਹ-ਮੱਥਾ ਦਿਸਦਾ ਹੈ। ਅਹਿਮ ਗੱਲ ਇਹ ਕਿ ਲੋਕ ਗੀਤ ਸਮਾਜਕ ਕਦਰਾਂ-ਕੀਮਤਾਂ ਦਾ ਦਸਤਾਵੇਜ਼ ਹੁੰਦੇ ਹਨ। ਜੇ ਕਿਸੇ ਸਭਿਆਚਾਰ ਨੂੰ ਦੂਜੇ ਸਭਿਆਚਾਰ ਤੋਂ ਵਖਰਿਆਉਣਾ ਹੋਵੇ ਤਾਂ ਲੋਕ ਗੀਤਾਂ ਦਾ ਸਹਾਰਾ ਲਿਆ ਜਾ ਸਕਦਾ ਹੈ। ਇਨ੍ਹਾਂ ਵਿਚ ਤਿਓਹਾਰਾਂ, ਰੁੱਤਾਂ ਅਤੇ ਲੋਕ ਕਥਾਵਾਂ ਨੂੰ ਸਾਂਭਿਆ ਗਿਆ ਹੈ। ਪੰਜਾਬੀ ਸਮਾਜ ਨੂੰ ਜੇ ਦੇਖਣਾ ਹੋਵੇ ਤਾਂ ਲੋਕ ਗੀਤਾਂ ਦੀਆਂ ਅੱਖਾਂ ਥਾਣੀਂ ਦੇਖਿਆ ਜਾ ਸਕਦਾ ਹੈ।
ਪ੍ਰੋ. ਜਾਗੀਰ ਸਿੰਘ ਕਾਹਲੋਂ ਨੇ ਡਾ. ਗੁਰੂਮੇਲ ਸਿੱਧੂ ਦੇ ਹਵਾਲੇ ਨਾਲ ਦੱਸਿਆ ਕਿ ਉਹ ਹਰਜਿੰਦਰ ਕੰਗ ਦੀਆਂ ਲਿਖਤਾਂ ਸਮੇਂ ਦੀ ਸਾਣ ‘ਤੇ ਚੜ੍ਹ ਕੇ ਲੋਕਾਂ ਤਕ ਪੁੱਜਦੀਆਂ ਹਨ, ਇਸ ਲਈ ਪੀੜ੍ਹੀਆਂ ਦਾ ਸਰਮਾਇਆ ਬਣ ਜਾਂਦੀਆਂ ਹਨ। ਹਰਜਿੰਦਰ ਕੰਗ ਦੇ ਗੀਤਾਂ ਵਿਚ ਪੰਜਾਬ ਦੀ ਮਿੱਟੀ ਦੀ ਮਹਿਕ ਹੈ, ਇਨ੍ਹਾਂ ਦਾ ਲੋਕ ਗੀਤਾਂ ਵਿਚ ਸ਼ਾਮਿਲ ਹੋ ਜਾਣਾ ਬੜਾ ਸੁਭਾਵਿਕ ਹੈ। ਹਰਜਿੰਦਰ ਦੇ ਗੀਤ ਥੋੜ੍ਹੇ ਰਿਕਾਰਡ ਹੋਏ ਹਨ, ਪਰ ਉਸ ਦੇ ਗੀਤਾਂ ਨੇ ਵੱਡੇ ਰੀਕਾਰਡ ਬਣਾਏ ਹਨ।
ਇਸ ਮੌਕੇ ਬੋਲਦਿਆਂ ਹਰਜਿੰਦਰ ਕੰਗ ਨੇ ਦੱਸਿਆ ਕਿ ਮੈਂ ਆਪਣਾ ਪਿੰਡ ਕੰਗ ਜਾਗੀਰ(ਜਲੰਧਰ)ਚਾਲੀ ਸਾਲ ਪਹਿਲਾਂ ਛੱਡਿਆ ਸੀ ਪਰ ਪਿੰਡ ਨੇ ਮੈਨੂੰ ਹੁਣ ਤੀਕ ਨਹੀਂ ਛੱਡਿਆ। ਮੇਰੀਆਂ ਹੁਣ ਤੀਕ ਸਵਾਂਤੀ ਬੂੰਦ (ਗ਼ਜ਼ਲ ਸੰਗ੍ਰਹਿ) ਠੀਕਰੀ ਪਹਿਰਾ (ਗ਼ਜਲ ਸੰਗ੍ਰਹਿ)
ਚੁੱਪ ਦੇ ਟੁਕੜੇ (ਕਾਵਿ ਸੰਗ੍ਰਹਿ)ਆਪਾਂ ਦੋਵੇ ਰੁੱਸ ਬੈਠੇ (ਗੀਤ ਸੰਗ੍ਰਹਿ) ਅਤੇ ਕਾਵਿ ਸੰਗ੍ਹਹਿ ਵੇਲ ਰੁਪਏ ਦੀ ਵੇਲ ਛਪ ਚੁੱਕੇ ਹਨ। ਪੰਜਾਹ ਪਚਵੰਜਾ ਗੀਤ ਵੀ ਰਿਕਾਰਡ ਹੋ ਚੁੱਕੇ ਹਨ। ਉਨ੍ਹਾਂ ਡਾ. ਦਲਬੀਰ ਸਿੰਘ ਕਥੂਰੀਆ ਤੇ ਹੋਰ ਸੱਜਣਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪਰਵਾਸੀ ਮੀਡੀਆ ਗਰੁੱਪ ਦੇ ਮੁਖੀ ਰਾਜਿੰਦਰ ਸੈਣੀ ਨੇ ਵੀ ਸਮਾਗਮ ਵਿੱਚ ਮੁੱਲਵਾਨ ਹਾਜ਼ਰੀ ਭਰੀ।
ਇਸ ਮੌਕੇ ਪਾਕਿਸਤਾਨ ਤੋਂ ਆਏ ਗਾਇਕ ਹਸਨੈਨ ਅਕਬਰ (ਬਾਬਾ ਗਰੁੱਪ) ਨੇ ਕੁਝ ਗੀਤ ਸੁਣਾ ਕੇ ਮਾਹੌਲ ਸੁਰੀਲਾ ਬਣਾ ਦਿੱਤਾ।
Share this content:


Post Comment