Loading Now

ਵਿਸ਼ਵ ਤੀਰਅੰਦਾਜ਼ੀ ਪੈਰਾ ਸੀਰੀਜ਼ ‘ਚ ਭਾਰਤ ਦਾ ਡੰਕਾ, 2 ਗੋਲਡ ਸਮੇਤ ਜਿੱਤੇ 5 ਮੈਡਲ

ਵਿਸ਼ਵ ਤੀਰਅੰਦਾਜ਼ੀ ਪੈਰਾ ਸੀਰੀਜ਼ ‘ਚ ਭਾਰਤ ਦਾ ਡੰਕਾ, 2 ਗੋਲਡ ਸਮੇਤ ਜਿੱਤੇ 5 ਮੈਡਲ

ਅਹਿਮਦਾਬਾਦ, 9 ਸਤੰਬਰ – ਭਾਰਤ ਨੇ ਮੰਗਲਵਾਰ ਨੂੰ ਵਿਸ਼ਵ ਤੀਰਅੰਦਾਜ਼ੀ ਪੈਰਾ ਸੀਰੀਜ਼ (ਸਟੇਜ-3) ਦੇ ਆਖਰੀ ਤੋਂ ਇਕ ਦਿਨ ਪਹਿਲਾਂ ਦੋ ਗੋਲਡ, ਦੋ ਸਿਲਵਰ ਤੇ ਇਕ ਬਰਾਊਂਜ਼ ਮੈਡਲ ਜਿੱਤਿਆ। ਮਰਦਾਂ ਦੀਆਂ ਕੰਪਾਊਂਡ ਤੇ ਰਿਕਰਵ ਟੀਮਾਂ ਨੇ ਸਿਖਰਲਾ ਸਨਮਾਨ ਹਾਸਲ ਕੀਤਾ ਤੇ ਸਵਾਤੀ ਚੌਧਰੀ ਨੇ ਦੋ ਮੈਡਲ ਜਿੱਤੇ। ਮੌਜੂਦਾ ਵਿਸ਼ਵ ਚੈਂਪੀਅਨ ਟੋਮਨ ਕੁਮਾਰ ਤੇ ਸ਼ਿਆਮ ਸੁੰਦਰ ਸਵਾਮੀ ਨੇ ਇਰਾਕ ਨੂੰ 152-139 ਨਾਲ ਹਰਾ ਕੇ ਮਰਦਾਂ ਦੀ ਕੰਪਾਊਂਡ ਟੀਮ ਦਾ ਗੋਲਡ ਮੈਡਲ ਜਿੱਤਿਆ, ਜਦਕਿ ਹਰਵਿੰਦਰ ਸਿੰਘ ਤੇ ਵਿਜੇ ਸੁੰਡੀ ਨੇ ਸਲੋਵਾਕੀਆ ਨੂੰ 6-2 ਨਾਲ ਹਰਾ ਕੇ ਮਰਦਾਂ ਦੀ ਰਿਕਰਵ ਟੀਮ ਦਾ ਖ਼ਿਤਾਬ ਆਪਣੇ ਨਾਂ ਕੀਤਾ।

ਭਾਵਨਾ ਤੇ ਪੂਜਾ ਦੀ ਮਹਿਲਾ ਰਿਕਰਵ ਟੀਮ ਚੀਨ ਤੋਂ 0-6 ਨਾਲ ਹਾਰਨ ਤੋਂ ਬਾਅਦ ਸਿਲਵਰ ਮੈਡਲ ਹੀ ਜਿੱਤ ਸਕੀ, ਜਦਕਿ ਸਵਾਤੀ ਤੇ ਆਦਿਲ ਮੁਹੰਮਦ ਨਜ਼ੀਰ ਅੰਸਾਰੀ ਮਿਕਸਡ ਟੀਮ ਡਬਲਯੂ1 (ਰਿਕਰਵ/ਕੰਪਾਊਂਡ) ਇਵੈਂਟ ’ਚ ਉਪਜੇਤੂ ਰਹੇ। ਇਸ ਤੋਂ ਬਾਅਦ ਸਵਾਤੀ ਦੁਪਹਿਰ ਦੇ ਸੈਸ਼ਨ ’ਚ ਪਰਤੀ ਤੇ ਨਿੱਜੀ ਡਬਲਯੂ1 ਵਰਗ ’ਚ ਬਰਾਊਂਜ਼ ਮੈਡਲ ਜਿੱਤਿਆ। ਉਸਨੇ ਨਿੱਜੀ ਨਿਊਟ੍ਰਲ ਐਥਲੀਟ (ਏਆਈਐੱਨ) ਦੇ ਤੌਰ ’ਤੇ ਖੇਡਦੇ ਹੋਏ ਰੂਸ ਦੀ ਐਲੇਨਾ ਕਰੁਟੋਵਾ ਨੂੰ 6-2 ਨਾਲ ਹਰਾਇਆ।

ਭਾਰਤ ਮਹਿਲਾ ਕੰਪਾਊਂਡ ਟੀਮ ਇਵੈਂਟ ’ਚ ਬਰਾਊਂਜ਼ ਮੈਡਲ ਜਿੱਤਣ ਤੋਂ ਵੀ ਖੁੰਝ ਗਿਆ ਕਿਉਂਕਿ ਸ਼ੀਤਲ ਦੇਵੀ ਤੇ ਪਾਇਲ ਨਾਗ ਤੀਜੇ ਸਥਾਨ ਲਈ ਪਲੇਆਫ ’ਚ ਚੀਨ ਤੋਂ ਹਾਰ ਗਈਆਂ। ਹਾਲਾਂਕਿ ਸਵਾਮੀ ਤੇ ਟੋਮਨ ਨੇ ਇਰਾਕ ਦੇ ਅੱਬਾਸ ਕਾਧਿਮ ਤੇ ਅਨਵਰ ਅਲਦਾਵੋਡ ’ਤੇ ਸ਼ਾਨਦਾਰ ਜਿੱਤ ਨਾਲ ਮਰਦਾਂ ਦੀ ਕੰਪਾਊਂਡ ਟੀਮ ਇਵੈਂਟ ’ਚ ਗੋਲਡ ਮੈਡਲ ਜਿੱਤਿਆ। ਭਾਰਤੀਆਂ ਨੇ ਹੌਲੀ ਸ਼ੁਰੂਆਤ ਕੀਤੀ ਤੇ ਪਹਿਲੇ ਰਾਊਂਡ ’ਚ ਅੱਠ ਦਾ ਸਕੋਰ ਕੀਤਾ ਪਰ ਜਲਦ ਹੀ ਲੈਅ ਫੜ ਲਈ। ਉਨ੍ਹਾਂ ਅਗਲੇ 12 ਤੀਰਾਂ ’ਚ ਸਿਰਫ ਪੰਜ ਪੁਆਇੰਟ ਗੁਆਏ ਤੇ ਮਜ਼ਬੂਤ ਬੜ੍ਹਤ ਬਣਾ ਲਈ। 

Share this content:

Post Comment