ਵਿਸ਼ਵ ਖੂਨਦਾਨ ਦਿਵਸ : ‘ਇੱਕ ਬੂੰਦ ਇਨਸਾਨੀਅਤ ਦੀ।
*ਖੂਨ ਦਿਓ। ਜਾਨਾਂ ਬਚਾਓ।
ਔਕਲੈਂਡ, 12 ਜੂਨ, 2026 (ਹਰਜਿੰਦਰ ਸਿੰਘ ਬਸਿਆਲਾ) – ਹਰ ਸਾਲ 14 ਜੂਨ ਨੂੰ ਦੁਨੀਆ ਭਰ ਵਿੱਚ ਵਿਸ਼ਵ ਖੂਨਦਾਨ ਦਿਵਸ ਮਨਾਇਆ ਜਾਂਦਾ ਹੈ। ਇਹ ਖਾਸ ਦਿਨ ਉਨ੍ਹਾਂ ਸਾਰੇ ਵਾਲੰਟੀਅਰਾਂ ਦਾ ਧੰਨਵਾਦ ਕਰਨ ਲਈ ਸਮਰਪਿਤ ਹੈ ਜੋ ਬਿਨਾਂ ਕਿਸੇ ਸੁਆਰਥ ਦੇ ਆਪਣਾ ਖੂਨ ਦਾਨ ਕਰਕੇ ਲੱਖਾਂ ਲੋਕਾਂ ਦੀਆਂ ਜਾਨਾਂ ਬਚਾਉਂਦੇ ਹਨ। ਖੂਨਦਾਨ ਕੁਦਰਤੀ ਆਫ਼ਤਾਂ, ਹਾਦਸਿਆਂ ਅਤੇ ਗੰਭੀਰ ਬੀਮਾਰੀਆਂ ਨਾਲ ਜੂਝ ਰਹੇ ਮਰੀਜ਼ਾਂ ਲਈ ਇੱਕ ਜੀਵਨ ਰੇਖਾ ਦਾ ਕੰਮ ਕਰਦਾ ਹੈ। ਨਿਊਜ਼ੀਲੈਂਡ ਵਰਗੇ ਦੇਸ਼ਾਂ ਵਿੱਚ ਵਸਦੇ ਭਾਰਤੀ ਇਸ ਮਹਾਨ ਕਾਰਜ ਵਿੱਚ ਹਮੇਸ਼ਾ ਮੋਹਰੀ ਰਹੀਆਂ ਹਨ, ਜਿਵੇਂ ਵਾਇਕਾਟੋ ਸ਼ਹੀਦ ਭਗਤ ਸਿੰਘ ਟ੍ਰਸਟ ਹਮਿਲਟਨ ( 15 ਕੈਂਪ), ਸਿੰਘ ਸਪੋਰਟਸ ਕਲੱਬ ਐਂਡ ਅਕਾਲ ਰਾਈਡਰਜ਼ ਹੇਸਟਿੰਗਜ਼ (6 ਕੈਂਪ), ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ, ਰੇਡੀਓ ਸਪਾਈਸ ਤੇ ਐਸ. ਬੀ. ਐਸ. ਸਪੋਰਟਸ ਐਂਡ ਕਲਚਰਲ ਕਲੱਬ (2 ਕੈਂਪ), ਜੂਨ-84 ਦੇ ਸ਼ਹੀਦਾਂ ਨੂੰ ਸਮਰਪਿਤ (ਪੰਥਕ ਵਿਚਾਰ ਮੰਚ ਵੱਲੋਂ 11 ਤੋਂ ਵੱਧ ਕੈਂਪ), ਚਮਕੌਰ ਸਾਹਿਬ ਦੀ ਸੰਗਤ ਵੱਲੋਂ ਚਮਕੌਰ ਸਾਹਿਬ ਦੇ ਸ਼ਹੀਦਾਂ ਨੂੰ ਸਮਰਪਿਤ ਖੂਨ ਦਾਨ ਕੈਂਪ ਅਤੇ ਹੋਰ ਸੰਸਥਾਵਾਂ ਵੱਲੋਂ ਵੱਡੇ ਪੱਧਰ ’ਤੇ ਖੂਨਦਾਨ ਕੈਂਪ ਲਗਾਏ ਜਾਂਦੇ ਹਨ।
ਸਲਾਮ ਹੈ ਨੋਬਲ ਪੁਰਸਕਾਰ ਜੇਤੂ ਵਿਗਿਆਨੀ
ਡਾ. ਕਾਰਲ ਲੈਂਡਸਟੇਨਰ ਨੂੰ:
ਇਸ ਦਿਨ ਦਾ ਇਤਿਹਾਸ ਨੋਬਲ ਪੁਰਸਕਾਰ ਜੇਤੂ ਵਿਗਿਆਨੀ ਡਾ. ਕਾਰਲ ਲੈਂਡਸਟੇਨਰ ਦੇ ਜਨਮਦਿਨ ਨਾਲ ਜੁੜਿਆ ਹੋਇਆ ਹੈ, ਜਿਨ੍ਹਾਂ ਨੇ ਏ, ਬੀ, ਅਤੇ ਓ ਬਲੱਡ ਗਰੁੱਪ ਪ੍ਰਣਾਲੀ ਦੀ ਖੋਜ ਕੀਤੀ ਸੀ। ਡਾ. ਕਾਰਲ ਲੈਂਡਸਟੇਨਰ (14 ਜੂਨ 1868 – 26 ਜੂਨ 1943) ਇੱਕ ਆਸਟਰੀਅਨ-ਅਮਰੀਕੀ ਇਮਿਊਨੋਲੋਜਿਸਟ ਅਤੇ ਪੈਥੋਲੋਜਿਸਟ ਸਨ, ਜਿਨ੍ਹਾਂ ਨੂੰ ਆਧੁਨਿਕ ਖੂਨ-ਦਾਨ ਪ੍ਰਣਾਲੀ ਦਾ ਪਿਤਾ ਕਿਹਾ ਜਾਂਦਾ ਹੈ। ਉਨ੍ਹਾਂ ਦੀਆਂ ਖੋਜਾਂ ਨੇ ਦੁਨੀਆ ਭਰ ਦੀ ਦਵਾਈ ਨੂੰ ਬੁਨਿਆਦੀ ਤੌਰ ’ਤੇ ਬਦਲ ਦਿੱਤਾ। ਉਨ੍ਹਾਂ ਦੀ ਇਸ ਮਹਾਨ ਖੋਜ ਸਦਕਾ ਹੀ ਮਨੁੱਖੀ ਇਤਿਹਾਸ ਵਿੱਚ ਇੱਕ ਇਨਸਾਨ ਤੋਂ ਦੂਜੇ ਇਨਸਾਨ ਨੂੰ ਸੁਰੱਖਿਅਤ ਤਰੀਕੇ ਨਾਲ ਖੂਨ ਚੜ੍ਹਾਉਣਾ ਸੰਭਵ ਹੋ ਸਕਿਆ। ਇਸ ਖੂਨ ਸਮੂਹ ਪ੍ਰਣਾਲੀ ਦੀ ਖੋਜ (1901) ਡਾ. ਲੈਂਡਸਟੇਨਰ ਨੇ 1901 ਵਿੱਚ ਮਨੁੱਖੀ ਖੂਨ ਦੇ 1, 2, O ਸਮੂਹਾਂ ਦੀ ਖੋਜ ਕੀਤੀ—ਇਹ ਉਹ ਖੋਜ ਸੀ ਜਿਸ ਨੇ ਖੂਨ ਚੜ੍ਹਾਉਣ ਨੂੰ ਸੁਰੱਖਿਅਤ ਬਣਾਇਆ। ਉਨ੍ਹਾਂ ਨੇ ਸਾਬਤ ਕੀਤਾ ਕਿ ਖੂਨ ਦੇ ਵੱਖ-ਵੱਖ ਸਮੂਹਾਂ ਵਿੱਚ ਐਂਟੀਜਨ ਅਤੇ ਐਂਟੀਬਾਡੀ ਦੇ ਕਾਰਨ ਕਈ ਵਾਰ ਖੂਨ ਗੰਢ ਜਾਂਦਾ ਹੈ (agglutination), ਜਿਸ ਨਾਲ ਮਰੀਜ਼ ਦੀ ਜਾਨ ਨੂੰ ਖਤਰਾ ਹੁੰਦਾ ਹੈ। ਇਹ ਖੋਜ ਅੱਜ ਵੀ ਹਰ ਹਸਪਤਾਲ, ਖੂਨ ਬੈਂਕ ਅਤੇ ਐਮਰਜੈਂਸੀ ਮੈਡੀਸਿਨ ਦੀ ਬੁਨਿਆਦ ਹੈ। ਇਸ ਖੋਜ ਨੂੰ ਸਨਮਾਨ ਦੇਣ ਅਤੇ ਖੂਨ ਦੀ ਘਾਟ ਨੂੰ ਪੂਰਾ ਕਰਨ ਲਈ ਸਾਲ 2004 ਵਿੱਚ ਪਹਿਲੀ ਵਾਰ ਵਿਸ਼ਵ ਸਿਹਤ ਸੰਗਠਨ ਵੱਲੋਂ ਇਸ ਦਿਨ ਦੀ ਸ਼ੁਰੂਆਤ ਕੀਤੀ ਗਈ ਸੀ। ਹਰ ਸਾਲ ਇਸ ਮੌਕੇ ਦੁਨੀਆ ਭਰ ਵਿੱਚ ਜਾਗਰੂਕਤਾ ਸਮਾਗਮ, ਵਰਕਸ਼ਾਪਾਂ ਅਤੇ ਖੂਨਦਾਨੀਆਂ ਨੂੰ ਸਨਮਾਨਿਤ ਕਰਨ ਲਈ ਵਿਸ਼ੇਸ਼ ਪ੍ਰੋਗਰਾਮ ਉਲੀਕੇ ਜਾਂਦੇ ਹਨ।
ਇਸ ਸਾਲ 2026 ਦੀ ਮੁਹਿੰਮ ਦਾ ਅਧਿਕਾਰਤ ਨਾਅਰਾ (ਸਲੋਗਨ) ‘ਇੱਕ ਬੂੰਦ ਇਨਸਾਨੀਅਤ ਦੀ। ਖੂਨ ਦਿਓ। ਜਾਨਾਂ ਬਚਾਓ। (One 4rop of 8umanity. 7ive 2lood. Save Lives.) ਰੱਖਿਆ ਗਿਆ ਹੈ। ਇਹ ਨਾਅਰਾ ਸਾਨੂੰ ਯਾਦ ਦਿਵਾਉਂਦਾ ਹੈ ਕਿ ਖੂਨ ਦੀ ਹਰ ਇੱਕ ਬੂੰਦ ਵਿੱਚ ਪੂਰੀ ਮਨੁੱਖਤਾ ਦੀ ਸਾਂਝ ਛਿਪੀ ਹੋਈ ਹੈ। ਇਹ ਸਿਰਫ਼ ਇੱਕ ਡਾਕਟਰੀ ਪ੍ਰਕਿਰਿਆ ਨਹੀਂ ਹੈ, ਬਲਕਿ ਇੱਕ ਦੂਜੇ ਪ੍ਰਤੀ ਹਮਦਰਦੀ ਅਤੇ ਸਮਾਜਿਕ ਜ਼ਿੰਮੇਵਾਰੀ ਦਾ ਸਭ ਤੋਂ ਵੱਡਾ ਪ੍ਰਗਟਾਵਾ ਹੈ।
ਵਿਚਿ ਦੁਨੀਆ ਸੇਵ ਕਮਾਈਐ ॥ ਤਾ ਦਰਗਹ ਬੈਸਣੁ ਪਾਈਐ ॥
ਸਿੱਖ ਧਰਮ ਵਿੱਚ ਇਸ ਕਿਸਮ ਦੀ ਨਿਸ਼ਕਾਮ ਸੇਵਾ ਨੂੰ ਬਹੁਤ ਉੱਚਾ ਦਰਜਾ ਦਿੱਤਾ ਗਿਆ ਹੈ। ਗੁਰਬਾਣੀ ਸਾਨੂੰ ਬਿਨਾਂ ਕਿਸੇ ਭੇਦਭਾਵ ਦੇ ਹਰ ਲੋੜਵੰਦ ਦੀ ਮਦਦ ਕਰਨ ਦਾ ਮਾਰਗ ਦਿਖਾਉਂਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਫੁਰਮਾਨ ਹੈ:
ਵਿਚਿ ਦੁਨੀਆ ਸੇਵ ਕਮਾਈਐ ॥ ਤਾ ਦਰਗਹ ਬੈਸਣੁ ਪਾਈਐ ॥
ਇਸ ਦਾ ਭਾਵ ਹੈ ਕਿ ਇਸ ਸੰਸਾਰ ਵਿੱਚ ਰਹਿੰਦਿਆਂ ਦੂਜਿਆਂ ਦੀ ਨਿਸ਼ਕਾਮ ਸੇਵਾ ਕਰਨ ਨਾਲ ਹੀ ਸੱਚੀ ਦਰਗਾਹ ਵਿੱਚ ਮਾਣ ਮਿਲਦਾ ਹੈ। ਖੂਨਦਾਨ ਕਰਨਾ ਸਿੱਖ ਇਤਿਹਾਸ ਦੇ ਸਰਬੱਤ ਦੇ ਭਲੇ ਦੇ ਸੰਕਲਪ ਅਤੇ ਵੰਡ ਛਕਣ ਦੇ ਸਿਧਾਂਤ ਨਾਲ ਪੂਰੀ ਤਰ੍ਹਾਂ ਮੇਲ ਖਾਂਦਾ ਹੈ। ਨਿਊਜ਼ੀਲੈਂਡ ਵਿੱਚ ਲੱਗਣ ਵਾਲੇ ਇਨ੍ਹਾਂ ਕੈਂਪਾਂ ਵਿੱਚ ਸਾਰੇ ਭਾਰਤੀ ਅਤੇ ਸਥਾਨਕ ਲੋਕ ਬਿਨਾਂ ਕਿਸੇ ਰੰਗ, ਨਸਲ ਜਾਂ ਧਰਮ ਦੇ ਵਿਤਕਰੇ ਦੇ ਹਿੱਸਾ ਲੈਂਦੇ ਹਨ। ਇਸ ਸਾਲ ਦਾ ਮੁੱਖ ਸੁਨੇਹਾ ਮਾਵਾਂ ਅਤੇ ਨਵਜੰਮੇ ਬੱਚਿਆਂ ਦੀ ਸਿਹਤ ਸੁਰੱਖਿਆ ਨਾਲ ਵੀ ਡੂੰਘਾ ਜੁੜਿਆ ਹੋਇਆ ਹੈ। ਦੁਨੀਆ ਭਰ ਵਿੱਚ ਹਰ ਸਾਲ ਲਗਭਗ 14 ਮਿਲੀਅਨ ਔਰਤਾਂ ਬੱਚੇ ਨੂੰ ਜਨਮ ਦੇਣ ਵੇਲੇ ਬਹੁਤ ਜ਼ਿਆਦਾ ਖੂਨ ਵਗਣ (ਹੈਮਰੇਜ) ਦੀ ਸਮੱਸਿਆ ਦਾ ਸਾਹਮਣਾ ਕਰਦੀਆਂ ਹਨ। ਵਿਕਾਸਸ਼ੀਲ ਦੇਸ਼ਾਂ ਵਿੱਚ ਮਾਵਾਂ ਦੀ ਮੌਤ ਦਾ ਇਹ ਇੱਕ ਮੁੱਖ ਕਾਰਨ ਹੈ। ਇਸ ਦੇ ਨਾਲ ਹੀ ਲੱਖਾਂ ਬੱਚੇ ਗੰਭੀਰ ਐਨੀਮੀਆ (ਖੂਨ ਦੀ ਕਮੀ) ਕਾਰਨ ਖ਼ਤਰੇ ਵਿੱਚ ਰਹਿੰਦੇ ਹਨ।
ਅਜਿਹੇ ਸਮੇਂ ਸਹੀ ਵਕਤ ’ਤੇ ਸੁਰੱਖਿਅਤ ਖੂਨ ਮਿਲਣਾ ਇੱਕ ਮਾਂ, ਇੱਕ ਬੱਚੇ ਅਤੇ ਇੱਕ ਭਵਿੱਖ ਨੂੰ ਬਚਾ ਸਕਦਾ ਹੈ।ਤੁਹਾਡਾ ਇੱਕ ਵਾਰ ਕੀਤਾ ਗਿਆ ਖੂਨਦਾਨ ਤਿੰਨ ਕੀਮਤੀ ਜਾਨਾਂ ਬਚਾਉਣ ਵਿੱਚ ਮਦਦਗਾਰ ਸਾਬਤ ਹੋ ਸਕਦਾ ਹੈ। ਪੂਰੀ ਪ੍ਰਕਿਰਿਆ ਵਿੱਚ ਸਿਰਫ਼ 45 ਤੋਂ 60 ਮਿੰਟ ਦਾ ਸਮਾਂ ਲੱਗਦਾ ਹੈ, ਪਰ ਤੁਹਾਡੇ ਵੱਲੋਂ ਦਿੱਤਾ ਗਿਆ ਇਹ ਤੋਹਫ਼ਾ ਕਿਸੇ ਪਰਿਵਾਰ ਨੂੰ ਉਮਰ ਭਰ ਦੀਆਂ ਖੁਸ਼ੀਆਂ ਦੇ ਸਕਦਾ ਹੈ। ਆਓ, ਇਸ ਵਿਸ਼ਵ ਖੂਨਦਾਨ ਦਿਵਸ ’ਤੇ ਅਸੀਂ ਸਾਰੇ ਰਲ ਕੇ ਨਿਯਮਿਤ ਤੌਰ ’ਤੇ ਖੂਨਦਾਨ ਕਰਨ ਦਾ ਪ੍ਰਣ ਕਰੀਏ ਅਤੇ ਮਨੁੱਖਤਾ ਦੇ ਇਸ ਮਹਾਨ ਕਾਰਜ ਵਿੱਚ ਆਪਣਾ ਯੋਗਦਾਨ ਪਾਈਏ।
Share this content:



Post Comment