Loading Now

ਵਿਵਾਦ ਅਤੇ ਵਿਸਮਾਦ ਦੇ ਵਸੀਲੇ – ਵਸਤੂਆਂ, ਵਿਅਕਤੀ ਅਤੇ ਵਿਚਾਰ/ਜਸਵਿੰਦਰ ਸਿੰਘ ਰੁਪਾਲ

ਵਿਵਾਦ ਅਤੇ ਵਿਸਮਾਦ ਦੇ ਵਸੀਲੇ – ਵਸਤੂਆਂ, ਵਿਅਕਤੀ ਅਤੇ ਵਿਚਾਰ/ਜਸਵਿੰਦਰ ਸਿੰਘ ਰੁਪਾਲ

ਜਿੰਦਗੀ ਵਿੱਚ ਵਿਚਰਦਿਆਂ ਵੰਨ ਸੁਵੰਨੀਆਂ ਚੰਗੀਆਂ ਮੰਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ । ਨਵੇਂ ਤਜਰਬੇ ਬਣਦੇ ਰਹਿੰਦੇ ਹਨ, ਗਿਆਨ ਵੱਧਦਾ ਰਹਿੰਦਾ ਹੈ। ਕਦੇ ਤਾਂ ਇਹਨਾਂ ਘਟਨਾਵਾਂ ਕਾਰਨ ਬਣੇ ਤਜਰਬੇ ਇੰਨੇ ਜਿਆਦਾ ਤਲਖ਼ ਅਤੇ ਕੌੜੇ ਹੁੰਦੇ ਹਨ ਕਿ ਵਿਅਕਤੀਆਂ ਨੂੰ ਇੱਕ ਦੂਜੇ ਦੇ ਦੁਸ਼ਮਣ ਵੀ ਬਣਾ ਦਿੰਦੇ ਹਨ। ਕੋਈ ਪਦਾਰਥਕ ਚੀਜ ਮਨ ਨੂੰ ਨਹੀਂ ਮੋਂਹਦੀ ਅਤੇ ਖੁਦ ਵੀ ਦਿਮਾਗ ਵਿੱਚ ਮੱਚੀ ਹਲਚਲ ਜਿਊਣਾ ਦੁੱਭਰ ਕਰ ਦਿੰਦੀ ਹੈ ਅਤੇ ਇਨਸਾਨ ਆਤਮ ਹੱਤਿਆ ਕਰਨ ਦੀ ਵੀ ਸੋਚਣ ਲੱਗ ਜਾਂਦਾ ਹੈ। ਦੂਜੇ ਪਾਸੇ ਕੁਝ ਤਜਰਬੇ ਇੰਨੇ ਜਿਆਦਾ ਮਿੱਠੇ ਅਤੇ ਆਨੰਦਦਾਇਕ ਹੁੰਦੇ ਹਨ ਕਿ ਵਿਅਕਤੀ ਦੀ ਮਾਨਸਿਕ ਤਸੱਲੀ ਸਿਖਰਾਂ ਛੋਹਣ ਲੱਗਦੀ ਹੈ । ਉਸ ਨੂੰ ਆਪਣੇ ਆਲੇ ਦੁਆਲੇ ਚੋਂ, ਆਪਣੇ ਆਪ ਚੋਂ ਅਤੇ ਮਿਲਣ ਵਾਲੇ ਸਾਥੀਆਂ ਵਿਚੋਂ ਇੱਕ ਅਜੀਬ ਮਹਿਕ ਆਉਣ ਲੱਗਦੀ ਹੈ। ਉਹ ਕੁਝ ਨਵਾਂ ਅਤੇ ਵੱਡਾ ਕਰਨਾ ਚਾਹੁੰਦਾ ਹੈ ਅਤੇ ਮਸਤੀ ਦੇ ਆਕਾਸ਼ ਵਿੱਚ ਉਡਾਰੀਆਂ ਲਾਉਣ ਲੱਗਦਾ ਹੈ। ਕੌੜੇ ਤਜਰਬੇ ਵਿਵਾਦ ਦਾ ਕਾਰਨ ਬਣਦੇ ਹਨ ਅਤੇ ਮਿੱਠੇ ਵਿਸਮਾਦ ਦਾ ।ਅੱਜ ਅਸੀਂ ਆਪਣਾ ਧਿਆਨ ਇਹਨਾਂ ਤੇ ਹੀ ਕੇਂਦਰਿਤ ਕਰਾਂਗੇ।

ਵਿਵਾਦ ਅਤੇ ਵਿਸਮਾਦ ਦੋਵਾਂ ਦਾ ਮੂਲ ਆਧਾਰ ਇੱਕੋ ਹੀ ਹੈ । ਤਿੰਨ ਕਾਰਕ ਹੋ ਸਕਦੇ ਹਨ ਜਿਹੜੇ ਬਹੁਤ ਮਹੱਤਵਪੂਰਨ ਰੋਲ ਨਿਭਾਉਂਦੇ ਹਨ ਸਾਡੀ ਜ਼ਿੰਦਗੀ ਵਿੱਚ। ਇਹ ਹਨ ਵਸਤੂਆਂ, ਵਿਅਕਤੀ ਅਤੇ ਵਿਚਾਰ ।। ਸਭ ਤੋਂ ਪਹਿਲਾਂ ਵਸਤੂਆਂ ਦੀ ਗੱਲ ਕਰੀਏ ,ਤਾਂ ਇਸ ਵਿੱਚ ਸਾਡੇ ਜਿਊਣ ਦੀਆਂ ਮੁਢਲੀਆਂ ਲੋੜਾਂ ਰੋਟੀ, ਕੱਪੜਾ ਅਤੇ ਮਕਾਨ ਤੋੰ ਲੈ ਕੇ ਐਸ਼ੋ ਇਸ਼ਰਤ ਦੇ ਸਾਰੇ ਸਾਧਨ ਇਸ ਸ਼੍ਰੇਣੀ ਵਿੱਚ ਰੱਖ ਸਕਦੇ ਹਾਂ। ਇਹਨਾਂ ਨੂੰ ਹੀ ਧਾਰਮਿਕ ਜਗਤ ਮਾਇਆ ਵੀ ਕਹਿ ਦਿੰਦਾ ਹੈ। ਜੇ ਇਹਨਾਂ ਦੀ ਮਾਤਰਾ ਘੱਟ ਹੈ ,ਤਾਂ ਵਿਵਾਦ । ਜੇ ਮਾਤਰਾ ਵੱਧ ਹੈ, ਤਾਂ ਵਿਸਮਾਦ !! ਵਿਰਲਿਆਂ ਨੂੰ ਛੱਡ ਕੇ ਸਾਰੀ ਦੁਨੀਆਂ ਆਪਣੀ ਸਾਰੀ ਜਿੰਦਗੀ ਹੀ ਇਹਨਾਂ ਵਸਤੂਆਂ ਨੂੰ ਇੱਕਠਾ ਕਰਨ ਵਿੱਚ ਗੁਜ਼ਾਰ ਦਿੰਦੀ ਹੈ। । ਬਚਪਨ ਤੋਂ ਹੀ ਅਸੀਂ ਬੱਚੇ ਨੂੰ ਖਿਡੌਣਿਆਂ ਦੇ ਰੂਪ ਵਿੱਚ ਵਸਤੂਆਂ ਨਾਲ ਜੋੜ ਦਿੰਦੇ ਹਾਂ। ਉਹ ਇਨ੍ਹਾਂ ਨਾਲ ਪਿਆਰ ਕਰਦਾ ਹੈ, ਲੈਣ ਦੀ ਜਿੱਦ ਕਰਦਾ ਹੈ, ਨਾ ਮਿਲਣ ਤੇ ਗੁੱਸੇ ਹੁੰਦਾ ਹੈ, ਰੁੱਸਦਾ ਹੈ। ਆਪਣੇ ਖਿਡੌਣਿਆਂ ਤੇ ਮੇਰ ਵੀ ਕਰਦਾ ਹੈ। ਦੂਜਿਆਂ ਨੂੰ ਦੇ ਕੇ ਰਾਜੀ ਨਹੀਂ, ਸਗੋਂ ਹੋਰ ਵਧੇਰੇ ਹੋਰ ਦੀ ਬਿਰਤੀ ਵਧਦੀ ਹੈ। ਇਸ ਬਿਰਤੀ ਨੂੰ ਮਾਪੇ ਅਤੇ ਹੋਰ ਨਜ਼ਦੀਕ ਦੇ ਲੋਕ ਵੀ ਉਤਸ਼ਾਹਿਤ ਕਰਦੇ ਹਨ ।

ਇਹੀ ਮੋਹ ਜਵਾਨੀ ਵਿਚ ਹੋਰ ਵੱਡੀਆਂ ਵਸਤੂਆਂ ਨਾਲ ਵਧਦਾ ਹੈ । ਲੋੜਾਂ ਅਤੇ ਸੁਖ ਸਹੂਲਤਾਂ ਵਧਾਉਣ ਲਈ ਵਧੇਰੇ ਵਸਤੂਆਂ ਦੀ ਮੰਗ ਪੈਦਾ ਹੁੰਦੀ ਹੈ ।ਲੋੜਾਂ ਅਤੇ ਸੁੱਖ ਸਹੂਲਤਾਂ ਦੇ ਅਧੂਰੇ ਹੋਣ ਕਾਰਨ ਹੀ ਪਰਿਵਾਰ ਵਿੱਚ, ਸਮਾਜ ਵਿੱਚ ਖਿੱਚੋਤਾਣ ਵਧਦੀ ਹੈ, ਸੰਘਰਸ਼ ਹੁੰਦਾ ਹੈ,ਤਕਰਾਰ ਹੈ,ਝਗੜੇ ਹਨ,ਖੂਨ ਖਰਾਬਾ ਹੈ। ਨਿਰਧਨ ਲੋਕ ਆਪਣੀਆਂ ਲੋੜਾਂ ਨੂੰ ਪੂਰੀਆਂ ਕਰਦੇ ਕਰਦੇ ਅਤੇ ਅਮੀਰ ਲੋਕ ਹੋਰ ਵਧੇਰੇ ਧਨ ਪਦਾਰਥ ਇੱਕਠਾ ਕਰਨ ਦੇ ਲਾਲਚ ਵਿੱਚ ਵਿਅਕਤੀਆਂ ਨਾਲ ਨਰਾਜਗੀ ਸਹੇੜ ਲੈਂਦੇ ਹਨ। ਲੈਣ ਦੇਣ ਠੀਕ ਨਾ ਹੋਣ ਕਾਰਨ ਰਿਸ਼ਤੇ ਬਿਖਰਦੇ ਹਨ।ਮੰਗਾਂ ਪੂਰੀਆਂ ਨਾ ਕੀਤੇ ਜਾਣ ਕਰਕੇ ਪਤਨੀ ਅਤੇ ਔਲਾਦ ਵੀ ਮੁੱਖ ਮੋੜ ਲੈਂਦੀ ਹੈ।

ਅਤਿ ਦੀ ਗਰੀਬੀ ਚੰਗੀਆਂ ਨੈਤਿਕ ਕੀਮਤਾਂ ਅਤੇ ਉੱਚ ਆਦਰਸ਼ ਵੀ ਕਿੱਥੇ ਰਹਿਣ ਦਿੰਦੀ ਹੈ। “ਪੇਟ ਨਾ ਪਈਆਂ ਰੋਟੀਆਂ ਤੇ ਸਭੇ ਗੱਲਾਂ ਖੋਟੀਆਂ”। ਵਿਰਲੇ ਉਹ ਇਨਸਾਨ ਹੁੰਦੇ ਨੇ ਜੋ ਗੁਰਬਤ ਵਿੱਚ ਵੀ ਆਪਣੇ ਸੰਬੰਧ ਕਾਇਮ ਰੱਖ ਸਕਦੇ ਹਨ। ਕਿਉਂਕਿ ਜੇ ਉਹ ਚਾਹੁਣ ਵੀ ਤਾਂ ਉਹਨਾਂ ਦੇ ਸੰਬੰਧੀ ਪਾਸਾ ਮੋੜ ਲੈਂਦੇ ਹਨ। ਸਮਾਜ ਵਿਚ ਅਤੇ ਦੇਸ਼ ਵਿਚ ਸਾਧਨਾਂ ਦੀ ਵੰਡ ਸਮਾਂ ਨਾ ਹੋਣ ਕਾਰਨ  ਬੇਚੈਨੀ ਫੈਲਦੀ ਹੈ ਅਰਾਜਕਤਾ ਆਉਂਦੀ ਹੈ ਅਤੇ ਸੰਘਰਸ਼ ਜਨਮ ਲੈਂਦੇ ਹਨ। ਵਸਤੂਆਂ ਦੀ ਘਾਟ  ਕਈ ਵਾਰ ਆਦਰਸ਼ਾਂ ਤੋਂ ਵੀ  ਥਿੜਕਾ ਦਿੰਦੀ ਹੈ। ਅਤੇ ਇਹਨਾਂ ਦੀ ਬਹੁਤਾਤ ਤਾਂ ਇਸ ਲਈ ਬਦਨਾਮ ਹੈ ਹੀ। ਸਭ ਜੋਰ ਸ਼ੋਰ ਨਾਲ ਆਖਦੇ ਨੇ ਕਿ ਮਾਇਆ ਆਦਮੀ ਨੂੰ ਹਉਮੈ ਗ੍ਰਸਤ ਬਣਾ ਦਿੰਦੀ ਹੈ ਅਤੇ ਉਹ ਮਾਇਆ ਯਾਨੀ ਵਸਤੂਆਂ ਪਿੱਛੇ ਵਿਅਕਤੀਆਂ ਨੂੰ ਵੀ ਖਰੀਦਣ ਦੀ ਸੋਚਦਾ ਹੈ ਅਤੇ ਨੈਤਿਕਤਾ ਅਤੇ ਕਦਰਾਂ ਕੀਮਤਾਂ ਨੂੰ ਵੀ ਉਹ ਇੰਨੀ ਤੇਜੀ ਨਾਲ ਬਦਲਦਾ ਹੈ ਜਿੰਨੀ ਤੇਜੀ ਨਾਲ ਮੰਡੀ ਵਿੱਚ ਫੈਸ਼ਨ ਬਦਲਣ ਤੇ ਨਵੀਆਂ ਵਸਤੂਆਂ ਲੈਣ ਵਿਚ ਲਗਾਉਂਦਾ ਹੈ। ਭਾਵੇਂ ਉਹ ਇਹਨਾਂ ਨਿਤ ਦਿਨ ਵਧਦੇ ਮੁਨਾਫੇ ਵਿਚੋਂ ਵਿਸਮਾਦ ਪ੍ਰਾਪਤ ਕਰਦਾ ਹੈ।

ਦੂਜੀ ਸ਼੍ਰੇਣੀ ਵਿਅਕਤੀਆਂ ਦੀ ਹੈ। ਸਾਡਾ ਮੱਧ ਵਰਗ ਇਸ ਸ਼੍ਰੇਣੀ ਨੂੰ ਸਭ ਤੋਂ ਵੱਧ ਤਰਜੀਹ ਦਿੰਦਾ ਹੈ। ਉਹ ਨਾ ਤਾਂ ਗਰੀਬ ਲੋਕਾਂ ਵਾਂਗ ਮਜਬੂਰ ਹੁੰਦਾ ਹੈ ਕਿ ਰਿਸ਼ਤੇ ਨਾ ਨਿਭਾ ਸਕੇ , ਨਾ ਹੀ ਅਮੀਰ ਵਰਗ ਵਾਂਗ ਰਿਸ਼ਤਿਆਂ ਨੂੰ ਚੀਜਾਂ ਵਾਂਗ ਹੀ ਵਰਤਦਾ ਹੈ। ਇਸੇ ਲਈ ਉਹ ਦੂਹਰੀ ਮਾਰ ਹੇਠ ਵਿਚਰਦਾ ਹੈ। ਕਿਧਰੇ ਵਸਤਾਂ ਕਾਰਨ ਵਿਅਕਤੀ ਨਾ ਛੁੱਟ ਜਾਣ ,ਇਹ ਖਿਆਲ ਜਿਨ੍ਹਾਂ ਦੇ ਮਨ ਵਿਚ ਭਾਰੂ ਰਹਿੰਦਾ ਹੈ, ਉਹ ਸੰਬੰਧਾਂ ਨੂੰ ਵਸਤੂਆਂ ਤੋਂ ਉੱਪਰ ਰੱਖਦੇ ਹਨ। ਅਜਿਹੀ ਸੋਚ ਵਾਲੇ ਜਾਇਦਾਦ ਲਈ ਪਿਤਾ ਨਾਲ ਨਹੀਂ ਲੜਦੇ, ਦਾਜ ਪਿਛੇ ਨੂੰਹਾਂ ਨੂੰ ਤੰਗ ਨਹੀਂ ਕਰਦੇ, ਮਾਪਿਆਂ ਦੀ ਬੇਕਦਰੀ ਨਹੀਂ ਕਰਦੇ। ਪਰ ਵਿਅਕਤੀ-ਪ੍ਰਧਾਨ ਸੋਚ ,ਵਿਚਾਰ-ਪ੍ਰਧਾਨ ਸੋਚ ਤੋਂ ਪਿੱਛੇ ਰਹਿ ਜਾਂਦੀ ਹੈ। ਕੁਝ ਲੋਕ ਆਪਣੇ ਪਰਿਵਾਰ ਖਾਤਰ ਆਦਰਸ਼ਾਂ ਅਤੇ ਨੈਤਿਕ ਕਦਰਾਂ ਕੀਮਤਾਂ ਦੀ ਬਲੀ ਦੇ ਦਿੰਦੇ ਹਨ।

ਰਿਸ਼ਵਤ ਅਤੇ ਸਿਫਾਰਸ਼ ਨਾਲ ਜੇ ਪੁੱਤਰ ਨੂੰ ਨੌਕਰੀ ਮਿਲਦੀ ਹੈ,ਤਾਂ ਠੀਕ ਲੱਗਦਾ ਹੈ। ਆਪਣੇ ਪਰਿਵਾਰ ਲਈ ਝੂਠ ਬੋਲਣਾ, ਹੇਰਾਫੇਰੀ ਅਤੇ ਧੋਖਾ ਦੇਣਾ, ਕਿਸੇ ਦਾ ਨੁਕਸਾਨ ਕਰਨਾ ਗਲਤ ਨਹੀਂ ਲੱਗਦਾ। ਪ੍ਰੇਮਿਕਾ ਦੀ ਖੁਸ਼ੀ ਹਾਸਲ ਕਰਨ ਲਈ ਕਿਸੇ ਰਾਜਨੀਤਿਕ ਨੇਤਾ ਜਾਂ ਅਫਸਰ ਨੂੰ ਖੁਸ਼ ਕਰਨ ਲਈ ਕਿਸੇ ਹੱਦ ਤੱਕ ਵੀ ਗਿਰਨਾ ਜਾਇਜ਼ ਬਣ ਜਾਂਦਾ ਹੈ। ਵਿਅਕਤੀਆਂ ਨੂੰ ਪ੍ਰਮੁੱਖ ਸਥਾਨ ਦੇਣ ਵਾਲੇ, ਅਜਿਹੀ ਸੋਚ ਵਾਲਿਆਂ ਨਾਲ ਹੀ ਲੰਮੇ ਸੰਬੰਧ ਬਣਾ ਸਕਦੇ ਹਨ। ਪਦਾਰਥਵਾਦੀ ਸੋਚ, ਰਿਸ਼ਤਿਆਂ ਅਤੇ ਸੰਬੰਧਾਂ ਨੂੰ ਮਾਇਆ ਨਾਲ ਤੋਲਣ ਲੱਗਦੀ ਹੈ, ਜਦ ਕਿ ਆਦਰਸ਼ਵਾਦੀ ਲੋਕ ਆਪਣੇ ਸੰਬੰਧਾਂ ਨੂੰ ਆਪਣੇ ਆਦਰਸ਼ਾਂ ਤੋਂ ਵਾਰ ਸਕਦੇ ਹਨ। ਮਨੁੱਖੀ ਰਿਸ਼ਤਿਆਂ ਦੀ ਕਦਰ ਕਰਨ ਵਾਲੇ ਇਹ ਲੋਕ ਇਸ ਵਿਚੋਂ ਹੀ ਵਿਸਮਾਦ ਭਾਲਦੇ ਹਨ, ਜਦਕਿ ਇਸੇ ਗੱਲ ਤੋਂ ਪਰਿਵਾਰ ਟੁੱਟਦੇ ਵੀ ਆਏ ਹਨ ਕਿ ਕਿਸੇ ਵਿਅਕਤੀ ਵਿਸ਼ੇਸ਼ ਨੂੰ ਬਣਦਾ ਸਨਮਾਨ ਨਹੀਂ ਦਿੱਤਾ ਗਿਆ।  ਕਬੀਲਾ ਯੁੱਧ ਤੋਂ ਹੁੰਦੀ ਹੋਈ ਇਹ ਬਿਰਤੀ ਦੇਸ਼ ਭਗਤੀ ਵਿਚ ਦੀ ਹੁੰਦੀ ਹੋਈ ਅੰਤਰਰਾਸ਼ਟਰੀ ਝਗੜਿਆਂ ਅਤੇ ਵਿਸ਼ਵ ਜੰਗਾਂ ਦਾ ਕਾਰਨ ਬਣਨ ਦੀ ਸਮਰਥਾ ਰੱਖਦੀ ਹੈ।

ਵਿਚਾਰਕ ਲੋਕ ਤੀਸਰੀ ਸ੍ਰੇਣੀ ਵਿਚ ਆਉਂਦੇ ਹਨ, ਜਿਹਨਾਂ ਦੀ ਪ੍ਰਸੰਸਾ ਸਾਰਾ ਸੰਸਾਰ ਕਰਦਾ ਹੈ। ਪਰ ਆਪ ਅਜਿਹੇ ਬਣਨ ਨੂੰ ਪਸੰਦ ਨਹੀਂ ਕਰਦਾ। ਗੁਰੂਆਂ, ਸ਼ਹੀਦਾਂ, ਦੇਸ਼ ਭਗਤਾਂ, ਕਿਸੇ ਸੰਘਰਸ਼ਮਈ ਲਹਿਰ ਦੇ ਮੁਢਲੀ ਕਤਾਰ ਦੇ ਨਿਰਸਵਾਰਥ ਲੜਨ ਵਾਲੇ ਆਗੂ ਆਦਿ ਅਜਿਹੇ ਪਾਤਰ ਹੁੰਦੇ ਹਨ ਜਿਨ੍ਹਾਂ ਨੇ ਆਪਣੇ ਆਦਰਸ਼ ਨੂੰ ਸਾਹਮਣੇ ਰੱਖਿਆ ਹੁੰਦਾ ਹੈ। ਉਹ ਉਸ ਆਦਰਸ਼ ਤੋਂ ਆਪਣੇ ਪਰਿਵਾਰ ਨੂੰ ਕੁਰਬਾਨ ਕਰ ਦਿੰਦੇ ਹਨ। ਜੇ ਕੋਈ ਪਰਿਵਾਰਿਕ ਮੈਂਬਰ ਜਨ ਸੰਬੰਧੀ ਉਨ੍ਹਾਂ ਦੇ ਰਸਤੇ ਵਿਚ ਰੁਕਾਵਟ ਬਣਨ ਦੀ ਕੋਸ਼ਿਸ਼ ਵੀ ਕਰੇ, ਉਹ ਉਸਨੂੰ ਛੱਡ ਵੀ ਸਕਦੇ ਹਨ। ਵਿਚਾਰਾਂ ਵਿਚੋਂ ਵਿਸਮਾਦ ਪ੍ਰਾਪਤ ਕਰਨ ਵਾਲੇ ਇਨ੍ਹਾਂ ਮਹਾਨ ਵਿਅਕਤੀਆਂ ਲਈ ਵਸਤੂਆਂ ,ਧਨ ਦੌਲਤ ਅਤੇ ਹੋਰ ਸੁਖ ਆਰਾਮ ਦੇ ਸਾਧਨ ਕੋਈ ਕੀਮਤ ਨਹੀਂ ਰੱਖਦੇ।  ਦੁਨੀਆਂ ਨੇ ਅਜਿਹੇ ਸੂਰਬੀਰਾਂ ਦੀਆਂ ਵਾਰਾਂ ਗਾਈਆਂ ਹਨ, ਉਨ੍ਹਾਂ ਵਲੋਂ ਸਹਿਣ ਕੀਤੇ ਗਏ ਜ਼ੁਲਮ, ਸਹਿਣ ਕੀਤੇ ਗਏ ਘਾਟੇ, ਸੰਸਾਰ ਨੇ ਵਡਿਆਏ ਹਨ। ਪਰ ਜਦੋਂ ਆਪਣੀ ਵਾਰੀ ਆਉਂਦੀ ਹੈ, ਤਾਂ 99% ਲੋਕ ਆਪਣੀਆਂ ਵਸਤੂਆਂ ਅਤੇ ਵਿਅਕਤੀਆਂ ਤੋਂ ਉੱਚਾ ਨਹੀਂ ਉਠ ਸਕਦੇ।

ਭਾਵੇਂ, ਤਿੰਨਾਂ ਵਿਚੋਂ ਵਿਚਾਰ ਜਿਆਦਾ ਪ੍ਰਧਾਨ ਜਾਪਦਾ ਹੈ ਅਤੇ ਆਦਰਸ਼ਾਂ ਪਿੱਛੇ ਚੱਲਣ ਵਾਲੇ ਲੋਕ ਵੱਧ ਮਕਬੂਲ ਹੁੰਦੇ ਹਨ। ਪਰ ਇੱਥੇ ਵੀ ਸਿਰਫ ਵਿਸਮਾਦ ਹੀ ਨਹੀਂ ਹੈ। ਵਿਵਾਦ ਇੱਥੇ ਵੀ ਹੈ। ਵਿਚਾਰਾਂ ਦੀ ਭਿੰਨਤਾ ਵੱਖਰੇ ਵੱਖਰੇ ਵਾਦਾਂ ਨੂੰ ਜਨਮ ਦਿੰਦੀ ਹੈ ਅਤੇ ਇਹ ਵਾਦ ਵਿਵਾਦ ਨੂੰ ਜਨਮ ਦਿੰਦੇ ਹਨ। ਹਰ ਇੱਕ ਨੂੰ ਆਪਣੀ ਵਿਚਾਰਧਾਰਾ ਸਰਬ ਸ੍ਰੇਸ਼ਟ ਲੱਗਦੀ ਹੈ ਅਤੇ ਦੂਸਰੇ ਦੀ ਛੋਟੀ। ਇਹ ਵਿਵਾਦ ਇੰਨੇ ਵੱਧ ਜਾਂਦੇ ਹਨ ਕਿ ਵੱਡੀਆਂ ਜੰਗਾਂ ਨੂੰ ਵੀ ਜਨਮ ਦੇ ਸਕਦੇ ਹਨ।

ਇਹ ਸਾਡੀ ਆਪਣੀ ਸੋਚ ਉੱਤੇ ਨਿਰਭਰ ਕਰਦਾ ਹੈ ਕਿ ਅਸੀਂ ਕਿਸ ਵਿਚੋਂ ਵਿਵਾਦ ਖੜਾ ਕਰਦੇ ਹਾਂ ਅਤੇ ਕਿਸ ਵਿਚੋਂ ਵਿਸਮਾਦ !! ਇਹ ਅਲੱਗ ਅਲੱਗ ਹੁੰਦੇ ਹੋਏ ਵੀ ਇੱਕ ਦੂਜੇ ਉੱਤੇ ਪੂਰੀ ਤਰਾਂ ਨਿਰਭਰ ਹਨ। ਕਿਸੇ ਦਾ ਵੀ ਇਹਨਾਂ ਤਿੰਨਾਂ ਤੋਂ ਬਿਨਾਂ ਗੁਜ਼ਾਰਾ ਹੀ ਨਹੀ ਹੈ। ਸਾਡੇ ਸਾਰੇ ਵਿਕਾਸ, ਸਾਡੇ ਸਾਰੇ ਸੰਬੰਧ ਅਤੇ  ਸਾਰੀਆਂ ਵਿਚਾਰਧਾਰਾਵਾਂ ਆਪਸ ਵਿੱਚ ਇੱਕ ਸਮੀਕਰਣ ਨਾਲ ਜੁੜੀਆਂ ਹੋਈਆਂ ਹਨ। ਅਸਲ ਵਿੱਚ ਤਿੰਨਾਂ ਦਾ ਸੰਤੁਲਨ ਬਣਾਉਣਾ ਜਰੂਰੀ ਹੈ। ਇੱਕਲੀਆਂ ਵਸਤੂਆਂ ਸਾਨੂੰ ਸਰੀਰਕ ਸੁਖ, ਆਰਾਮ ਅਤੇ ਸਹੂਲਤਾਂ ਤਾਂ ਦੇ ਸਕਦੀਆਂ ਹਨ  ਪਰ ਸਾਡੇ ਮਨ ਨੂੰ ਵੀ ਸ਼ਾਂਤੀ ਚਾਹੀਦੀ ਹੈ। ਸਾਡੇ ਪਰਿਵਾਰਿਕ ਅਤੇ ਸਮਾਜਿਕ ਸੰਬੰਧ ਸਾਡੀ ਹੋਂਦ ਲਈ ਜਰੂਰੀ ਹਨ। ਇਹਨਾਂ ਵਸਤੂਆਂ ਅਤੇ ਵਿਅਕਤੀਆਂ ਦੀ ਤਰਤੀਬ ਕਾਇਮ ਰੱਖਣ ਲਈ ਹੀ ਵੱਖ ਵੱਖ ਵਿਚਾਰਧਾਰਾਵਾਂ ਹੋਂਦ ਵਿੱਚ ਆਉਂਦੀਆਂ ਹਨ।  ਇੱਕ ਸੰਤੁਲਿਤ ਮਨੁੱਖ ਇਹਨਾਂ ਤਿੰਨਾਂ ਨੂੰ ਆਪਣੀ ਥਾਂ ਤੇ ਰੱਖਦਾ ਹੈ। ਕਿਸੇ ਨੂੰ ਵਿਵਾਦ ਦਾ ਕਾਰਨ ਨਹੀਂ ਬਣਨ ਦਿੰਦਾ ।

ਨਾ ਤਾਂ ਉਹ ਮਾਇਆ ਕਾਰਨ ਸਮਾਜਿਕ ਸੰਬੰਧ ਵਿਗੜਦਾ ਹੈ, ਨਾ ਹੀ ਨੈਤਿਕ ਕਦਰਾਂ ਕੀਮਤਾਂ ਅਤੇ ਆਦਰਸ਼ਾਂ ਨੂੰ ਮਾਇਆ ਕਾਰਨ ਤਿਲਾਂਜਲੀ ਦਿੰਦਾ ਹੈ। ਇਸੇ ਤਰਾਂ ਵਿਅਕਤੀਆਂ ਅਤੇ ਵਿਚਾਰਾਂ ਵਿੱਚ ਵੀ ਸੰਤੁਲਨ ਬਣਾਇਆ ਜਾਣਾ ਜਰੂਰੀ ਹੈ। ਸਵੈ ਚਿੰਤਨ , ਚੰਗੀ ਸੰਗਤ, ਵਧੀਆ ਪ੍ਰੇਰਨਾਤਮਕ ਕਿਤਾਬਾਂ ਸਾਨੂੰ ਥਿੜਕਣ ਤੋਂ ਬਚਾ ਸਕਦੀਆਂ ਹਨ ਅਤੇ ਸਾਨੂੰ ਉਨ੍ਹਾਂ ਮਾਮਲਿਆਂ ਤੇ ਵੀ ਵਿਸਮਾਦੀ ਅਵਸਥਾ ਵਿਚ ਲਿਜਾ ਸਕਦੀਆਂ ਹਨ ਜਿਹੜੀਆਂ ਸਾਡੀ ਜ਼ਿੰਦਗੀ ਵਿਚ ਵਿਵਾਦ ਦਾ ਕਾਰਨ ਹਨ। ਲੋੜ ਚੰਗੇ ਵਿਚਾਰ ਪ੍ਰਾਪਤ ਕਰਦੇ ਰਹਿਣ ਦੀ ਹੈ ਅਤੇ ਆਤਮ ਚਿੰਤਨ ਰਾਹੀਂ ਹੋਰ ਚੰਗਾ ਹੋਰ ਵਧੀਆ ਬਣਨ ਦੀ ਬਿਰਤੀ, ਦਿਖਣ ਜਾਂ ਕਹਾਉਣ ਦੀ ਨਹੀਂ, ਸਗੋਂ ਚੰਗਾ ਬਣਨ ਦੀ ਬਿਰਤੀ ਹਮੇਸ਼ਾ ਕਾਇਮ ਰਹਿਣੀ ਚਾਹੀਦੀ ਹੈ।

ਕਿਉਂਕਿ ਫੇਰ ਵਿਸਮਾਦ ਪੈਦਾ ਕਰਨ ਦੇ ਅਸਲੀ ਵਸੀਲੇ ਦੀ ਜਾਣਕਾਰੀ ਹੋ ਸਕੇਗੀ ਅਤੇ ਅਸੀਂ ਅਸਲ ਅਰਥਾਂ ਵਿਚ ਵਿਸਮਾਦ ਦੇ ਨੇੜੇ ਪਹੁੰਚ ਸਕਦੇ ਹਾਂ। ਆਧੁਨਿਕ ਯੁੱਗ ਵਿਚ ਵਸਤਾਂ ਨੂੰ ਵਰਤਣ ਦਾ ਤਰੀਕਾ “ਵਰਤੋ ਅਤੇ ਸੁੱਟ ਦੇਵੋ” (Use and throw) ਇੰਨਾ ਜਿਆਦਾ ਭਾਰੂ ਹੋ ਗਿਆ ਹੈ ਕਿ ਇਹੀ ਬਿਰਤੀ ਵਿਅਕਤੀਆਂ ਨਾਲ ਸੰਬੰਧਾਂ ਵਿਚ ਅਤੇ ਵਿਚਾਰਾਂ ਨਾਲ ਵੀ ਦੇਖੀ ਜਾਣ ਲੱਗੀ ਹੈ। ਸੰਬੰਧ ਅਤੇ ਰਿਸ਼ਤੇਦਾਰੀਆਂ ਵਿਚ ਵੀ ਇਹੀ ਬਿਰਤੀ ਭਾਰੂ ਹੈ, ਜਿਸ ਕਾਰਨ  ਪਰਿਵਾਰ ਟੁੱਟਣ ਲੱਗੇ ਹਨ ਅਤੇ ਤਲਾਕ ਵਧਣ ਲੱਗੇ ਹਨ ।ਵਸਤੂਆਂ, ਰਿਸ਼ਤਿਆਂ ਅਤੇ ਵਿਚਾਰਾਂ ਜਾਂ ਆਦਰਸ਼ਾਂ ਨੂੰ ਅਸੀਂ ਸੰਭਾਲਣ ਦੀ ਜਾਚ ਭੁੱਲ ਰਹੇ ਹਾਂ। ਕਿਸੇ ਵੀ ਵਿਚਾਰ ਜਾਂ ਆਦਰਸ਼ ਉੱਤੇ ਵੀ ਅਸੀਂ ਦ੍ਰਿੜਤਾ ਨਾਲ ਨਹੀਂ ਖੜ੍ਹੇ ਹੋਏ। ਆਉਣ ਵਾਲਾ ਸਮਾਂ ਕਿਹੋ ਜਿਹਾ ਹੋ ਸਕਦਾ ਹੈ, ਸੋਚ ਕੇ ਕਾਂਬਾ ਛਿੜ ਜਾਂਦਾ ਹੈ।

ਵਸਤੂਆਂ ਸਥੂਲ ਜਗਤ ਨਾਲ ਸੰਬੰਧਿਤ ਹਨ। ਸਥੂਲ ਰੂਪ ਵਿਚ ਹੋਣ ਕਰਕੇ ਉਹ ਵਿਅਕਤੀ ਵੀ ਜੜ੍ਹ ( ਸਥੂਲ) ਬਣ ਜਾਂਦੇ ਹਨ, ਜਿਹੜੇ ਵਸਤੂਆਂ ਨੂੰ ਪਹਿਲ ਦਿੰਦੇ ਹਨ। ਵਿਅਕਤੀ ਵਿਚ ਸਜੀਵ ਤੇ ਨਿਰਜੀਵ ਦੋਵੇਂ ਅੰਸ਼ ਹੋਣ ਕਾਰਨ ਇਹ ਸਥੂਲ ਤੇ ਸੂਖਮ ਦਾ ਮੇਲ ਹੈ। ਇਨਸਾਨ ਹੀ ਆਪਣੀ ਚੇਤਨਾ ਨਾਲ ਇਹਨਾਂ ਵਸਤੂਆਂ ਨੂੰ ,ਵਿਅਕਤੀਆਂ ਨੂੰ ਅਤੇ ਵਿਚਾਰਾਂ ਦੀ ਪਰਿਭਾਸ਼ਾ ਦਿੰਦਾ ਹੈ, ਉਹਨਾਂ ਦੀ ਥਾਂ ਨਿਸ਼ਚਿਤ ਕਰਦਾ ਹੈ। ਵਿਚਾਰ ਸਿਰਫ ਸੂਖਮ ਰੂਪ ਹੈ। ਇਹ ਨਿਰਗੁਣ ਪਰਮਾਤਮਾ ਵਾਂਗ ਹਰ ਇੱਕ ਨੂੰ ਸਮਝ ਨਹੀਂ ਪੈਂਦਾ। ਇਸ ਸੂਖਮ ਰੂਪ ਨੂੰ ਸਭ ਤੋਂ ਵੱਧ ਤਰਜੀਹ ਦੇਣ ਵਾਲੇ ਸੱਚਮੁੱਚ ਮਰਜੀਵੜੇ ਬਣ ਜਾਂਦੇ ਹਨ। ਉਹ ਆਦਰਸ਼ਾਂ ਲਈ ਕੁਰਬਾਨ ਹੋਣ ਵਾਲੇ ਜਿੰਦਾ ਸ਼ਹੀਦ ਹੁੰਦੇ ਹਨ। ਲੋੜ ਹੈ ਸੁਚੇਤ ਹੋਣ ਦੀ ਅਤੇ ਇਹਨਾਂ ਦਾ ਠੀਕ ਅਨੁਪਾਤ ਬਣਾਈ ਰੱਖਣ ਲਈ। ਵਿਵਾਦ ਬਣ ਰਹੀ ਕੋਈ ਵੀ ਵਸਤੂ, ਵਿਅਕਤੀ ਜਾਂ ਵਿਚਾਰ ਦੀ ਵੀ ਦੁਬਾਰਾ ਚਿੰਤਨ ਕੀਤੇ ਜਾਣ ਦੀ ਲੋੜ ਹੈ। ਆਓ ਅਸੀਂ ਇਹਨਾਂ ਤੋਂ ਹੀ ਵਿਸਮਾਦ ਪ੍ਰਾਪਤ ਕਰਨ ਦੇ ਢੰਗ ਸਿੱਖੀਏ ਅਤੇ ਹੋਰਨਾਂ ਨੂੰ ਵੀ ਇਹ ਮਹਿਕ ਵੰਡਦੇ ਰਗੀਏ।

1000227133-removebg-preview ਵਿਵਾਦ ਅਤੇ ਵਿਸਮਾਦ ਦੇ ਵਸੀਲੇ - ਵਸਤੂਆਂ, ਵਿਅਕਤੀ ਅਤੇ ਵਿਚਾਰ/ਜਸਵਿੰਦਰ ਸਿੰਘ ਰੁਪਾਲ

-ਜਸਵਿੰਦਰ ਸਿੰਘ “ਰੁਪਾਲ”

-9814715796

Share this content:

Post Comment