ਵਿਵਾਦਾਂ ਵਿਚਾਲੇ ‘ਸਰਦਾਰ ਜੀ 3’ ਤੋਂ ਨੀਰੂ ਬਾਜਵਾ ਨੇ ਝਾੜਿਆ ਪੱਲਾ
ਚੰਡੀਗੜ੍ਹ, 27 ਜੂਨ – ਪੂਰੇ ਦੇਸ਼ ਵਿੱਚ ਇਸ ਸਮੇਂ ਦਿਲਜੀਤ ਦੁਸਾਂਝ ਅਤੇ ਉਸਦੀ ਫਿਲਮ ‘ਸਰਦਾਰਜੀ 3’ ਚਰਚਾ ਦਾ ਵਿਸ਼ਾ ਬਣੇ ਹੋਏ ਹਨ, ਕਿਉਂਕਿ ਸਟਾਰ ਦੀ ਇਸ ਫਿਲਮ ਵਿੱਚ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਦਿਖਾਈ ਦਿੱਤੀ ਹੈ। ਇਸ ਫਿਲਮ ਦਾ ਪ੍ਰਭਾਵੀ ਹਿੱਸਾ ਅਦਾਕਾਰਾ ਨੀਰੂ ਬਾਜਵਾ ਵੀ ਹੈ, ਜੋ ਪਹਿਲਾਂ ਵੀ ਦਿਲਜੀਤ ਦੁਸਾਂਝ ਨਾਲ ਮਿਲ ਕੇ ਕਈ ਹਿੱਟ ਪੰਜਾਬੀ ਫਿਲਮਾਂ ਸਿਨੇਮਾ ਪ੍ਰੇਮੀਆਂ ਦੇ ਝੋਲੀ ਪਾ ਚੁੱਕੀ ਹੈ।
ਹੁਣ ਇਸ ਵਿਵਾਦ ਦੇ ਵਿਚਕਾਰ ਨੀਰੂ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਉਤੇ ਵੱਡਾ ਕੰਮ ਕੀਤਾ ਹੈ, ਜੀ ਹਾਂ…ਦਰਅਸਲ, ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਤੋਂ ‘ਸਰਦਾਰਜੀ 3’ ਨਾਲ ਜੁੜੀਆਂ ਸਾਰੀਆਂ ਪੋਸਟਾਂ ਡਿਲੀਟ ਕਰ ਦਿੱਤੀਆਂ ਹਨ, ਹੁਣ ਅਦਾਕਾਰਾ ਦੇ ਇੰਸਟਾਗ੍ਰਾਮ ਉਤੇ ਤੁਹਾਨੂੰ ਕੋਈ ਵੀ ‘ਸਰਦਾਰਜੀ 3’ ਨਾਲ ਜੁੜੀ ਪੋਸਟ ਨਹੀਂ ਮਿਲੇਗੀ, ਹਾਲਾਂਕਿ ਇਹ ਪੋਸਟਾਂ ਅਦਾਕਾਰਾ ਨੇ ਭਾਰਤ ਵਿੱਚ ‘ਸਰਦਾਰਜੀ 3’ ਦੇ ਵਿਵਾਦ ਤੋਂ ਬਾਅਦ ਡਿਲੀਟ ਕੀਤੀਆਂ ਹਨ।
ਅਮਰ ਹੁੰਦਲ ਦੁਆਰਾ ਨਿਰਦੇਸ਼ਤ ‘ਸਰਦਾਰਜੀ 3’ ਇੱਕ ਡਰਾਉਣੀ-ਕਾਮੇਡੀ ਹੈ, ਜੋ ਭੂਤਾਂ ਦੇ ਸ਼ਿਕਾਰੀਆਂ ਦੀ ਕਹਾਣੀ ਸੁਣਾਉਂਦੀ ਹੈ, ਜਿੰਨ੍ਹਾਂ ਨੂੰ ਦਿਲਜੀਤ ਦੁਸਾਂਝ ਅਤੇ ਹਾਨੀਆ ਆਮਿਰ ਦੁਆਰਾ ਦਰਸਾਇਆ ਗਿਆ ਹੈ, ਕਿਉਂਕਿ ਉਹ ਯੂਕੇ ਵਿੱਚ ਇੱਕ ਭੂਤੀਆਂ ਹਵੇਲੀ ਵਿੱਚ ਅਲੌਕਿਕ ਘਟਨਾਵਾਂ ਦਾ ਸਾਹਮਣਾ ਕਰਦੇ ਹਨ। ਫਿਲਮ ਵਿੱਚ ਨੀਰੂ ਬਾਜਵਾ ਵੀ ਇੱਕ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ। ਹਾਲਾਂਕਿ ਇਹ ਭਾਰਤ ਵਿੱਚ ਰਿਲੀਜ਼ ਨਹੀਂ ਹੋਵੇਗੀ, ਪਰ ਇਹ ਫਿਲਮ 27 ਜੂਨ ਨੂੰ ਵਿਦੇਸ਼ਾਂ ਵਿੱਚ ਰਿਲੀਜ਼ ਹੋਣ ਵਾਲੀ ਹੈ।
ਕਿਉਂ ਹੋ ਰਿਹਾ ‘ਸਰਦਾਰਜੀ 3’ ਦਾ ਵਿਰੋਧ
‘ਸਰਦਾਰ ਜੀ 3’ ਫਿਲਮ ਵਿੱਚ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਨੂੰ ਕਾਸਟ ਕਰਨ ਨੂੰ ਲੈ ਕੇ ਵਿਵਾਦਾਂ ਵਿੱਚ ਘਿਰ ਗਈ ਹੈ। ਫਿਲਮ ਦੇ ਨਿਰਮਾਤਾਵਾਂ ਨੇ ਪਹਿਲਾਂ ਇੱਕ ਬਿਆਨ ਜਾਰੀ ਕਰਕੇ ਸਪੱਸ਼ਟ ਕੀਤਾ ਸੀ ਕਿ ਪਾਕਿਸਤਾਨੀ ਅਦਾਕਾਰ ਨੂੰ ਸਾਈਨ ਕਰਨਾ ਪਹਿਲਗਾਮ ਵਿੱਚ ਅੱਤਵਾਦੀ ਹਮਲੇ ਤੋਂ ਪਹਿਲਾਂ ਕੀਤਾ ਗਿਆ ਸੀ। ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਫਿਲਮ ਦੀ ਸ਼ੂਟਿੰਗ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਵਧਣ ਤੋਂ ਪਹਿਲਾਂ ਕੀਤੀ ਗਈ ਸੀ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੇ ਇੱਕ ਪੱਤਰ ਵਿੱਚ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ (FWICE) ਨੇ ਦਿਲਜੀਤ ਅਤੇ ਨਿਰਮਾਤਾਵਾਂ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ, ਉਨ੍ਹਾਂ ਦੇ ਪਾਸਪੋਰਟ ਅਤੇ ਨਾਗਰਿਕਤਾ ਨੂੰ ਰੱਦ ਕਰਨ ਦੀ ਅਪੀਲ ਕੀਤੀ।
Share this content:


Post Comment