ਵਿਜੀਲੈਂਸ ਰਿਮਾਂਡ ’ਤੇ ਬਿਕਰਮ ਮਜੀਠੀਆ
ਚੰਡੀਗੜ੍ਹ, 26 ਜੂਨ – ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੂੰ ਮੋਹਾਲੀ ਅਦਾਲਤ ਵਿੱਚ ਪੇਸ਼ੀ ਤੋਂ ਬਾਅਦ ਅੱਜ 7 ਦਿਨਾਂ ਦੇ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਵਿਜੀਲੈਂਸ ਨੇ 12 ਦਿਨ ਦਾ ਰਿਮਾਂਡ ਮੰਗਿਆ ਸੀ ਪਰ ਅਦਾਲਤ ਵੱਲੋਂ 7 ਦਿਨ ਦੇ ਰਿਮਾਂਡ ‘ਤੇ ਭੇਜਿਆ ਗਿਆ ਹੈ। ਹੁਣ ਮਜੀਠੀਆ ਮਾਮਲੇ ‘ਚ ਅਗਲੀ ਸੁਣਵਾਈ 2 ਜੁਲਾਈ ਨੂੰ ਹੋਵੇਗੀ।
ਵਿਦੇਸ਼ੀ ਕੰਪਨੀਆਂ ਤੋਂ ਹੋਈ ਆਮਦਨ ਦਾ ਨਹੀਂ ਕੋਈ ਵੇਰਵਾ
ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਕਾਰ ਦੇ ਵਕੀਲ ਨੇ ਦੱਸਿਆ ਕਿ ‘ਵਿਦੇਸ਼ੀ ਕੰਪਨੀਆਂ ਤੋਂ ਬਿਕਰਮ ਮਜੀਠੀਆ ਦੇ ਖਾਤਿਆਂ ‘ਚ ਪੈਸੇ ਆਉਂਦੇ ਸਨ, ਜਿਨ੍ਹਾਂ ਦਾ ਕੋਈ ਵੇਰਵਾ ਨਹੀਂ ਦਿੱਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਦੀ ਪਤਨੀ ਵਿਧਾਇਕਾ ਗਨੀਵ ਕੌਰ ਦੇ ਖ਼ਾਤੇ ਵਿੱਚ ਵੀ ਕਰੋੜਾਂ ਰੁਪਏ ਆਏ ਹਨ ਜਿਨ੍ਹਾਂ ਦਾ ਕੋਈ ਵੇਰਵਾ ਨਹੀਂ ਹੈ। ਸਰਕਾਰ ਦੇ ਵਕੀਲਾਂ ਮੁਤਾਬਿਕ ਅਕਾਲੀ ਆਗੂ ਬਿਕਰਮ ਮਜੀਠੀਆ ਸਾਈਪ੍ਰਸ ਦੀਆਂ ਨਾਲ ਵਪਾਰ ਕਰਦੇ ਸਨ, ਇਨ੍ਹਾਂ ਨਿਜੀ ਕੰਪਨੀਆਂ ਵੱਲੋਂ ਕਰੋੜਾਂ ਰੁਪਏ ਦਾ ਲੋਨ ਵੀ ਦਿੱਤਾ ਗਿਆ ਪਰ ਬਾਅਦ ਵਿੱਚ ਚੰਗੀ ਭਲੀ ਚੱਲ ਰਹੀ ਕੰਪਨੀ ਨੇ ਮਜੀਠੀਆ ਨਾਲ ਘਾਟੇ ਵਿੱਚ ਸੈਟਲਮੈਂਟ ਕਰ ਲਈ, ਉਸ ਦਾ ਵੀ ਕੋਈ ਵੇਰਵਾ ਨਹੀਂ ਹੈ ਕਿ ਅਜਿਹਾ ਕਿਉਂ ਹੋਇਆ। ਇਸ ਦੇ ਨਾਲ ਹੀ ਜਦੋਂ ਮਜੀਠੀਆ ਤਤਕਾਲੀ, ਅਕਾਲੀ ਦਲ ਦੀ ਸਰਕਾਰ ਵਿੱਚ ਮੰਤਰੀ ਬਣਦੇ ਹਨ ਉਸ ਸਮੇਂ ਬਿਕਰਮ ਮਜੀਠੀਆ ਸਾਈਪ੍ਰਸ ਦੀ ਕੰਪਨੀ ਨਾਲ ਤੋਂ ਅਸਤੀਫ਼ਾ ਦਿੰਦੇ ਹਨ ਪਰ ਉਸ ਕੰਪਨੀ ਵੱਲੋਂ ਪਰਿਵਾਰਿਕ ਮੈਂਬਰ ਦੇ ਖ਼ਾਤੇ ਵਿੱਚ ਕਰੋੜਾਂ ਰੁਪਏ ਆਉਂਦੇ ਹਨ।
ਮਜੀਠੀਆ ਨੇ ਪਤਨੀ ਨਾਲ ਧੱਕੇਸ਼ਾਹੀ ਦੇ ਲਾਏ ਇਲਜ਼ਾਮ
ਦੱਸ ਦਈਏ ਕਿ ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਦੀ ਅੰਮ੍ਰਿਤਸਰ ਰਿਹਾਇਸ਼ ਸਣੇ ਚੰਡੀਗੜ੍ਹ ਅਤੇ ਵੱਖ-ਵੱਖ ਥਾਵਾਂ ‘ਤੇ ਮੌਜੂਦ ਉਨ੍ਹਾਂ ਦੇ 9 ਠਿਕਾਣਿਆਂ ‘ਤੇ ਰੇਡ ਕੀਤੀ ਗਈ। ਇਸ ਦੌਰਾਨ ਅੰਮ੍ਰਿਤਸਰ ਦੀ ਰਿਹਾਇਸ਼ ਵਿਖੇ ਪੰਜਾਬ ਵਿਜੀਲੈਂਸ ਦੇ ਅਧਿਕਾਰੀਆਂ ਦੇ ਪਹੁੰਚਦੇ ਹੀ ਹੰਗਾਮਾ ਵੀ ਖ਼ੂਬ ਦੇਖਣ ਨੂੰ ਮਿਲਿਆ। ਵਿਜੀਲੈਂਸ ਸਵੇਰੇ 9 ਵਜੇ ਦੇ ਕਰੀਬ ਮਜੀਠੀਆ ਦੇ ਘਰ ਅੰਮ੍ਰਿਤਸਰ ਵਿਖੇ ਛਾਪੇਮਾਰੀ ਕਰਨ ਪਹੁੰਚੀ ਤਾਂ ਇਸ ਦੌਰਾਨ ਮਜੀਠੀਆ ਅਤੇ ਉਨ੍ਹਾਂ ਦੀ ਪਤਨੀ, ਵਿਧਾਇਕ ਗਨੀਵ ਕੌਰ ਨੇ ਧੱਕੇਸ਼ਾਹੀ ਦੇ ਇਲਜ਼ਾਮ ਵੀ ਲਾਏ। ਉਨ੍ਹਾਂ ਕਿਹਾ ਕਿ ਟੀਮ ਜਬਰਦਸਤੀ ਘਰ ਵਿੱਚ ਦਾਖਲ ਹੋਈ ਹੈ । ਇਸ ਨੂੰ ਲੈ ਕੇ ਬਿਕਰਮ ਮਜੀਠੀਆ ਦੀ ਪਤਨੀ ਅਤੇ ਵਿਧਾਇਕਾ ਗਨੀਵ ਕੌਰ ਨੇ ਅਧਿਕਾਰੀਆਂ ਉੱਤੇ ਸਵਾਲ ਚੁੱਕਦਿਆ ਕਿਹਾ ਕਿ, ‘ਸਾਨੂੰ ਕੁੱਝ ਨਹੀਂ ਦੱਸਿਆ, ਸਾਨੂੰ ਧੱਕਾ ਮਾਰ ਕੇ ਅੰਦਰ ਆ ਗਏ।’ ਹੰਗਾਮੇ ਤੋਂ ਬਾਅਦ ਵਿਜੀਲੈਂਸ ਦੀ ਟੀਮ ਮਜੀਠੀਆ ਨੂੰ ਹਿਰਾਸਤ ਵਿੱਚ ਲੈ ਕੇ ਰਵਾਨਾ ਹੋ ਗਈ। ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕਰਕੇ ਮੋਹਾਲੀ ਲਿਆਂਦਾ ਗਿਆ।
ਵਕੀਲਾਂ ਨੇ ਚੁੱਕਿਆ ਇਹ ਮੁੱਦਾ
ਦੱਸ ਦਈਏ ਕਿ ਬਿਕਰਮ ਮਜੀਠੀਆ ਨਾਲ ਮੁਲਾਕਾਤ ਕਰਨ ਵਾਲੇ ਉਨ੍ਹਾਂ ਦੇ ਵਕੀਲ ਅਤੇ ਪਾਰਟੀ ਦੇ ਸੀਨੀਅਰ ਆਗੂ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਮਜੀਠੀਆ ਵਿਜੀਲੈਂਸ ਦੀ ਹਿਰਾਸਤ ਵਿੱਚ ਬਿਲਕੁਲ ਠੀਕ ਹਨ। ਸਰਕਾਰ ਕਹਿ ਰਹੀ ਹੈ ਕਿ ਇਹ ਕਾਰਵਾਈ ਨਸ਼ਿਆਂ ਵਿਰੁੱਧ ਜੰਗ ਦੇ ਹਿੱਸੇ ਵਜੋਂ ਕੀਤੀ ਗਈ ਹੈ। ਹਾਲਾਂਕਿ, ਮਜੀਠੀਆ ਵਿਰੁੱਧ ਦਰਜ ਕੀਤਾ ਗਿਆ ਕੇਸ ਆਮਦਨ ਤੋਂ ਵੱਧ ਜਾਇਦਾਦ ਦਾ ਹੈ। ਜਿਸ ਰਿਪੋਰਟ ਦੇ ਆਧਾਰ ‘ਤੇ ਇਹ ਕੇਸ ਦਰਜ ਕੀਤਾ ਗਿਆ ਹੈ, ਉਸ ਨੂੰ ਸੁਪਰੀਮ ਕੋਰਟ ਪਹਿਲਾਂ ਹੀ ਰੱਦ ਕਰ ਚੁੱਕੀ ਹੈ। ਇਹ ਰਿਪੋਰਟ ਵਿਜੀਲੈਂਸ ਨੂੰ ਰਾਤ 10:40 ਵਜੇ ਪ੍ਰਾਪਤ ਹੋਈ ਸੀ ਅਤੇ ਤੁਸੀਂ ਸਵੇਰੇ 4:40 ਵਜੇ ਕੇਸ ਦਰਜ ਕੀਤਾ।
ਮਜੀਠੀਆ ਅਕਸਰ ਹੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਰਕਾਰ ਦੀਆਂ ਨੀਤੀਆਂ ਵਿਰੁੱਧ ਬੋਲਦੇ ਹਨ। ਕੁਝ ਦਿਨ ਪਹਿਲਾਂ ਉਨ੍ਹਾਂ ਨੇ ਮੁੱਖ ਮੰਤਰੀ ਮਾਨ ਦੀ ਸਿਹਤ ਬਾਰੇ ਕੁਝ ਟਿੱਪਣੀਆਂ ਕੀਤੀਆਂ ਸਨ। ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਨੂੰ ਗੁੰਮਰਾਹ ਕਰਨਾ ਬੰਦ ਕਰੇ। ਉਨ੍ਹਾਂ ਕਿਹਾ ਕਿ ਜਿਸ ਵਿਭਾਗ ਦੇ ਬਾਹਰ ਅਸੀਂ ਖੜ੍ਹੇ ਹਾਂ, ਉਸ ਦਾ ਕੰਮ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲਿਆਂ ਦੀ ਜਾਂਚ ਕਰਨਾ ਹੈ, ਜਦਕਿ ਨਾਰਕੋਟਿਕਸ ਵਿਭਾਗ ਨਸ਼ਿਆਂ ਨਾਲ ਸਬੰਧਤ ਮਾਮਲਿਆਂ ਦੀ ਜਾਂਚ ਕਰਦਾ ਹੈ। ਨਸ਼ਿਆਂ ਵਿਰੁੱਧ ਦਰਜ ਕੀਤੇ ਗਏ ਕੇਸ ਦਾ ਚਲਾਨ ਅਜੇ ਤੱਕ ਪੇਸ਼ ਨਹੀਂ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ‘ਸਰਕਾਰ ਕੋਲ ਡਰੱਗ ਨਾਲ ਸਬੰਧਤ ਮਾਮਲੇ ਵਿੱਚ ਕੋਈ ਸਬੂਤ ਨਹੀਂ ਹੈ। ਸਰਕਾਰ ਉਸ ਰਿਪੋਰਟ ਦੇ ਆਧਾਰ ‘ਤੇ ਸੁਪਰੀਮ ਕੋਰਟ ਗਈ ਸੀ ਜਿਸ ਦੇ ਆਧਾਰ ‘ਤੇ ਮਜੀਠੀਆ ਦੀ ਜ਼ਮਾਨਤ ਰੱਦ ਕੀਤੀ ਗਈ ਸੀ। ਇਹ ਮਾਮਲਾ ਉਸੇ ਰਿਪੋਰਟ ਦੇ ਆਧਾਰ ‘ਤੇ ਦਰਜ ਕੀਤਾ ਗਿਆ ਹੈ।
ਵਿਜੀਲੈਂਸ ਨੇ ਕਿਉ ਕੀਤੀ ਕਾਰਵਾਈ?
ਜ਼ਿਕਰਯੋਗ ਹੈ ਕਿ ਵਿਜੀਲੈਂਸ ਵੱਲੋਂ ਮਜੀਠੀਆ ਵਿਰੁੱਧ ਦਰਜ ਕੀਤਾ ਗਿਆ ਕੇਸ। ਦੱਸਿਆ ਗਿਆ ਹੈ ਕਿ ਇਹ ਕਾਰਵਾਈ ਸਾਲ 2021 ਵਿੱਚ ਦਰਜ ਕੀਤੇ ਗਏ ਐਨਡੀਪੀਐਸ ਕੇਸ ਦੇ ਆਧਾਰ ‘ਤੇ ਕੀਤੀ ਗਈ ਹੈ। ਇਸ ਤਹਿਤ ਮਜੀਠੀਆ ਨੇ 540 ਕਰੋੜ ਰੁਪਏ ਦੀ ਗੈਰ-ਕਾਨੂੰਨੀ ਜਾਇਦਾਦ ਬਣਾਈ ਹੈ। ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ 161 ਕਰੋੜ ਰੁਪਏ ਜਮ੍ਹਾ ਹਨ, ਜਦਕਿ ਵਿਦੇਸ਼ੀ ਕੰਪਨੀਆਂ ਨਾਲ 141 ਕਰੋੜ ਰੁਪਏ ਦਾ ਲੈਣ-ਦੇਣ ਹੈ। ਇਸ ਤੋਂ ਇਲਾਵਾ, ਕੰਪਨੀ ਦੇ ਵਿੱਤੀ ਸਟੇਟਮੈਂਟਾਂ ਵਿੱਚ ਬਿਨਾਂ ਕਿਸੇ ਜਾਣਕਾਰੀ ਅਤੇ ਸਪੱਸ਼ਟੀਕਰਨ ਦੇ 236 ਕਰੋੜ ਰੁਪਏ ਦੀ ਰਕਮ ਸਾਹਮਣੇ ਆਈ ਹੈ। ਮਜੀਠੀਆ ਦੇ ਘਰੋਂ 30 ਮੋਬਾਈਲ ਫੋਨ, 5 ਲੈਪਟਾਪ, 3 ਆਈਪੈਡ, 2 ਡੈਸਕਟਾਪ, ਜਾਇਦਾਦ ਦੇ ਦਸਤਾਵੇਜ਼ ਅਤੇ ਹੋਰ ਚੀਜ਼ਾਂ ਮਿਲੀਆਂ ਹਨ।
Share this content:



Post Comment