ਲੱਸੀ ਤੇ ਲੂ/ਦਰਸ਼ਨ ਸਿੰਘ ਰਿਆੜ
ਲੱਸੀ ਤੇ ਲੂ ਗਰਮੀਆਂ ਦੇ ਮੌਸਮ ਦੌਰਾਨ ਮਈ ਅਤੇ ਜੂਨ ਦੇ ਮਹੀਨੇ ਜਦੋਂ ਸੂਰਜ ਦੀਆਂ ਕਿਰਨਾਂ ਭੂ- ਮੱਧ ਰੇਖਾ ਦੇ ਨੇੜਲੇ ਖੇਤਰਾਂ ਵਿੱਚ ਸਿੱਧੀਆਂ ਪੈਂਦੀਆਂ ਹਨ ਤਾਂ ਉਹ ਸਮਾਂ ਗਰਮੀ ਦਾ ਸਿਖਰ ਹੁੰਦਾ ਹੈ।ਇਸ ਮੌਸਮ ਦੌਰਾਨ ਹਵਾਵਾਂ ਵੀ ਏਨੀਆਂ ਗਰਮ ਵਗਦੀਆਂ ਹਨ ਜਿਵੇਂ ਅੱਗ ਦੀ ਭੱਠੀ ਰਾਹੀਂ ਕੱਢ ਕੇ ਲਿਆਂਦੀਆਂ ਹੋਣ?ਜਿਸ ਪਾਸੇ ਵੀ ਇਹਨਾਂ ਪੌਣਾਂ ਦਾ ਵਹਾਅ ਹੁੰਦਾ ਹੈ ਸਭ ਕੁਝ ਸਾੜਦਾ ਹੀ ਜਾਂਦਾ ਹੈ।ਠੇਠ ਪੰਜਾਬੀ ਭਾਸ਼ਾ ਵਿਚ ਇਸ ਨੂੰ ਲੂ ਕਹਿੰਦੇ ਹਨ।ਉਂਜ ਪਿੰਡਾਂ ਵਿੱਚ ਇਸ ਮੌਸਮ ਨੂੰ ਲੌਆਂ ਦਾ ਮੌਸਮ ਵੀ ਕਿਹਾ ਜਾਂਦਾ ਹੈ ਜੋ ਪਿੰਡੇ( ਮਨੁੱਖੀ ਸਰੀਰ ਦੇ ਲੱਕ ਨੂੰ ਪਿੰਡਾ ਕਿਹਾ ਜਾਂਦਾ ਹੈ)ਨੂੰ ਸਾੜਦੀਆਂ ਲੰਘਦੀਆਂ ਸਨ।ਹੁਣ ਤਾਂ ਮੌਸਮ ਤੇ ਕੱਪੜੇ ਪਹਿਨਣ ਦੇ ਰਿਵਾਜ ਹੀ ਬਦਲ ਗਏ ਹਨ ਨਹੀਂ ਤਾਂ ਪਿੰਡਾਂ ਵਿੱਚ ਪਹਿਲਾਂ ਖੇਤਾਂ ਵਿੱਚ ਕੰਮ ਕਰਨ ਵਾਲੇ ਲੋਕ ਬਜ਼ੁਰਗ ਹੋਣ ਚਾਹੇ ਜਵਾਨ,ਗਰਮੀ ਦੇ ਦੋ ਮਹੀਨੇ ਗਲ ਕੱਪੜਾ ਹੀ ਨਹੀਂ ਸਨ ਪਾਂਉਦੇ।
ਪੜ੍ਹੇ ਲਿਖੇ ਤਾਂ ਬਨੈਣਾਂ ਪਾ ਲੈਂਦੇ ਸਨ ਅਤੇ ਘੱਟ ਪੜ੍ਹੇ ਲਿਖੇ ਜਾਂ ਅਨਪੜ੍ਹ ਫ਼ਤੂਹੀ ਪਹਿਨਦੇ ਹੁੰਦੇ ਸਨ।ਪੁਰਾਣੇ ਸਮੇਂ ਦੇ ਲੋਕ ਘਰਾਂ ਵਿੱਚ ਸਿਲਾਈ ਕੀਤੀ ਹੋਈ ਸੂਤੀ ਕੱਪੜੇ ਦੀ ਅੱਧੇ ਕਮੀਜ਼ ਦੀ ਸ਼ਕਲ ਦੀ ਸ਼ਰਟ ਜਿਸ ਨੂੰ ਜੇਬਾਂ ਲੱਗੀਆਂ ਹੁੰਦੀਆਂ ਸਨ ਤੇ ਬਾਂਹਾਂ ਤੋਂ ਬਿਨਾਂ ਹੁੰਦੀ ਸੀ ,ਉਹ ਪਹਿਨਦੇ ਹੁੰਦੇ ਸਨ।ਗਰਮੀਆਂ ਦਾ ਮੌਸਮ ਜ਼ਿਆਦਾਤਰ ਲੋਕ ਨੰਗੇ ਪਿੰਡੇ ਜਾਂ ਫ਼ਤੂਹੀ ਪਹਿਨ ਕੇ ਹੀ ਲੰਘਾ ਲੈਂਦੇ ਸਨ। ਹਾੜੀ ਦੀ ਫ਼ਸਲ ਸਾਂਭਣ ਤੋਂ ਬਾਦ ਗਰਮੀ ਤੋਂ ਬਚਣ ਲਈ ਭੁੰਨੇ ਹੋਏ ਜੌਂਆਂ ਦੇ ਆਟੇ ,ਜੋ ਮੋਟਾ ਖ਼ਰਾਸਾਂ ਰਾਹੀਂ ਪੀਸਿਆ ਹੁੰਦਾ ਸੀ,ਵਿੱਚ ਸੱਕਰ ਮਿਲਾ ਕੇ ਮਿੱਟੀ ਦੇ ਭਾਂਡਿਆਂ ਵਿੱਚ ਸਟੋਰ ਕਰ ਲੈਂਦੇ ਸਨ।ਅਕਸਰ ਦੁਪਹਿਰ ਦੇ ਸਮੇਂ ਘੜੇ ਦੇ ਠੰਢੇ ਪਾਣੀ ਵਿੱਚ ਮਿਲਾ ਕਿ ਇਹ ਘੋਲ ਪੀਂਦੇ ਤੇ ਗਰਮੀ ਅਤੇ ਲੂ ਨੂੰ ਛੂ-ਮੰਤਰ ਜਾਣਦੇ ਸਨ।ਇਸ ਘੋਲ ਨੂੰ” ਸੱਤੂ”ਕਹਿੰਦੇ ਸਨ।ਹੁਣ ਤਾਂ ਨਾ ਕਿਸੇ ਨੂੰ ਸੱਤੂਆਂ ਦਾ ਪਤਾ ਹੈ ਤੇ ਨਾ ਹੀ ਕੋਈ ਪੁਰਾਣੀ ਯਾਦ ਤਾਜ਼ੀ ਕਰਨਾ ਹੀ ਚਾਹੁੰਦਾ ਹੈ।ਹੁਣ ਤਾਂ ਫ਼ੈਸ਼ਨੇਬਲ ਤਰੀਕੇ ਨਾਲ ਸੱਜੇ ਹੋਏ ਪਕਵਾਨ ਨਾਮ ਬਦਲ ਕੇ ਖਾ ਪੀ ਕੇ ਲੋਕ ਸੰਤੁਸ਼ਟ ਹੁੰਦੇ ਹਨ।
ਆਧੁਨਿਕ ਜੋ ਹੋਏ!ਸਵੇਰ ਵੇਲੇ ਅੱਧ-ਰਿੜਕਿਆ ਦੁੱਧ ਦਾ ਗਿਲਾਸ ਜਾਂ ਫਿਰ ਚਾਟੀ ਦੀ ਲੱਸੀ ਦਾ ਛੰਨਾ ਪੀਤਾ ਹੋਵੇ ਤਾਂ ਲੂ ਦੀ ਕੀ ਮਜਾਲ ਨੇੜਿਉਂ ਦੀ ਵੀ ਲੰਘ ਜਾਵੇ?ਹੁਣ ਤਾਂ ਗੁਰਦਾਸ ਮਾਨ ਦੇ ਗੀਤ ਵਾਂਗ-ਘੱਗਰੇ ਫੁਲਕਾਰੀਆਂ,ਘੁੰਡ ਤੇ ਘੁੰਡ ਵਾਲੀਆਂ ਵੀ ਨਹੀਂ ਰਹੀਆਂ।ਚਾਟੀਆਂ-ਮਧਾਣੀਆਂ ਤੇ ਕਾੜ੍ਹਨੇ ਹੁਣ ਤਾਂ ਫ਼ਿਲਮੀ ਸ਼ਿੰਗਾਰ ਦਾ ਹਿੱਸਾ- ਹੀ ਬਣ ਕੇ ਰਹਿ ਗਏ ਹਨ। ਕਲਚਰ,ਪਹਿਰਾਵੇ ਤੇ ਬੋਲੀ ਨੂੰ ਤਿਲਾਂਜਲੀ ਦੇ ਨਾਲ ਨਾਲ ਅਸੀਂ ਰਿਸ਼ਤਿਆਂ ਦੀ ਅਹਿਮੀਅਤ ਵੀ ਭੁੱਲਦੇ ਜਾ ਰਹੇ ਹਾਂ।ਸਾਰਾ ਜ਼ੋਰ ਵਿੰਗੇ ਟੇਢੇ ਤਰੀਕਿਆਂ ਨਾਲ ਧਨ ਇਕੱਠਾ ਕਰਨ ਅਤੇ ਇਸ਼ਕ ਮੁਸ਼ਕ ਦੇ ਗੋਰਖ ਧੰਦਿਆਂ ਵਿੱਚ ਰੁਲਦਾ ਜਾ ਰਿਹਾ ਹੈ।ਵਿਹਲੜ ਤੇ ਬੇਰੁਜ਼ਗਾਰ ਨਸ਼ਿਆਂ ਦੀ ਘੁੰਮਣਘੇਰੀ ਵਿੱਚ ਲੁਪਤ ਹੁੰਦੀ ਜਾ ਰਹੀ ਹੈ ਦੇਸ਼ ਦੀ ਜਵਾਨੀ।ਜਿਵੇਂ ਰੋਮ ਬਾਰੇ ਕਹਾਵਤ ਪ੍ਰਸਿੱਧ ਹੈ-ਰੋਮ ਜਲ ਰਿਹਾ ਸੀ ਤੇ ਨੀਰੂ ਹੋਰੀਂ ਬੰਸਰੀ ਦੀ ਤਾਨ ਤੇ ਮਸਤ ਸਨ-।ਹਾਕਮਾਂ ਦੀ ਕੁਰਸੀ ਸਲਾਮਤ ਰਹਿਣੀ ਚਾਹੀਦੀ ਹੈ ਲੋਕ ਜਾਂ ਦੇਸ਼ ਜਿਸ ਮਰਜ਼ੀ ਕਰਵੱਟ ਵਿੱਚ ਉਲਝਦਾ ਰਹੇ?ਖੈਰ! ਇਹ ਸਭ ਕੁਝ ਆਪਣੀ ਚਾਲੇ ਚਲਦਾ ਹੀ ਰਹਿਣਾ ਹੈ।
ਉਂਜ ਵੀ ਮੇਲੇ ਵਿੱਚ ਚੱਕੀਰਾਹੇ ਨੂੰ ਕੌਣ ਪੁੱਛਦਾ?ਅਸੀਂ ਤਾਂ ਲੱਸੀ ਤੇ ਲੂ ਬਾਰੇ ਹੀ ਸੋਚ ਸਕਦੇ ਹਾਂ।ਗਰਮੀ ਨਾਲ ਸਰੀਰ ਦਾ ਤਰਲ ਭਾਵ ਪਾਣੀ ਬਹੁਤ ਜਲਦੀ ਸੁੱਕਣ ਲੱਗਦਾ ਹੈ ਤੇ ਪਾਣੀ ਦੀ ਕਮੀ ਜਾਨ-ਲੇਵਾ ਵੀ ਸਾਬਤ ਹੋ ਸਕਦੀ ਹੈ।ਇਸ ਲਈ ਨਿੰਬੂ ਪਾਣੀ ਤੇ ਘੜੇ ਦਾ ਸਾਦਾ ਪਾਣੀ ਪੀਣਾ ਵੀ ਸਿਹਤ ਲਈ ਅੰਮ੍ਰਿਤ ਦਾ ਹੀ ਕੰਮ ਕਰਦਾ ਹੈ।ਲੱਸੀ ਤਾਂ ਜੀਵਨ ਦਾਨ ਵਰਗੀ ਮਹੱਤਤਾ ਰੱਖਦੀ ਹੈ,ਬਸ਼ਰਤੇ ਕਿ ਸ਼ੁੱਧ ਦੁੱਧ ਦੀ ਮਿਲ ਜਾਵੇ?ਚਾਟੀ ਦੀ ਲੱਸੀ,ਦਿਨ ਭਰ ਕਾਹੜਨੇ ਵਿੱਚ ਕੜ੍ਹੇ ਦੁੱਧ ਨੂੰ ਰਾਤ ਭਰ ਜਾਗ ਲਗਾ ਕੇ ਤੜਕੇ ਰਿੜਕੀ ਹੋਈ ਲੱਸੀ ਮਿਲ ਜਾਵੇ ਤਾਂ ਕਿਆ ਕਹਿਣੇ! ਨਿਰਾ ਸੋਨੇ ਤੇ ਸੁਹਾਗੇ ਦਾ ਕੰਮ ਕਰਦੀ ਹੈ ਇਹ ਲੱਸੀ। ਚਾਟੀ ਦੀ ਲੱਸੀ ਦੀ ਆਪਣੀ ਹੀ ਅਹਿਮੀਅਤ ਹੁੰਦੀ ਹੈ।ਦੁੱਧ ਰਿੜਕਣ ਬਾਦ ਮੱਖਣ ਕੱਢਣ ਨਾਲ ਇਹ ਹਲਕੀ ਫੁਲਕੀ ਬਣ ਜਾਂਦੀ ਹੈ।ਸੌ ਬਿਮਾਰੀਆਂ ਦਾ ਇਲਾਜ ਤੇ ਹਾਜ਼ਮੇ ਭਰਪੂਰ ਲੱਸੀ ਵਧੀਆ ਖ਼ੁਰਾਕ ਵਾਂਗ ਸਿਹਤ ਵਰਧਕ ਵੀ ਹੁੰਦੀ ਹੈ।ਲੱਸੀ ਪੀਣ ਨਾਲ ਸਰੀਰ ਦੀ ਤਪਸ਼ ਨੂੰ ਤਾਂ ਸੰਤੁਸ਼ਟੀ ਮਿਲਦੀ ਹੀ ਹੈ,ਇਹ ਪੇਟ ਤੇ ਅੰਤੜੀਆਂ ਦੀ ਸਫ਼ਾਈ ਲਈ ਵੀ ਬੜੀ ਅਹਿਮ ਹੁੰਦੀ ਹੈ।
ਪਿੰਡਾਂ ਦੇ ਲੋਕ ਦੋ ਵੇਲੇ ਦਾਲ-ਸਬਜ਼ੀ ਦੇ ਆਹਰ ਵਿੱਚ ਉਲਝਣ ਦੀ ਬਿਜਾਏ ਸਵੇਰ ਵੇਲੇ ਦਾ ਖਾਣਾ,ਜਿਸ ਨੂੰ ਸ਼ਾਹ-ਵੇਲਾ ਆਖਿਆ ਜਾਂਦਾ ਸੀ ਦਹੀਂ ਤੇ ਲੱਸੀ ਨਾਲ ਹੀ ਬੜੇ ਚਾਵਾਂ ਤੇ ਖ਼ੁਸ਼ੀਆਂ ਨਾਲ ਖ਼ਾਇਆ ਕਰਦੇ ਸਨ।ਦੁਪਹਿਰ ਦਾ ਖਾਣਾ ਦਾਲ ਸਬਜ਼ੀ ਨਾਲ ਤੇ ਰਾਤ ਨੂੰ ਫਿਰ ਦੁੱਧ ਦੇ ਵੱਡੇ ਕੜੇ ਵਾਲੇ ਗਿਲਾਸ ਪੀ ਕੇ ਨਜ਼ਾਰੇ ਨਾਲ ਡਕਾਰ ਮਾਰਦੇ ਗੱਭਰੂ ਬਿਸਤਰੇ ਤੇ ਜਾ ਟਿਕਦੇ ਸਨ।ਦੁੱਧ ਰਸੋਈ ਤੇ ਖਾਣੇ ਦਾ ਅਹਿਮ ਹਿੱਸਾ ਹੁੰਦਾ ਸੀ।ਮੱਝਾਂ-ਗਾਵਾਂ ਤੇ ਬੱਕਰੀਆਂ ਵੀ,ਆਪੋ ਆਪਣੀ ਪਹੁੰਚ ਅਨੁਸਾਰ ਹਰ ਘਰ ਦਾ ਸ਼ਿੰਗਾਰ ਹੁੰਦੀਆਂ ਸਨ।ਡੇਅਰੀਆਂ ਵਾਲੇ ਤੇ ਲੋੜ ਅਨੁਸਾਰ ਲੋਕ ਦੁੱਧ ਵੇਚਦੇ ਵੀ ਸਨ ਪਰ ਇਹ ਪੇਸ਼ਾ ਬਹੁਤ ਘੱਟ ਸੀ।ਉਦੋਂ ਲੋਕ ਦੁੱਧ ਨੂੰ ਪੁੱਤ ਦੇ ਸਮਾਨ ਗਿਣਦੇ ਸਨ ਤੇ ਵੇਚਣਾ ਗੁਨਾਹ ਵੀ ਸਮਝਦੇ ਸਨ।ਲੋਕ ਉਧਾਰ ਦੇ ਕੇ ਡੰਗ ਸਾਰਨ ਨੂੰ ਵੇਚਣ ਨਾਲੋਂ ਵੱਧ ਤਰਜੀਹ ਦੇਂਦੇ ਸਨ। ਹੁਣ ਇੱਕ ਤਾਂ ਲੋਕ ਸ਼ੌਕੀਨ ਹੋ ਗਏ ਨੇ।ਦੂਜਾ ਸਾਂਝੇ ਪਰਿਵਾਰ ਨਹੀਂ ਰਹੇ।
ਇਕਹਿਰੇ ਪ੍ਰੀਵਾਰ,ਸੀਮਤ ਲੋੜਾਂ ਤੇ ਸੀਮਤ ਸਾਧਨ।ਹੁਣ ਤਾਂ ਪਿੰਡਾਂ ਥਾਂਵਾਂ ਵਿੱਚ ਵੀ ਵਿਰਲੇ ਟਾਂਵੇਂ ਘਰਾਂ ਵਿੱਚ ਹੀ ਮੱਝਾਂ ਗਾਵਾਂ ਨਜ਼ਰ ਆਉਂਦੀਆਂ ਹਨ ਜਾਂ ਫਿਰ ਜਿਨ੍ਹਾਂ ਲੋਕਾਂ ਨੇ ਡੇਅਰੀ ਫਾਰਮਿੰਗ ਨੂੰ ਧੰਦੇ ਵਜੋਂ ਅਪਣਾ ਲਿਆ ਹੈ ,ਉਹਨਾਂ ਕੋਲ ਹੀ ਲਵੇਰੇ ਪਸੂ ਵੇਖਣ ਨੂੰ ਮਿਲਦੇ ਹਨ।ਆਮ ਲੋਕ ਤਾਂ ਮੁੱਲ ਲੈਣ ਨੂੰ ਹੀ ਵਧੀਆ ਕਰਾਰ ਦਿੰਦੇ ਹਨ।” ਕਿਹੜਾ ਪਸੂਆਂ ਨਾਲ ਪਸ਼ੂ ਬਣੇ ਤੇ ਫਿਰ ਘਰ ਦਾ ਦੁੱਧ ਪੀਵੇ” ਘੜਿਆ ਘੜਾਇਆ ਜਵਾਬ ਮਿਲਦਾ ਹੈ।ਉਂਜ ਪਸੂ ਸਾਂਭਣਾ ਤੇ ਪੱਠਾ ਦੱਤਾ ਤੇ ਮਹਿੰਗੀਆਂ ਖ਼ੁਰਾਕਾਂ ਪਾਉਣ ਤੋਂ ਅੱਜਕੱਲ੍ਹ ਲੋਕ ਕੰਨੀ ਕਤਰਾਉਣ ਲੱਗੇ ਹਨ।ਫਿਰ ਦੁੱਧ ਕਿੱਥੋਂ ਲੱਭੇ?ਆਖ਼ਰ ਪਸੂ ਨੇ ਖ਼ੁਰਾਕ ਦੇ ਸਿਰ ਤੇ ਹੀ ਦੁੱਧ ਦੇਣਾ ਹੋਇਆ?ਵੱਡੇ ਪੱਧਰ ਤੇ ਡੇਅਰੀ ਫਾਰਮਿੰਗ ਦਾ ਕਿੱਤਾ ਹੀ ਲਾਭਦਾਇਕ ਸਿੱਧ ਹੋ ਸਕਦਾ ਹੈ।ਮਹਿੰਗਾਈ ਦੇ ਜਮਾਨੇ ਵਿੱਚ ਇਸ ਵਿੱਚ ਮੁਨਾਫ਼ਾ ਤਾਂ ਕਾਫ਼ੀ ਹੈ।ਪਰ ਦੁੱਧ ਦੀ ਪੈਦਾਵਾਰ ਓਨੀ ਨਹੀਂ ਹੁੰਦੀ ਜਿੰਨੀ ਵਰਤੋਂ ਤੇ ਮੰਗ ਲਗਾਤਾਰ ਵੱਧ ਦੀ ਜਾ ਰਹੀ ਹੈ। ਮਿਲਾਵਟ,ਹੇਰਾਫੇਰੀ ਤੇ ਲਾਲਚ ਸਾਡੇ ਸਮਾਜ ਵਿੱਚ ਘਰ ਕਰ ਗਏ ਹਨ।
ਬਨਾਵਟੀ ਤੇ ਨਕਲੀ ਦੁੱਧ,ਰਸਾਇਣਾਂ ਨਾਲ ਭਰਪੂਰ ਕੈਂਸਰ ਵਰਗੀਆਂ ਲਾਇਲਾਜ ਬਿਮਾਰੀਆਂ ਵੰਡਦਾ ਧੜੱਲੇ ਨਾਲ ਵਿਕ ਰਿਹਾ ਹੈ।ਲੋਕ ਮਜਬੂਰੀ ਵੱਸ ਖ਼ਰੀਦਦੇ ਵੀ ਹਨ ਤੇ ਵਰਤਦੇ ਵੀ ਹਨ।ਇੱਕ ਦੁੱਕਾ ਛਾਪਿਆਂ ਨਾਲ ਕਈ ਵਾਰ ਮਣਾਂ ਮੂੰਹੀਂ ਦੁੱਧ ਤੇ ਨਕਲੀ ਪਨੀਰ ਦੀਆਂ ਫ਼ੈਕਟਰੀਆਂ ਫੜੀਆਂ ਵੀ ਗਈਆਂ ਹਨ।ਪਰ ਇਸ ਧੰਦੇ ਤੇ ਰੋਕ ਨਹੀਂ ਲੱਗੀ।ਕਸੂਰਵਾਰਾਂ ਨੂੰ ਸਜਾਵਾਂ ਤੇ ਜੁਰਮਾਨੇ ਆਦਿ ਕਰਨ ਦਾ ਕਨੂੰਨੀ ਢੰਗ ਬੜਾ ਲੰਬਾ ਤੇ ਪੇਚੀਦਾ ਹੈ ਜਿਸ ਕਾਰਨ ਮਿਸਾਲੀ ਸਜਾਵਾਂ ਵਿੱਚ ਦੇਰ ਹੋ ਜਾਂਦੀ ਹੈ ਤੇ ਇਹ ਗੋਰਖ ਧੰਦੇ ਵੱਧਦੇ ਫੁੱਲਦੇ ਰਹਿੰਦੇ ਹਨ।ਅਬਾਦੀ ਦੇ ਵਾਧੇ ਕਾਰਨ ਮੰਗ ਬਹੁਤ ਹੈ,ਸਪਲਾਈ ਓਨੀ ਹੈ ਨਹੀਂ ਤੇ ਨਾ ਹੀ ਚੈਕਿੰਗ ਦੇ ਪੁਖ਼ਤਾ ਸਾਧਨ ਮੌਜੂਦ ਹਨ।ਅਜਿਹੇ ਲੋਕ ਨੈਤਿਕਤਾ ਨੂੰ ਛਿੱਕੇ ਟੰਗ ਕੇਵਲ ਮੁਨਾਫ਼ੇ ਬਾਰੇ ਹੀ ਸੋਚਦੇ ਹਨ ਜਦੋਂ ਤੱਕ ਕੋਈ ਕੁਦਰਤੀ ਠੇਸ ਉਹਨਾਂ ਨੂੰ ਨਾ ਲੱਗ ਜਾਵੇ?ਮਨੁੱਖੀ ਸਰੀਰ ਦਾ ਇੰਜਣ ਬਹੁਤ ਹੀ ਨਾਜ਼ਕ ਤੇ ਪਾਰਖੂ ਹੁੰਦਾ ਹੈ।ਇਹਦੇ ਅੰਗ ਜਿਗਰ,ਦਿਲ,ਮਿਹਦਾ ਤੇ ਦਿਮਾਗ਼ ਬਹੁਤ ਸੋਹਲ ਹੁੰਦੇ ਹਨ।ਜਰਾ ਕੁ ਜਿੰਨੀ ਨਕਲੀ ਖਾਧ ਪਦਾਰਥ ਇਹਨਾਂ ਅੰਗਾਂ ਨੂੰ ਨਕਾਰਾ ਕਰ ਸਕਦੀ ਹੈ।ਪਰ ਲਾਲਚੀ ਲੋਕ ਤਾਂ ਆਪਣਾ ਉੱਲੂ ਸਿੱਧਾ ਕਰਨ ਨੂੰ ਹੀ ਤਰਜੀਹ ਦਿੰਦੇ ਹਨ।
ਮਨੁੱਖੀ ਸਰੀਰ ਨੂੰ ਸਿਹਤਮੰਦ ਰੱਖਣ ਲਈ ਸ਼ੁੱਧ ਖਾਣ-ਪੀਣ ਤੇ ਸ਼ੁੱਧ ਖ਼ੁਰਾਕ ਦਾ ਹੋਣਾ ਬਹੁਤ ਜ਼ਰੂਰੀ ਹੈ।ਗਰਮੀ ਦੀ ਲੂ ਤੋਂ ਬਚਣ ਲਈ ਵੀ ਨਿੰਬੂ -ਪਾਣੀ ਦੇ ਨਾਲ ਨਾਲ ਜੇ ਸ਼ੁੱਧ ਲੱਸੀ ,ਸ਼ੁੱਧ ਦਹੀਂ ਮਿਲ ਜਾਵੇ ਤਾਂ ਸਰੀਰ ਅਰੋਗ ਤੇ ਸ਼ਕਤੀ ਸਾਲੀ ਵੀ ਰਹਿ ਸਕਦਾ ਹੈ ਤੇ ਬੀਮਾਰੀਆਂ ਦਾ ਮੁਕਾਬਲਾ ਕਰਨ ਦੀ ਬੇਮਿਸਾਲ ਸ਼ਕਤੀ ਵੀ ਕਾਇਮ ਰਹਿ ਸਕਦੀ ਹੈ।ਚਾਟੀ ਦੀ ਲੱਸੀ ਤਾਂ ਹੁਣ ਸਾਡਾ ਸਮਾਜ ਭੁੱਲ ਭੁਲਾ ਹੀ ਗਿਆ ਹੈ ਸ਼ੁੱਧ ਦਹੀਂ ਦੀ ਸ਼ੁੱਧ ਲੱਸੀ ਦੀ ਉਪਲੱਬਧਤਾ ਬਣੀ ਰਹੇ ਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋਵੇ ,ਇਹੀ ਸਾਡੀ ਕਾਮਨਾ ਹੈ। ਪ੍ਰਮਾਤਮਾ ਮਿਲਾਵਟੀ ਦੁੱਧ ਦਾ ਗੋਰਖਧੰਦਾ ਕਰਨ ਵਾਲਿਆਂ ਨੂੰ ਸੁਮੱਤ ਬਖ਼ਸ਼ੇ ਤੇ ਉਹ ਹੱਕ ਹਲਾਲ ਦੀ ਖਾਣ ਨਾਲ ਹੀ ਸੰਤੁਸ਼ਟ ਹੋਣ ਬਾਰੇ ਸੋਚਣ।ਕਿਉਂਕਿ ਬੇਈਮਾਨੀ ਵੀ ਜ਼ਿਆਦਾ ਦੇਰ ਫਲਦੀ ਨਹੀਂ ਹੁੰਦੀ।ਜ਼ਿੰਦਗੀ ਬੜੀ ਕੀਮਤੀ ਤੇ ਸੀਮਤ ਹੈ।ਲਾਲਚ ਨਾਲੋਂ ਸਿਹਤ ਦੀ ਕਦਰ ਕਰਨੀ ਜ਼ਿਆਦਾ ਜ਼ਰੂਰੀ ਹੁੰਦੀ ਹੈ।ਸਿਹਤ ਵਧੀਆ ਹੋਵੇ ਤਾਂ ਕੁਦਰਤੀ ਮੌਸਮ ਦੀ ਗਰਮੀ ਤੇ ਲੂ ਪ੍ਰਭਾਵਿਤ ਤਾਂ ਕਰਦੀ ਹੈ ਪਰ ਸਾਵਧਾਨੀ ਵਰਤਣ ਨਾਲ ਬਚਾਅ ਵੀ ਰਹਿੰਦਾ ਹੈ।
ਐਡਵੋਕੇਟ ਦਰਸ਼ਨ ਸਿੰਘ ਰਿਆੜ
ਮੋ: 9316311677
Share this content:


Post Comment