ਲੋਕ ਹਿਤੈਸ਼ੀ ਕਾਫ਼ਲਾ ਨੇ 23 ਮਾਰਚ ਦੇ ਸ਼ਹੀਦਾਂ ਦਾ ਸ਼ਹੀਦੀ ਦਿਨ ਸਾਮਰਾਜ ਵਿਰੋਧੀ ਦਿਨ ਵਜੋਂ ਮਨਾਇਆ

ਫਗਵਾੜਾ, 24 ਮਾਰਚ (ਏ.ਡੀ.ਪੀ. ਨਿਊਜ਼ ) ਲੋਕ ਹਿਤੈਸ਼ੀ ਕਾਫ਼ਲਾ ਫ਼ਗਵਾੜਾ ਵਲ਼ੋਂ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਹੁਣਾਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਉਹਨਾਂ ਦੇ ਕਾਰਜਾਂ, ਵਿਚਾਰਾਂ ਤੇ ਸ਼ਹਾਦਤ ਨੂੰ ਨਤਮਸਤਕ ਹੁੰਦੇ ਹੋਏ ਉਹਨਾਂ ਦਾ ਸ਼ਹੀਦੀ ਦਿਹਾੜੇ ਨੂੰ ਸਾਮਰਾਜ ਵਿਰੋਧੀ ਦਿਹਾੜੇ ਵਜੋਂ ਟਾਊਨ ਹਾਲ ਫ਼ਗਵਾੜਾ ਵਿਖੇ ਮਨਾਇਆ ਗਿਆ।ਇਸ ਮੌਕੇ ‘ਤੇ ਲੋਕਾਂ ਦੇ ਇਕੱਠ ਨੂੰ ਲੋਕ ਹਿਤੈਸ਼ੀ ਕਾਫ਼ਲਾ ਦੇ ਕਮੇਟੀ ਮੈਂਬਰ ਸੁਖਦੇਵ ਸਿੰਘ, ਜਸਵਿੰਦਰ ਸਿੰਘ, ਗੋਪਾਲ ਕ੍ਰਿਸ਼ਨ, ਗੁਰਮੁਖ ਲੋਕ ਪ੍ਰੇਮੀ, ਕੁਲਦੀਪ ਸਿੰਘ ਕੌੜਾ , ਰਵਿੰਦਰ ਸਿੰਘ ਚੋਟ, ਹਰਚਰਨ ਭਾਰਤੀ,ਬਲਬੀਰ ਦੋਸਾਂਝ, ਘਨਸ਼ਾਮ, ਪਰਮਿੰਦਰ ਪਾਲ ਸਿੰਘ, ਗਿਆਨ ਚੰਦ ਨਈਅਰ,ਐਸ ਐਲ ਵਿਰਦੀ ,ਟੈਕਨੀਕਲ ਸਰਵਿਸ ਯੂਨੀਅਨ ਦੇ ਆਗੂ ਸੁਰਿੰਦਰਪਾਲ,ਵਿਦਿਆਰਥੀ ਆਗੂ ਮਨਪ੍ਰੀਤ ਕੌਰ ਅਤੇ ਕਰਨੈਲ ਸਿੰਘ ਸੰਧੂ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਜੋ ਇਨਕਲਾਬ ਜ਼ਿੰਦਾਬਾਦ, ਸਾਮਰਾਜਵਾਦ ਮੁਰਦਾਬਾਦ ਦਾ ਨਾਅਰਾ ਲਾਇਆ ਸੀ, ਉਹ ਉਹਨਾਂ ਦੀ ਸ਼ਹਾਦਤ ਦੇ 95 ਸਾਲਾਂ ਦੇ ਬਾਦ ਵੀ ਅਤਿ ਮਹੱਤਵਪੂਰਨ ਤੇ ਸਾਰਥਿਕ ਹੈ।

ਮੌਜੂਦਾ ਦੌਰ ਵਿੱਚ ਸਾਮਰਾਜਵਾਦ ਪੱਖੀ ਨੀਤੀਆਂ ਤੇ ਚੱਲਦੇ ਹੋਏ ਹਕੂਮਤ ਵਲੋਂ ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਵਲੋਂ ਲਏ ਗਏ ਸੁਪਨਿਆਂ ਅਨੁਸਾਰ ਮਿਹਨਤਕਸ਼ ਲੋਕਾਂ ਦੀਆਂ ਜਿਊਣ ਹਾਲਤਾਂ ਨੂੰ ਬੇਹਤਰ ਤੇ ਬਰਾਬਰੀ ਵਾਲੀਆਂ ਬਨਾਉਣ ਲਈ ਕੋਈ ਵੀ ਉਪਰਾਲੇ ਕਰਨ ਦੀ ਬਜਾਏ ਦੇਸ਼ ਨੂੰ ਬੇਰੁਜ਼ਗਾਰੀ, ਮਹਿੰਗਾਈ, ਮਨੁੱਖੀ ਅਪਮਾਨ, ਨਸ਼ਿਆਂ, ਜਾਤਪਾਤ , ਕਰਜਾਜਾਲ ਤੇ ਫਿਰਕਾਪ੍ਰਸਤੀ ਦੀ ਦਲਦਲ ਵਿੱਚ ਧੱਕਿਆ ਜਾ ਰਿਹਾ ਹੈ। ਭਾਰਤੀ ਰਾਜ ਪ੍ਰਬੰਧ ਵਲੋਂ ਸਾਮਰਾਜਵਾਦ ਨੂੰ ਹੋਰ ਵਧੇਰੇ ਮਜ਼ਬੂਤ ਕਰਨ ਲਈ ਮਜ਼ਦੂਰਾਂ ਪੱਖੀ ਚੁਤਾਲੀ ਕਿਰਤ ਕਾਨੂੰਨਾਂ ਵਿੱਚ ਸਾਮਰਾਜ ਪੱਖੀ ਸੋਧਾਂ ਕਰਕੇ ਚਾਰ ਕਿਰਤ ਕੋਡਾਂ ਵਿੱਚ ਬਦਲ ਕੇ, ਮਜ਼ਦੂਰਾਂ ਦੀ ਦਿਹਾੜੀ ਦੇ 08 ਘੰਟੇ ਤੋਂ ਵਧਾ ਕੇ 12 ਘੰਟੇ ਕਰਕੇ ਮਜ਼ਦੂਰਾਂ ਨੂੰ 1886 ਤੋਂ ਪਹਿਲਾਂ ਵਾਲੇ ਹਨੇਰੇ ਹਾਲਾਤਾਂ ਵਿੱਚ ਧਕਿਆ ਜਾ ਰਿਹਾ ਹੈ। ਮਜ਼ਦੂਰਾਂ ਤੋਂ ਜਥੇਬੰਦੀ ਬਣਾਉਣ ਅਤੇ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਸੰਘਰਸ਼ ਤੇ ਹੜਤਾਲ ਕਰਨ ਦੇ ਅਧਿਕਾਰ ਖੋਹ ਲਏ ਗਏ ਹਨ।ਅਮਰੀਕਨ ਸਾਮਰਾਜ ਦੇ ਅੱਗੇ ਗੋਡੇ ਟੇਕਦਿਆਂ ਕੇਂਦਰ ਦੀ ਮੋਦੀ ਸਰਕਾਰ ਨੇ ਉਹਨਾਂ ਦੀਆਂ ਖੇਤੀਬਾੜੀ ਨਾਲ ਸਬੰਧਤ ਵਸਤਾਂ ਨੂੰ ਬਿਨਾ ਕਿਸੇ ਟੈਕਸ ਤੋਂ ਦੇਸ਼ ਵਿੱਚ ਆਉਣ ਦੇਣ ਲਈ ਸਮਝੌਤੇ ਕੀਤੇ ਹਨ। ਜਿਸ ਨਾਲ ਭਾਰਤ ਦਾ ਖੇਤੀਬਾੜੀ ਦਾ ਧੰਦਾ ਪੂਰੀ ਤਰ੍ਹਾਂ ਤਬਾਹ ਹੋ ਜਾਵੇਗਾ।
ਸਾਮਰਾਜਵਾਦ ਅਤੇ ਕਾਰਪੋਰੇਟ ਘਰਾਣਿਆਂ ਨੂੰ ਬੇਸ਼ਕੀਮਤੀ ਲਾਭ ਦੇਣ ਲਈ ਅਤੇ ਕਿਰਤੀ ਵਰਗ ਨੂੰ ਬੰਧੂਆ ਮਜ਼ਦੂਰ ਬਣਾਉਣ ਵੱਲ ਤੇਜ਼ੀ ਨਾਲ ਵਧਿਆ ਜਾ ਰਿਹਾ ਹੈ।ਜੋ ਲੋਕ ਕਿਰਤੀਆਂ, ਕਿਸਾਨਾਂ,ਦੱਬੇ ਕੁੱਚਲੇ ਦਲਿਤਾਂ,ਆਦਿ ਵਾਸੀਆਂ ਤੇ ਘੱਟ ਗਿਣਤੀਆਂ ਦੇ ਹੱਕਾਂ ਅਤੇ ਮਨੁੱਖੀ ਅਧਿਕਾਰਾਂ ਦੇ ਸਨਮਾਨ ਦੀ ਆਵਾਜ਼ ਉਠਾ ਰਹੇ ਹਨ, ਸਾਮਰਾਜੀਆਂ ਦੀ ਸੇਵਾ ਚ ਭੁਗਤਦੇ ਮੌਜੂਦਾ ਹਾਕਮਾਂ ਵਲੋਂ ਪੁਲਿਸ ਤੇ ਨੀਮ ਫੌਜੀ ਤਾਕਤ ਦੇ ਜ਼ੋਰ ਨਾਲ ਉਨ੍ਹਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਅਤੇ ਜੇਹਲਾਂ ‘ਚ ਸੁੱਟ ਕੇ ਖਪਾਇਆ ਜਾ ਰਿਹਾ ਹੈ। ਸਮੂਹ ਬੁਲਾਰਿਆਂ ਨੇ ਸਮਰਾਜੀ ਦੇਸ਼ਾਂ ਵਲੋਂ ਵਿਢੀ ਨਿੱਹਕੀ ਜੰਗ ਤੁਰੰਤ ਬੰਦ ਦੀ ਮੰਗ ਕਰਦਿਆਂ ਕਿਹਾ ਕਿ ਸ਼ਹੀਦਾਂ ਦੇ ਸੁਪਨਿਆਂ ਦੀ ਆਜ਼ਾਦੀ , ਆਰਥਿਕ ਤੇ ਸਮਾਜਿਕ ਬਰਾਬਰੀ,ਜਾਤ ਪਾਤੀ ਵਿਵਸਥਾ ਨੂੰ ਤਬਾਹ ਕਰਦੇ ਹੋਏ ਏਕੇ ਤੇ ਜਥੇਬੰਦਕ ਸੰਘਰਸ਼ਾਂ ਰਾਹੀਂ ਪ੍ਰੀਵਰਤਨ ਕਰਨ ਲਈ ਅਤੇ ਸ਼ਹੀਦਾਂ ਦੇ ਨਾਅਰੇ ਇਨਕਲਾਬ ਜ਼ਿੰਦਾਬਾਦ, ਸਾਮਰਾਜਵਾਦ ਮੁਰਦਾਬਾਦ ਨੂੰ ਬੁਲੰਦ ਕਰਨ ਲਈ ਉਹਨਾਂ ਦੇ ਵਿਚਾਰਾਂ ਦੇ ਸੰਘਰਸ਼ ਨੂੰ ਹਰ ਘਰ ਤੱਕ ਲੈ ਕੇ ਜਾਣ ਦਾ ਪ੍ਰਣ ਕਰੀਏ।ਇਸ ਸਮਾਗਮ ਵਿੱਚ ਆਂਗਣਵਾੜੀ ਵਰਕਰ ਯੂਨੀਅਨ ਦੀ ਆਗੂ ਲਖਵੀਰ ਕੌਰ ਸਾਥੀਆਂ ਸਮੇਤ ਸ਼ਾਮਲ ਹੋਈਆਂ ਤੇ ਵੱਡੀ ਗਿਣਤੀ ਵਿੱਚ ਹੋਰ ਔਰਤਾਂ ਵੀ ਹਾਜ਼ਰ ਸਨl ਇਸ ਤੋਂ ਇਲਾਵਾ ਇਸ ਸਮੇਂ ਵੱਖ 2 ਜਥੇਬੰਦੀਆਂ ਦੇ ਆਗੂ ਤੇ ਬੁੱਧੀਜੀਵੀ ਵੱਡੀ ਗਿਣਤੀ ਸ਼ਾਮਲ ਸਨ lਇਹ ਜਾਣਕਾਰੀ ਲੋਕ ਹਿਤੈਸ਼ੀ ਕਾਫਲਾ ਦੀ ਤਰਫ਼ੋਂ ਕਮੇਟੀ ਮੇਂਬਰ ਸੁਖਦੇਵ ਸਿੰਘ ਨੇ ਪ੍ਰੈਸ ਨੂੰ ਜਾਰੀ ਕੀਤੀ ।
Share this content:



Post Comment