Loading Now

ਲਾਹੌਰ ‘ਚ ਦਹਾਕਿਆਂ ਬਾਅਦ ਖੁੱਲ੍ਹਿਆ ਗੁਰਦੁਆਰਾ ਛੇਵੀਂ ਪਾਤਸ਼ਾਹੀ

ਲਾਹੌਰ ‘ਚ ਦਹਾਕਿਆਂ ਬਾਅਦ ਖੁੱਲ੍ਹਿਆ ਗੁਰਦੁਆਰਾ ਛੇਵੀਂ ਪਾਤਸ਼ਾਹੀ

ਲਾਹੌਰ, 11 ਜੁਲਾਈ – ਲਾਹੌਰ ਦੇ ਇਤਿਹਾਸਕ ਗੁਰਦੁਆਰਾ ਛੇਵੀਂ ਪਾਤਸ਼ਾਹੀ ਵਿਖੇ ਨਾਜਾਇਜ਼ ਕਬਜ਼ਾ ਖ਼ਤਮ ਹੋਣ ਮਗਰੋਂ ਵੰਡ ਤੋਂ ਬਾਅਦ ਪਹਿਲੀ ਵਾਰ ਇਥੇ ਮੁੜ ਧਾਰਮਕ ਸਰਗਰਮੀਆਂ ਸ਼ੁਰੂ ਹੋ ਗਈਆਂ ਹਨ। ਲਾਹੌਰ ਦੇ ਕੈਂਚੀ ਚੁੰਗੀ ਅਮਰਸਿੱਧੂ ਇਲਾਕੇ ਵਿਚ ਸਥਿਤ ਇਸ ਪਵਿੱਤਰ ਅਸਥਾਨ ਨੂੰ ਸਥਾਨਕ ਪ੍ਰਸ਼ਾਸਨ ਅਤੇ ਪੁਲਿਸ ਨੇ ਇਕ ਮੁਹਿੰਮ ਰਾਹੀਂ ਨਾਜਾਇਜ਼ ਕਬਜ਼ਾਧਾਰੀਆਂ ਤੋਂ ਮੁਕਤ ਕਰਵਾ ਕੇ ਸਿੱਖ ਭਾਈਚਾਰੇ ਦੇ ਹਵਾਲੇ ਕਰ ਦਿਤਾ ਹੈ। ਕਬਜ਼ਾ ਮੁਕਤ ਹੋਣ ਤੋਂ ਬਾਅਦ ਸਿੱਖ ਸ਼ਰਧਾਲੂਆਂ ਨੇ ਗੁਰਦੁਆਰਾ ਸਾਹਿਬ ਵਿਖੇ ਇਕੱਠੇ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਕੀਤੇ, ਗੁਰਬਾਣੀ ਕੀਰਤਨ ਅਤੇ ਨਾਮ ਸਿਮਰਨ ਕਰ ਕੇ ਲਗਭਗ ਅੱਠ ਦਹਾਕਿਆਂ ਬਾਅਦ ਇਸ ਇਤਿਹਾਸਕ ਅਸਥਾਨ ਦੀ ਰੌਣਕ ਪਰਤਾਈ। ਇਸ ਮੁਹਿੰਮ ਦੀ ਅਗਵਾਈ ਕਰਨ ਵਾਲੇ ਸਿੱਖ ਆਗੂ ਡਾ. ਗੁਲਾਬ ਸਿੰਘ ਨੇ ਖੁਸ਼ੀ ਪ੍ਰਗਟ ਕਰਦਿਆਂ ਇਸ ਨੂੰ ਭਾਈਚਾਰੇ ਲਈ ਇਕ ਇਤਿਹਾਸਕ ਮੀਲ ਪੱਥਰ ਦਸਿਆ।

ਉਨ੍ਹਾਂ ਨੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੂੰ ਅਪੀਲ ਕੀਤੀ ਕਿ ਭਵਿੱਖ ਦੀਆਂ ਪੀੜ੍ਹੀਆਂ ਲਈ ਇਸ ਦੀ ਧਾਰਮਕ ਅਤੇ ਇਤਿਹਾਸਕ ਮਹੱਤਤਾ ਨੂੰ ਬਰਕਰਾਰ ਰੱਖਣ ਲਈ ਗੁਰਦੁਆਰਾ ਸਾਹਿਬ ਦੀ ਮੁਕੰਮਲ ਬਹਾਲੀ ਅਤੇ ਸੰਭਾਲ ਕੀਤੀ ਜਾਵੇ।ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀ.ਐੱਸ.ਜੀ.ਪੀ.ਸੀ.) ਦੇ ਪ੍ਰਧਾਨ ਅਤੇ ਪੰਜਾਬ ਦੇ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਇਸ ਮੌਕੇ ਕਿਹਾ ਕਿ ਪਾਕਿਸਤਾਨ ਸਿੱਖਾਂ ਦਾ ‘ਪਹਿਲਾ ਘਰ’ ਹੈ। ਉਨ੍ਹਾਂ ਅੱਗੇ ਦਸਿਆ, ‘‘ਸਰਕਾਰ ਦੇਸ਼ ਭਰ ਵਿਚ ਹੋਰ ਸਿੱਖ ਧਾਰਮਕ ਸਥਾਨਾਂ ਨੂੰ ਬਹਾਲ ਕਰਨ ਲਈ ਕੰਮ ਕਰ ਰਹੀ ਹੈ। ਉਨ੍ਹਾਂ ਵਾਅਦਾ ਕੀਤਾ ਕਿ ਪ੍ਰਸ਼ਾਸਨ 50 ਹੋਰ ਗੁਰਦੁਆਰਿਆਂ ਨੂੰ ਸਰਗਰਮ ਕਰਨ ਦੀ ਯੋਜਨਾ ਬਣਾ ਰਿਹਾ ਹੈ, ਜਿਨ੍ਹਾਂ ’ਚੋਂ ਪਹਿਲੇ ਪੜਾਅ ਤਹਿਤ 17 ਅਸਥਾਨਾਂ ’ਤੇ ਨਵੀਨੀਕਰਨ ਦਾ ਕੰਮ ਜਾਰੀ ਹੈ। ਇਹ ਗੁਰਦੁਆਰਾ ਸਾਹਿਬ 1619 ਵਿਚ ਛੇਵੇਂ ਸਿੱਖ ਗੁਰੂ, ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੈ, ਜਿਸ ਦੀ ਮੌਜੂਦਾ ਇਮਾਰਤ ਮਹਾਰਾਜਾ ਰਣਜੀਤ ਸਿੰਘ ਵਲੋਂ ਬਣਵਾਈ ਗਈ ਸੀ।

Share this content:

Post Comment