Loading Now

ਰੂਸ ਨੇ ਇੱਕੋ ਝਟਕੇ ’ਚ ਵੇਚਿਆ ₹33,440 ਕਰੋੜ ਦਾ 22,000 ਕਿੱਲੋ ਸੋਨਾ

ਰੂਸ ਨੇ ਇੱਕੋ ਝਟਕੇ ’ਚ ਵੇਚਿਆ ₹33,440 ਕਰੋੜ ਦਾ 22,000 ਕਿੱਲੋ ਸੋਨਾ

ਨਵੀਂ ਦਿੱਲੀ, 24 ਅਪ੍ਰੈਲ – ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਨੂੰ ਹੁਣ ਪੰਜ ਸਾਲ ਹੋਣ ਵਾਲੇ ਹਨ ਅਤੇ ਇਸ ਦਾ ਅਸਰ ਹੁਣ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਨੇਤਾਵਾਂ ਵਿੱਚ ਸ਼ੁਮਾਰ ਵਲਾਦੀਮੀਰ ਪੁਤਿਨ ਦੇ ਖ਼ਜ਼ਾਨੇ ‘ਤੇ ਸਾਫ਼ ਦਿਖਾਈ ਦੇਣ ਲੱਗਾ ਹੈ। ਤਾਜ਼ਾ ਰਿਪੋਰਟਾਂ ਅਨੁਸਾਰ, ਰੂਸ ਦੇ ਸੈਂਟਰਲ ਬੈਂਕ ਨੇ ਸਾਲ 2026 ਦੀ ਸ਼ੁਰੂਆਤ ਤੋਂ ਹੁਣ ਤੱਕ ਬਾਜ਼ਾਰ ਵਿੱਚ ਲਗਪਗ 22,000 ਕਿਲੋਗ੍ਰਾਮ (21.8 ਟਨ) ਸੋਨਾ ਵੇਚ ਦਿੱਤਾ ਹੈ। ਜਿਸ ਦੀ ਕੀਮਤ 33,440 ਕਰੋੜ ਰੁਪਏ ਹੈ। ਇਹ ਕਦਮ ਅਜਿਹੇ ਸਮੇਂ ਚੁੱਕਿਆ ਗਿਆ ਹੈ, ਜਦੋਂ ਮਾਰਚ ਦੇ ਅੰਤ ਤੱਕ ਰੂਸ ਦਾ ਬਜਟ ਘਾਟਾ 61.2 ਬਿਲੀਅਨ ਡਾਲਰ ਦੇ ਖ਼ਤਰਨਾਕ ਪੱਧਰ ‘ਤੇ ਪਹੁੰਚ ਗਿਆ ਹੈ।

ਕਿਉਂ ਖ਼ਾਲੀ ਹੋ ਰਿਹਾ ਹੈ ਪੁਤਿਨ ਦਾ ਖ਼ਜ਼ਾਨਾ?

ਕਿਟਕੋ ਦੀ ਰਿਪੋਰਟ ਅਨੁਸਾਰ, ਰੂਸ ਆਪਣੇ ਵਧਦੇ ਖ਼ਰਚਿਆਂ ਦੀ ਭਰਪਾਈ ਲਈ ਆਪਣੇ ਸੋਨੇ ਦੇ ਭੰਡਾਰ ਦੀ ਵਰਤੋਂ ਕਰ ਰਿਹਾ ਹੈ। 1 ਅਪ੍ਰੈਲ 2026 ਤੱਕ ਰੂਸ ਕੋਲ ਸੋਨੇ ਦਾ ਕੁੱਲ ਭੰਡਾਰ ਘਟ ਕੇ 2304.76 ਟਨ ਰਹਿ ਗਿਆ ਹੈ। ਸਿਰਫ਼ ਮਾਰਚ ਮਹੀਨੇ ਵਿੱਚ ਹੀ ਇਸ ਵਿੱਚ 6.22 ਟਨ ਦੀ ਗਿਰਾਵਟ ਦੇਖੀ ਗਈ। ਮਾਹਿਰਾਂ ਦਾ ਮੰਨਣਾ ਹੈ ਕਿ ਰੂਸ ਨੂੰ ਰੱਖਿਆ ਬਜਟ, ਊਰਜਾ ਦੀਆਂ ਉੱਚੀਆਂ ਕੀਮਤਾਂ ਅਤੇ ਆਪਣੀ ਡਿੱਗਦੀ ਮੁਦਰਾ ‘ਰੂਬਲ’ ਨੂੰ ਸਹਾਰਾ ਦੇਣ ਲਈ ਮਜ਼ਬੂਰਨ ਇਹ ਸੋਨਾ ਵੇਚਣਾ ਪੈ ਰਿਹਾ ਹੈ।

ਸੋਨੇ ਦੀ ਮੰਗ ਵਿੱਚ ਅਚਾਨਕ ਉਛਾਲ ਕਿਉਂ?

ਇੱਕ ਪਾਸੇ ਸਰਕਾਰ ਸੋਨਾ ਵੇਚ ਰਹੀ ਹੈ, ਤਾਂ ਦੂਜੇ ਪਾਸੇ ਰੂਸ ਦੇ ਆਮ ਨਾਗਰਿਕ ਇਸ ਨੂੰ ਖਰੀਦਣ ਲਈ ਟੁੱਟ ਪਏ ਹਨ। ਮਾਸਕੋ ਐਕਸਚੇਂਜ ਦੇ ਅੰਕੜਿਆਂ ਅਨੁਸਾਰ, ਮਾਰਚ ਵਿੱਚ ਸੋਨੇ ਦੀ ਟ੍ਰੇਡਿੰਗ ਵਿੱਚ ਪਿਛਲੇ ਸਾਲ ਦੇ ਮੁਕਾਬਲੇ 350% ਦਾ ਉਛਾਲ ਆਇਆ ਹੈ। ਰੂਸੀ ਜਨਤਾ ਆਪਣੀ ਜਮ੍ਹਾਂ ਪੂੰਜੀ ਨੂੰ ਬਚਾਉਣ ਲਈ ਸੋਨੇ ਨੂੰ ਸਭ ਤੋਂ ਸੁਰੱਖਿਅਤ ਟਿਕਾਣਾ ਮੰਨ ਰਹੀ ਹੈ। 2024 ਵਿੱਚ ਰੂਸ ਦੇ ਲੋਕਾਂ ਨੇ ਰਿਕਾਰਡ 75.6 ਟਨ ਸੋਨਾ ਖਰੀਦਿਆ ਸੀ, ਜੋ ਦੇਸ਼ ਦੇ ਕੁੱਲ ਉਤਪਾਦਨ ਦਾ ਲਗਪਗ 25% ਹਿੱਸਾ ਹੈ।

ਚੀਨ ਨਾਲ ਵਧਦੀ ਨੇੜਤਾ

ਇੱਕ ਮੀਡੀਆ ਰਿਪੋਰਟ ਦੱਸਦੀ ਹੈ ਕਿ ਰੂਸ ਆਪਣੀਆਂ ਕੀਮਤੀ ਧਾਤਾਂ ਦੀ ਬਰਾਮਦ ਤੇਜ਼ੀ ਨਾਲ ਚੀਨ ਵੱਲ ਮੋੜ ਰਿਹਾ ਹੈ। 2025 ਦੀ ਪਹਿਲੀ ਛਿਮਾਹੀ ਵਿੱਚ ਚੀਨ ਨੂੰ ਹੋਣ ਵਾਲੀ ਬਰਾਮਦ ਵਿੱਚ 80% ਦਾ ਵਾਧਾ ਹੋਇਆ ਹੈ। ਰੂਸ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਸੋਨਾ ਉਤਪਾਦਕ ਦੇਸ਼ ਹੈ, ਪਰ ਯੂਕਰੇਨ ਜੰਗ ਤੋਂ ਬਾਅਦ ਉਸ ਦੇ ਸੈਂਟਰਲ ਬੈਂਕ ਨੇ ਸੋਨਾ ਖਰੀਦਣਾ ਘੱਟ ਅਤੇ ਵੇਚਣਾ ਜ਼ਿਆਦਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਉਲਟ, ਚੀਨ ਦਾ ਬੈਂਕ ਲਗਾਤਾਰ ਸੋਨਾ ਖਰੀਦ ਕੇ ਆਪਣਾ ਭੰਡਾਰ ਭਰ ਰਿਹਾ ਹੈ।

ਜਨਵਰੀ ਵਿੱਚ ਹੋਈ ਮੋਟੀ ਕਮਾਈ

ਰੂਸੀ ਸੈਂਟਰਲ ਬੈਂਕ ਨੇ ਫਰਵਰੀ ਵਿੱਚ ਜਾਣਕਾਰੀ ਦਿੱਤੀ ਸੀ ਕਿ ਉਸ ਨੇ ਜਨਵਰੀ ਵਿੱਚ ਉਦੋਂ ਸੋਨਾ ਵੇਚਿਆ, ਜਦੋਂ ਇਸ ਦੀਆਂ ਕੀਮਤਾਂ 5,500 ਡਾਲਰ ਪ੍ਰਤੀ ਔਂਸ ਦੇ ਪਾਰ ਨਿਕਲ ਗਈਆਂ ਸਨ। ਇਸ ਵਿਕਰੀ ਤੋਂ ਪੁਤਿਨ ਸਰਕਾਰ ਨੂੰ ਲਗਪਗ 1.41 ਬਿਲੀਅਨ ਤੋਂ 1.68 ਬਿਲੀਅਨ ਡਾਲਰ ਦੀ ਮੋਟੀ ਰਕਮ ਹਾਸਲ ਹੋਈ। ਹਾਲਾਂਕਿ ਸੋਨਾ ਘਟਿਆ ਹੈ, ਪਰ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਇਸ ਦੀਆਂ ਕੀਮਤਾਂ ਰਿਕਾਰਡ ਪੱਧਰ ‘ਤੇ ਹੋਣ ਕਾਰਨ ਰੂਸ ਕੋਲ ਬਚੇ ਹੋਏ ਸੋਨੇ ਦੀ ਕੁੱਲ ਵੈਲਯੂ ਲਗਭਗ 402.7 ਬਿਲੀਅਨ ਡਾਲਰ ਮੰਨੀ ਗਈ ਹੈ।

ਭਾਰਤ ‘ਤੇ ਕੀ ਹੋਵੇਗਾ ਅਸਰ?

ਰੂਸ ਦੇ ਇਸ ਕਦਮ ਦਾ ਅਸਰ ਗਲੋਬਲ ਮਾਰਕੀਟ ਅਤੇ ਭਾਰਤ ਵਰਗੇ ਸੋਨੇ ਦੇ ਸ਼ੌਕੀਨ ਦੇਸ਼ ‘ਤੇ ਵੀ ਪੈ ਸਕਦਾ ਹੈ। ਜੇਕਰ ਰੂਸ ਵਰਗਾ ਵੱਡਾ ਉਤਪਾਦਕ ਦੇਸ਼ ਖੁੱਲ੍ਹੇ ਬਾਜ਼ਾਰ ਵਿੱਚ ਭਾਰੀ ਮਾਤਰਾ ਵਿੱਚ ਸੋਨਾ ਵੇਚਦਾ ਹੈ, ਤਾਂ ਇਸ ਨਾਲ ਕੀਮਤਾਂ ਵਿੱਚ ਅਸਥਿਰਤਾ ਆ ਸਕਦੀ ਹੈ।

Share this content:

Post Comment