ਚੰਡੀਗੜ੍ਹ, 8 ਅਗਸਤ – ਪੰਜਾਬ ’ਚ ਅਗਲੇ ਵਰ੍ਹੇ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਕਾਂਗਰਸ ਵਿਚ ਚੱਲ ਰਹੀ ਅੰਦਰੂਨੀ ਖਾਨਾਜੰਗੀ ਵਿਚਾਲੇ ਨੈਸ਼ਨਲ ਕਾਂਗਰਸ ਦੇ ਕੌਮੀ ਆਗੂ ਰਾਹੁਲ ਗਾਂਧੀ ਦੇ ਤਾਜ਼ਾ ਬਿਆਨ ਨੇ ਸਿਆਸੀ ਹਲਕਿਆਂ ’ਚ ਨਵੀਂ ਚਰਚਾ ਛੇੜ ਦਿੱਤੀ ਹੈ। ਨਵੀਂ ਦਿੱਲੀ ਵਿਚ ਜੈੱਨ-ਜ਼ੀ ਸੰਵਾਦ ਪ੍ਰੋਗਰਾਮ ਦੌਰਾਨ ਜਦੋਂ ਇਕ ਨੌਜਵਾਨ ਨੇ ਰਾਹੁਲ ਗਾਂਧੀ ਤੋਂ ਪੁੱਛਿਆ ਗਿਆ ਕਿ ਭਾਜਪਾ ਵਿਚ ਉਨ੍ਹਾਂ ਦਾ ਪਸੰਦੀਦਾ ਆਗੂ ਕੌਣ ਹੈ ਤਾਂ ਰਾਹੁਲ ਗਾਂਧੀ ਨੇ ਕਿਹਾ ਕਿ ਯਕੀਨੀ ਤੌਰ ’ਤੇ ਕੈਪਟਨ ਅਮਰਿੰਦਰ ਸਿੰਘ। ਉਨ੍ਹਾਂ ਕਿਹਾ ਕਿ ਮੈਂ ਉਨ੍ਹਾਂ ਨਾਲ ਆਸਾਨੀ ਨਾਲ ਘੁਲ-ਮਿਲ ਜਾਂਦਾ ਹਾਂ ਅਤੇ ਉਹ ਬੇਹੱਦ ਸਹਿਜਤਾ ਵਾਲੇ ਆਗੂ ਹਨ ਅਤੇ ਆਰਮੀ ਹਿਸਟਰੀ ਦੇ ਮਾਹਰ ਹਨ, ਇਸ ਲਈ ਮੈਨੂੰ ਉਹ ਬਹੁਤ ਪਸੰਦ ਹਨ। ਇੱਥੇ ਹੀ ਗੱਲ ਖ਼ਤਮ ਨਹੀਂ ਹੋਈ। ਹੈਲੋ ਅੰਕਲ ਅਮਰਿੰਦਰ…। ਰਾਹੁਲ ਗਾਂਧੀ ਵੱਲੋਂ ਇਸ ਗੱਲਬਾਤ ਦੀ ਵੀਡੀਓ ਆਪਣੇ ਸੋਸ਼ਲ ਮੀਡੀਆ ਮੰਚ ’ਤੇ ਵੀ ਸਾਂਝੀ ਕੀਤੀ ਗਈ, ਜੋ ਜੰਗਲ ਦੀ ਅੱਗ ਵਾਂਗ ਪੂਰੇ ਭਾਰਤ ਵਿਚ ਫੈਲ ਗਈ।
ਕੈਪਟਨ ਦੀ ਕਾਂਗਰਸ ’ਚ ਵਾਪਸੀ ਨੂੰ ਲੈ ਕੇ ਚਰਚਾਵਾਂ ਦਾ ਬਾਜ਼ਾਰ ਗਰਮ
ਰਾਹੁਲ ਗਾਂਧੀ ਦਾ ਇਹ ਬਿਆਨ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ’ਚ ਸੰਭਾਵੀ ਵਾਪਸੀ ਨੂੰ ਲੈ ਕੇ ਚਰਚਾਵਾਂ ਦਾ ਬਾਜ਼ਾਰ ਗਰਮ ਹੈ। ਇਹੀ ਨਹੀਂ, ਕਿਉਂਕਿ ਕੁਝ ਸਮਾਂ ਪਹਿਲਾਂ ਹੀ ਕੈਪਟਨ ਅਮਰਿੰਦਰ ਸਿੰਘ ਖ਼ੁਦ ਵੀ ਜਨਤਕ ਤੌਰ ’ਤੇ ਕਹਿ ਚੁੱਕੇ ਹਨ ਕਿ ਉਨ੍ਹਾਂ ਨੂੰ ਕਾਂਗਰਸ ਦੀ ਘਾਟ ਰੜਕਦੀ ਹੈ। ਕੈਪਟਨ ਨੇ ਕਾਂਗਰਸ ਨੂੰ ਪਰਿਵਾਰ ਵਰਗਾ ਦੱਸਦੇ ਹੋਏ ਕਿਹਾ ਸੀ ਕਿ ਕਾਂਗਰਸੀ ਆਗੂ ਰਾਹੁਲ ਗਾਂਧੀ ਹਮੇਸ਼ਾ ਸੁੱਖ-ਦੁੱਖ ਵਿਚ ਤਾਲਮੇਲ ਰੱਖਦੇ ਆਏ ਹਨ ਜਦੋਂਕਿ ਭਾਜਪਾ ਵਿਚ ਉਨ੍ਹਾਂ ਨੂੰ ਅਜਿਹਾ ਆਪਣਾਪਨ ਮਹਿਸੂਸ ਨਹੀਂ ਹੋਇਆ। ਰਾਹੁਲ ਗਾਂਧੀ ਦੇ ਤਾਜ਼ਾ ਬਿਆਨ ਦੇ ਕਈ ਮਤਲਬ ਕੱਢੇ ਜਾ ਰਹੇ ਹਨ, ਜਦੋਂ ਪੰਜਾਬ ਕਾਂਗਰਸ ਸਿਖਰ ਦੀ ਗੁੱਟਬੰਦੀ ਨਾਲ ਜੂਝ ਰਹੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਹਾਲ ਹੀ ਵਿਚ ਇਹ ਗੱਲ ਬੜੇ ਦਾਅਵੇ ਨਾਲ ਕਹਿ ਚੁੱਕੇ ਹਨ ਕਿ ਹਫ਼ਤੇ ਅੰਦਰ ਪਾਰਟੀ ’ਚ ਸਭ ਕੁਝ ਠੀਕ ਹੋ ਜਾਵੇਗਾ, ਨਹੀਂ ਤਾਂ ਰਾਹੁਲ ਗਾਂਧੀ ਕੋਈ ਵੱਡਾ ਫੈਸਲਾ ਲੈ ਸਕਦੇ ਹਨ। ਉੱਧਰ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਖਾਸਮਖਾਸ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਦਾ ਕਹਿਣਾ ਹੈ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਕਾਂਗਰਸ ‘ਚ ਪਰਤਦੇ ਹਨ ਤਾਂ ਉਨ੍ਹਾਂ ਦਾ ਸਵਾਗਤ ਕੀਤਾ ਜਾਵੇਗਾ। ਜਦੋਕਿ ਸਾਬਕਾ ਸਿੱਖਿਆ ਮੰਤਰੀ ਤੇ ਮੌਜੂਦਾ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਕਿਹਾ ਕਿ ਕੈਪਟਨ ਦੋ ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ ਅਤੇ ਉਨ੍ਹਾਂ ਦੇ ਤਜਰਬੇ ਦਾ ਲਾਭ ਪਾਰਟੀ ਨੂੰ ਮਿਲ ਸਕਦਾ ਹੈ।
ਕੈਪਟਨ ਅਮਰਿੰਦਰ ਸਿੰਘ ਤੇ ਗਾਂਧੀ ਪਰਿਵਾਰ ਦੇ ਰਿਸ਼ਤੇ ਲੰਬੇ ਸਮੇਂ ਤੋਂ ਬੇਹੱਦ ਕਰੀਬੀ ਰਹੇ ਹਨ। ਉਹ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਨਾਲ ਪੜ੍ਹੇ ਤੇ ਦੋਵਾਂ ਵਿਚਾਲੇ ਡੂੰਘੀ ਦੋਸਤੀ ਰਹੀ। ਇਹੋ ਕਾਰਨ ਹੈ ਕਿ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਵੀ ਹਮੇਸ਼ਾ ਉਨ੍ਹਾਂ ਨੂੰ ਸਤਿਕਾਰ ਦਿੰਦੇ ਰਹੇ ਹਨ। ਮੁੱਖ ਮੰਤਰੀ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ 2022 ‘ਚ ਕੈਪਟਨ ਭਾਰਤੀ ਜਨਤਾ ਪਾਰਟੀ ‘ਚ ਸ਼ਾਮਲ ਹੋ ਗਏ ਸਨ, ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਕਈ ਵਾਰ ਕਾਂਗਰਸ ਤੇ ਗਾਂਧੀ ਪਰਿਵਾਰ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ। ਹਾਲ ਹੀ ‘ਚ ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਉਨ੍ਹਾਂ ਦੇ ਚਚੇਰੇ ਭਰਾ ਦੇ ਦੇਹਾਂਤ ‘ਤੇ ਰਾਹੁਲ ਗਾਂਧੀ ਨੇ ਉਨ੍ਹਾਂ ਨੂੰ ਫੋਨ ਕਰ ਕੇ ਹਮਦਰਦੀ ਪ੍ਰਗਟਾਈ, ਜਦੋਂਕਿ ਉਨ੍ਹਾਂ ਦੀ ਮੌਜੂਦਾ ਪਾਰਟੀ ਦੇ ਕਿਸੇ ਨੇਤਾ ਨੇ ਸੰਪਰਕ ਨਹੀਂ ਕੀਤਾ। ਉਂਜ ਵੀ ਕਾਂਗਰਸ ਪਾਰਟੀ ਮੌਜੂਦ ਸਮੇਂ ਵਿਚ ਅਜਿਹੀ ਲੀਡਰਸ਼ਿਪ ਦੀ ਭਾਲ ਵਿਚ ਹੈ, ਜਿਸ ਦੇ ਪਿੱਛੇ ਪੂਰਾ ਸੰਗਠਨ ਇਕਜੁੱਟ ਹੋ ਸਕੇ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਾਰਟੀ ਛੱਡਣ ਤੋਂ ਬਾਅਦ ਕਾਂਗਰਸ ਦਾ ਜੱਟ ਵੋਟ ਬੈਂਕ ਵੀ ਪ੍ਰਭਾਵਿਤ ਹੋਇਆ ਹੈ। ਅਜਿਹੇ ਵਿਚ ਰਾਹੁਲ ਗਾਂਧੀ ਦਾ ਇਹ ਬਿਆਨ ਮਹਿਜ਼ ਨਿੱਜੀ ਤਾਰੀਫ਼ ਕਰਨਾ ਨਹੀਂ ਹੈ, ਸਗੋਂ ਪੰਜਾਬ ਦੀ ਬਦਲਦੀ ਸਿਆਸੀ ਤਸਵੀਰ ਵਿਚਾਲੇ ਵੱਡੇ ਸਿਆਸੀ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ।
Post Comment