Loading Now

ਯੂ.ਕੇ ਵਿਚ ਭਾਰਤੀ ਵਿਦਿਆਰਥੀਆਂ ਨੂੰ ਮਿਲੀ ਚੇਤਾਵਨੀ

ਯੂ.ਕੇ ਵਿਚ ਭਾਰਤੀ ਵਿਦਿਆਰਥੀਆਂ ਨੂੰ ਮਿਲੀ ਚੇਤਾਵਨੀ

ਲੰਡਨ – 17 ਅਕਤੂਬਰ ਯੂਨਾਈਟਿਡ ਕਿੰਗਡਮ ਦੇ ਵੈਸਟ ਮਿਡਲੈਂਡਜ਼ ਖੇਤਰ ਵਿਚ ਭਾਰਤੀ ਵਿਦਿਆਰਥੀਆਂ ਨਾਲ ਨਸਲੀ ਧੱਕੇਸ਼ਾਹੀ ਅਤੇ ਧਮਕਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਅਪਣੇ ਆਪ ਨੂੰ ‘ਚੈਲਮਸਲੇ ਵੁੱਡ ਪੈਟਰੀਅਟਸ’  ਅਖਵਾਉਣ ਵਾਲੇ ਇਕ ਚੌਕਸੀ ਗਰੁੱਪ ਦੇ ਮੈਂਬਰਾਂ ਨੇ ਮੈਰੀਡਨ ਪਾਰਕ ਵਿਚ ਭਾਰਤੀ ਵਿਦਿਆਰਥੀਆਂ ਨੂੰ ਘੇਰ ਕੇ ਉਨ੍ਹਾਂ ਨੂੰ ‘ਅਪਣੇ ਘਰ ਵਾਪਸ ਜਾਉ’ ਦੀ ਧਮਕੀ ਦਿਤੀ ਅਤੇ ਪਾਰਕ ਵਿਚ ਦੁਬਾਰਾ ਨਾ ਆਉਣ ਦੀ ਆਖ਼ਰੀ ਚੇਤਾਵਨੀ’ ਦਿਤੀ।

ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਉ ਵਿਚ ਗਰੁੱਪ ਦੇ ਮੈਂਬਰ ਭਾਰਤੀ ਵਿਦਿਆਰਥੀਆਂ ਨੂੰ ਇੰਗਲੈਂਡ ਆਉਣ ਦਾ ਕਾਰਨ ਪੁੱਛਦੇ ਨਜ਼ਰ ਆ ਰਹੇ ਹਨ। ਇਕ ਵਿਦਿਆਰਥੀ ਨੇ ਦਸਿਆ ਕਿ ਉਹ ਮਾਸਟਰਜ਼ ਦੀ ਪੜ੍ਹਾਈ ਕਰਨ ਲਈ ਇੰਗਲੈਂਡ ਆਇਆ ਸੀ ਅਤੇ ਪਿਛਲੇ ਦੋ ਸਾਲਾਂ ਤੋਂ ਉੱਥੇ ਰਹਿ ਰਿਹਾ ਹੈ। ਇਸ ਦੇ ਬਾਵਜੂਦ ਗਰੁੱਪ ਦੇ ਇਕ ਮੈਂਬਰ ਨੇ ਉਨ੍ਹਾਂ ਨੂੰ ਧਮਕਾਉਂਦਿਆਂ ਕਿਹਾ, ‘ਤੁਹਾਨੂੰ ਬੱਚਿਆਂ ਦੇ ਪਾਰਕ ਤੋਂ ਦੂਰ ਰਹਿਣ ਦੀ ਲੋੜ ਹੈ।

ਇੱਥੇ ਦੁਬਾਰਾ ਨਾ ਆਉਣਾ। ਇਹ ਤੁਹਾਡੀ ਆਖ਼ਰੀ ਚੇਤਾਵਨੀ ਹੈ।’ ਗਰੁੱਪ ਨੇ ਫ਼ੇਸਬੁੱਕ ’ਤੇ ਦਾਅਵਾ ਕੀਤਾ ਕਿ ਉਹ ਔਰਤਾਂ ਅਤੇ ਬੱਚਿਆਂ ਦੀ ਸੁਰੱਖਿਆ ਲਈ ਰਾਤ ਨੂੰ ਗਸ਼ਤ ਕਰ ਰਹੇ ਸਨ। ਇਸ ਘਟਨਾ ਦੀ ਸਥਾਨਕ ਰਾਜਨੀਤਕ ਨੁਮਾਇੰਦਿਆਂ ਅਤੇ ਨਸਲਵਾਦ ਵਿਰੋਧੀ ਕਾਰਕੁਨਾਂ ਵਲੋਂ ਭਾਰੀ ਨਿਖੇਧੀ ਕੀਤੀ ਗਈ ਹੈ। ਸਾਬਕਾ ਕੌਂਸਲਰ ਅਤੇ ਸਮਾਜਿਕ ਕਾਰਕੁਨ ਸ਼ੇਸ਼ ਸ਼ੇਸ਼ਭੱਤਰ ਨੇ ਕਿਹਾ ਕਿ ਵਿਦਿਆਰਥੀਆਂ ਨੇ ਕੋਈ ਗ਼ਲਤ ਕੰਮ ਨਹੀਂ ਕੀਤਾ ਸੀ ਅਤੇ ਉਨ੍ਹਾਂ ਨੂੰ ਸਿਰਫ਼ ਉਨ੍ਹਾਂ ਦੀ ਚਮੜੀ ਦੇ ਰੰਗ ਕਰ ਕੇ ਨਿਸ਼ਾਨਾ ਬਣਾਇਆ ਗਿਆ ਹੈ।

ਵੈਸਟ ਮਿਡਲੈਂਡਜ਼ ਪੁਲਿਸ ਅਤੇ ਸੋਲੀਹੁਲ ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਕਿਸੇ ਵੀ ਵਿਅਕਤੀ ਨੂੰ ਰੋਕਣ ਜਾਂ ਤਲਾਸ਼ੀ ਲੈਣ ਦਾ ਅਧਿਕਾਰ ਸਿਰਫ਼ ਪੁਲਿਸ ਅਧਿਕਾਰੀਆਂ ਕੋਲ ਹੀ ਹੈ। ਪੁਲਿਸ ਇੰਸਪੈਕਟਰ ਜੈਨੀ ਵਿਲੇਟਸ ਨੇ ਕਿਹਾ ਕਿ ਪੁਲਿਸ ਅਜਿਹੇ ਗਰੁੱਪਾਂ ਦੀਆਂ ਗਤੀਵਿਧੀਆਂ ਦਾ ਸਮਰਥਨ ਨਹੀਂ ਕਰਦੀ ਅਤੇ ਸ਼ਿਕਾਇਤ ਮਿਲਣ ’ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। (ਏਜੰਸੀ)

Share this content:

Post Comment