*ਯੂਰਪੀ ਪੰਜਾਬੀ ਸਾਹਿਤ, ਵਿਚਾਰ ਚਰਚਾ ਤੇ ਵਰਕਸ਼ਾਪ’
*ਸਫਲਤਾ ਪੂਰਵਕ ਸੰਪੰਨ
*(ਬਰਤਾਨੀਆਂ ,ਇਟਲੀ ,ਗ੍ਰੀਸ ,ਜਰਮਨੀ ਅਤੇ ਪੰਜਾਬ ਦੇ ਸਿਰਮੌਰ ਸਾਹਿਤਕਾਰਾਂ ਨੇ ਲਗਵਾਈ ਹਾਜ਼ਰੀ)
ਯੂਰਪ, 26 ਮਾਰਚ – ਯੂਰਪੀ ਪੰਜਾਬੀ ਸਾਹਿਤ ਅਕਾਦਮੀ’ (EPLA) ਵੱਲੋਂ ਦੂਸਰੀ ਆਨ ਲਾਇਨ ਵਿਚਾਰ ਚਰਚਾ ਤੇ ਵਰਕਸ਼ਾਪ ਮੀਟਿੰਗ ਕੀਤੀ ਗਈ। ਜਿਸ ਵਿੱਚ ਭਾਰਤ ਤੋਂ ਪ੍ਰਸਿੱਧ ਕਵੀ ਅਤੇ ਚਿੰਤਕ ਡਾ ਦਵਿੰਦਰ ਸੈਫ਼ੀ, ਡਾ ਬਲਜਿੰਦਰ ਨਸਰਾਲੀ ਦਿੱਲੀ ਯੂਨੀਵਰਸਿਟੀ, ਡਾ ਬਲਜੀਤ ਕੌਰ ਰਿਆੜ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਨੌਜਵਾਨ ਪੱਤਰਕਾਰ, ਅਨੁਵਾਦਕ ਤੇ ਫਿਲਮਕਾਰ ਦੀਪ ਜਗਦੀਪ ਸਿੰਘ ਸ਼ਾਮਲ ਹੋਏ। ਇਸ ਤੋਂ ਇਲਾਵਾ ਇੰਗਲੈਂਡ ਤੋਂ ਪ੍ਰਸਿੱਧ ਨਾਵਲਕਾਰ ਮਹਿੰਦਰਪਾਲ ਧਾਲੀਵਾਲ ਅਤੇ ਕਹਾਣੀਕਾਰ ਬਲਵੰਤ ਗਿੱਲ, ਜਰਮਨੀ ਤੋਂ ਰਾਜਨੀਤਕ ਤੇ ਸਮਾਜਿਕ ਆਗੂ ਜਸਵਿੰਦਰ ਪਾਲ ਸਿੰਘ ਰਾਠ, ਪੰਜਾਬੀ ਸੱਭਿਆਚਾਰ ਤੇ ਭਾਸ਼ਾ ਬਾਰੇ ਖੋਜਕਾਰਾ ਏਵਜੀਨੀਆ ਬਰਦੇਸੀ ਪਾਤਰਸ ਯੂਨੀਵਰਸਿਟੀ ਗਰੀਸ, ਇਟਲੀ ਤੋਂ ਸਾਹਿਤ ਸੁਰ ਸੰਗਮ ਸਭਾ ਇਟਲੀ ਦੇ ਅਹੁਦੇਦਾਰ ਪ੍ਰਸਿੱਧ ਗਜ਼ਲਗੋ ਪ੍ਰੇਮਪਾਲ ਸਿੰਘ ਨੇ ਵੀ ਭਾਗ ਲਿਆ। ਦਲਜਿੰਦਰ ਸਿੰਘ ਰਹਿਲ ਵੱਲੋਂ ਆਰੰਭ ਕਰਦਿਆਂ ਸਭ ਨਾਲ ਜਾਣ ਪਹਿਚਾਣ ਕਰਵਾਉਂਦਿਆਂ ਸਭ ਮਹਿਮਾਨਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦਿਹਾੜੇ ਦੀ ਸਾਰਿਆਂ ਨਾਲ ਵਧਾਈ ਸਾਂਝੀ ਕੀਤੀ।
ਯੂਰਪੀ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਨੇ ਆਏ ਸਭ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਇਸ ਸੰਸਥਾ ਦੇ ਬਾਰੇ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਇਹ ਸੰਸਥਾ ਸਮੁੱਚੇ ਯੂਰਪੀ ਖਿੱਤੇ ਵਿੱਚ ਅਜਿਹੀ ਪਹਿਲੀ ਸੰਸਥਾ ਹੋਵੇਗੀ ਜੋ ਸਾਹਿਤ, ਦਰਸ਼ਨ (ਫਲਸਫ਼ਾ), ਭਾਸ਼ਾ ਅਤੇ ਨਵੀਂ ਪੀੜ੍ਹੀ ਜਿਹੇ ਗੰਭੀਰ ਅਤੇ ਸੰਵੇਦਨਸ਼ੀਲ ਮੁੱਦਿਆਂ ਉੱਪਰ ਅਕਾਦਮਿਕ ਪੱਧਰ ‘ਤੇ ਕੰਮ ਕਰੇਗੀ। ਸੰਸਥਾ ਦੇ ਮੁੱਖ ਸਲਾਹਕਾਰ ਪ੍ਰੋ ਜਸਪਾਲ ਸਿੰਘ ਨੇ ਵਿਸਥਾਰ ਸਹਿਤ ਮਨੋਰਥਾਂ ਤੇ ਟੀਚਿਆਂ ਬਾਰੇ ਦੱਸਿਆ।
ਡਾ ਬਲਜਿੰਦਰ ਨਸਰਾਲੀ ਨੇ ਇਸ ਸਮੇਂ ਬੋਲਦੇ ਹੋਏ ਕਿਹਾ ਕਿ ਇਸ ਅਜੋਕੇ ਵਿਸ਼ਵੀ ਪਿੰਡ ਵਿੱਚ ਆਪਣੀ ਭਾਸ਼ਾ ਅਤੇ ਸਾਹਿਤ ਦੀ ਗੱਲ ਨੂੰ ਅੱਗੇ ਤੋਰਨ ਲਈ ਵਿਦੇਸ਼ਾਂ ਵਿੱਚ ਦੂਜੀਆਂ ਭਾਸ਼ਾਵਾਂ ਅਤੇ ਸਮਾਜ ਨਾਲ ਤਾਲਮੇਲ ਜਰੂਰੀ ਹੈ। ਇਸਦੇ ਬਾਅਦ ਡਾ ਦਵਿੰਦਰ ਸੈਫ਼ੀ ਨੇ ਕਿਹਾ ਕਿ ਅਜਿਹੀਆਂ ਸੰਸਥਾਵਾਂ ਦਾ ਹੋਂਦ ਵਿੱਚ ਆ ਆਉਣਾ ਆਮ ਗੱਲ ਹੈ ਪਰ ਜਿਸ ਤਰ੍ਹਾਂ ਟੀਚਿਆਂ ਦੀ ਵੱਚਨਬੱਧਤਾ ਯੂਰਪੀ ਪੰਜਾਬੀ ਸਾਹਿਤ ਅਕਾਦਮੀ ਵੱਲੋਂ ਦਿਖਾਈ ਜਾ ਰਹੀ ਹੈ ਉਸ ਤੋਂ ਯੂਰਪੀ ਮਹਾਂਦੀਪ ਵਿੱਚ ਪੰਜਾਬੀ ਦੇ ਸੁਨਿਹਰੇ ਭਵਿੱਖ ਦੀ ਮਹਿਕ ਆਉਣੀ ਲਾਜ਼ਮੀ ਹੈ। ਇਸੇ ਤਰ੍ਹਾਂ ਡਾ ਬਲਜੀਤ ਕੌਰ ਰਿਆੜ ਨੇ ਡਾ ਬਲਜਿੰਦਰ ਨਸਰਾਲੀ ਤੇ ਡਾ ਦਵਿੰਦਰ ਸੈਫ਼ੀ ਦੀ ਗੱਲ ਨੂੰ ਅੱਗੇ ਤੋਰਦਿਆਂ ਕਿਹਾ ਕਿ ਜਿਵੇਂ ਯੂਰਪੀ ਪੰਜਾਬੀ ਸਾਹਿਤ ਅਕਾਦਮੀ ਕੁਝ ਖਾਸ ਮੁੱਦਿਆਂ ਪ੍ਰਤੀ ਸੁਹਿਰਦ ਨਜ਼ਰ ਆਉਂਦੀ ਹੈ ਉਸ ਵੱਲ ਦੇਖਦਿਆਂ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਯੂਰਪੀ ਪੰਜਾਬੀ ਸਾਹਿਤ ਅਤੇ ਯੂਰਪੀਅਨ ਭਾਸ਼ਾਵਾਂ ਦਾ ਪੰਜਾਬੀ ਭਾਸ਼ਾ ਨਾਲ ਆਦਾਨ ਪ੍ਰਦਾਨ ਵਧੇਗਾ।
ਏਵਜੀਨੀਆ ਬਰਦੇਸੀ ਨੇ ਗਰੀਸ ਵਿੱਚ ਪੰਜਾਬੀ ਭਾਈਚਾਰੇ ਉੱਪਰ ਕੀਤੀ ਜਾ ਰਹੀ ਖੋਜ ਦੇ ਆਧਾਰ ਉੱਪਰ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਭਾਸ਼ਾਵਾਂ ਦੇ ਆਪਸੀ ਤਾਲਮੇਲ ਨੂੰ ਇੱਕ ਵੱਡਾ ਕਾਰਜ ਦੱਸਿਆ। ਦੀਪ ਜਗਦੀਪ ਨੇ ਬਹੁਤ ਵਿਸਥਾਰ ਵਿੱਚ ਆਰਟੀਫਿਸ਼ਲ ਇੰਟੈਲੀਜੈਂਸ ਅਤੇ ਪੰਜਾਬੀ ਸਾਹਿਤ ਅਤੇ ਬੋਲੀ ਬਾਰੇ ਅਜੋਕੇ ਸੰਦਰਭ ਤੋਂ ਜਾਣਕਾਰੀ ਸਾਂਝੀ ਕੀਤੀ। ਜਿਸ ਵਿੱਚ ਮੀਡੀਆ, ਅਖਬਾਰਾਂ, ਕਿਤਾਬਾਂ ਤੇ ਹੁਣ ਦਾ ਡਿਜੀਟਲ ਯੁੱਗ ਕਿਸ ਪਾਸੇ ਵੱਲ ਵੱਧ ਰਿਹਾ ਹੈ, ਬਾਰੇ ਵੀ ਦੱਸਿਆ। ਮਹਿੰਦਰਪਾਲ ਧਾਲੀਵਾਲ ਨੇ ਆਪਣੇ ਸੁਝਾਅ ਪੇਸ਼ ਕਰਦਿਆਂ ਕਿਹਾ ਕਿ ਸਾਨੂੰ ਯੂਰਪੀ ਪੱਧਰ ਦੇ ਨਾਲ ਨਾਲ ਆਪਣੇ ਖੇਤਰੀ ਪੱਧਰ ਉੱਪਰ ਵੀ ਅਜਿਹੇ ਯਤਨ ਕਰਨ ਦੀ ਬਹੁਤ ਜਰੂਰਤ ਹੈ, ਤਾਂ ਕਿ ਕੰਮਾਂ ਨੂੰ ਇਕਾਈਆਂ ਦੇ ਤੌਰ ‘ਤੇ ਕੀਤਾ ਜਾ ਸਕੇ। ਜਸਵਿੰਦਰ ਸਿੰਘ ਰਾਠ ਨੇ ਜਰਮਨ ਵਿੱਚ ਆਪਣੇ ਰਾਜਨੀਤਕ ਕੰਮਾਂ ਦੇ ਨਾਲ ਨਾਲ ਪੰਜਾਬੀ ਭਾਸ਼ਾ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਜਾਣਕਾਰੀ ਸਾਂਝੀ ਕੀਤੀ।
ਬਲਵੰਤ ਗਿੱਲ ਨੇ ਬਰਤਾਨੀਆਂ ਵਿੱਚ ਰਾਜਨੀਤੀ ਅਤੇ ਸਾਹਿਤ ਕਿਵੇਂ ਨਾਲ ਨਾਲ ਤੋਰਿਆ ਜਾ ਰਿਹਾ ਹੈ, ਇਸ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਪ੍ਰੇਮਪਾਲ ਸਿੰਘ ਨੇ ਆਪਣੀਆਂ ਗਜ਼ਲਾਂ ਦੁਆਰਾ ਤੁਰਦਾ ਜਾ ਰਿਹਾ ਸਮਾਂ ਜਿਵੇਂ ਰੋਕ ਦਿੱਤਾ ਅਤੇ ਸਭ ਦੀ ਵਾਹ ਵਾਹ ਪ੍ਰਾਪਤ ਕੀਤੀ। ਅਮਜਦ ਆਰਫ਼ੀ ਜਰਮਨੀ ਨੇ ਵੀ ਆਪਣੀ ਗਜ਼ਲ ਨਾਲ ਬਹੁਤ ਖੂਬਸੂਰਤ ਹਾਜ਼ਰੀ ਲਗਾਈ। ਰੂਪ ਦਵਿੰਦਰ ਕੌਰ ਨੇ ਜਿੱਥੇ ਬਰਤਾਨਵੀ ਸਾਹਿਤਕਾਰਾਂ ਨੂੰ ਪੇਸ਼ ਕੀਤਾ ਉੱਥੇ ਉਹਨਾਂ ਦੇ ਸਾਹਿਤਕ ਜੀਵਨ ਬਾਰੇ ਵੀ ਨਿਵੇਕਲੇ ਅੰਦਾਜ਼ ਵਿੱਚ ਪੇਸ਼ਕਾਰੀ ਕੀਤੀ। ਇਸੇ ਤਰ੍ਹਾਂ ਗੁਰਪ੍ਰੀਤ ਕੌਰ ਗਾਇਦੂ ਨੇ ਏਵਜੀਨੀਆਂ ਨੂੰ ਪੇਸ਼ ਵੀ ਕੀਤਾ ਅਤੇ ਉਹਨਾਂ ਦੇ ਯੂਨਾਨੀ ਭਾਸ਼ਾ ਵਿੱਚ ਕੀਤੀ ਗੱਲਬਾਤ ਨੂੰ ਪੰਜਾਬੀ ਵਿੱਚ ਤਰਜਮਾ ਕਰਕੇ ਸਭ ਨਾਲ ਸਾਂਝਾ ਵੀ ਕੀਤਾ। ਇਸ ਸਮੁੱਚੇ ਸਮਾਗਮ ਦਾ ਸੰਚਾਲਨ ਦਲਜਿੰਦਰ ਸਿੰਘ ਰਹਿਲ, ਰੂਪ ਦਵਿੰਦਰ ਕੌਰ ਤੇ ਗੁਰਪ੍ਰੀਤ ਕੌਰ ਗਾਇਦੂ ਵੱਲੋਂ ਕੀਤਾ ਗਿਆ।ਇਸ ਇਕੱਤਰਤਾ ਵਲੋਂ ਪੰਜਾਬੀ ਦੇ ਸਿਰਮੌਰ ਕਲਾਕਾਰ ਜਸਵਿੰਦਰ ਭੱਲਾ ਦੀ ਬੇਵਕਤੀ ਮੌਤ ਤੇ ਦੁੱਖ ਪ੍ਰਗਟਾਉਂਦਿਆਂ ਉਸਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ।
Post Comment