Loading Now

ਯੂਰਪੀਨ ਪੰਜਾਬੀ ਸਾਹਿਤ ਅਕਾਦਮੀ(EPLA) ਵੱਲੋਂ ਨਵੇਂ ਵਰ੍ਹੇ 2026 ਨੂੰ ਲੋਹੜੀ ਅਤੇ ਮਾਘੀ ਦਾ ਤਿਉਹਾਰ ਮਨਾਉਂਦੇ ਹੋਏ ਜੀ ਆਇਆ ਕਿਹਾ

ਯੂਰਪੀਨ ਪੰਜਾਬੀ ਸਾਹਿਤ ਅਕਾਦਮੀ(EPLA) ਵੱਲੋਂ ਨਵੇਂ ਵਰ੍ਹੇ 2026 ਨੂੰ ਲੋਹੜੀ ਅਤੇ ਮਾਘੀ ਦਾ ਤਿਉਹਾਰ ਮਨਾਉਂਦੇ ਹੋਏ ਜੀ ਆਇਆ ਕਿਹਾ

ਯੂਰਪ ਦੇ ਪੰਜਾਬੀ ਲੇਖਕਾਂ ਸਮੇਤ ਮੋਤਾ ਸਿੰਘ ਸਰਾਏ ਅਤੇ ਪ੍ਰੋ ਰਾਜਿੰਦਰਪਾਲ ਸਿੰਘ ਬਰਾੜ ਨੇ ਲਗਵਾਈ ਵਿਸ਼ੇਸ਼ ਹਾਜ਼ਰੀ 

ਯੂਰਪੀਨ ਪੰਜਾਬੀ ਸਾਹਿਤ ਅਕਾਦਮੀ(EPLA) ਨੇ 18 ਜਨਵਰੀ 2026 ਨੂੰ ਸਾਲ ਦਾ ਪਹਿਲਾ ਆਨਲਾਈਨ ਪ੍ਰੋਗਰਾਮ ਕਰਵਾਇਆ। ਇਸ ਪ੍ਰੋਗਰਾਮ ਵਿੱਚ ਜਿੱਥੇ ਨਵੇਂ ਸਾਲ ਨੂੰ ਜੀ ਆਇਆ ਆਖਿਆ ਗਿਆ। ਉੱਥੇ ਹੀ ਲੋਹੜੀ ਅਤੇ ਮਾਘੀ ਦੇ ਤਿਉਹਾਰ ਨੂੰ ਮਨਾਉਂਦਿਆਂ ਹੋਇਆ ਉਨ੍ਹਾਂ ਉੱਪਰ ਵਿਚਾਰ ਚਰਚਾ ਵੀ ਕੀਤੀ ਗਈ।

 

ਸ਼ੁਰੂ ਵਿੱਚ ਅਕਾਦਮੀ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਨੇ ਸਾਰੀਆਂ ਸਤਿਕਾਰਯੋਗ ਸ਼ਖ਼ਸ਼ੀਅਤਾਂ ਦਾ ਸਵਾਗਤ ਕਰਦਿਆਂ ਉਹਨਾਂ ਨੂੰ ਜੀ ਆਇਆਂ ਆਖਿਆ ਅਤੇ ਲੋਹੜੀ ਤੇ ਮਾਘੀ ਦੀ ਵਧਾਈ ਦਿੱਤੀ। ਨਾਲ ਹੀ ਉਹਨਾਂ ਨੇ ਸੰਸਾਰ ਨੂੰ ਦਰਪੇਸ਼ ਮਸਲਿਆਂ ਪ੍ਰਤੀ ਚਿੰਤਾ ਪ੍ਰਗਟ ਕਰਦੇ ਹੋਏ ਪ੍ਰੋਗਰਾਮ ਦਾ ਆਗਾਜ਼ ਕੀਤਾ।

 

ਮੋਤਾ ਸਿੰਘ ਸਰਾਏ ਪ੍ਰਧਾਨ ਪੰਜਾਬੀ ਸੱਥ ਯੂਕੇ ਨੇ ਸੰਖੇਪ ਪਰ ਭਾਵਪੂਰਤ ਸ਼ਬਦਾਂ ਵਿੱਚ ਨਾ-ਪੱਖੀ ਸੋਚ ਤੋਂ ਉਪਰ ਉੱਠ ਕੇ ਚੜਦੀ ਕਲਾ ਵਿੱਚ ਰਹਿਣ ਦੀ ਅਪੀਲ ਕੀਤੀ। ਮਨੁੱਖਤਾ ਲਈ ਆਪਣਾ ਬਣਦਾ ਯੋਗਦਾਨ ਦੇਣ ਲਈ ਲਈ ਪ੍ਰੇਰਿਤ ਕੀਤਾ। ਪ੍ਰੋ ਜਸਪਾਲ ਸਿੰਘ ਇਟਲੀ ਨੇ ਨਵੇਂ ਸਾਲ ਦੀ ਵਧਾਈ ਦਿੰਦਿਆ ਲੋਹੜੀ ਅਤੇ ਮਾਘੀ ਦੇ ਪਵਿੱਤਰ ਤਿਉਹਾਰ ਦੇ ਇਤਿਹਾਸਿਕ ਪੱਖ ਨੂੰ ਪੇਸ਼ ਕਰਦਿਆਂ ਇਹਨਾਂ ਤਿਉਹਾਰਾਂ ਦੀ ਮਹੱਤਤਾ ਨੂੰ ਸਮਾਜ ,ਪ੍ਰਕਿਰਤਿਕ ਅਤੇ ਰੁੱਤਾਂ ਨਾਲ ਵੀ ਜੋੜਿਆ।

ਡਾ. ਰਜਿੰਦਰ ਪਾਲ ਸਿੰਘ ਬਰਾੜ ਨੇ ਖ਼ੂਬਸੂਰਤ ਲਫ਼ਜ਼ਾਂ ਵਿੱਚ ਯੂਰਪੀਅਨ ਪੰਜਾਬੀ ਸਾਹਿਤ ਅਕਾਦਮੀ ਦੀ ਪ੍ਰਸੰਸਾ ਕੀਤੀ। ਆਪਣੀ ਕਰਮ ਭੂਮੀ ਅਤੇ ਜਨਮ ਭੂਮੀ ਵਿਚਕਾਰ ਸੰਤੁਲਨ ਬਣਾਉਣ ਉੱਤੇ ਜ਼ੋਰ ਦਿੱਤਾ। ਅਜੋਕੀਆਂ ਡਾਇਸਪੋਰਾ ਦੀ ਸਮੱਸਿਆਵਾਂ ਸੰਬੰਧੀ ਫ਼ਿਕਰਮੰਦੀ ਜ਼ਾਹਰ ਕੀਤੀ। ਆਪਣੇ ਨਾਇਕਾ ਨੂੰ ਯਾਦ ਰੱਖਣ ਦੀ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਇਹ ਨਾਇਕ ਹੀ ਹਨ ਜੋ ਮੁਸੀਬਤਾਂ ਸਮੇਂ ਕੌਮਾਂ ਦੀ ਰਹਿਨੁਮਾਈ ਕਰਦੇ ਹਨ।ਪੰਜਾਬੀਆਂ ਨੂੰ ਵਿਸ਼ਵ ਸਾਹਿਤ ਵਿੱਚ ਵਧੀਆ ਹਿੱਸਾ ਪਾਉਣ ਲਈ ਵੱਡੀਆਂ ਸੰਸਥਾਵਾਂ ਬਣਾਉਣੀਆਂ ਚਾਹੀਦੀਆਂ ਹਨ।

ਕਵੀ ਦਰਬਾਰ ਦੌਰਾਨ

ਅਮਨਦੀਪ ਸਿੰਘ ਨੇ ਸਕਾਟਲੈਂਡ ਤੋਂ ਚਾਲੀ ਮੁਕਤਿਆਂ ਦੀ ਉਸਤਤਿ ਵਿੱਚ ਦੋ ਭਾਵ ਭਿੰਨੀਆਂ ਗਜ਼ਲਾਂ ਸੁਣਾਈਆਂ। ਨੀਲੂ ਜਰਮਨੀ ਨੇ ਨਵੇਂ ਸਾਲ ਦੀ ਆਮਦ ਵਿੱਚ “ਮੋਹ ਦੀਆਂ ਤੰਦਾਂ” ਕਵਿਤਾ ਸੁਣਾਈ।

ਨਸ਼ਤਰ ਭੋਗਲ ਨੇ ਇੰਗਲੈਂਡ ਤੋਂ “ਪੋਹ ਨੂੰ ਮਹਿਣਾ” ਕਵਿਤਾ ਸੁਣਾਈ। ਬੈਲਜੀਅਮ ਦੀ ਪ੍ਰਸਿੱਧ ਸ਼ਾਇਰਾ ਜੀਤ ਸੁਰਜੀਤ ਨੇ ਨਜ਼ਮ “ਨਵਾਂ ਸਾਲ ਮੁਬਾਰਕ” ਅਤੇ ਗ਼ਜ਼ਲ “ਹੁਣ ਭਲਾ ਕਿੱਥੇ” ਪੇਸ਼ ਕਰਕੇ ਵਾਹ ਵਾਹ ਖੱਟੀ।

ਇਟਲੀ ਤੋਂ ਗ਼ਜ਼ਲਗੋ ਪ੍ਰੇਮ ਪਾਲ ਸਿੰਘ ਨੇ “ਜੀਵਨ ਚ ਇੱਕ ਤੇਰਾ ਪਿਆਰ” ਸੁਣਾ ਕੇ ਸਭ ਨੂੰ ਮੰਤਰ ਮੁਗਧ ਕਰ ਲਿਆ।

ਪੁਰਤਗਾਲ ਤੋਂ ਦੁਖ ਭੰਜਨ ਰੰਧਾਵਾ ਨੇ ਤਰਨੰਮ ਵਿੱਚ ਨਜ਼ਮਾਂ ਸੁਣਾ ਕੇ ਖੂਬਸੂਰਤ ਹਾਜ਼ਰੀ ਲਵਾਈ।

ਲੁਧਿਆਣੇ ਤੋਂ ਕੇਸਰ ਸਿੰਘ ਅਤੇ ਜਰਮਨ ਤੋ ਸਤਨਾਮ ਸਿੰਘ ਨੇ ਵੀ ਹਾਜ਼ਰੀ ਲਵਾਈ।

ਅਕਾਦਮੀ ਦੇ ਮੀਤ ਪ੍ਰਧਾਨ ਰੂਪ ਦਵਿੰਦਰ ਕੌਰ ਨੇ “ਧੀਆਂ” ਕਵਿਤਾ ਸੁਣਾਈ ਅਤੇ ਆਏ ਹੋਏ ਵਿਦਵਾਨਾਂ ਅਤੇ ਕਵੀਆਂ ਦਾ ਸੁੰਦਰ ਸ਼ਬਦਾਂ ਵਿੱਚ ਧੰਨਵਾਦ ਕੀਤਾ।

ਅਕਾਦਮੀ ਦੇ ਜਨਰਲ ਸਕੱਤਰ ਦਲਜਿੰਦਰ ਸਿੰਘ ਰਹਿਲ ਨੇ ਵਧੀਆ ਢੰਗ ਨਾਲ ਮੰਚ ਦਾ ਸੰਚਾਲਨ ਕੀਤਾ। ਕਵੀਆਂ, ਵਿਦਵਾਨਾਂ ਅਤੇ ਸਰੋਤਿਆਂ ਨੂੰ ਰੂਬਰੂ ਕਰਵਾਇਆ ਅਤੇ “ਨਵੇਂ ਸਾਲ ਦੇ ਸੂਰਜਾ” ਕਵਿਤਾ ਨਾਲ ਨਵੇਂ ਸਾਲ ਦਾ ਸੁਨੇਹਾ ਦਿੱਤਾ।

ਇਸ ਤਰ੍ਹਾਂ ਇਹ ਪ੍ਰੋਗਰਾਮ ਨਵੀਆਂ ਪੈੜਾਂ ਪਾਉਂਦਾ ਹੋਇਆ ਵਧੀਆ ਸੁਨੇਹਾ ਦੇ ਕੇ ਸਮਾਪਤ ਹੋਇਆ।

Share this content:

Post Comment