ਮੰਤਰੀ ਹਰਪਾਲ ਚੀਮਾ ਨੂੰ ਨਸ਼ੇ ‘ਤੇ ਸਵਾਲ ਕਰਨ ਵਾਲੇ ਬਜ਼ੁਰਗ ਨੇ ਲੁਧਿਆਣਾ DMC ਹਸਪਤਾਲ ‘ਚ ਤੋੜਿਆ ਦਮ
8, ਸਤੰਬਰ – ਪੰਜਾਬ ਦੇ ਸੁਨਾਮ ‘ਚ ਮੁੱਖ ਮੰਤਰੀ ਭਗਵੰਤ ਮਾਨ ਦੇ ਸੱਥ ਪ੍ਰੋਗਰਾਮ ਦੌਰਾਨ ਪੁਲਿਸ ਤਸ਼ੱਦਦ ਦਾ ਸ਼ਿਕਾਰ ਹੋਏ ਮੋਹਨਜੀਤ ਸਿੰਘ ਸ਼ੇਰੋਂ ਦਾ ਮਾਮਲਾ ਅਜੇ ਠੰਢਾ ਨਹੀਂ ਹੋਇਆ ਸੀ ਕਿ ਮੁੱਖ ਮੰਤਰੀ ਦੇ ਜ਼ਿਲ੍ਹੇ ਵਿਚੋਂ ਹੀ ਇੱਕ ਹੋਰ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਦਿੜ੍ਹਬਾ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਪ੍ਰੋਗਰਾਮ ਦੇ ਇਸ ਮਾਮਲੇ ਵਿੱਚ ਬਜ਼ੁਰਗ ਨੇ ਸਲਫਾਸ ਖਾ ਲਈ ਹੈ, ਜਿਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਬਜ਼ੁਰਗ ਨੂੰ ਵੱਖ-ਵੱਖ ਹਸਪਤਾਲਾਂ ਸਿਫ਼ਟ ਕਰਦੇ ਹੋਏ ਸੰਗਰੂਰ ਦੇ ਇੱਕ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ।
ਗੁਲਜ਼ਾਰ ਸਿੰਘ ਨੇ ਹਰਪਾਲ ਚੀਮਾ ਨੂੰ ਕੀਤਾ ਸੀ ਨਸ਼ੇ ‘ਤੇ ਸਵਾਲ
ਦੱਸਿਆ ਜਾ ਰਿਹਾ ਹੈ ਕਿ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਦਿੜ੍ਹਬਾ ‘ਚ ਐਤਵਾਰ ਨੂੰ ਪ੍ਰੋਗਰਾਮ ਰੱਖਿਆ ਗਿਆ ਸੀ, ਜਿਸ ਦੌਰਾਨ ਆਪਣੇ ਮੁੰਡੇ ਦੇ ਨਸ਼ੇ ਦੀ ਲਤ ਤੋਂ ਪ੍ਰੇਸ਼ਾਨ ਇੱਕ ਗੁਲਜ਼ਾਰ ਸਿੰਘ ਨਾਮ ਦੇ ਇੱਕ ਬਜ਼ੁਰਗ ਨੇ ਦੁਖੀ ਹੋ ਕੇ ਪ੍ਰੋਗਰਾਮ ਦੌਰਾਨ ਵਿੱਤ ਮੰਤਰੀ ਅੱਗੇ ਨਸ਼ੇ ਨੂੰ ਲੈ ਕੇ ਸਵਾਲ ਕੀਤੇ ਸਨ। ਉਸ ਨੇ ਇਸ ਦੌਰਾਨ ਵਿੱਤ ਮੰਤਰੀ ਨੂੰ ਪੁੱਛਿਆ ਸੀ ਕਿ, “ਮੇਰਾ ਮੁੰਡਾ ਸਰੇਆਮ ਚਿੱਟਾ ਪੀ ਜਾਂਦਾ ਹੈ, ਤੁਸੀਂ ਚਿੱਟਾ ਕਿਉਂ ਨਹੀਂ ਬੰਦ ਕਰਦੇ?”
ਇੱਕ ਪਿਤਾ ਵੱਲੋਂ ਜਦੋਂ ਹੀ ਇਹ ਸਵਾਲ ਵਿੱਤ ਮੰਤਰੀ ਚੀਮਾ ਨੂੰ ਕੀਤਾ ਤਾਂ ਤੁਰੰਤ ਹੀ ਪੁਲਿਸ ਨੇ ਬਜ਼ੁਰਗ ਨੂੰ ਫੜ ਕੇ ਪਾਸੇ ਕਰ ਦਿੱਤਾ, ਤਾਂ ਜੋ ਉਹ ਦੁਬਾਰਾ ਨਸ਼ੇ ਦੇ ਮੁੱਦੇ ‘ਤੇ ਮੰਤਰੀ ਨੂੰ ਸਵਾਲ ਨਾ ਕਰ ਸਕੇ। ਜਾਣਕਾਰੀ ਮੁਤਾਬਕ, ਪਿੰਡ ਤੂਰ ਵੰਜਾਰਾ ਦੇ ਸਰਪੰਚ ਅਤੇ ਕੁੱਝ ਹੋਰ ਵਿਅਕਤੀਆਂ ਵੱਲੋਂ ਉਸ ਉੱਪਰ ਕਥਿਤ ਤੌਰ ’ਤੇ ਦਬਾਅ ਬਣਾਇਆ ਗਿਆ ਕਿ ਉਹ ਸਵੇਰੇ ਖੜ੍ਹ ਕੇ ਮਾਫ਼ੀ ਮੰਗੇ ਕਿ ਉਸ ਨੇ ਮੰਤਰੀ ਨੂੰ ਸਵਾਲ ਕਿਉਂ ਕੀਤਾ ? ਇਸ ਅਪਮਾਨ ਕਾਰਨ ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਹੋ ਗਿਆ ਸੀ ਅਤੇ ਜ਼ਹਿਰੀਲਾ ਪਦਾਰਥ ਨਿਗਲ ਲਿਆ। ਸਲਫਾਸ ਨਿਗਲਣ ਪਿੱਛੋਂ ਗੁਲਜ਼ਾਰ ਸਿੰਘ ਨੂੰ ਪਹਿਲਾਂ ਦਿੜਬਾ ਦੇ ਹਸਪਤਾਲ ਲਿਜਾਇਆ ਗਿਆ। ਇਸ ਤੋਂ ਬਾਅਦ ਉਸ ਨੂੰ ਸੰਗਰੂਰ ਹਸਪਤਾਲ, ਫਿਰ ਰਾਜਿੰਦਰਾ ਹਸਪਤਾਲ ਪਟਿਆਲਾ ਅਤੇ ਹੁਣ ਸੰਗਰੂਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਕਰਵਾਏ ਜਾਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ।
ਗੁਲਜ਼ਾਰ ਸਿੰਘ ਨੇ ਲਾਏ ਇਲਜ਼ਾਮ
ਇਸ ਦੌਰਾਨ ਹਸਪਤਾਲ ਲਿਜਾਂਦੇ ਸਮੇਂ ਗੁਲਜ਼ਾਰ ਸਿੰਘ ਨੇ ਆਪਣੇ ਬਿਆਨਾਂ ‘ਚ ਦੋਸ਼ ਲਗਾਇਆ ਕਿ ਨਸ਼ਿਆਂ ਦੀ ਸਥਿਤੀ ਬਾਰੇ ਸਵਾਲ ਉਠਾਉਣ ਤੋਂ ਬਾਅਦ ਉਸ ‘ਤੇ ਵਾਰ-ਵਾਰ ਮੁਆਫ਼ੀ ਮੰਗਣ ਲਈ ਦਬਾਅ ਪਾਇਆ ਜਾ ਰਿਹਾ ਸੀ। ਉਸਨੇ ਅੱਗੇ ਦੋਸ਼ ਲਗਾਇਆ ਕਿ ਪਿੰਡ ਪ੍ਰਸ਼ਾਸਨ ਨਾਲ ਜੁੜੇ ਲੋਕਾਂ ਦੁਆਰਾ ਉਸਨੂੰ ਪਰੇਸ਼ਾਨ ਕੀਤਾ ਗਿਆ ਸੀ ਅਤੇ ਦਬਾਅ ਇੰਨਾ ਜ਼ਿਆਦਾ ਹੋ ਗਿਆ ਕਿ ਉਸਨੇ ਅੰਤ ਵਿੱਚ ਇੱਕ ਜ਼ਹਿਰੀਲਾ ਪਦਾਰਥ ਖਾ ਲਿਆ। ਸਿੰਘ ਇਸ ਸਮੇਂ ਸੰਗਰੂਰ ਦੇ ਇੱਕ ਹਸਪਤਾਲ ਵਿੱਚ ਇਲਾਜ ਕਰਵਾ ਰਿਹਾ ਹੈ। ਉਸਦੇ ਬਿਆਨ ਅਨੁਸਾਰ, ਉਸਨੇ ਚਾਰ ਵਿਅਕਤੀਆਂ ਦੇ ਨਾਮ ਲਏ ਹਨ ਜਿਨ੍ਹਾਂ ਨੂੰ ਉਹ ਇਸ ਘਟਨਾ ਦੇ ਦਬਾਅ ਅਤੇ ਹਾਲਾਤਾਂ ਲਈ ਜ਼ਿੰਮੇਵਾਰ ਮੰਨਦਾ ਹੈ। ਇਹ ਘਟਨਾ ਉਸ ਸਮੇਂ ਵਾਪਰੀ ਹੈ, ਜਦੋਂ ਪੰਜਾਬ ਸਰਕਾਰ ਆਪਣੀ ਨਸ਼ਾ ਵਿਰੋਧੀ ਮੁਹਿੰਮ ਦਾ ਤੇਜ਼ੀ ਨਾਲ ਪ੍ਰਚਾਰ ਕਰ ਰਹੀ ਹੈ।
Share this content:



Post Comment