Loading Now

ਮੰਡੀ ਬੋਰਡ ਦਫ਼ਤਰ ਅੱਗੇ ਕਿਸਾਨਾਂ ਨੇ ਦਿੱਤਾ ਧਰਨਾ

ਮੰਡੀ ਬੋਰਡ ਦਫ਼ਤਰ ਅੱਗੇ ਕਿਸਾਨਾਂ ਨੇ ਦਿੱਤਾ ਧਰਨਾ

ਅੰਮ੍ਰਿਤਸਰ, 20 ਜੂਨ – ਮੰਡੀਆਂ ਵਿੱਚ ਬੇਨਿਯਮੀਆਂ ਦੂਰ ਕਰਵਾਉਣ ਅਤੇ ਹੋਰ ਅਹਿਮ ਮੰਗਾਂ ਲਈ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਪੰਜਾਬ ਮੰਡੀ ਬੋਰਡ ਦੇ ਦਫ਼ਤਰ ਅੱਗੇ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ। ਇਹ ਪ੍ਰਦਰਸ਼ਨ ਸੂਬਾ ਆਗੂ ਸਰਵਣ ਸਿੰਘ ਪੰਧੇਰ ਅਤੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਦੀ ਅਗਵਾਈ ਹੇਠ ਹੋਇਆ। ਕਿਸਾਨ ਆਗੂਆਂ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਕਣਕ ਦੇ ਮੌਜੂਦਾ ਸੀਜ਼ਨ ਦੌਰਾਨ ਦਾਣਾ ਮੰਡੀ ਚੱਕ ਸਿਕੰਦਰ ਵਿੱਚ ਇੱਕ ਕਮਿਸ਼ਨ ਏਜੰਟ ਦੀ ਫਰਮ ਵੱਲੋਂ ਮੰਡੀ ਬੋਰਡ ਨਾਲ ਕਥਿਤ ਘਪਲਾ ਕੀਤਾ ਗਿਆ ਹੈ। ਇਸ ਮਾਮਲੇ ਦੀ ਆੜ ਵਿੱਚ ਪ੍ਰਸ਼ਾਸਨ ਨੇ ਕਈ ਬੇਕਸੂਰ ਕਿਸਾਨਾਂ ਦੇ ਬੈਂਕ ਖਾਤੇ ਵੀ ਫਰੀਜ਼ ਕਰ ਦਿੱਤੇ ਹਨ। ਕਿਸਾਨ ਇਸ ਘਪਲੇ ਲਈ ਕਿਸੇ ਪੱਖੋਂ ਵੀ ਜ਼ਿੰਮੇਵਾਰ ਨਹੀਂ ਹਨ, ਇਸ ਲਈ ਉਨ੍ਹਾਂ ਦੇ ਖਾਤੇ ਤੁਰੰਤ ਬਹਾਲ ਕੀਤੇ ਜਾਣ।

ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਫ਼ਸਲ ਦੀ ਤੁਲਾਈ ਮੌਕੇ ਕਿਸਾਨਾਂ ਨੂੰ ਤੁਰੰਤ ਪੱਕਾ ਜੇ ਫਾਰਮ ਦਿੱਤਾ ਜਾਵੇ ਅਤੇ ਫ਼ਸਲ ਦੀ ਬਣਦੀ ਅਦਾਇਗੀ 24 ਘੰਟਿਆਂ ਦੇ ਅੰਦਰ ਹਰ ਹਾਲ ਯਕੀਨੀ ਬਣਾਈ ਜਾਵੇ। ਉਨ੍ਹਾਂ ਦੋਸ਼ ਲਾਇਆ ਕਿ ਆੜ੍ਹਤੀਆਂ ਵੱਲੋਂ ਕਿਸਾਨਾਂ ਨੂੰ ਅਕਸਰ ਕੱਚੀ ਪਰਚੀ ਦਿੱਤੀ ਜਾਂਦੀ ਹੈ, ਜਿਸ ਉੱਤੇ ਫਰਮ ਦਾ ਨਾਮ, ਮੋਹਰ ਅਤੇ ਦਸਤਖ਼ਤ ਨਹੀਂ ਹੁੰਦੇ। ਇਸ ਨਾਲ ਕਿਸਾਨਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ। ਇਸ ਦੇ ਨਾਲ ਹੀ ਕੱਚੀਆਂ ਮੰਡੀਆਂ ਪੱਕੀਆਂ ਕਰਨ, ਸ਼ੈੱਡ ਬਣਾਉਣ, ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨ, ਪਾਰਦਰਸ਼ਤਾ ਲਈ ਕੰਪਿਊਟਰ ਕੰਡੇ ਲਾਉਣ ਅਤੇ ਤੁਲਾਈ ਮਗਰੋਂ ਲਿਫਟਿੰਗ ਦੀ ਮੰਗ ਵੀ ਰੱਖੀ ਗਈ। ਆਗੂਆਂ ਨੇ ਕਿਹਾ ਕਿ ਮੰਡੀ ਬੋਰਡ ਦੀਆਂ ਜ਼ਮੀਨਾਂ ਵੇਚਣ ਦੇ ਸਰਕਾਰੀ ਮਨਸੂਬਿਆਂ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਬਾਹਰਲੇ ਸੂਬਿਆਂ ਤੋਂ ਆਉਂਦੀ ਕਣਕ ਅਤੇ ਝੋਨੇ ਦੀ ਵਿਕਰੀ ਉੱਤੇ ਪਾਬੰਦੀ ਲਾਉਣ ਅਤੇ ਸਬਜ਼ੀ ਮੰਡੀ ਵਿੱਚ ਕਿਸਾਨਾਂ ਦੇ ਬਾਰਦਾਨੇ ਦਾ ਮੁੱਲ ਮੋੜਨ ਦੀ ਮੰਗ ਵੀ ਰੱਖੀ। ਇਸ ਮੌਕੇ ਸਕੱਤਰ ਸਿੰਘ ਕੋਟਲਾ, ਕੰਧਾਰ ਸਿੰਘ ਭੋਏਵਾਲ, ਜਰਮਨਜੀਤ ਸਿੰਘ ਬੰਡਾਲਾ, ਗੁਰਬਚਨ ਸਿੰਘ ਚੱਬਾ ਅਤੇ ਸੁਖਦੇਵ ਸਿੰਘ ਚਾਟੀਵਿੰਡ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਮਜ਼ਦੂਰ ਹਾਜ਼ਰ ਸਨ।

ਅਧਿਕਾਰੀਆਂ ਵੱਲੋਂ ਸੱਤ ਵਿੱਚੋਂ ਪੰਜ ਖਾਤੇ ਬਹਾਲ ਕਰਨ ਦਾ ਭਰੋਸਾ

ਧਰਨੇ ਦੌਰਾਨ ਡੀ ਐੱਮ ਓ ਨੇ ਭਰੋਸਾ ਦਿੱਤਾ ਕਿ ਸੱਤ ’ਚੋਂ ਪੰਜ ਕਿਸਾਨਾਂ ਦੇ ਖਾਤੇ ਬਹਾਲ ਕਰਨ ਲਈ ਪੱਤਰ ਲਿਖਿਆ ਗਿਆ ਹੈ ਅਤੇ ਬਾਕੀ ਦੋ ਕਿਸਾਨਾਂ ਦੇ ਖਾਤੇ ਇੱਕ ਹਫ਼ਤੇ ਵਿੱਚ ਬਹਾਲ ਹੋ ਜਾਣਗੇ। ਅਧਿਕਾਰੀਆਂ ਨੇ ਬਾਕੀ ਮੰਗਾਂ ਉੱਤੇ ਵੀ ਕਾਰਵਾਈ ਦਾ ਭਰੋਸਾ ਦਿੱਤਾ।

Share this content:

Post Comment