Loading Now

ਮੌਨ ਮੋਦੀ

ਮੌਨ ਮੋਦੀ

2025 ਰੁਪਏ ਦੀ ਪੰਜ ਫੀਸਦੀ ਤੱਕ ਦੀ ਇਤਿਹਾਸਕ ਕਦਰ-ਘਟਾਈ ਦਾ ਸਾਲ ਸਾਬਤ ਹੋਇਆ ਹੈ। ਜਨਵਰੀ ਵਿੱਚ ਇੱਕ ਡਾਲਰ ਦੇ ਮੁਕਾਬਲੇ ਰੁਪਏ ਦੀ ਕਦਰ 84-85 ਸੀ ਤੇ ਨਵੰਬਰ ਵਿੱਚ 90.28 ਤੱਕ ਡਿਗ ਗਿਆ। ਇਸ ਗਿਰਾਵਟ ਨੇ ਰੁਪਏ ਨੂੰ ਏਸ਼ੀਆ ਦੀ ਸਭ ਤੋਂ ਕਮਜ਼ੋਰ ਕਰੰਸੀ ਬਣਾ ਦਿੱਤਾ ਹੈ। ਯਾਦ ਹੋਣਾ, ਗੁਜਰਾਤ ਦੇ ਮੁੱਖ ਮੰਤਰੀ ਹੁੰਦਿਆਂ ਵਰਤਮਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡਾਲਰ 60 ਰੁਪਈਏ ਦਾ ਹੋਣ ’ਤੇ ਜੂਨ 2013 ਨੂੰ ਟਵੀਟ ਕੀਤਾ ਸੀ : ਕਾਂਗਰਸ ਤੇ ਰੁਪਏ ਵਿਚਾਲੇ ਮੁਕਾਬਲਾ ਚੱਲ ਰਿਹਾ ਹੈ ਕਿ ਕੌਣ ਜ਼ਿਆਦਾ ਡਿੱਗੇਗਾ। ਇਸ ਤੋਂ ਬਾਅਦ 15 ਅਗਸਤ ਨੂੰ ਅਹਿਮਦਾਬਾਦ ਵਿੱਚ ਸੁਤੰਤਰਤਾ ਦਿਵਸ ’ਤੇ ਭਾਸ਼ਣ ਕਰਦਿਆਂ ਕਿਹਾ ਸੀ : ਅੱਜ ਸਾਡੀ ਕਰੰਸੀ ਮੌਤ ਦੇ ਮੰਜੇ ’ਤੇ ਪਈ ਹੈ। ਇਹ ਟਰਮੀਨਲ ਸਟੇਜ ਹੈ ਤੇ ਤੁਰੰਤ ਡਾਕਟਰ ਦੀ ਲੋੜ ਹੈ। ਵਰਤਮਾਨ ਵਿੱਚ ਦੋਨੋਂ ਰੁਪੱਈਆ ਤੇ ਯੂ ਪੀ ਏ ਸਰਕਾਰ-ਆਪਣੀ ਕਦਰ ਗੁਆ ਚੁੱਕੇ ਹਨ। ਦੇਸ਼ ਨੂੰ ਤਬਾਹੀ ਤੋਂ ਰੋਕਣ ਦਾ ਵੇਲਾ ਆ ਗਿਆ ਹੈ। ਇਸ ਤੋਂ ਬਾਅਦ 24 ਅਗਸਤ ਨੂੰ ਇੱਕ ਜਨਤਕ ਬਿਆਨ ਵਿੱਚ ਕਿਹਾ ਸੀ : ਮੌਨ ਮੋਹਨ ਸਿੰਘ ਤੇ ਰੁਪੱਈਆ ਦੋਨੋਂ ਚੁੱਪ ਹੋ ਗਏ ਹਨ। ਸੰਕਟ ਆਉਦੇ ਹਨ ਪਰ ਜੇ ਸੰਕਟ ਦੌਰਾਨ ਲੀਡਰਸ਼ਿਪ ਦਿਸ਼ਾਹੀਣ ਤੇ ਨਿਰਾਸ਼ ਹੋ ਜਾਵੇ ਤਾਂ ਸੰਕਟ ਬਹੁਤ ਗੰਭੀਰ ਹੋ ਜਾਂਦਾ ਹੈ। ਦਿੱਲੀ ਦੇ ਹੁਕਮਰਾਨਾਂ ਨੂੰ ਦੇਸ਼ ਦੀ ਰਾਖੀ ਜਾਂ ਰੁਪਏ ਦੀ ਡਿਗਦੀ ਕਦਰ ਦੀ ਚਿੰਤਾ ਨਹੀਂ, ਸਿਰਫ ਆਪਣੀ ਕੁਰਸੀ ਬਚਾਉਣ ਦਾ ਫਿਕਰ ਹੈ।

2014 ਦੀ ਪਹਿਲੀ ਤਿਮਾਹੀ ਵਿੱਚ ਡਾਲਰ ਔਸਤਨ 60 ਰੁਪਏ ਦੇ ਆਸਪਾਸ ਸੀ। ਪ੍ਰਧਾਨ ਮੰਤਰੀ ਮਨਮੋਹਨ ਸਿੰਘ ’ਤੇ ਨਿੱਜੀ ਹਮਲੇ ਹੋ ਰਹੇ ਸਨ ਤੇ ਉਨ੍ਹਾ ਦੇ ਆਰਥਿਕ ਗਿਆਨ ਦਾ ਮਖੌਲ ਉਡਾਇਆ ਜਾ ਰਿਹਾ ਸੀ। ਮਨਮੋਹਨ ਸਰਕਾਰ ਖਿਲਾਫ ਭਾਜਪਾ ਨੂੰ ਕਾਰਪੋਰੇਟ ਜਗਤ ਦੀ ਹਮਾਇਤ ਮਿਲ ਗਈ ਸੀ, ਜਿਹੜਾ ਯੂ ਪੀ ਏ ਦੇ ਭੋਜਨ ਦਾ ਅਧਿਕਾਰ, ਸਿੱਖਿਆ ਦਾ ਅਧਿਕਾਰ ਤੇ ਨਰੇਗਾ ਨੀਤੀਆਂ ਤੋਂ ਬੁਰੀ ਤਰ੍ਹਾਂ ਉਖੜਿਆ ਹੋਇਆ ਸੀ। ਹੋਰ ਤਾਂ ਹੋਰ ਫਿਲਮ ਅਭਿਨੇਤਰੀ ਜੂਹੀ ਚਾਵਲਾ ਨੇ ਟਵੀਟ ਕਰਕੇ ਰੱਬ ਦਾ ਇਹ ਕਹਿ ਕੇ ਸ਼ੁਕਰੀਆ ਕੀਤਾ ਸੀ ਕਿ ਉਸ ਦੇ ਅੰਡਰਵੀਅਰ ਦਾ ਨਾਂਅ ਰੁਪੱਈਆ ਨਹੀਂ, ਡਾਲਰ ਹੈ, ਵਰਨਾ ਰੋਜ਼ ਡਿਗਦਾ। ਅਮਿਤਾਭ ਬੱਚਨ ਨੇ ਕਿਹਾ ਸੀ ਕਿ ਲੋਕ ਪੈਟਰੋਲ ਟੰਕੀ ਵਿੱਚ ਪਾਉਣ ਲਈ ਨਹੀਂ, ਗੱਡੀ ਫੂਕਣ ਲਈ ਖਰੀਦ ਰਹੇ ਹਨ। ਹੁਣ ਸਭ ਚੁੱਪ ਹਨ, ਜਦਕਿ ਡਾਲਰ 90 ਰੁਪਏ ਟੱਪ ਗਿਆ ਹੈ ਤੇ ਪੈਟਰੋਲ ਵੀ ਸੌ ਦੇ ਆਸਪਾਸ ਵਿਕ ਰਿਹਾ ਹੈ। ਉਦੋਂ ਅਜਿਹਾ ਮਾਹੌਲ ਬਣਾਇਆ ਗਿਆ ਸੀ ਕਿ ਡਾ. ਮਨਮੋਹਨ ਸਿੰਘ ਨੂੰ ਹਟਾ ਕੇ ਡਾਕਟਰ ਮੋਦੀ ਨੂੰ ਲਿਆਂਦਾ ਜਾਵੇ ਤਾਂ ਹੀ ਮਰੀਜ਼ ਬਚੇਗਾ। ਨਤੀਜਾ ਇਹ ਨਿਕਲਿਆ ਕਿ ਮੋਦੀ ਜੀ ਪ੍ਰਧਾਨ ਮੰਤਰੀ ਬਣ ਗਏ ਤੇ ਉਨ੍ਹਾ ਅਰਥਵਿਵਸਥਾ ਦਾ ਅਪ੍ਰੇਸ਼ਨ ਵੀ ਕਰ ਦਿੱਤਾ।

ਕੀ ਹੁਣ ਡਾਲਰ ਦੇ ਮੁਕਾਬਲੇ ਰੁਪੱਈਏ ਦੀ ਕਦਰ-ਘਟਾਈ ਨੂੰ ਮੋਦੀ ਦਾ ਵੱਕਾਰ ਡਿਗਣਾ ਮੰਨਿਆ ਜਾਵੇ? ਕੀ ਇਸ ’ਤੇ ਉਨ੍ਹਾ ਦੀ ਚੁੱਪੀ ਨੂੰ ਦੇਖਦਿਆਂ ਉਨ੍ਹਾ ਨੂੰ ‘ਮੌਨ ਮੋਦੀ’ ਕਹਿਣਾ ਗਲਤ ਹੋਵੇਗਾ? ਇੱਥੇ ਇਹ ਵੀ ਸੁਆਲ ਉੱਠਦਾ ਹੈ ਕਿ ਜਦ ਮੋਦੀ ਭਾਰਤੀ ਅਰਥਵਿਵਸਥਾ ਨੂੰ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਦੱਸ ਰਹੇ ਹਨ ਤਾਂ ਰੁਪੱਈਆ ਕਿਉ ਕਮਜ਼ੋਰ ਹੋ ਰਿਹਾ ਹੈ। ਕਿਤੇ ਇਹ ਤਾਂ ਨਹੀਂ ਕਿ ਵਿਗਿਆਪਨਾਂ ਵਿੱਚ ਨਜ਼ਰ ਆਉਣ ਵਾਲੇ ਸੂਟ-ਬੂਟ ਦੇ ਅੰਦਰ ਫਟੀ ਬੁਨੈਣ ਹੈ। ਹੈਰਾਨੀ ਦੀ ਗੱਲ ਹੈ ਕਿ 10 ਸਾਲ ਪਹਿਲਾਂ ਜਿਹੜਾ ਮੀਡੀਆ ਰੁਪੱਈਏ ਦੀ ਕਦਰ-ਘਟਾਈ ’ਤੇ ਰੌਲਾ ਪਾਉਦਾ ਸੀ, ਉਹ ਹੁਣ ਇਸ ਨੂੰ ਸ਼ੁੱਭ ਸ਼ਗਨ ਦੱਸ ਰਿਹਾ ਹੈ। ਨੀਤੀ ਆਯੋਗ ਦੇ ਸਾਬਕਾ ਵਾਈਸ ਚੇਅਰਮੈਨ ਰਾਜੀਵ ਕੁਮਾਰ ਨੇ ਮੋਦੀ ਸਰਕਾਰ ਦੀ ਪਿੱਠ ’ਤੇ ਆਉਦਿਆਂ ਕਿਹਾ ਹੈ ਕਿ ਇਸ ਨਾਲ ਬਰਾਮਦਾਂ ਵਧ ਰਹੀਆਂ ਹਨ, ਕਿਉਕਿ ਬਾਹਰਲੇ ਮੁਲਕਾਂ ਨੂੰ ਭਾਰਤੀ ਮਾਲ ਮੁਕਾਬਲਤਨ ਸਸਤਾ ਮਿਲ ਰਿਹਾ। ਇਸ ਨਾਲ ਭਾਰਤ ਵਿੱਚ ਵਿਦੇਸ਼ੀ ਮੁਦਰਾ ਵੱਧ ਆ ਰਹੀ ਹੈ, ਜਿਸ ਨਾਲ ਰੁਜ਼ਗਾਰ ਦੇ ਮੌਕੇ ਬਣ ਰਹੇ ਹਨ। ਯਾਨੀ ਪੂਰੀ ਕਸੌਟੀ ਹੀ ਬਦਲ ਗਈ ਹੈ।

Share this content:

Post Comment