ਮੋਗਾ ਵਿਖੇ 19 ਤੋਂ 21 ਮਾਰਚ ਤੱਕ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
*ਵਧੀਕ ਡਿਪਟੀ ਕਮਿਸ਼ਨਰ ਨੇ ਕੀਤੀ ਵਿਭਾਗਾਂ ਨਾਲ ਅਗਾਉਂ ਤਿਆਰੀਆਂ ਸਬੰਧੀ ਮੀਟਿੰਗ
ਮੋਗਾ, 5 ਮਾਰਚ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਮਹਿਲਾ ਸਸ਼ਕਤੀਕਰਨ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ‘ਰੈਂਪ’ (ਆਰਏਐੱਮਪੀ) ਸਕੀਮ ਅਧੀਨ 19 ਤੋਂ 21 ਮਾਰਚ 2026 ਤੱਕ ਜ਼ਿਲ੍ਹਾ ਪੱਧਰੀ ‘ਪੰਜਾਬ ਸਖੀ ਸ਼ਕਤੀ ਮੇਲਾ’ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਸਰਕਾਰੀ ਆਈ.ਟੀ.ਆਈ. ਮੋਗਾ ਵਿਖੇ ਲਗਾਇਆ ਜਾਵੇਗਾ। ਇਸ ਮੇਲੇ ਦਾ ਸਮਾਂ ਸਵੇਰੇ 10 ਵਜੇ ਤੋਂ ਰਾਤ 8 ਵਜੇ ਤੱਕ ਦਾ ਹੋਵੇਗਾ। ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰ. ਜਸਪਿੰਦਰ ਸਿੰਘ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੇਲੇ ਦੀਆਂ ਅਗਾਉਂ ਤਿਆਰੀਆਂ ਸਬੰਧੀ ਮੀਟਿੰਗ ਕਰਨ ਮੌਕੇ ਕੀਤਾ।ਡਿਪਟੀ ਕਮਿਸ਼ਨਰ ਸ਼੍ਰੀ ਸਾਗਰ ਸੇਤੀਆ ਦੀ ਅਗਵਾਈ ਹੇਠ ਹੋ ਰਹੇ ਇਸ ਮੇਲੇ ਬਾਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰ. ਜਸਪਿੰਦਰ ਸਿੰਘ ਨੇ ਦੱਸਿਆ ਕਿ ਮੇਲੇ ਵਿਚ ਮਹਿਲਾਵਾਂ ਦੁਆਰਾ ਤਿਆਰ ਕੀਤੇ ਉਤਪਾਦਾਂ ਦੀ ਪ੍ਰਦਰਸ਼ਨੀ ਲਈ ਵਿਸ਼ੇਸ਼ ਸਟਾਲ ਲਗਾਏ ਜਾਣਗੇ, ਜਿਨ੍ਹਾਂ ਰਾਹੀਂ ਉਨ੍ਹਾਂ ਨੂੰ ਆਪਣੀ ਕਾਬਲਿਯਤ ਦਰਸਾਉਣ ਦਾ ਸੁਨੇਹਰਾ ਮੌਕਾ ਮਿਲੇਗਾ। ਉਨ੍ਹਾਂ ਦੱਸਿਆ ਕਿ ਇਸ ਮੇਲੇ ਦਾ ਮੁੱਖ ਉਦੇਸ਼ ਮਹਿਲਾ ਉੱਦਮੀਆਂ, ਸਵੈ ਸਹਾਇਤਾ ਸਮੂਹਾਂ ਅਤੇ ਸੂਖਮ ਉਦਯੋਗਾਂ ਨੂੰ ਇਕ ਮਜ਼ਬੂਤ ਵਪਾਰਕ ਮੰਚ ਪ੍ਰਦਾਨ ਕਰਨਾ ਹੈ।
ਇਸ ਮੇਲੇ ਵਿਚ ਵਪਾਰਕ ਗਤੀਵਿਧੀਆਂ ਦੇ ਨਾਲ-ਨਾਲ ਲੋਕਾਂ ਦੇ ਮਨੋਰੰਜਨ ਲਈ ਵਿਸ਼ੇਸ਼ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਏ ਜਾਣਗੇ। ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਹਨਾਂ ਮਹਿਲਾਉਦਮੀਆਂ ਨੇ ਸਰਕਾਰ ਪਾਸੋ ਵਿੱਤੀ ਪ੍ਰੋਤਸਾਹਨ ਲੈ ਕੇ ਆਪਣੇ ਉਦਯੋਗ ਸਥਾਪਿਤ ਕੀਤੇ ਹਨ ਜਾਂ ਆਪਣੇ ਸਵੈ-ਰੋਜਗਾਰ ਚਲਾਏ ਹਨ, ਉਹਨਾ ਨੂੰ ਆਪਣੇ ਉੱਤਪਾਦਾਂ ਦੀ ਸੇਲ ਕਰਨ ਲਈ ਮੁਫਤ ਸਟਾਲਾਂ ਦਿੱਤੀਆਂ ਜਾਣਗੀਆਂ, ਜਿਸ ਸਬੰਧੀ ਉਹ ਆਪਣਾ ਵੇਰਵਾ ਨਿਰਧਾਰਿਤ ਪ੍ਰਫਾਰਮਾ ਵਿੱਚ ਭਰ ਕੇ ਜਨਰਲ ਮੈਨੇਜਰ, ਜਿਲ੍ਹਾ ਉਦਯੋਗ ਕੇਂਦਰ, ਮੋਗਾ ਵਿਖੇ ਦੇ ਸਕਦੇ ਹਨ, ਜਾਂ ਜਿਲ੍ਹਾ ਰੋਜਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ, ਮੋਗਾ ਨਾਲ ਸਪੰਰਕ ਕਰ ਸਕਦੇ ਹਨ। ਇਸ ਸਬੰਧੀ ਨੋਡਲ ਅਫਸਰ ਨਿਰਮਲ ਸਿੰਘ ਫੋਨ ਨੰਬਰ 94640-95699, ਬਲਰਾਜ ਸਿੰਘ ਸਿੰਘ ਨਾਲ ਫੋਨ 98140-00868 ਉੱਪਰ ਸਪੰਰਕ ਕੀਤਾ ਜਾ ਸਕਦਾ ਹੈ।
ਇਸ ਮੇਲੇ ਵਿੱਚ ਡੀ.ਸੀ. ਹੈਡੀਕਰਾਫਟ ਹੁਸਿਆਰਪੁਰ ਵਲੋਂ ਵੀ 5 ਸਟਾਲਾਂ ਲਗਾਈਆਂ ਜਾਣੀਆਂ ਹਨ ਅਤੇ ਵੋਮੈਨ ਸੈਲਫ ਹੈਲਪ ਗਰੁੱਪਾਂ ਵਲੋਂ ਲਾਈਵ ਫੂਡ ਸਟਾਲਜ ( ਮੱਕੀ ਦੀ ਰੋਟੀ, ਸਰੋਂ ਦਾ ਸਾਗ ਆਦਿ) ਲਗਾਈਆਂ ਜਾਣਗੀਆਂ। ਇਸ ਮੇਲੇ ਦੌਰਾਨ ਚਾਹਵਾਨ ਲੋਕ ਆਪਣੇ ਹੱਥੀ ਭਾਂਡੇ ਬਣਾਉਣ ਦਾ ਅਨੁਭਵ ਪ੍ਰਾਪਤ ਕਰ ਸਕਦੇ ਹਨ। ਇਸ ਮੇਲੇ ਦੌਰਾਨ ਵੱਖ – ਵੱਖ ਸਰਕਾਰੀ ਵਿਭਾਗਾਂ ਵਲੋਂ ਲੋਕ ਭਲਾਈ ਸਕੀਮਾਂ ਬਾਰੇ ਜਾਣੂ ਕਰਵਾਇਆ ਜਾਵੇ। ਮੇਲੇ ਵਿੱਚ ਜਿਹੜੀਆਂ ਮਹਿਲਾਵਾਂ ਵਲੋਂ ਵਧੀਆਂ ਕਾਰਜਗਾਰੀ /ਸਟਾਲ ਲਾਈ ਜਾਵੇ ਉਹਨਾਂ ਨੂੰ ਨਗਦ ਇਨਾਮ ਵੀ ਦਿੱਤੇ ਜਾਣਗੇ। ਉਹਨਾਂ ਜਿਲ੍ਹੇ ਦੇ ਸਾਰੇ ਸਰਪੰਚਾਂ, ਮਿਉਂਸੀਪਲ ਕੌਸਲਾਂ, ਉਦਯੋਗਿਕ ਐਸੋਸੀਏਸ਼ਨਾਂ ਅਤੇ ਆਮ ਜਨਤਾ ਨੂੰ ਇਸ ਮੇਲੇ ਵਿੱਚ ਸਾਮਲ ਹੋ ਕੇ ਮਹਿਲਾ ਸਸ਼ਕਤੀਕਰਨ ਵਿੱਚ ਯੋਗਦਾਨ ਪਾਉਣ ਦਾ ਸੱਦਾ ਦਿੱਤਾ। ਉਨ੍ਹਾਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸੌਂਪੀਆਂ ਗਈਆਂ ਜ਼ਿੰਮੇਵਾਰੀਆਂ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਅਤੇ ਆਪਸੀ ਤਾਲਮੇਲ ਨਾਲ ਇਸ ਮੇਲੇ ਨੂੰ ਸਫਲ ਬਣਾਉਣ ਵਿੱਚ ਯੋਗਦਾਨ ਪਾਉਣ।
Share this content:


Post Comment