ਮੋਗਾ ਦੇ ਮੇਨ ਚੌਕ ਵਿਚ ਦਸ ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ਤੇ ਵਿਸ਼ਾਲ ਧਰਨਾ
*ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਕੀਤਾ ਸੰਬੋਧਨ ਤੇ ਨਾਹਰਬਾਜੀ
*ਵੱਖ ਵੱਖ ਯੂਨੀਅਨਾਂ ਦੇ ਆਗੂ ਤੇ ਵਰਕਰ ਆਪੋ ਆਪਣੇ ਝੰਡੇ ਲੈ ਕੇ ਧਰਨੇ ਵਿੱਚ ਹੋਏ ਸਾਮਿਲ
ਮੋਗਾ, 13 ਫਰਵਰੀ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਅੱਜ ਦਸ ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ਦੇ ਸੰਬੰਧ ਵਿੱਚ ਮੋਗਾ ਦੇ ਮੇਨ ਚੌਂਕ ਵਿੱਚ ਵਿਸ਼ਾਲ ਧਰਨਾ ਦਿੱਤਾ ਗਿਆ।ਜਿਸ ਵਿਚ ਵੱਖ-ਵੱਖ ਜਥੇਬੰਦੀਆਂ ਦੇ ਆਗੂ ਤੇ ਵਰਕਰ ਵੱਡੀ ਗਿਣਤੀ ਵਿਚ ਆਪੋ ਆਪਣੇ ਝੰਡੇ ਲੈ ਕੇ ਧਰਨੇ ਵਿੱਚ ਸਾਮਿਲ ਹੋਏ। ਸਟੇਜ ਦੀ ਕਾਰਵਾਈ ਏਟਕ ਦੇ ਆਗੂ ਜਗਦੀਸ਼ ਸਿੰਘ ਚਾਹਲ ਅਤੇ ਸਰਬਜੀਤ ਸਿੰਘ ਦੌਧਰ ਨੇ ਨਿਭਾਈ। ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਵੱਲੋਂ ਭੁਪਿੰਦਰ ਸਿੰਘ ਦੌਲਤਪੁਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਸਭ ਕੁਝ ਪ੍ਰਾਈਵੇਟ ਹੱਥਾਂ ਵਿੱਚ ਦੇ ਰਹੀ ਹੈ। ਉਸੇ ਕੜੀ ਵਿੱਚ ਬਿਜਲੀ ਦਾ ਵੀ ਪੂਰਨ ਤੌਰ ਤੇ ਨਿੱਜੀਕਰਨ ਕੀਤਾ ਜਾ ਰਿਹਾ ਹੈ। ਇਸ ਨਾਲ ਆਮ ਲੋਕਾਂ ਲਈ ਬਲੱਬ ਜਗਾਉਣਾ ਵੀ ਮੁਸ਼ਕਿਲ ਹੋ ਜਾਵੇਗਾ। ਬੇਰੁਜ਼ਗਾਰੀ ਲਗਾਤਾਰ ਵੱਧ ਰਹੀ ਹੈ। ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਦਿੱਤਾ ਜਾ ਰਿਹਾ ਜਿਸ ਨਾਲ ਲੋਕਾਂ ਦਾ ਜੀਵਨ ਗੁਜ਼ਾਰਾ ਕਰਨਾ ਦੁੱਭਰ ਹੋ ਜਾਵੇਗਾ। ਕੁੱਲ ਹਿੰਦ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਨੇ ਕਿਹਾ ਕਿ ਕੇਂਦਰ ਸਰਕਾਰ ਜਿਸ ਨੂੰ ਇਸ ਵੇਲੇ ਮੋਦੀ ਚਲਾ ਰਿਹਾ ਹੈ, ਮੋਦੀ ਨੇ ਦੇਸ਼ ਨੂੰ ਅਮਰੀਕਾ ਕੋਲ ਗਹਿਣੇ ਰੱਖ ਦਿੱਤਾ ਹੈ।

ਮੋਦੀ ਉਸੇ ਤਰ੍ਹਾਂ ਹੀ ਕਰ ਰਿਹਾ ਹੈ ਜਿਸ ਤਰ੍ਹਾਂ ਟਰੰਪ ਕਹਿ ਰਿਹਾ ਹੈ ਇਹ ਲੋਕ ਭੁਲੇਖਾ ਤਾਂ ਇਹ ਪਾ ਰਹੇ ਹਨ ਕਿ ਅਮਰੀਕਾ ਤੋਂ ਸਸਤੀਆਂ ਚੀਜ਼ਾਂ ਆਉਣਗੀਆਂ ਪਰ ਇਸ ਨਾਲ ਸਥਾਨਕ ਕਿਸਾਨਾਂ ਮਜ਼ਦੂਰਾਂ ਦਾ ਰੁਜ਼ਗਾਰ ਖਤਰੇ ਵਿੱਚ ਪੈ ਜਾਵੇਗਾ। ਜਦੋਂ ਇੱਥੋਂ ਦਾ ਅਰਥਚਾਰਾ ਤਬਾਹ ਹੋ ਗਿਆ ਤਾਂ ਫਿਰ ਅਮਰੀਕਾ ਆਪਣੀ ਮਨ ਮਰਜ਼ੀ ਨਾਲ ਸ਼ਰਤਾਂ ਠੋਸ ਦੇਵੇਗਾ।ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਮੰਗਾਂ ਸਿੰਘ ਵੈਰੋਕੇ ਨੇ ਬੋਲਦਿਆਂ ਕਿਹਾ ਕਿ ਕੇਂਦਰ ਸਰਕਾਰ ਦੀ ਨਿੱਜੀਕਰਨ ਦੀ ਨੀਤੀ ਨਾਲ ਮਜ਼ਦੂਰਾਂ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਰਿਹਾ ਹੈ। ਸਰਕਾਰ ਘੱਟੋ ਘੱਟ ਉਜਰਤਾਂ ਦਾ ਕਾਨੂੰਨ ਵੀ ਲਾਗੂ ਨਹੀਂ ਕਰ ਰਹੀ ਜਿਸ ਕਰਕੇ ਪ੍ਰਾਈਵੇਟ ਅਦਾਰੇ ਵਰਕਰਾਂ ਨੂੰ ਘੱਟੋ ਘੱਟ ਉਜਰਤ ਵੀ ਨਹੀਂ ਦੇ ਰਹੇ, ਇਥੋਂ ਤੱਕ ਕਿ ਸਰਕਾਰੀ ਅਦਾਰਿਆਂ ਵਿੱਚ ਵੀ ਘੱਟੋ ਘੱਟ ਉਜਰਤ ਦਾ ਕਾਨੂੰਨ ਲਾਗੂ ਨਹੀਂ ਕੀਤਾ ਜਾ ਰਿਹਾ। ਕੁਲ ਹਿੰਦ ਕਿਸਾਨ ਸਭਾ ਵੱਲੋਂ ਕਾਮਰੇਡ ਸੂਰਤ ਸਿੰਘ ਨੇ ਕਿਸਾਨਾਂ ਦਾ ਪੱਖ ਰੱਖਿਆ ਅਤੇ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਦੀ ਭਰਪੂਰ ਨਿੰਦਾ ਕੀਤੀ। ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਸੁਰਿੰਦਰ ਰਾਮ ਕੁੱਸਾ ਨੇ ਸੰਬੋਧਨ ਕੀਤਾ।
ਪਾਵਰ ਕਾਮ ਐਂਡ ਠੇਕਾ ਯੂਨੀਅਨ ਵੱਲੋਂ ਹਰਪ੍ਰੀਤ ਸਿੰਘ, ਟੈਕਨੀਕਲ ਸਰਵਿਸਿਜ਼ ਯੂਨੀਅਨ ਵੱਲੋਂ ਕੁਲਵੰਤ ਸਿੰਘ ਧੱਲੇਕੇ, ਪੰਜਾਬ ਰਾਜ ਬਿਜਲੀ ਬੋਰਡ ਇੰਪਲਾਈਜ ਫੈਡਰੇਸ਼ਨ ਏਟਕ ਦੇ ਡਿਪਟੀ ਜਨਰਲ ਸਕੱਤਰ ਦਰਸ਼ਨ ਲਾਲ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ ਅਤੇ ਬਿਜਲੀ ਬੋਰਡ ਦੇ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਬਾਰੇ ਕਿਹਾ ਕਿ ਬਿਜਲੀ ਬੋਰਡ ਦੇ ਨਿੱਜੀਕਰਨ ਨਾਲ ਜਿੱਥੇ ਮੁਲਾਜ਼ਮਾਂ ਦਾ ਭਵਿੱਖ ਖਤਰੇ ਵਿੱਚ ਹੈ ਉੱਥੇ ਲੋਕਾਂ ਦੇ ਬੱਚਿਆਂ ਲਈ ਨਵੀਆਂ ਨੌਕਰੀਆਂ ਲਈ ਵੀ ਵੱਡਾ ਖਤਰਾ ਹੈ। ਪਾਵਰ ਕਾਮ ਐਂਡ ਟਰਾਂਸਕੋ ਪੈਨਸ਼ਨਰਜ਼ ਯੂਨੀਅਨ ਵੱਲੋਂ ਗੁਰਮੇਲ ਸਿੰਘ ਨਾਹਰ ਨੇ ਸੰਬੋਧਨ ਕੀਤਾ। ਨਰੇਗਾ ਰੁਜ਼ਗਾਰ ਪ੍ਰਾਪਤੀ ਮਜ਼ਦੂਰ ਯੂਨੀਅਨ ਵੱਲੋਂ ਜਗਸੀਰ ਸਿੰਘ ਖੋਸਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਹਿਲਾਂ ਰਾਜ ਸਰਕਾਰਾਂ ਨੇ ਇਹ ਸਕੀਮ ਅਧੀਨ ਕੁੱਲ ਖਰਚੇ ਦਾ 10 ਫੀਸਦੀ ਹੀ ਪਾਉਣਾ ਸੀ, ਸਰਕਾਰਾਂ ਇਹ ਹਿੱਸਾ ਵੀ ਨਹੀਂ ਪਾ ਸਕੀਆਂ। ਜਿਸ ਨਾਲ ਮਜ਼ਦੂਰਾਂ ਨੂੰ ਸਾਲ ਵਿੱਚ 100 ਦਿਨਾਂ ਦੇ ਅੱਧੇ ਤੋਂ ਵੀ ਘੱਟ ਦਿਨ ਕੰਮ ਮਿਲਿਆ ਪਰ ਹੁਣ ਜੋ ਕੇਂਦਰ ਸਰਕਾਰ ਨਵਾਂ ਵੀਬੀ ਜੀ ਰਾਮ ਜੀ ਕਾਨੂੰਨ ਲੈ ਕੇ ਆਈ ਹੈ ਉਸ ਅਨੁਸਾਰ ਤਾਂ 40 ਫੀਸਦੀ ਹਿੱਸਾ ਰਾਜ ਸਰਕਾਰਾਂ ਨੂੰ ਪਾਉਣਾ ਪੈਣਾ ਹੈ।

ਸਪਸ਼ਟ ਹੈ ਕਿ ਮਜ਼ਦੂਰਾਂ ਨੂੰ ਕੰਮ ਨਹੀਂ ਦਿੱਤਾ ਜਾਵੇਗਾ। ਭਾਵੇਂ ਇਹ ਸਰਕਾਰ 125 ਦਿਨ ਕੰਮ ਦੇਣ ਦਾ ਭੁਲੇਖਾ ਪਾ ਰਹੀ ਹੈ ਪਰ ਅਸਲ ਵਿੱਚ ਮਜ਼ਦੂਰਾਂ ਨੂੰ ਕੰਮ ਦੇਣ ਤੋਂ ਭੱਜ ਰਹੀ ਹੈ। ਇਸ ਕਾਨੂੰਨ ਅਧੀਨ ਕੰਮ ਦੀ ਸ਼ਨਾਖਤ ਵੀ ਕੇਂਦਰ ਸਰਕਾਰ ਵੱਲੋਂ ਕੀਤੀ ਜਾਵੇਗੀ ਜਿਸ ਨਾਲ ਪਿੰਡਾਂ ਦੇ ਪੰਚਾਂ ਸਰਪੰਚਾਂ ਨੂੰ ਇਸ ਤੋਂ ਬਾਹਰ ਕਰ ਦਿੱਤਾ ਗਿਆ ਹੈ। ਇੰਟਕ ਵੱਲੋਂ ਪ੍ਰੀਤਮ ਸਿੰਘ, ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ 1406/ 22ਬੀ ਵੱਲੋਂ ਰਜਿੰਦਰ ਸਿੰਘ ਰਿਆੜ, ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਵੱਲੋਂ ਡਾਕਟਰ ਜਸਬੀਰ ਸਿੰਘ ਸਹਿਗਲ ਨੇ ਸੰਬੋਧਨ ਕੀਤਾ। ਇਸ ਤੋਂ ਬਿਨਾਂ ਪੰਜਾਬ ਬੈਂਕ ਇੰਪਲਾਈਜ ਫੈਡਰੇਸ਼ਨ ਮੋਗਾ,ਕਾਰ ਜੀਪ ਬਜ਼ਾਰ ਐਸੋਸੀਏਸ਼ਨ ਵੀ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਧਰਨੇ ਵਿੱਚ ਸ਼ਾਮਿਲ ਹੋਏ। ਅੰਤ ਵਿੱਚ ਬਲੌਰ ਸਿੰਘ ਘਾਲੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਜਿੱਥੇ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਦੀ ਨਿਖੇਧੀ ਕੀਤੀ, ਉੱਥੇ ਧਰਨੇ ਵਿੱਚ ਸ਼ਾਮਿਲ ਹੋਏ ਆਗੂਆਂ ਤੇ ਵਰਕਰਾਂ ਦਾ ਤਹਿ ਦਿਲ ਤੋ ਧੰਨਵਾਦ ਕੀਤਾ। ਧਰਨੇ ਵਿੱਚ ਸੁਖਵਿੰਦਰ ਸਿੰਘ ਬਾਘਾ ਪੁਰਾਣਾ, ਪ੍ਰੇਮ ਕੁਮਾਰ, ਬੂਟਾ ਸਿੰਘ ਭੱਟੀ,ਬਲਕਰਨ ਸਿੰਘ, ਭੁਪਿੰਦਰ ਸਿੰਘ ਸੇਖੋਂ ਆਦਿ ਵੀ ਸ਼ਾਮਿਲ ਹੋਏ।
Share this content:



Post Comment