ਮੇਰੀਆਂ ਲਿਖਤਾਂ ਮੇਰੇ ਬੋਲ/ਦਲਜੀਤ ਸਿੰਘ ਕਾਹਲੋਂ
“ਮਾਂ-ਬੋਲੀ ਸਦ ਜੀਵੇ” (ਮੈਂ ਤੇਰੀ ਮਾਂ ਦੀ ਬੋਲੀ ਹਾਂ। ਮੈਨੂੰ ਕਿਉਂ ਤੂੰ ਭੁੱਲਦਾ ਜਾਵੇਂ ) ਸੱਤ ਸਮੁੰਦਰੋਂ ਪਾਰ ਮਾਂ-ਬੋਲੀ ਪੰਜਾਬੀ ਨੂੰ ਬਦੇਸ਼ਾਂ ਵਿੱਚ ਕਿਵੇਂ ਜੀਵਤ ਰੱਖੀਏ ? ਇੱਕ ਬਹੁਤ ਹੀ ਸੰਜੀਦਾ ਵਿਸ਼ਾ ਹੈ । ਕਾਫ਼ੀ ਚਿੰਤਿਤ ਇਸ ਵਿੱਚ ਸਰਗਰਮੀ ਨਾਲ ਆਪੋ ਆਪਣਾ ਯੋਗਦਾਨ ਪਾ ਰਹੇ ਹਨ। ਕੋਈ ਛੱਕ ਨਹੀਂ ਪੰਜਾਬੀ ਨੂੰ ਜੀਵਤ ਰੱਖਣ ਲਈ ਅਮਰੀਕਾ ਵਿੱਚ ਇਸਦਾ ਸੇਹਰਾ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਸਿਰ ਬੱਝਦਾ ਹੈ। ਜੋ ਕਿ ਬੜੇ ਸੁਚਾਰੂ ਢੰਗ ਨਾਲ ਗੁਰਦੁਆਰਿਆਂ ਵਿੱਚ ਪੰਜਾਬੀ ਸਕੂਲ ਸਥਾਪਤ ਕਰਕੇ ,ਹਰ ਐਤਵਾਰ ਵੱਖੋ ਵੱਖਰੇ ਲੈਵਲਾਂ ਦੀ ਪੜ੍ਹਾਈ ਬੱਚਿਆਂ ਲਈ ਮੁਫ਼ਤ ਉਪਲਬੱਧ ਕਰਵਾ ਰਹੇ ਹਨ।। ਬੱਚਿਆਂ ਦੇ ਮਾਪਿਆਂ ਨੂੰ ਸਨਿਮਰ ਬੇਨਤੀ ਹੈ ਕਿ ਉਹ ਖੁੱਦ ਦਿਲਚਸਪੀ ਲੈਂਦੇ ਹੋਏ ਇਸ ਕਾਰਜ ਵਿੱਚ ਆਪਣਾ ਮਹੱਤਵਪੂਰਨ ਰੋਲ ਅਦਾ ਕਰਨ। ਕਿਉਂਕਿ ਹਰ ਬੱਚੇ ਦੀ ਸਿੱਖਿਆ (ਸਕੂਲਿੰਗ) ਘਰ ਤੋਂ ਹੀ ਸ਼ੁਰੂ ਹੁੰਦੀ ਹੈ। ਅਸਲ ਵਿੱਚ ਤਾਂ ਮਾਂ ਬੋਲੀ ਪੰਜਾਬੀ ਦੀ ਸ਼ੁਰੂਆਤ ਮਾਂ ਤੋਂ ਹੀ ਹੁੰਦੀ ਹੈ।
ਅਗਰ ਘਰ ਘਰ ਵਿੱਚ ਸਮੂਹ ਪਰਿਵਾਰਕ ਮੈਂਬਰਾਂ ਵਲੋਂ ਹਮੇਸ਼ਾ ਪੰਜਾਬੀ ਵਿੱਚ ਹੀ ਇੱਕ ਦੂਜੇ ਨਾਲ ਵਾਰਤਾਲਾਪ ਕੀਤੀ ਜਾਵੇ ,ਤਾਂ ਪੰਜਾਬੀ ਨੂੰ ਜੀਵਤ ਰੱਖਣ ਵੱਲ ਪਹਿਲਾ ਕਦਮ ਸਰ ਮੰਨਿਆ ਜਾਏਗਾ। ਇਸ ਪ੍ਰਤੀਤ ਨੂੰ ਲਗਾਤਾਰ ਜਾਰੀ ਰੱਖਿਆ ਜਾਵੇ ਅਤੇ ਹਰ ਕੋਈ ਆਪਣੇ ਬੱਚਿਆਂ ਨੂੰ ਪਿਆਰ ਨਾਲ ਇਹੀ ਦੱਸਣ ਦੀ ਕੋਸ਼ਿਸ਼ ਕਰੇ ਕਿ ਜੋ ਪੰਜਾਬੀ ਨਹੀਂ ਸਮਝ ਸਕਦਾ ਕੇਵਲ ਉਸ ਨਾਲ ਹੀ ਅੰਗਰੇਜ਼ੀ ਵਿੱਚ ਗੱਲ ਕਰਨੀ ਹੈ । ਬਾਕੀ ਸੱਭ ਨਾਲ ਪੰਜਾਬੀ ਵਿੱਚ ਹੀ ਗੱਲਬਾਤ ਕਰਨੀ ਚਾਹੀਦੀ ਹੈ। ਲੱਗਦੀ ਵਾਹ ਨੂੰ ਟੀ ਵੀ ਉੱਪਰ ਵੀ ਪੰਜਾਬੀ ਸ਼ੋਅ, ਪੰਜਾਬੀ ਕੌਮੇਡੀ ਮੂਵੀਆਂ/ਧਾਰਮਿਕ ਮੂਵੀਆਂ ਤੇ ਹੋਰ ਸਭਿਆਚਾਰਕ ਤੇ ਧਾਰਮਿਕ ਪ੍ਰੋਗਰਾਮ ਜਿਆਦਾ ਵੇਖੇ ਜਾਣ ,ਤਾਂ ਕਿ ਪੰਜਾਬੀ ਨਾਲ ਬੱਚੇ ਹਮੇਸ਼ਾ ਜੁੜੇ ਰਹਿਣ। ਹਾਂ ਕਦੇ ਕਦਾਈਂ ਲੋੜ ਮੁਤਾਬਕ ਦੂਜੀ ਭਾਸ਼ਾ ਵਿੱਚ ਪ੍ਰੋਗਰਾਮ ਵੇਖਣ ਦਾ ਕੋਈ ਹਰਜ ਨਹੀਂ। ਦਿਨ ਵਿੱਚ ਇੱਕ ਘੰਟਾ ਬੱਚਿਆਂ ਨੂੰ ਆਪਣੀ ਪਸੰਦ ਦੇ ਪ੍ਰੋਗਰਾਮ ਦੇਖ ਲੈਣ ਦਿੱਤੇ ਜਾਣ।
ਪਹਿਲ ਆਪਣੀ ਭਾਸ਼ਾ ਨੂੰ ਦਿੱਤੀ ਜਾਵੇ; ਉਸ ਉਪਰੰਤ ਕਿਸੇ ਦੂਜੀ ਭਾਸ਼ਾ ਵਿੱਚ ਵੀ ਮੁਹਾਰਤ ਰੱਖਣਾ ਇੱਕ ਪਲੱਸ ਪੁਆਇੰਟ ਹੋਏਗਾ। ਕਈ ਵੇਰ ਗੁਰਦੁਆਰਿਆਂ ਵਿੱਚ ਵੀ ਵੇਖਣ ਨੂੰ ਆਇਆ ਹੈ ਕਿ ਜੋ ਬੱਚੇ ਉੱਥੇ ਪੰਜਾਬੀ ਸਿੱਖਦੇ ਹਨ ਕਮਰੇ ਵਿੱਚੋਂ ਬਾਹਰ ਨਿਕਲਦਿਆਂ ਹੀ ਜਾਂ ਲੰਗਰ ਹਾਲ ਵਿੱਚ ਆਪਸ ਵਿੱਚ ਅੰਗਰੇਜ਼ੀ ਬੋਲਣਾ ਸ਼ੁਰੂ ਕਰ ਦਿੰਦੇ ਹਨ। ਟੀਚਰ ਸਾਹਿਬਾਨ ਸੱਭ ਬੱਚਿਆਂ ਨੂੰ ਉੱਸ ਚਾਰਦੀਵਾਰੀ ਅੰਦਰ ਕੇਵਲ ਤਾਂ ਕੇਵਲ ਪੰਜਾਬੀ ਬੋਲਣ ਲਈ ਹੀ ਹਦਾਇਤਾਂ ਜਾਰੀ ਕਰਨ। ਮਾਪਿਆਂ ਵਲੋਂ ਬੱਚਿਆਂ ਦੇ ਪੜ੍ਹਨ ਲਈ ਪੰਜਾਬੀ ਮੈਗਜ਼ੀਨ , ਲਿਟਰੇਚਰ,ਕਹਾਣੀ ਤੇ ਕਵਿਤਾ ਸੰਗ੍ਰਹਿ , ਕਿਤਾਬਾਂ ਤੇ ਅਖਬਾਰਾਂ ਘਰ ਵਿੱਚ ਹਰ ਵਕਤ ਉਪਲੱਬਦ ਕਰਾਈਆਂ ਜਾਣ ਜੀ। ਘਰ ਵਿੱਚ ਬੱਚਿਆਂ ਨੂੰ ਰੋਜ਼ਾਨਾ ਪਾਠ ਕਰਨ ਦੀ ਆਦਤ ਪਾਈ ਜਾਵੇ, ਤਾਂ ਕਿ ਇਸ ਬਹਾਨੇ ਪੰਜਾਬੀ ਪੜ੍ਹਨ ਦੇ ਆਦੀ ਵੀ ਹੋ ਜਾਣਗੇ। ਬੱਚਿਆਂ ਨੂੰ ਪੰਜਾਬੀ ਅਜਾਇਬ ਘਰਾਂ,ਪੰਜਾਬੀ ਮੇਲਿਆਂ , ਪੰਜਾਬੀ ਸੱਭਿਆਚਾਰਕ ਤੇ ਧਾਰਮਿਕ ਸਮਾਗਮਾਂ ਅਤੇ ਨਗਰ-ਕੀਰਤਨਾਂ ਵਿੱਚ ਲਿਜਾਇਆ ਜਾਏ ਤਾਂ ਕਿ ਉਨਾ ਨੂੰ ਮਾਂ-ਬੋਲੀ ਦੇ ਨਾਲ ਨਾਲ ਪੰਜਾਬੀ ਸੱਭਿਆਚਾਰ ਨਾਲ ਵੀ ਪਿਆਰ ਹੋ ਸਕੇ।
ਜੋ ਬੱਚੇ ਪੰਜਾਬੀ ਵਧੀਆ ਬੋਲਦੇ ,ਲਿਖਦੇ ਤੇ ਪੜ੍ਹਦੇ ਹਨ ਉਨਾਂ ਦਾ ਜ਼ਿਕਰ ਅਕਸਰ ਘਰ ਵਿੱਚ ਕੀਤਾ ਜਾਵੇ। ਅਜਿਹਾ ਕਰਨ ਨਾਲ ਤੁਹਾਡੇ ਬੱਚਿਆਂ ਵਿੱਚ ਵੀ ਉਸ ਲੈਵਲ ਤੱਕ ਪਹੁੰਚ ਕੇ ਵਾਹਵਾ ਖੱਟਣ ਦੀ ਤੁਮੰਨਾ ਪੈਦਾ ਹੋਏਗੀ ਤੇ ਇਹ ਤਰੀਕਾ ਵੀ ਬੜਾ ਕਾਰਗਰ ਸਿੱਧ ਹੋਵੇਗਾ ਜੀ। ਜਾਂਦੇ ਜਾਂਦੇ ਖਾਸ ਤੌਰ ਤੇ ਇੱਕ ਤੇਰਾਂ ਸਾਲ ਦੀ ਬੱਚੀ ਦਾ ਜ਼ਿਕਰ ਕਰਨਾ ਬਣਦਾ ਹੈ, ਜਿਸਨੇ ਆਪਣੇ ਜਨਮ ਬਾਅਦ ਅਮਰੀਕਾ ਵਿੱਚ ਹੀ ਆਪਣੀਆਂ ਅੱਖਾਂ ਖੋਲ੍ਹੀਆਂ ਤੇ ਸੁਰਤ ਸੰਭਾਲੀ। ਇਹ ਬੱਚੀ ਠੇਠ ਪੰਜਾਬੀ ਬੋਲਣ ਦੀ ਮੁਹਾਰਤ ਹੀ ਨਹੀਂ ਰੱਖਦੀ ਸਗੋਂ ਪੰਜਾਬੀ ਪੜ੍ਹਦੀ ਤੇ ਲਿਖਦੀ ਵੀ ਹੈ। ਇਸ ਸੱਭ ਕਾਸੇ ਦਾ ਕਰੈਡਿਟ ਇਸ ਬੱਚੀ ਦੀ ਮਾਂ ਨੂੰ ਜਾਂਦਾ ਹੈ। ਜੋ ਕਿ ਆਪਣੇ ਜਰੂਰੀ ਰੁਝੇਵਿਆਂ ਵਿੱਚੋਂ ਟਾਈਮ ਕੱਢਕੇ ਇਸਨੂੰ ਗੁਰਦੁਆਰੇ ਵੱਖ ਵੱਖ ਕਲਾਸਾਂ ਅਟੈਂਡ ਕਰਨ ਲਈ ਲੈ ਕੇ ਜਾਂਦੀ ਹੈ। ਇਸਤੋਂ ਇਲਾਵਾ ਇਸ ਬੱਚੀ ਨੂੰ ਬਾਰ ਬਾਰ ਗਰਮੀਆਂ ਦੀਆਂ ਛੁੱਟੀਆਂ ਵਿੱਚ ਇੰਡੀਆ ਲਿਜਾਇਆ ਜਾਂਦਾ ਹੈ , ਤਾਂ ਕਿ ਆਪਣੇ ਕਲਚਰ ਤੇ ਬੋਲੀ ਨਾਲ ਜੁੜੀ ਰਹੇ।
ਇਹ ਬੱਚੀ ਭਾਈ ਕੁਲਵੰਤ ਸਿੰਘ ਜੀ ਦੀ ਰਹਿਨੁਮਾਈ ਹੇਠ ਘਰ ਵਿੱਚ ਹਾਰਮੋਨੀਅਮ ਨਾਲ ਕੀਰਤਨ ਸਿੱਖਦੀ ਤੇ ਪ੍ਰੈਕਟਿਸ ਕਰਦੀ ਹੈ ਅਤੇ ਗੁਰੂਘਰ ਕੀਰਤਨ ਕਰਦੀ ਅਕਸਰ ਵੇਖੀ ਜਾ ਸਕਦੀ ਹੈ। ਅਗਰ ਸੱਭ ਪੰਜਾਬੀ ਆਪਣਾ ਫਰਜ਼ ਨਿਭਾਉਂਦਿਆਂ ਪਰਿਵਾਰ ਵਿੱਚ ਬਹਿੰਦੇ ਸਮੇਂ ਆਪਣੇ ਬੱਚਿਆਂ ਨੂੰ ਇਸ ਪਾਸੇ ਲਗਾਉਣ ਤਾਂ “ ਪੰਜਾਬੀ ਮਾਂ -ਬੋਲੀ “ ਨੂੰ ਜੀਵਤ ਰੱਖਣ ਤੇ ਪੀੜ੍ਹੀ ਦਰ ਪੀੜ੍ਹੀ ਅਗਾਂਹ ਤੋਰਨ ਦਾ ਬਹੁਤ ਵਧੀਆ ਤੇ ਸ਼ਲਾਘਾਯੋਗ ਉਪਰਾਲਾ ਹੋਏਗਾ। ਇਹ ਵੀ ਕੋਸ਼ਿਸ਼ ਕਰੋ ਕਿ ਬੱਚੇ ਦੀ ਇੰਡੀਆ ਰਹਿੰਦੇ ਰਿਸ਼ਤੇਦਾਰਾਂ ਨਾਲ ਫੋਨ ਉੱਪਰ ਅਕਸਰ ਗੱਲ ਕਰਵਾਉਂਦੇ ਰਹੋ, ਜਿਸ ਨਾਲ ਠੇਠ ਪੰਜਾਬੀ ਬੋਲਣ ਦਾ ਅਭਿਆਸ ਵੀ ਹੁੰਦਾ ਰਹੇਗਾ ਤੇ ਆਪਣੇ ਕਲਚਰ ਤੇ ਰਿਸ਼ਤਿਆਂ ਨਾਤਿਆਂ ਤੋਂ ਜਾਣੂੰ ਵੀ ਰਹੇਗਾ। ਹੋ ਸਕੇ ਤਾਂ ਬੱਚਿਆਂ ਨੂੰ ਘੱਟੋ-ਘੱਟ ਹਰ ਤੀਜੇ ਸਾਲ ਇੰਡੀਆ ਦਾ ਚੱਕਰ ਜ਼ਰੂਰ ਲਗਵਾਉਣ ਦੀ ਕੋਸ਼ਿਸ਼ ਕਰੋ। ਅਗਰ ਕਿਸੇ ਵੀ ਮਾਪਿਓ ਦਾ ਛੋਟਾ ਬੱਚਾ ਪੰਜਾਬੀ ਮਾਂ-ਬੋਲੀ ਦੇ ਬੋਲਣ,ਲਿਖਣ ਤੇ ਪੜ੍ਹਨ ਦੀ ਵਧੀਆ ਮੁਹਾਰਤ ਰੱਖਦਾ ਹੈ ਅਤੇ ਭਾਈਚਾਰੇ ਵਿੱਚ ਉੱਭਰ ਕੇ ਇੱਕ ਰੋਲ ਮਾਡਲ ਬਣਨ ਦਾ ਉਮੀਦਵਾਰ ਹੈ ਅਤੇ ਉਸਦੇ ਮਾਪਿਓ ਚਹੁੰਦੇ ਹਨ ਕਿ ਬੱਚੇ ਦੀ ਕਹਾਣੀ ਅੱਜ ਦਾ ਪੰਜਾਬ.ਕਾਮ ਵਿੱਚ ਨਸ਼ਰ ਕਰਨਯੋਗ ਹੈ ਤਾਂ ਇਸ ਰਚਨਾ ਦੇ ਲੇਖਕ ਨਾਲ ਸੰਪਰਕ ਕਰ ਸਕਦੇ ਹੋ ਜੀ)।

ਦਲਜੀਤ ਸਿੰਘ ਕਾਹਲੋਂ,
ਸੁਪਰਡੈਂਟ
Share this content:

Post Comment