ਮੇਨਸਟ੍ਰੀਮ’ ਦੇ ਮੁੱਖ ਸੰਪਾਦਕ ਸੁਮਿਤ ਚੱਕਰਵਰਤੀ ਨਹੀਂ ਰਹੇ

ਜਲੰਧਰ, 28 ਜੁਲਾਈ (ਅ.ਬ.)-ਭਾਰਤ ਦੇ ਪ੍ਰਗਤੀਸ਼ੀਲ ਤੇ ਅਗਾਂਹਵਧੂ ਪੱਤਰਕਾਰੀ ਅਤੇ ਰਾਜਨੀਤਕ ਹਲਕਿਆਂ ਵਿਚ ਇਹ ਖ਼ਬਰ ਬੇਹੱਦ ਦੁਖ ਨਾਲ ਪੜ੍ਹੀ ਜਾਏਗੀ ਕਿ ਅੰਗਰੇਜ਼ੀ ਦੇ ਪ੍ਰਸਿੱਧ ਸਪਤਾਹਿਕ ਪੱਤਰ ‘ਮੇਨਸਟ੍ਰੀਮ’ ਦੇ ਮੁੱਖ ਸੰਪਾਦਕ ਸੁਮਿਤ ਚੱਕਰਵਰਤੀ ਦਾ ਬੀਤੇ ਦਿਨੀਂ ਕੋਲਕਾਤਾ ‘ਚ ਦੇਹਾਂਤ ਹੋ ਗਿਆ। ਉਹ ਇਸ ਸਮੇਂ 81 ਸਾਲ ਦੇ ਸਨ। ਉਨ੍ਹਾਂ ਦੇ ਪਿੱਛੇ ਰਹਿ ਗਏ ਪਰਿਵਾਰ ਵਿਚ ਉਨ੍ਹਾਂ ਦੀ ਸੁਪਤਨੀ ਤੇ ਪ੍ਰਸਿੱਧ ਇਤਿਹਾਸਕਾਰ ਡਾ. ਗਾਰਗੀ ਚੱਕਰਵਰਤੀ ਅਤੇ ਉਨ੍ਹਾਂ ਦਾ ਪੁੱਤਰ ਸ਼ਾਮਿਲ ਹਨ।
ਸੁਮਿਤ ਚੱਕਰਵਰਤੀ ਨੇ ‘ਮੇਨਸਟ੍ਰੀਮ’ ਦੇ ਸੰਪਾਦਕ ਦੀ ਜ਼ਿੰਮੇਵਾਰੀ 1980 ਵਿਚ ਆਪਣੇ ਪਿਤਾ ਨਿਖਿਲ ਚੱਕਰਵਰਤੀ ਤੋਂ ਸੰਭਾਲੀ ਸੀ। ਉਨ੍ਹਾਂ ਨੇ ਹਮੇਸ਼ਾ ਆਪਣੇ ਪਿਤਾ ਅਤੇ ‘ਮੇਨਸਟ੍ਰੀਮ’ ਦੇ ਬਾਨੀ ਸੰਪਾਦਕ ਨਿਖਿਲ ਚੱਕਰਵਰਤੀ ਵਲੋਂ ਸਥਾਪਿਤ ਕੀਤੀਆਂ ਗਈਆਂ ਗੌਰਵਸ਼ਾਲੀ ਪਰੰਪਰਾਵਾਂ ਨੂੰ ਕਾਇਮ ਰੱਖਿਆ। 1980 ਤੋਂ ਲੈ ਕੇ ਪਿਛਲੇ ਕੁਝ ਸਾਲਾਂ ਤੱਕ ਨਿਰੰਤਰ ‘ਮੇਨਸਟ੍ਰੀਮ’ ਦੇ ਸੰਪਾਦਕ ਦੇ ਰੂਪ ਵਿਚ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਰਹੇ। ਕੁਝ ਅਰਸਾ ਪਹਿਲਾਂ ਦਿਲ ਦਾ ਦੌਰਾ ਪੈਣ ਉਪਰੰਤ ਉਨ੍ਹਾਂ ਨੇ ਆਪਣੀ ਇਹ ਜ਼ਿੰਮੇਵਾਰੀ ਛੱਡ ਦਿੱਤੀ ਸੀ।
ਸੁਮਿਤ ਦਾ ਜਨਮ 1944 ‘ਚ ਭਾਰਤੀ ਕਮਿਊਨਿਸਟ ਅੰਦੋਲਨ ਦੀਆਂ ਦੋ ਪ੍ਰਮੁਖ ਸ਼ਖ਼ਸੀਅਤਾਂ ਰੇਣੂ ਅਤੇ ਨਿਖਿਲ ਚੱਕਰਵਰਤੀ ਦੇ ਘਰ ਕੋਲਕਾਤਾ ਵਿਚ ਹੋਇਆ ਸੀ। ਉਨ੍ਹਾਂ ਦਾ ਪਾਲਨ ਪੋਸ਼ਣ ਉਸ ਸਮੇਂ ਰਾਜਨੀਤਕ ਮਾਹੌਲ ਵਿਚ ਹੋਇਆ ਸੀ। ਬਚਪਨ ਤੋਂ ਹੀ ਉਨ੍ਹਾਂ ਦੀ ਰੁਚੀ ਕੌਮੀ ਰਾਜਨੀਤੀ ਅਤੇ ਸਾਹਿਤ ਵਿਚ ਰਹੀ ਸੀ। ਉਹ ਰਾਜਨੀਤਕ ਕਾਰਕੁੰਨ ਹੋਣ ਦੇ ਨਾਲ-ਨਾਲ ਬੰਗਾਲੀ ਸ਼ਾਇਰ ਵੀ ਸਨ। ਉਨ੍ਹਾਂ ਨੇ 1960 ਦੇ ਦਹਾਕੇ ਵਿਚ ਯਾਦਵਪੁਰ ਵਿਸ਼ਵ ਵਿਦਿਆਲਿਆ ਤੋਂ ਐਮ.ਐਸ.ਸੀ. ਦੀ ਡਿਗਰੀ ਹਾਸਿਲ ਕੀਤੀ ਸੀ। ਪੱਤਰਕਾਰੀ ਵਿਚ ਵੀ ਉਨ੍ਹਾਂ ਦੀ ਗਹਿਰੀ ਰੁਚੀ ਸੀ। ਉਹ ਦਿੱਲੀ ਸਥਿਤ ਰੋਜ਼ਾਨਾ ਅਖ਼ਬਾਰ ਪੈਟਰੀਆਟ ਨਾਲ ਵੀ ਜੁੜੇ ਰਹੇ ਅਤੇ ਉਨ੍ਹਾਂ ਨੂੰ ਮਾਸਕੋ ਵਿਚ ਅਖ਼ਬਾਰ ਦੇ ਪ੍ਰਤੀਨਿਧ ਵਜੋਂ ਵੀ ਭੇਜਿਆ ਗਿਆ ਸੀ। ਇਸ ਕਾਰਜਕਾਲ ਦੌਰਾਨ ਉਨ੍ਹਾਂ ਨੇ ਤੱਤਕਾਲੀਨ ਸੋਵੀਅਤ ਸੰਘ ਅਤੇ ਯੂਰਪ ਦੇ ਹੋਰ ਦੇਸ਼ਾਂ ਦੇ ਘਟਨਾਕ੍ਰਮ ਨੂੰ ਵਿਆਪਕ ਰੂਪ ਵਿਚ ਕਵਰ ਕੀਤਾ। ਉਨ੍ਹਾਂ ਦੀਆਂ ਟਿੱਪਣੀਆਂ ਵਿਚ ਗਹਿਰੀ ਵਿਸ਼ਲੇਸ਼ਣਾਤਮਿਕ ਸਮਰੱਥਾ ਸੀ। ਉਸ ਸਮੇਂ ਦੇ ਪਾਠਕਾਂ ਨੂੰ ਸੁਮਿਤ ਚੱਕਰਵਰਤੀ ਦੀ ਕਵਰੇਜ਼ ਨੇ ਯੂਰਪ ਅਤੇ ਸੋਵੀਅਤ ਸੰਘ ਦੇ ਘਟਨਾਕ੍ਰਮ ਬਾਰੇ ਗਹਿਰੀ ਜਾਣਕਾਰੀ ਮੁਹੱਈਆ ਕੀਤੀ।
‘ਮੇਨਸਟ੍ਰੀਮ’ ਸਪਤਾਹਿਕ ਪੱਤਰ ਨੇ ਸੁਮਿਤ ਚੱਕਰਵਰਤੀ ਦੀ ਅਗਵਾਈ ਵਿਚ ਭਾਰਤੀ ਸੰਵਿਧਾਨ ਅਤੇ ਉਸ ਦੀਆਂ ਧਰਮ ਨਿਰਪੱਖ ਕਦਰਾਂ ਕੀਮਤਾਂ ਦੀ ਰੱਖਿਆ ਵੀ ਨਿਰੰਤਰ ਸੰਘਰਸ਼ ਕੀਤਾ। ਆਪਣੀਆਂ ਸੰਪਾਦਕੀ ਟਿੱਪਣੀਆਂ ਵਿਚ ਉਨ੍ਹਾਂ ਨੇ ਵਰਤਮਾਨ ਸੰਪਰਦਾਇਕਤਾ ਦੀ ਪਾਕਿਰਤੀ ਅਤੇ ਆਰ.ਐਸ.ਐਸ. ਭਾਜਪਾ ਦੁਆਰਾ ਭਾਰਤੀ ਸੰਵਿਧਾਨ ਦੀਆਂ ਕਦਰਾਂ ਕੀਮਤਾਂ ਨੂੰ ਨੁਕਸਾਨ ਪਹੁੰਚਾਉਣ ਸੰਬੰਧੀ ਤੱਥਾਂ ਨੂੰ ਨਿਰੰਤਰ ਉਜਾਗਰ ਕੀਤਾ। ਵਿਸ਼ੇਸ਼ ਤੌਰ ‘ਤੇ ਉਨ੍ਹਾਂ ਨੇ 2014 ਵਿਚ ਸ੍ਰੀ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਦੀ ਅਗਵਾਈ ਵਾਲੇ ਲੋਕਤੰਤਰਿਕ ਗੱਠਜੋੜ ਦੀ ਸਰਕਾਰ ਦੀਆਂ ਰਾਜਨੀਤਕ ਅਤੇ ਆਰਥਿਕ ਨੀਤੀਆਂ ਦਾ ਆਪਣੇ ਦ੍ਰਿਸ਼ਟੀਕੋਣ ਵਲ ਵਿਸ਼ੇਸ਼ ਧਿਆਨ ਦਿੱਤਾ। ਇਨ੍ਹਾਂ ਸ਼ਬਦਾਂ ਨਾਲ ਮੈਂ ਆਪਣੇ ਦੋਸਤ ਪੱਤਰਕਾਰ ਸੁਮਿਤ ਚੱਕਰਵਰਤੀ ਨੂੰ ਆਪਣੀ ਸ਼ਰਧਾਂਜਲੀ ਭੇਟ ਕਰਦਾ ਹਾਂ।
(ਨੋਟ-ਇਸ ਸੰਬੰਧੀ ਜਾਣਕਾਰੀ ਸੱਤਿਆਕੀ ਚੱਕਰਵਰਤੀ ਦੇ ਲੇਖ ਤੋਂ ਵੀ ਲਈ ਗਈ ਹੈ।)
——ਸਤਨਾਮ ਸਿੰਘ ਮਾਣਕ
(28-7-2025)
Share this content:


Post Comment