Loading Now

ਮੁਹੰਮਦ ਦੀਪਕ

ਮੁਹੰਮਦ ਦੀਪਕ

ਉੱਤਰਾਖੰਡ ਪੁਲਸ ਨੇ ਜ਼ਿਲ੍ਹਾ ਪੌੜੀ ਗੜ੍ਹਵਾਲ ਦੇ ਕਸਬਾ ਕੋਟਦਵਾਰ ਦੇ ਹਿੰਦੂ ਜਿੰਮ ਮਾਲਕ ਵਿਰੁੱਧ ਹੀ ਕੇਸ ਦਰਜ ਕਰ ਲਿਆ ਹੈ, ਜਿਸ ਨੇ ਇੱਕ ਮੁਸਲਿਮ ਦੁਕਾਨਦਾਰ ਨੂੰ ਬਜਰੰਗ ਦਲ ਦੀ ਗੁੰਡਾਗਰਦੀ ਤੋਂ ਬਚਾਇਆ। ਲੰਘੇ ਸਨਿੱਚਰਵਾਰ ਬਜਰੰਗ ਦਲ ਵਾਲਿਆਂ ਨੇ 60 ਸਾਲਾ ਮੁਹੰਮਦ ਸ਼ੋਏਬ ਨੂੰ ਇਹ ਦਾਅਵਾ ਕਰਦਿਆਂ ਆਪਣੇ ਗਾਰਮੈਂਟ ਸਟੋਰ ‘ਬਾਬਾ ਸਕੂਲ ਡਰੈਸਿਜ਼ ਐਂਡ ਮੈਚਿੰਗ ਸੈਂਟਰ’ ਤੋਂ ‘ਬਾਬਾ’ ਸ਼ਬਦ ਹਟਾਉਣ ਲਈ ਦਬਾਅ ਪਾਇਆ ਕਿ ਉਹ ਸਿਰਫ ਸਥਾਨਕ ਸਿੱਧਬਲੀ ਮੰਦਰ ਦੇ ਦੇਵਤਾ ਭਗਵਾਨ ਹਨੂੰਮਾਨ ਨੂੰ ਹੀ ‘ਬਾਬਾ’ ਮੰਨਦੇ ਹਨ। ਦੀਪਕ ਨੇ ਉਨ੍ਹਾਂ ਨੂੰ ਚੈਲੰਜ ਕੀਤਾ ਕਿ ਉਹ ਨਾਂਅ ਬਦਲਵਾਉਣ ਵਾਲੇ ਕੌਣ ਹੁੰਦੇ ਹਨ। ਬਜਰੰਗਦਲੀਆਂ ਨੇ ਉਸ ਨੂੰ ਕਿਹਾ ਕਿ ਉਹ ਰੋਕਣ ਵਾਲਾ ਕੌਣ ਹੁੰਦਾ ਹੈ, ਤਾਂ ਦੀਪਕ ਨੇ ਕਿਹਾ, ‘ਮੇਰਾ ਨਾਂਅ ਮੁਹੰਮਦ ਦੀਪਕ ਹੈ।’ ਦੀਪਕ ਵੱਲੋਂ ਫਿਰਕੂ ਸਦਭਾਵਨਾ ਲਈ ਦਿਖਾਈ ਗਈ ਇਸ ਦਲੇਰੀ ਤੋਂ ਬਾਅਦ ਸੋਸ਼ਲ ਮੀਡੀਆ ਨੇ ਉਸ ਨੂੰ ਰੱਜ ਕੇ ਸਲਾਹਿਆ ਤੇ ਰਾਹੁਲ ਗਾਂਧੀ ਨੇ ਉਸ ਨੂੰ ‘ਭਾਰਤ ਦਾ ਹੀਰੋ’ ਕਰਾਰ ਦਿੱਤਾ।

ਦੀਪਕ ਨੇ ਖੁਦ ਇੱਕ ਵੀਡੀਓ ਅਪਲੋਡ ਕਰਕੇ ਕਿਹਾ, ‘ਨਾ ਮੈਂ ਹਿੰਦੂ ਹਾਂ, ਨਾ ਮੁਸਲਮਾਨ, ਨਾ ਸਿੱਖ ਤੇ ਨਾ ਹੀ ਈਸਾਈ। ਸਭ ਤੋਂ ਪਹਿਲਾਂ ਮੈਂ ਇਨਸਾਨ ਹਾਂ, ਕਿਉਕਿ ਜਦੋਂ ਮੈਂ ਮਰਿਆ ਤਾਂ ਮੈਨੂੰ ਰੱਬ ਤੇ ਇਨਸਾਨੀਅਤ ਨੂੰ ਜਵਾਬ ਦੇਣਾ ਪੈਣਾ, ਨਾ ਕਿ ਕਿਸੇ ਧਰਮ ਨੂੰ।’ ਜਿਸ ਸਮਾਜ ਵਿੱਚ ਬਹਾਦਰੀ ਜਦ ਮਾਤਰ ਇੱਕ ਵਿਅਕਤੀ ਦਾ ਗੁਣ ਬਣ ਕੇ ਰਹਿ ਜਾਵੇ ਅਤੇ ਹਿੰਸਾ ਤੇ ਬੁਜ਼ਦਿਲੀ ਸਮੂਹਕ ਸੁਭਾਅ ਬਣ ਜਾਵੇ, ਉਸ ਸਮਾਜ ਬਾਰੇ ਚਿੰਤਾ ਹੋਣੀ ਚਾਹੀਦੀ ਹੈ। ਘੱਟ-ਗਿਣਤੀ ਮੁਸਲਮਾਨਾਂ ਦੇ ਪਿੱਛੇ ਪਿਆ ਇਹ ਬਜਰੰਗ ਦਲ ਉਹੀ ਹੈ, ਜਿਸ ’ਤੇ ਕਰਨਾਟਕ ਕਾਂਗਰਸ ਨੇ ਪਾਬੰਦੀ ਲਾਉਣ ਦੀ ਮੰਗ ਕੀਤੀ ਸੀ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਸ ਤੋਂ ਬਾਅਦ ਬਜਰੰਗ ਬਲੀ ਦੀ ਜੈ ਦਾ ਨਾਅਰਾ ਲਾਇਆ ਸੀ, ਯਾਨੀ ਕਿ ਇਹ ਸੱਤਾ ਦੀ ਸਰਪ੍ਰਸਤੀ ਵਾਲਾ ਹਿੰਸਕ ਸਮੂਹ ਹੈ, ਜਿਹੜਾ ਕੰਮ ਭਾਜਪਾ ਜਾਂ ਆਰ ਐੱਸ ਐੱਸ ਦੇ ਵਲੰਟੀਅਰ ਕਰਦੇ ਨਹੀਂ ਦਿਸਣਾ ਚਾਹੁੰਦੇ, ਉਹ ਬਜਰੰਗ ਦਲ ਕਰਦਾ ਹੈ। ਬਜਰੰਗ ਦਲ ਦਾ ਦਾਅਵਾ ਹੈ ਕਿ ਉਹ ਹਿੰਦੂ ਧਰਮ ਤੇ ਸਮਾਜ ਵੱਲੋਂ ਕੰਮ ਕਰਦਾ ਹੈ। ਕੰਮ ਕੀ ਹੈ : ਮੁਸਲਮਾਨਾਂ ਨੂੰ ਡਰਾਉਣਾ, ਧਮਕਾਉਣਾ, ਕੁੱਟਣਾ-ਮਾਰਨਾ, ਈਸਾਈਆਂ ’ਤੇ ਹਮਲੇ ਕਰਨਾ। ਉਸ ਦੇ ਅਜਿਹੇ ‘ਪੁੰਨ’ ਦੇ ਸਮਾਜੀ ਕੰਮ ’ਤੇ ਸ਼ਾਇਦ ਹੀ ਕਦੇ ਕੋਈ ਹਿੰਦੂ ਸਵਾਲ ਉਠਾਉਦਾ ਹੈ, ਉਸ ਨੂੰ ਰੋਕਣਾ ਤਾਂ ਦੂਰ ਦੀ ਗੱਲ ਹੈ।

Share this content:

Post Comment