Loading Now

ਮੁਸਤਫ਼ਾ ਖ਼ਿਲਾਫ਼ ਕੇਸ

ਮੁਸਤਫ਼ਾ ਖ਼ਿਲਾਫ਼ ਕੇਸ

ਪੰਚਕੂਲਾ ਪੁਲਿਸ ਨੇ ਪੰਜਾਬ ਦੇ ਸਾਬਕਾ ਡੀਜੀਪੀ (ਮਨੁੱਖੀ ਅਧਿਕਾਰ), ਮੁਹੰਮਦ ਮੁਸਤਫ਼ਾ ਅਤੇ ਉਨ੍ਹਾਂ ਦੀ ਬੀਵੀ ਰਜ਼ੀਆ ਸੁਲਤਾਨਾ, ਸਾਬਕਾ ਮੰਤਰੀ ਪੰਜਾਬ ਖ਼ਿਲਾਫ਼ ਆਪਣੇ ਪੁੱਤਰ ਅਕੀਲ ਅਖ਼ਤਰ (35) ਦੀ 16 ਅਕਤੂਬਰ ਨੂੰ ਸ਼ੱਕੀ ਹਾਲਾਤ ਵਿਚ ਹੋਈ ਮੌਤ ਦੇ ਮਾਮਲੇ ਵਿਚ ਕੇਸ ਦਰਜ ਕਰ ਲਿਆ ਹੈ। ਇਸ ਤੋਂ ਇਲਾਵਾ ਮ੍ਰਿਤਕ ਦੀ ਭੈਣ ਅਤੇ ਉਸ ਦੀ ਬੀਵੀ ਖ਼ਿਲਾਫ਼ ਵੀ ਕੇਸ ਦਰਜ ਹੋਇਆ ਹੈ। ਆਪਣੀ ਮੌਤ ਤੋਂ ਪਹਿਲਾਂ ਅਕੀਲ ਨੇ ਵੀਡੀਓ ਬਣਾ ਕੇ ਆਪਣੇ ਮਾਂ-ਬਾਪ, ਭੈਣ ਅਤੇ ਪਤਨੀ ’ਤੇ ਸੰਗੀਨ ਇਲਜ਼ਾਮ ਲਗਾਏ ਸਨ। ਉਸ ਨੇ ਖ਼ਦਸ਼ਾ ਜ਼ਾਹਰ ਕੀਤਾ ਸੀ ਕਿ ਉਸ ਦੇ ਪਰਿਵਾਰਕ ਮੈਂਬਰ ਉਸ ਨੂੰ ਕਦੇ ਵੀ ਮਰਵਾ ਸਕਦੇ ਹਨ। ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਮੁਸਤਫ਼ਾ ਖ਼ਿਲਾਫ਼ ਲੋਕਾਂ ਨੇ ਖ਼ੂਬ ਭੜਾਸ ਕੱਢੀ ਸੀ। ਸ਼ੁਰੂ ਵਿਚ ਮੌਤ ਦਾ ਕਾਰਨ ਦਵਾਈ ਦੀ ਓਵਰਡੋਜ਼ ਦੱਸਿਆ ਗਿਆ ਸੀ ਪਰ ਜਦੋਂ ਲੋਕਾਂ ਨੇ ਸੋਸ਼ਲ ਮੀਡੀਆ ’ਤੇ ਅਕੀਲ ਵੱਲੋਂ ਕੀਤੇ ਗਏ ਖ਼ੁਲਾਸੇ ਸੁਣੇ ਤਾਂ ਹਰ ਪਾਸੇ ਸਨਸਨੀ ਫੈਲ ਗਈ। ਮ੍ਰਿਤਕ ਨੇ ਵੀਡੀਓ ਵਿਚ ਇਲਜ਼ਾਮ ਲਗਾਇਆ ਸੀ ਕਿ ਉਸ ਦੇ ਪਿਤਾ ਦੇ ਉਸ ਦੀ ਪਤਨੀ ਨਾਲ ਨਾਜਾਇਜ਼ ਸਬੰਧ ਸਨ।s ਮਲੇਰਕੋਟਲਾ ਵਾਸੀ ਸ਼ਮਸ਼ੂਦੀਨ ਨੇ ਖੁੱਲ੍ਹ ਕੇ ਕਿਹਾ ਸੀ ਕਿ ਅਕੀਲ ਦੀ ਮੌਤ ਦਵਾਈ ਦੀ ਓਵਰਡੋਜ਼ ਨਾਲ ਨਹੀਂ ਸਗੋਂ ਉਸ ਦਾ ਸਾਜ਼ਿਸ਼ ਤਹਿਤ ਕਤਲ ਕੀਤਾ ਗਿਆ ਸੀ।

ਉਸ ਨੇ ਮੁਸਤਫ਼ਾ ਨੂੰ ਕੁਰਖ਼ਤ ਇਨਸਾਨ ਗਰਦਾਨਦਿਆਂ ਕਿਹਾ ਕਿ ਉਹ ਆਪਣੀ ਸਿਆਸਤਦਾਨ ਬੀਵੀ ਤੱਕ ਦੀ ਵੀ ਕੁੱਟਮਾਰ ਕਰਿਆ ਕਰਦਾ ਸੀ। ਇਸ ਤੋਂ ਪਹਿਲਾਂ ਪੁਲਿਸ ਨੇ ਅਕੀਲ ਦਾ ਪੋਸਟਮਾਰਟਮ ਕਰਵਾ ਕੇ ਉਸ ਦੀ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਸੀ। ਲੇਕਿਨ ਸ਼ਮਸ਼ੂਦੀਨ ਦੀ ਸ਼ਿਕਾਇਤ ਤੋਂ ਬਾਅਦ ਇਸ ਕਾਂਡ ਨੇ ਨਵਾਂ ਮੋੜ ਲੈ ਲਿਆ ਸੀ। ਸੋਸ਼ਲ ਮੀਡੀਆ ’ਤੇ ਪੰਜਾਬ ਦੇ ਆਮ ਲੋਕਾਂ ਨੇ ਵੀ ਮੁਹੰਮਦ ਮੁਸਤਫ਼ਾ ਖ਼ਿਲਾਫ਼ ਸਖ਼ਤ ਟਿੱਪਣੀਆਂ ਕੀਤੀਆਂ। ਪੰਜਾਬ ਦੇ ਕਾਲੇ ਦੌਰ ਦੌਰਾਨ ਮੁਸਤਫ਼ਾ ਕਈ ਜ਼ਿਲ੍ਹਿਆਂ ਵਿਚ ਐੱਸਪੀ ਅਤੇ ਐੱਸਐੱਸਪੀ ਰਿਹਾ ਸੀ। ਆਪਣੀ ਫੀਲਡ ਡਿਊਟੀ ਦੌਰਾਨ ਉਸ ਨੇ ਕਥਿਤ ਤੌਰ ’ਤੇ ਕਈ ਨਿਰਦੋਸ਼ ਨੌਜਵਾਨਾਂ ਨੂੰ ਝੂਠੇ ਮੁਕਾਬਲਿਆਂ ਵਿਚ ਮਾਰ ਕੇ ਤਰੱਕੀਆਂ ਹਾਸਲ ਕੀਤੀਆਂ ਸਨ। ਵਿਵਾਦਾਂ ਵਿਚ ਅਕਸਰ ਘਿਰੇ ਰਹਿਣ ਵਾਲਾ ਮੁਸਤਫ਼ਾ ਭਾਵੇਂ ਹਿਊਮਨ ਰਾਈਟਸ ਦਾ ਡੀਜੀਪੀ ਰਿਹਾ ਪਰ ਉਸ ਨੇ ਮਨੁੱਖੀ ਅਧਿਕਾਰਾਂ ਦਾ ਰੱਜ ਕੇ ਘਾਣ ਕੀਤਾ ਸੀ। ਸਮੇਂ ਦੇ ਮੁੱਖ ਮੰਤਰੀਆਂ ਅਤੇ ਘਾਗ ਸਿਆਸਤਦਾਨਾਂ ਨਾਲ ਨੇੜਤਾ ਵਧਾ ਕੇ ਉਸ ਨੇ ਆਪਣੇ ਪਰਿਵਾਰ ਲਈ ਅਣਗਿਣਤ ਸਿਆਸੀ ਲਾਹੇ ਲਏ ਸਨ।

ਪੁਲਿਸ ਦੀ ਵਰਦੀ ਵਿਚ ਉਸ ਨੇ ਅਣਗਿਣਤ ਜ਼ਿਆਦਤੀਆਂ ਕੀਤੀਆਂ ਜਿਸ ਕਾਰਨ ਸੋਸ਼ਲ ਮੀਡੀਆ ’ਤੇ ਉਸ ਦੀ ਵੱਡੇ ਪੱਧਰ ’ਤੇ ਫਜ਼ੀਹਤ ਹੋ ਰਹੀ ਹੈ। ਅਣਗਿਣਤ ਘਰਾਂ ਦੇ ਚਿਰਾਗ਼ ਬੁਝਾਉਣ ਵਾਲੇ ਦਾ ਨਾਂ ਜਦੋਂ ਆਪਣੇ ਹੀ ਘਰ ਦਾ ਚਿਰਾਗ਼ ਬੁਝਾਉਣ ਵਾਲਿਆਂ ਵਿਚ ਸ਼ਾਮਲ ਹੋਇਆ ਤਾਂ ਇਹ ਬੱਚੇ-ਬੱਚੇ ਦੀ ਜ਼ੁਬਾਨ ’ਤੇ ਆ ਗਿਆ। ਮੁਸਤਫ਼ਾ ਦੇ ਬਿਆਨ ਆਖੇ ਮਹਿਜ਼ ਐੱਫਆਈਆਰ ਦਰਜ ਹੋਣ ਨਾਲ ਕੋਈ ਦੋਸ਼ੀ ਨਹੀਂ ਬਣ ਜਾਂਦਾ, ਨੇ ਵੀ ਲੋਕਾਂ ਨੂੰ ਹੈਰਾਨ ਕੀਤਾ ਹੈ। ਅਜਿਹੀ ਬਿਆਨਬਾਜ਼ੀ ਬੇਹੱਦ ਨਿੰਦਣਯੋਗ ਹੈ। ਇਹ ਸ਼ਾਇਦ ਪਹਿਲੀ ਵਾਰ ਹੈ ਕਿ ਅਜਿਹੇ ਸੰਗੀਨ ਇਲਜ਼ਾਮਾਂ ਤਹਿਤ ਕਿਸੇ ਸਾਬਕਾ ਡੀਜੀਪੀ ਖ਼ਿਲਾਫ਼ ਮੁਕੱਦਮਾ ਦਰਜ ਹੋਇਆ ਹੋਵੇ। ਕਾਨੂੰਨ ਸਭ ਲਈ ਇਕ ਹੈ। ਅਜਿਹੇ ਕੇਸ ਦੀ ਗੰਭੀਰਤਾ ਨਾਲ ਜਾਂਚ ਹੋਣੀ ਚਾਹੀਦੀ ਹੈ। ਕੁਦਰਤੀ ਹੈ ਕਿ ਇਸ ਕੇਸ ’ਤੇ ਆਮ ਲੋਕਾਂ ਦੀ ਨਜ਼ਰ ਹੋਵੇਗੀ।

Share this content:

Post Comment