ਮਿਡ-ਡੇਅ-ਮੀਲ ਵਰਕਰਾਂ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ
ਬਰਨਾਲਾ, 2 ਜੁਲਾਈ – ਸਥਾਨਕ ਡੀ.ਸੀ. ਦਫ਼ਤਰ ਦੇ ਗੇਟ ਅੱਗੇ ਅੱਜ ਮਿਡ-ਡੇਅ-ਮੀਲ ਵਰਕਰਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਵਰਕਰਾਂ ਨੇ ਐਲਾਨ ਕੀਤਾ ਕਿ ਹੁਣ ਉਹ ਲਾਰਿਆਂ ਵਿੱਚ ਨਹੀਂ ਆਉਣਗੀਆਂ ਅਤੇ ਅੱਜ ਤੋਂ ਹੀ ਅਣਮਿੱਥੇ ਸਮੇਂ ਲਈ ਹੜਤਾਲ ‘ਤੇ ਚਲੀਆਂ ਗਈਆਂ ਹਨ। ਸਾਨੂੰ ਫ਼ਰੀ ਦੀ ‘ਟੂੰ-ਟੂੰ’ ਨਹੀਂ, ਆਪਣੇ ਰੁਜ਼ਗਾਰ ਦਾ ਫ਼ਲ ਚਾਹੀਦਾ ਹੈ। ਉਨ੍ਹਾਂ ਨੇ ਔਰਤਾਂ ਨੂੰ 1000-1500 ਰੁਪਏ ਦੇਣ ਦੇ ਵਾਅਦੇ ‘ਤੇ ਸਵਾਲ ਚੁੱਕਦਿਆਂ ਤਨਖਾਹ ਵਾਧੇ ਅਤੇ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਮਿਡ-ਡੇ-ਮੀਲ ਵਰਕਰਾਂ ਵੱਲੋਂ ਡੀ.ਸੀ. ਦਫ਼ਤਰ ਮੂਹਰੇ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਅਤੇ ਕਿਹਾ ਕਿ ਸਾਨੂੰ 1000-1500 ਦਾ ਲਾਰਾ ਨਹੀਂ, ਮਿਹਨਤਾਨਾ ਚਾਹੀਦਾ ਹੈ।
“ਇੰਨੀ ਮਹਿੰਗਾਈ ਦੇ ਦੌਰ ਵਿੱਚ 3,000 ਰੁਪਏ ਨਾਲ ਘਰ ਦਾ ਗੁਜ਼ਾਰਾ ਕਰਨਾ ਅਸੰਭਵ”
ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕਰ ਰਹੀ ਕਰਮਜੀਤ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਸਕੂਲਾਂ ਵਿੱਚ ਬੱਚਿਆਂ ਲਈ ਪੂਰੀ ਸਫ਼ਾਈ ਨਾਲ ਖਾਣਾ ਬਣਾਉਂਦੀਆਂ ਹਨ, ਪਰ ਬਦਲੇ ਵਿੱਚ ਸਰਕਾਰ ਵੱਲੋਂ ਉਨ੍ਹਾਂ ਨੂੰ ਮਹੀਨੇ ਦਾ ਸਿਰਫ਼ 3,000 ਰੁਪਏ ਮਿਹਨਤਾਨਾ ਦਿੱਤਾ ਜਾ ਰਿਹਾ ਹੈ, ਜੋ ਕਿ ਰੋਜ਼ਾਨਾ ਦਾ ਸਿਰਫ਼ 100 ਰੁਪਏ ਬਣਦਾ ਹੈ। ਇੰਨੀ ਮਹਿੰਗਾਈ ਦੇ ਦੌਰ ਵਿੱਚ 3,000 ਰੁਪਏ ਨਾਲ ਘਰ ਦਾ ਗੁਜ਼ਾਰਾ ਕਰਨਾ ਅਸੰਭਵ ਹੈ, ਜਦੋਂ ਕਿ ਸਾਡੇ ਗੁਆਂਢੀ ਸੂਬੇ ਹਰਿਆਣਾ ਵਿੱਚ ਮਿਡ-ਡੇ-ਮੀਲ ਵਰਕਰਾਂ ਨੂੰ ਬਹੁਤ ਵਧੀਆ ਮਿਹਨਤਾਨਾ ਮਿਲ ਰਿਹਾ ਹੈ।
“ਸੀਐਮ ਮਾਨ ਦੀ ਕੋਠੀ ਅਤੇ ਵਿਧਾਨ ਸਭਾ ਦਾ ਘਿਰਾਓ ਕਰਨ ਤੋਂ ਵੀ ਪਿੱਛੇ ਨਹੀਂ ਹਟਾਂਗੇ”
ਇਸ ਦੇ ਨਾਲ ਹੀ “ਉਨ੍ਹਾਂ ਇਲਜ਼ਾਮ ਲਾਇਆ ਕਿ ਸਕੂਲਾਂ ਵਿੱਚ ਕੰਮ ਦੌਰਾਨ ਕਿਸੇ ਦੁਰਘਟਨਾ ਦੀ ਸੂਰਤ ਵਿੱਚ ਨਾ ਕੋਈ ਸਹੂਲਤ ਜਾਂ ਸਿਹਤ ਬੀਮਾ ਨਹੀਂ ਦਿੱਤਾ ਗਿਆ ਅਤੇ ਨਾ ਹੀ ਕੋਈ ਪਛਾਣ ਪੱਤਰ ਜਾਂ ਵਰਦੀ ਮਿਲੀ ਹੈ। ਜੇਕਰ ਕੋਈ ਵਰਕਰ ਬਿਮਾਰ ਹੋ ਜਾਵੇ, ਤਾਂ ਮੈਡੀਕਲ ਛੁੱਟੀ ਦੀ ਥਾਂ ਸਾਨੂੰ ਆਪਣੇ ਪੱਧਰ ‘ਤੇ ਹੀ ਕਿਸੇ ਹੋਰ ਦਾ ਪ੍ਰਬੰਧ ਕਰਕੇ ਭੇਜਣਾ ਪੈਂਦਾ ਹੈ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਨੂੰ ਪੱਕਾ (ਰੈਗੂਲਰ) ਕੀਤਾ ਜਾਵੇ ਅਤੇ ਘੱਟੋ-ਘੱਟ ਉਜਰਤ ਦੇ ਘੇਰੇ ਵਿੱਚ ਲਿਆ ਕੇ 26,000 ਰੁਪਏ ਮਹੀਨਾ ਤਨਖਾਹ ਦਿੱਤੀ ਜਾਵੇ। ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਸੀਂ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅਤੇ ਵਿਧਾਨ ਸਭਾ ਦਾ ਘਿਰਾਓ ਕਰਨ ਤੋਂ ਵੀ ਪਿੱਛੇ ਨਹੀਂ ਹਟਾਂਗੇ।”
“ਸਰਕਾਰ ਸਿਰਫ਼ ‘ਲੋਲੀਪੋਪ’ ਦੇ ਰਹੀ ਹੈ”
ਪੰਜਾਬ ਸਰਕਾਰ ਵੱਲੋਂ 1 ਜੁਲਾਈ ਤੋਂ ਔਰਤਾਂ ਦੇ ਖਾਤੇ ਵਿੱਚ ਪੈਸੇ ਪਾਉਣ ਦੇ ਵਾਅਦੇ ‘ਤੇ ਤੰਜ ਕੱਸਦਿਆਂ ਕਰਮਜੀਤ ਕੌਰ ਨੇ ਕਿਹਾ ਕਿ ਸਰਕਾਰ ਸਿਰਫ਼ ‘ਲੋਲੀਪੋਪ’ ਦੇ ਰਹੀ ਹੈ, “ਜਿਹੜੀ ਸਰਕਾਰ ਸਾਡੀ ਦਿਨ-ਰਾਤ ਦੀ ਮਿਹਨਤ ਦਾ ਪੂਰਾ ਮੁੱਲ ਨਹੀਂ ਦੇ ਸਕਦੀ, ਉਹ ਸਾਨੂੰ ਮੁਫ਼ਤ ਵਿੱਚ 1,000 ਜਾਂ 1,500 ਰੁਪਏ ਕਿੱਥੋਂ ਦੇਵੇਗੀ? ਸਾਨੂੰ ਖ਼ਦਸ਼ਾ ਹੈ ਕਿ ਕਿਤੇ ਖਾਤੇ ਲਿੰਕ ਹੋਣ ਦੇ ਬਹਾਨੇ ਬੀਬੀਆਂ ਦੇ ਖਾਤਿਆਂ ਵਿੱਚ ਪਏ ਪਹਿਲੇ ਪੰਜ-ਸੱਤ ਸੌ ਰੁਪਏ ਵੀ ਨਾ ਉੱਡ ਜਾਣ।
“ਉਹ ਆਪਣੀ ‘ਟੂੰ-ਟੂੰ’ ਆਪਣੇ ਦਰਬਾਰ ਵਿੱਚ ਹੀ ਰੱਖਣ”
ਇਸ ਮੌਕੇ ਮਨਪ੍ਰੀਤ ਕੌਰ ਅਤੇ ਦਵਿੰਦਰਜੀਤ ਕੌਰ ਨੇ ਵੀ ਸਰਕਾਰ ਦੀਆਂ ਨੀਤੀਆਂ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਮਿਡ-ਡੇ-ਮੀਲ ਵਰਕਰਾਂ ਤੋਂ ਕੰਮ ਲੈਣਾ ਅਤੇ ਵੋਟਾਂ ਵੇਲੇ ਡਿਊਟੀਆਂ ਲਾਉਣਾ ਤਾਂ ਆਉਂਦਾ ਹੈ, ਪਰ ਤਨਖਾਹਾਂ ਦੇਣ ਵੇਲੇ ਪਾਸਾ ਵੱਟ ਲਿਆ ਜਾਂਦਾ ਹੈ। ਬਾਕੀ ਸਾਰੀਆਂ ਯੂਨੀਅਨਾਂ ਦੇ ਮਿਹਨਤਾਨੇ ਵਿੱਚ ਵਾਧਾ ਕੀਤਾ ਗਿਆ ਹੈ, ਪਰ ਮਿਡ-ਡੇ-ਮੀਲ ਵਰਕਰਾਂ ਨੂੰ ਸਭ ਤੋਂ ਹੇਠਲੇ ਪੱਧਰ ‘ਤੇ ਰੱਖਿਆ ਗਿਆ ਹੈ। “ਅਸੀਂ ਇੰਨੀ ਗਰਮੀ ਅਤੇ ਅੱਗ ਦੇ ਮੂਹਰੇ ਤਪ ਕੇ ਬੱਚਿਆਂ ਲਈ ਖਾਣਾ ਬਣਾਉਂਦੀਆਂ ਹਾਂ। ਜੇਕਰ ਸਕੂਲ ਵਿੱਚ ਇੱਕ ਵੀ ਬੱਚਾ ਘਟ ਜਾਵੇ, ਤਾਂ ਵਰਕਰ ਨੂੰ ਦੂਜੇ ਸਕੂਲ ਸ਼ਿਫਟ ਕਰ ਦਿੱਤਾ ਜਾਂਦਾ ਹੈ। ਸਾਨੂੰ ਮੁੱਖ ਮੰਤਰੀ ਦੇ ਮੋਬਾਈਲ ਸੁਨੇਹਿਆਂ (ਟੂੰ-ਟੂੰ) ਦੀ ਲੋੜ ਨਹੀਂ ਹੈ, ਉਹ ਆਪਣੀ ‘ਟੂੰ-ਟੂੰ’ ਆਪਣੇ ਦਰਬਾਰ ਵਿੱਚ ਹੀ ਰੱਖਣ। ਸਾਨੂੰ ਸਾਡੀ ਮਿਹਨਤ ਦਾ ਹੱਕ ਚਾਹੀਦਾ ਹੈ।
Share this content:



Post Comment