ਮਿਊਂਸਪਲ ਲਾਇਬ੍ਰੇਰੀ ਦੁਬਾਰਾ ਚਾਲੂ ਕਰਨ ਲਈ ਲੇਖਕ ਉੱਚ ਅਧਿਕਾਰੀਆਂ ਨੂੰ ਮਿਲਣਗੇ

-ਸ਼ਹੀਦੇ ਆਜ਼ਮ ਭਗਤ ਸਿੰਘ ਦੇ ਜਨਮ ਦਿਨ ਉੱਤੇ ਸਕੇਪ ਸਾਹਿਤਕ ਸੰਸਥਾ ਵੱਲੋਂ ਕਵੀ ਦਰਬਾਰ ਅਤੇ ਰੂਬਰੂ ਦਾ ਆਯੋਜਨ
ਫਗਵਾੜਾ, 29 ਸਤੰਬਰ ( ਏ.ਡੀ.ਪੀ. ਨਿਊਜ਼ ) ਸਕੇਪ ਸਾਹਿਤਕ ਸੰਸਥਾ ਵੱਲੋਂ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਜੁੜੇ ਲੇਖਕਾਂ ਨੇ ਮਿਊਂਸਪਲ ਲਾਇਬ੍ਰੇਰੀ ਚਾਲੂ ਕਰਵਾਉਣ ਲਈ ਤੁਰੰਤ ਉੱਚ ਅਧਿਕਾਰੀਆਂ ਨੂੰ ਮਿਲਣ ਦਾ ਫ਼ੈਸਲਾ ਕੀਤਾ। ਗੁਰੂ ਹਰਿਗੋਬਿੰਦ ਨਗਰ ਫਗਵਾੜਾ ਵਿਖੇ ਕਵੀ ਦਰਬਾਰ ਅਤੇ ਦੋ ਸ਼ਾਇਰਾਂ — ਦਲਜੀਤ ਮਹਿਮੀ ਅਤੇ ਰਵਿੰਦਰ ਰਾਏ ਨਾਲ ਰੂਬਰੂ ਪ੍ਰੋਗਰਾਮ ਦੌਰਾਨ ਇਹ ਮੰਗ ਤੀਬਰਤਾ ਨਾਲ ਉੱਠੀ। ਇਹ ਸਮਾਗਮ ਸੰਸਥਾ ਦੀ ਸੀਨੀਅਰ ਮੈਂਬਰ ਜਸਬੀਰ ਕੌਰ ਜੱਸੀ, ਜੋ ਕਿ ਹਾਲ ਹੀ ਵਿੱਚ ਅਕਾਲ ਚਲਾਣਾ ਕਰ ਗਏ ਸਨ, ਦੀ ਨਿੱਘੀ ਯਾਦ ਨੂੰ ਸਮਰਪਿਤ ਸੀ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਸੰਸਥਾ ਦੇ ਸਰਪ੍ਰਸਤ ਪ੍ਰਿੰ. ਗੁਰਮੀਤ ਸਿੰਘ ਪਲਾਹੀ, ਸੰਸਥਾ ਪ੍ਰਧਾਨ ਰਵਿੰਦਰ ਚੋਟ ਅਤੇ ਮਹਿਮਾਨ ਸ਼ਾਇਰ ਦਲਜੀਤ ਮਹਿਮੀ ਤੇ ਰਵਿੰਦਰ ਰਾਏ ਸ਼ਾਮਲ ਹੋਏ। ਸਮਾਗਮ ਦੀ ਸ਼ੁਰੂਆਤ ਸੰਸਥਾ ਦੇ ਮੀਤ ਪ੍ਰਧਾਨ ਪਰਵਿੰਦਰਜੀਤ ਸਿੰਘ ਨੇ ਸੰਸਥਾ ਬਾਰੇ ਜਾਣਕਾਰੀ ਸਾਂਝੀ ਕਰਕੇ ਕੀਤੀ। ਇਸ ਤੋਂ ਬਾਅਦ ਸਰਪ੍ਰਸਤ ਪ੍ਰਿੰ: ਗੁਰਮੀਤ ਸਿੰਘ ਪਲਾਹੀ ਨੇ ਦੋਵੇਂ ਸਨਮਾਨਿਤ ਕੀਤੇ ਜਾਣ ਵਾਲ਼ੇ ਸ਼ਾਇਰਾਂ ਨੂੰ ਜੀ ਆਇਆਂ ਆਖਦੇ ਹੋਏ ਆਪਣੇ ਵਿਚਾਰ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਸੰਸਥਾ ਦੇ ਮੈਂਬਰ ਬਹੁਤ ਮਿਹਨਤੀ ਹਨ ਅਤੇ ਉਹ ਆਸ ਕਰਦੇ ਹਨ ਕਿ ਅੱਜ ਸਨਮਾਨਿਤ ਕੀਤੇ ਜਾ ਰਹੇ ਸ਼ਾਇਰ ਆਪਣੀ ਸ਼ਾਇਰੀ ਨੂੰ ਬੁਲੰਦੀਆਂ ਤੱਕ ਲੈ ਕੇ ਜਾਣਗੇ।
ਰੂਬਰੂ ਦੌਰਾਨ ਦਲਜੀਤ ਮਹਿਮੀ ਨੇ ਆਪਣੀ ਜ਼ਿੰਦਗੀ ਦੇ ਤਜ਼ਰਬੇ ਸਾਂਝੇ ਕਰਦੇ ਹੋਏ ਦੱਸਿਆ ਕਿ ਪਿਤਾ ਦੀ ਮੌਤ ਅਤੇ ਗ਼ਰੀਬੀ ਕਾਰਨ ਉਹਨਾਂ ਨੂੰ ਪੜ੍ਹਾਈ ਛੱਡਣੀ ਪਈ। ਰੋਜ਼ੀ-ਰੋਟੀ ਦੀ ਖਾਤਰ ਕਰਿਆਨੇ ਦੀ ਦੁਕਾਨ ਚਲਾਈ ਅਤੇ ਵਿਦੇਸ਼ਾਂ ਵਿੱਚ ਵੀ ਮਜ਼ਦੂਰੀ ਕੀਤੀ। ਚਾਰ ਭੈਣਾਂ ਅਤੇ ਇੱਕ ਭਰਾ ਦੇ ਪਰਿਵਾਰ ਨੂੰ ਪਾਲਣ ਦੇ ਨਾਲ਼- ਨਾਲ਼ ਉਹਨਾਂ ਦਾ ਸਾਹਿਤਕ ਸਫ਼ਰ, ਲਾਲੀ ਕਰਤਾਰਪੁਰੀ ਦੀ ਪ੍ਰੇਰਣਾ ਨਾਲ ਸ਼ੁਰੂ ਹੋਇਆ। ਬਾਅਦ ਵਿੱਚ ਕਈ ਸੰਸਥਾਵਾਂ ਨੇ ਉਹਨਾਂ ਦੀ ਸ਼ਾਇਰੀ ਨੂੰ ਸਨਮਾਨਿਤ ਕੀਤਾ। ਮਹਿਮੀ ਨੇ ਸਕੇਪ ਸਾਹਿਤਕ ਸੰਸਥਾ ਦਾ ਉਸ ਦੀ ਕਦਰ ਕਰਨ ਲਈ ਧੰਨਵਾਦ ਕੀਤਾ।
ਦੂਜੇ ਸਨਮਾਨਿਤ ਸ਼ਾਇਰ ਰਵਿੰਦਰ ਰਾਏ ਨੇ ਦੱਸਿਆ ਕਿ ਉਹ ਬਚਪਨ ਤੋਂ ਹੀ ਸ਼ਿਵ ਕੁਮਾਰ ਬਟਾਲਵੀ ਦੀ ਸ਼ਾਇਰੀ ਤੋਂ ਪ੍ਰਭਾਵਿਤ ਸਨ ਅਤੇ ਉਹਨਾਂ ਨੂੰ ਮਿਲਣ ਦਾ ਮੌਕਾ ਵੀ ਮਿਲਿਆ। ਸਕੂਲੀ ਜੀਵਨ ਦੌਰਾਨ ਇੱਕ ਅਧਿਆਪਕ ਨੇ ਉਹਨਾਂ ਵਿੱਚ ਸਾਹਿਤਕ ਰੁਝਾਨ ਪੈਦਾ ਕੀਤਾ, ਜੋ ਕਾਲਜ ਵਿੱਚ ਵੀ ਜਾਰੀ ਰਿਹਾ। ਬੈਂਕ ਦੀ ਰੁਝੇਵੇਂ ਭਰੀ ਨੌਕਰੀ ਦੇ ਬਾਵਜੂਦ ਉਹਨਾਂ ਨੇ ਆਪਣੀ ਕਵਿਤਾ-ਯਾਤਰਾ ਜਾਰੀ ਰੱਖੀ। ਉਹ ਇਸ ਵੇਲੇ ਦੁਆਬਾ ਸਾਹਿਤ ਅਤੇ ਸਮਾਜ ਕੇਂਦਰ ਫਗਵਾੜਾ ਦੇ ਪ੍ਰਧਾਨ ਹਨ ਅਤੇ ਸਮਾਜਕ ਕਾਰਜਾਂ ਨਾਲ ਜੁੜੇ ਹਨ, ਜਿਵੇਂ ਹਰ ਸਾਲ ਗ਼ਰੀਬ ਕੁੜੀਆਂ ਦੇ ਵਿਆਹ ਕਰਵਾਉਣਾ। ਉਹਨਾਂ ਨੇ ਸਕੇਪ ਸਾਹਿਤਕ ਸੰਸਥਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਇਕ ਅਜਿਹੀ ਸੰਸਥਾ ਹੈ ਜੋ ਨਿਰੋਲ ਯੋਗਤਾ ਅਤੇ ਸਾਹਿਤਕ ਸੇਵਾ ਨੂੰ ਆਧਾਰ ਬਣਾ ਕੇ ਮਾਣ ਤੇ ਸਤਿਕਾਰ ਦਿੰਦੀ ਹੈ।

ਐੱਸ. ਐੱਲ. ਵਿਰਦੀ ਐਡਵੋਕੇਟ ਨੇ ਸਰਦਾਰ ਭਗਤ ਸਿੰਘ ਦੀ ਬੌਧਿਕ ਤੇ ਕ੍ਰਾਂਤੀਕਾਰੀ ਸੋਚ ਬਾਰੇ ਰੌਸ਼ਨੀ ਪਾਈ। ਉਹਨਾਂ ਕਿਹਾ ਕਿ ਸਾਨੂੰ ਉਹਨਾਂ ਦੀਆਂ ਲਿਖਤਾਂ ਤੋਂ ਸੇਧ ਲੈ ਕੇ ਸਮਾਜ ਦੀ ਨਵੀਂ ਸਿਰਜਣਾ ਵੱਲ ਵਧਣਾ ਚਾਹੀਦਾ ਹੈ। ਕਵੀ ਦਰਬਾਰ ਵਿੱਚ ਸੁਖਦੇਵ ਸਿੰਘ ਗੰਢਵਾਂ, ਸੋਢੀ ਸੱਤੋਵਾਲੀ, ਬਲਦੇਵ ਰਾਜ ਕੋਮਲ, ਕੈਪਟਨ ਦਵਿੰਦਰ ਸਿੰਘ ਜੱਸਲ , ਦੇਵ ਰਾਜ ਦਾਦਰ, ਮੋਹਣ ਆਰਟਿਸਟ, ਸੋਹਣ ਸਿੰਘ ਭਿੰਡਰ, ਅਜੀਤ ਸਿੰਘ ਕੋਚਰ, ਹਰਜਿੰਦਰ ਨਿਆਣਾ, ਸਾਹਿਬਾ ਜੀਟਨ ਕੌਰ, ਲਵਪ੍ਰੀਤ ਸਿੰਘ ਰਾਏ, ਗੁਰਮੁਖ ਲੋਹਾਰ, ਨਿਰਵੈਰ ਸਿੰਘ ਨੱਢਾ, ਕਰਮਜੀਤ ਸਿੰਘ ਸੰਧੂ, ਨਾਨਕ ਸਿੰਘ ਵਿਰਦੀ, ਅਸ਼ੋਕ ਟਾਂਡੀ, ਨਗੀਨਾ ਸਿੰਘ ਬਲੱਗਣ, ਗੁਰਮੀਤ ਸਿੰਘ ਉਜਾਲਾ, ਸੁਬੇਗ ਸਿੰਘ ਹੰਜਰਾਅ, ਮਨਜੀਤ,ਲਾਲੀ ਕਰਤਾਰਪੁਰੀ ਅਤੇ ਜਰਨੈਲ ਸਿੰਘ ਸਾਖੀ ਸਮੇਤ ਕਈ ਸ਼ਾਇਰਾਂ ਨੇ ਆਪਣਾ ਕਲਾਮ ਪੇਸ਼ ਕੀਤਾ। ਸ਼ਾਇਰਾਂ ਅਤੇ ਸਰੋਤਿਆਂ ਨੇ ਇਹ ਦੁੱਖ ਪ੍ਰਗਟ ਕੀਤਾ ਕਿ 1985 ਤੋਂ ਮਿਊਂਸਪਲ ਦਫ਼ਤਰ ਫਗਵਾੜਾ ਵਿੱਚ ਚੱਲ ਰਹੀ ਲਾਇਬ੍ਰੇਰੀ ਅੱਜ ਤੱਕ ਬੰਦ ਪਈ ਹੈ। ਉਹਨਾਂ ਨੇ ਪ੍ਰਸ਼ਾਸਨ ਨੂੰ ਇਸ ਨੂੰ ਜਲਦੀ ਖੋਲ੍ਹਣ ਦੀ ਬੇਨਤੀ ਕੀਤੀ ਅਤੇ ਕਿਹਾ ਕਿ ਜੇਕਰ ਲਾਇਬ੍ਰੇਰੀ ਨਾ ਖੋਲ੍ਹੀ ਗਈ ਤਾਂ ਲੇਖਕਾਂ ਦਾ ਵਫ਼ਦ ਉੱਚ ਅਧਿਕਾਰੀਆਂ ਕੋਲ ਆਪਣੀ ਗੁਜ਼ਾਰਸ਼ ਪੇਸ਼ ਕਰੇਗਾ। ਇਸ ਸਮਾਗਮ ਵਿੱਚ ਹੋਰਾਂ ਤੋਂ ਇਲਾਵਾ ਪੱਤਰਕਾਰ ਅਸ਼ੋਕ ਸ਼ਰਮਾ, ਸੋਮਾ ਕੁਮਾਰੀ ਰਾਏ, ਖੁਸ਼ਪ੍ਰੀਤ ਕੌਰ ਰਾਏ ਅਤੇ ਜੋਤੀ, ਮਧੂ ਬਾਲਾ ਵੀ ਹਾਜ਼ਰ ਸਨ। ਅੰਤ ਵਿੱਚ ਸੰਸਥਾ ਦੇ ਪ੍ਰਧਾਨ ਰਵਿੰਦਰ ਚੋਟ ਵੱਲੋਂ ਹਾਜ਼ਰ ਸ਼ਾਇਰਾਂ ਤੇ ਸਰੋਤਿਆਂ ਦਾ ਧੰਨਵਾਦ ਕੀਤਾ ਗਿਆ।
Share this content:


Post Comment