ਮਾਲਵੇ ’ਚ ਮੀਂਹ ਮਗਰੋਂ ਸ਼ੁਰੂ ਹੋਈ ਝੋਨੇ ਦੀ ਲੁਆਈ
ਮਾਨਸਾ, 5 ਜੂਨ – ਮਾਲਵਾ ਖੇਤਰ ਦੇ ਅਨੇਕਾਂ ਥਾਵਾਂ ’ਤੇ ਪਏ ਕੱਲ੍ਹ ਦੇ ਮੀਂਹ ਦਾ ਲਾਹਾ ਲੈਂਦਿਆਂ ਅੱਜ ਕਿਸਾਨਾਂ ਨੇ ਤੇਜ਼ੀ ਨਾਲ ਝੋਨਾ ਲਾਉਣ ਆਰੰਭ ਕਰ ਦਿੱਤਾ ਹੈ। ਭਾਵੇਂ ਮਾਲਵਾ ਖੇਤਰ ਦੇ ਬਠਿੰਡਾ ਸਮੇਤ ਫ਼ਰੀਦਕੋਟ, ਫਾਜ਼ਿਲਕਾ, ਫਿਰੋਜ਼ਪੁਰ ਅਤੇ ਸ੍ਰੀ ਮੁਕਤਸਰ ਸਾਹਿਬ ’ਚ ਪਹਿਲੀ ਜੂਨ ਤੋਂ ਝੋਨੇ ਦੀ ਲੁਆਈ ਆਰੰਭ ਹੋ ਗਈ ਹੈ, ਪਰ ਅੱਜ ਮਿਲੀਆਂ ਸੂਚਨਾਵਾਂ ਤੋਂ ਪਤਾ ਲੱਗਿਆ ਹੈ ਕਿ ਮਾਨਸਾ ਸਮੇਤ ਬਰਨਾਲਾ, ਸੰਗਰੂਰ ਵਿੱਚ ਵੀ ਕਿਸਾਨਾਂ ਨੇ ਸਰਕਾਰੀ ਸਿਫਾਰਸ਼ਾਂ ਦੇ ਉਲਟ ਝੋਨੇ ਦੀ ਲੁਆਈ ਬਿਨਾਂ ਕਿਸੇ ਡਰ-ਡੁੱਕਰ ਤੋਂ ਆਰੰਭ ਕਰ ਦਿੱਤੀ ਹੈ।
ਕਿਸਾਨਾਂ ਲਈ ਭਾਵੇਂ ਕੋਟਲਾ ਬ੍ਰਾਂਚ ਅਤੇ ਭਾਖੜਾ ਨਹਿਰ ਦੀ ਬੰਦੀ ਹੋਣ ਕਾਰਨ ਮਾਨਸਾ, ਬਠਿੰਡਾ, ਬਰਨਾਲਾ ਅਤੇ ਸੰਗਰੂਰ ਵਿੱਚ ਨਹਿਰੀ ਪਾਣੀ ਦੀ ਤੰਗੀ ਚੱਲ ਰਹੀ ਹੈ, ਪਰ ਮੀਂਹ ਕਾਰਨ ਤਾਪਮਾਨ ਥੱਲੇ ਆਉਣ ਸਦਕਾ ਅਤੇ ਪਾਵਰ ਕਾਰਪੋਰੇਸ਼ਨ ਵੱਲੋਂ ਖੇਤੀ ਮੋਟਰਾਂ ਲਈ ਵਾਧੂ ਦਿੱਤੀ ਜਾ ਰਹੀ ਬਿਜਲੀ ਦਾ ਲਾਹਾ ਲੈਂਦਿਆਂ ਕਿਸਾਨਾਂ ਨੇ ਦੇਰ ਸ਼ਾਮ ਤੱਕ ਝੋਨਾ ਲਾਉਣ ਦਾ ਸਿਲਸਿਲਾ ਜਾਰੀ ਰੱਖਿਆ।
ਪੰਜਾਬ ਕਿਸਾਨ ਯੂਨੀਅਨ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਪਿੰਡ ਭੈਣੀਬਾਘਾ, ਠੂਠਿਆਂਵਾਲੀ, ਖੋਖਰ ਕਲਾਂ, ਫਫੜੇ ਭਾਈਕੇ, ਮੂਸਾ, ਫਰਮਾਹੀ ਪਿੰਡਾਂ ਵਿੱਚ ਕਿਸਾਨਾਂ ਵੱਲੋਂ ਅੱਜ ਪੰਜਾਬੀ ਲੇਬਰ ਨੂੰ ਲੈਕੇ ਝੋਨਾ ਲਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹਿੰਦ-ਪਾਕਿ ਤਣਾਅ ਤੋਂ ਬਾਅਦ ਖੇਤਾਂ ਵਿੱਚ ਪੁੱਜੇ ਪਰਵਾਸੀ ਮਜ਼ਦੂਰਾਂ ਨੇ ਵੀ ਝੋਨਾ ਲਾਉਣ ਦਾ ਕਾਰਜ ਆਪਣੇ ਹੱਥੀ ਸ਼ੁਰੂ ਕਰ ਦਿੱਤਾ ਹੈ।
Share this content:


Post Comment