Loading Now

ਮਾਰੂਥਲ ਵਿੱਚ ਸੁੱਕ ਰਹੀ ਸਰਸਵਤੀ : ਜਸਵੰਤ ਖਟਕੜ/ਦਰਸ਼ਨ ਸਿੰਘ ਖਟਕੜ

ਮਾਰੂਥਲ ਵਿੱਚ ਸੁੱਕ ਰਹੀ ਸਰਸਵਤੀ : ਜਸਵੰਤ ਖਟਕੜ/ਦਰਸ਼ਨ ਸਿੰਘ ਖਟਕੜ

ਮੇਰੇ ਵਾਂਗ ਜਸਵੰਤ ਖਟਕੜ ਨੂੰ ਵੀ ਕਵਿਤਾ, ਨਾਟਕ ਅਤੇ ਜੁਝਾਰਵਾਦੀ ਵਿਰਾਸਤ ਆਪਣੇ ਘਰੋਂ ਹੀ ਪ੍ਰਾਪਤ ਹੋਈ ਹੈ। ਉਸ ਦੇ ਪਿਤਾ ਜੀ ਅਤੇ ਮੇਰੇ ਤਾਇਆ ਜੀ ਗਿਆਨੀ ਬਖਸ਼ੀਸ਼ ਸਿੰਘ, ਸਾਡਾ ਸਾਂਝਾ ਸੱਭਿਆਚਾਰਕ ਸਰੋਤ ਸਨ। ਉਹ ਸਾਡੀ ਪੁਰਾਣੀ ਨਵਾਂਸ਼ਹਿਰ ਤਹਿਸੀਲ ਵਿੱਚੋਂ ਗੁਰਬਾਣੀ ਦਾ ਸ਼ੁੱਧ ਉਚਾਰਨ ਕਰਨ ਵਾਲੇ ਕੁੱਝ ਚੋਣਵੇਂ ਵਿਅਕਤੀਆਂ ਵਿੱਚੋਂ ਇੱਕ ਸਨ। ਉਨ੍ਹਾਂ ਦਾ ਸੰਪਰਕ ਨੌਰੇ ਵਾਲੇ ਨਿਹੰਗ ਸਿੰਘਾਂ, ਅਲਾਚੌਰ ਵਾਲੇ ਸੰਤਾਂ ਅਤੇ ਮੂਸਾਪੁਰ ਵਾਲੇ ਗਿਆਨੀ ਹਿੰਮਤ ਸਿੰਘ ਜੀ ਨਾਲ ਸੀ ਜਿਹੜੇ ਅੱਖਾਂ ਤੋਂ ਅਰਥੀ ਸਨ ਪਰ ਗੁਰਬਾਣੀ, ਗੁਰਮਤ ਸੰਗੀਤ ਅਤੇ ਸਿੱਖ ਇਤਿਹਾਸ ਦਾ ਪ੍ਰਕਾਸ਼-ਮੰਡਲ ਉਨਾਂ ਦੇ ਮਨ-ਮਸਤਕ ’ਤੇ ਛਾਇਆ ਰਹਿੰਦਾ ਸੀ। ਉਹ ਗੁਰਬਾਣੀ-ਉਚਾਰਨ ਵਿੱਚ ਤਾਇਆ ਜੀ ਦੇ ਗੁਰੂ ਸਨ।

ਤਾਇਆ ਜੀ ਗੁਰਮੁਖੀ ਵਿੱਚ ਦਸਖਤ ਕਰ ਲੈਂਦੇ ਸਨ, ਪਰ ਲਿਖਾਈ ਨਹੀਂ ਸਨ ਕਰ ਸਕਦੇ। ਇਸ ਕਰਕੇ ਜਦੋਂ ਉਨਾਂ ਨੂੰ ਕਵਿਤਾ ਫੁਰਦੀ ਤਾਂ ਉਹ ਮੈਨੂੰ ਲਿਖਣ ਲਈ ਕਹਿੰਦੇ। ਉਹ ਬੋਲੀ ਜਾਂਦੇ ਅਤੇ ਮੈਂ ਲਿਖੀ ਜਾਂਦਾ ਸਾਂ ਅਤੇ ਗੁਰਪੁਰਬਾਂ ਦੇ ਮੌਕੇ ਉਹ ਕਵਿਤਾਵਾਂ ਪੜਿ੍ਹਆ ਕਰਦਾ ਸਾਂ। ਸਿੱਖ ਇਤਿਹਾਸ ਦੇ ਕੁਰਬਾਨੀ ਅਤੇ ਬਹਾਦਰੀ ਭਰਪੂਰ ਅਨੇਕਾਂ ਪ੍ਰਸੰਗਾਂ ਨੂੰ ਉਹ ਬਹੁਤ ਰੌਚਿਕਤਾ ਅਤੇ ਭਾਵਪੂਰਤ ਢੰਗ ਨਾਲ ਬਿਆਨਦੇ ਸਨ। ਬਾਲ-ਵਰੇਸੇ ਜਸਵੰਤ ਖਟਕੜ ਇਨਾਂ ਸਾਰੇ ਖੇਤਰਾਂ ਵਿੱਚੋਂ ਮਹਾਨ ਸਿੱਖ ਜਰਨੈਲ ਹਰੀ ਸਿੰਘ ਨਲਵਾ ਤੋਂ ਬਹੁਤ ਪ੍ਰਭਾਵਿਤ ਸੀ। ਤਾਇਆ ਜੀ ਗੱਤਕੇ ਦੇ ਖਿਡਾਰੀ ਵੀ ਸਨ, ਇਸ ਕਰਕੇ ਜਸਵੰਤ ਖਟਕੜ ਨੇ ਵੀ ਗੱਤਕੇ ਦੇ ਕੁੱਝ ਹੱਥ (ਦਾਅ) ਵੀ ਆਪਣੇ ਬਾਪ ਤੋਂ ਸਿੱਖ ਲਏ ਸਨ। ਜਸਵੰਤ ਖਟਕੜ ਇਸ ਗਿਆਨ ਦੀ ਜਾਣਕਾਰੀ ਨਾਲ ਹੀ ਸੰਤੁਸ਼ਟ ਨਹੀਂ ਸੀ ਹੁੰਦਾ, ਸਗੋਂ ਉਹ ਇਸ ਨੂੰ ਅਮਲੀ ਰੂਪ ਦੇਣ ਲਈ ਤੱਤਪਰ ਰਹਿੰਦਾ ਸੀ। ਉਹ ਆਪਣੇ ਕੁੱਝ ਹਾਣੀਆਂ ਅਤੇ ਮੇਰੇ ਛੋਟੇ ਵੀਰ ਹਰਪਾਲ ਉਰਫ਼ ਗੋਗੀ ਉਰਫ ਛੋਟਾ ਸਰਪੰਚ ਨੂੰ ਨਾਲ ਲੈਕੇ, ਚੁਣੇ ਹੋਏ ਵਿਰੋਧੀ ਕੈਂਪ ’ਤੇ ਹਮਲਾ ਕਰ ਦਿੰਦਾ ਸੀ ਜਿਸ ਕਰਕੇ ਤਾਇਆ ਜੀ ਨੂੰ ਕਈ ਉਲ੍ਹਾਮਿਆਂ ਨਾਲ ਵੀ ਨਿਪਟਣਾ ਪੈਂਦਾ ਸੀ।

ਰਹਿੰਦੀ ਕਸਰ ਉਸਦੇ ਨਾਨੇ ਤੇ ਮਾਸੜ ਅਜੀਤ ਸਿੰਘ, ਗਰੁੱਪੜ, ਨੇੜੇ ਕਸਬਾ ਔੜ, ਵਾਲਿਆਂ ਦੀਆਂ ਵਾਰਦਾਤਾਂ ਦੇ ਬਿਰਤਾਂਤ ਨੇ ਪੂਰੀ ਕਰ ਦਿੱਤੀ। ਦੇਸ਼ ਦੀ ਵੰਡ ਵੇਲੇ ਉਹ ਲਹਿੰਦੇ ਪੰਜਾਬੋਂ ਉੱਠਕੇ ਆਏ ਸਨ। ਜਦ ਬਾਰ ਦੇ ਜੰਗਲ ਸਾਫ਼ ਕੀਤੇ ਗਏ ਤਾਂ ਉਨਾਂ ਦਾ ਵਾਹ ਉਥੋਂ ਦੇ ਆਦਿਵਾਸੀਆਂ ਨਾਲ ਪੈਂਦਾ ਸੀ। ਘਟਨਾਵਾਂ ਵਿੱਚੋਂ ਸਿੰਮਦੀ ਲੜਾਈ, ਵੈਰ ਅਤੇ ਹਮਲੇ ਦਰਸਾਉਂਦੇ ਸਨ ਕਿ ਉਨਾਂ ਆਦਿਵਾਸੀਆਂ ਨੂੰ ਕਿਵੇਂ ਉਜਾੜਿਆ ਗਿਆ ਸੀ। ਉਹ ਇਨ੍ਹਾਂ ਆਦਿਵਾਸੀਆਂ ਨੂੰ ‘ਜਾਂਗਲੀ’ ਕਹਿੰਦੇ ਸਨ। ਜਸਵੰਤ ਖਟਕੜ ਨੂੰ ਜੁਝਾਰੂ ਅਤੇ ਲੜਾਕੂ ਗੁਣ ਇਸ ਵਿਰਾਸਤੀ-ਪਿਛੋਕੜ ਵਿੱਚੋਂ ਮਿਲੇ ਸਨ। ਇਹ ਲੜਾਕੂ ਤੇ ਜੁਝਾਰਵਾਦੀ ਪਰਵਿਰਤੀ ਹੀ ਸੀ ਜਿਸ ਨੂੰ ਉਸ ਨੇ ਸੁਭਾਵਕ ਹੀ ਗ੍ਰਹਿਣ ਕਰ ਲਿਆ। ਉਸ ਨੇ ਜਿਹੜਾ ਦੂਸਰਾ ਗੁਣ ਗ੍ਰਹਿਣ ਕੀਤਾ, ਉਹ ਸੀ ਕਾਵਿ-ਰੁਚੀ। ਉਹ ਨਾ ਤਾਂ ਗੁਰਬਾਣੀ ਦੇ ਪਾਠ/ਉਚਾਰਨ ਵੱਲ ਰੁਚਿਤ ਹੋਇਆ ਅਤੇ ਨਾ ਹੀ ਗਾਇਕੀ ਜਾਂ ਕੀਰਤਨ ਵੱਲ।

ਜਸਵੰਤ ਖਟਕੜ ਛੇਵੀਂ ਜਾਂ ਸੱਤਵੀਂ ਵਿੱਚ ਹੀ ਪੜ੍ਹਦਾ ਸੀ ਜਦੋਂ ਦੇਸ਼ ਵਿੱਚ ਜੁਝਾਰਵਾਦੀ ਕਮਿਊਨਿਸਟ ਲਹਿਰ ਭਾਵ ਨਕਸਲਬਾੜੀ ਲਹਿਰ ਦਾ ਆਰੰਭ ਅਤੇ ਪਸਾਰਾ ਪ੍ਰਤੱਖ ਹੋਇਆ। ਮੈਂ ਇਲਾਕੇ ਦੇ ਪਹਿਲੇ ਨਕਸਲੀ ਕਾਰਕੁੰਨ, ਸਾਥੀ ਹਰਦਿਆਲ ਪੂੰਨੀ, ਵਾਸੀ ਪਿੰਡ ਜੀਂਦੋਵਾਲ ਦੇ ਸੰਪਰਕ ਵਿੱਚ ਆ ਗਿਆ ਸਾਂ। ਇਸ ਦਾ ਇੱਕ ਹੋਰ ਕਾਰਨ ਮੇਰਾ ਮਿੱਤਰ ਤੇ ਜਮਾਤੀ ਸੋਹਣ ਸਿੰਘ ਪੂੰਨੀ ਉਰਫ ਚੈਨੀ, ਪਿੰਡ ਜੀਂਦੋਵਾਲ, ਹੁਣ ਵਾਸੀ ਕੈਨੇਡਾ ਅਤੇ ਇਤਿਹਾਸਕਾਰ, ਸੀ। ਸਾਥੀ ਹਰਦਿਆਲ ਪੂੰਨੀ ਰਾਹੀਂ ਸ਼ਹੀਦ ਬਾਬਾ ਬੂਝਾ ਸਿੰਘ ਨਾਲ ਸੰਪਰਕ ਹੋ ਗਿਆ। ਨੌਜਵਾਨ ਸਭਾ ਦੀ ਪਿੰਡ ਇਕਾਈ ਵਿੱਚ ਮੇਰੇ ਕੁੱਝ ਹਾਣੀ ਅਤੇ ਸਮਕਾਲੀ ਵੀ ਸ਼ਾਮਲ ਸਨ। ਜਦ ਵੀ ਬਾਹਰੋਂ ਸਾਥੀ ਪੂੰਨੀ ਜਾਂ ਬਾਬਾ ਜੀ ਆਉਂਦੇ ਤਾਂ ਜਸਵੰਤ ਖਟਕੜ ਉਚੇਚ ਕਰਕੇ ਸਾਡੇ ਆਲੇ-ਦੁਆਲੇ ਮੰਡਰਾਉਂਦਾ ਰਹਿੰਦਾ। ਗੁਪਤ ਮੀਟਿੰਗਾਂ, ਗੁਪਤ ਸੁਨੇਹਿਆਂ, ਹਥਿਆਰਾਂ ਦੀ ਚਰਚਾ ਨਾਲ ਜੁੜਿਆ ਰਹੱਸ, ਜਸਵੰਤ ਖਟਕੜ ਦੀ ਮਨੋ-ਬਿਰਤੀ ਨੂੰ ਖਾਸ ਕਰਕੇ ਉਕਸਾਉਂਦਾ ਸੀ। ਹਾਲਾਤ ਅਤੇ ਚੇਤੰਨ ਹੋਣ ਨੇ ਮੈਨੂੰ ਇਸ ਲਹਿਰ ਦੇ ਹੋਰ ਵੀ ਨੇੜੇ ਕਰ ਦਿੱਤਾ ਅਤੇ ਨਾਲ ਹੀ ਜਸਵੰਤ ਨੂੰ ਵੀ। ਇਸ ਮਾਹੌਲ ਵਿੱਚ ਹੀ 1968 ਦੀ ਜਗਤ-ਪ੍ਰਸਿੱਧ ਵਿਦਿਆਰਥੀ ਲਹਿਰ ਦੀਆਂ ਗੂੰਜਾਂ ਪੈਣੀਆਂ ਆਰੰਭ ਹੋਈਆਂ। ਵਿਦਿਆਰਥੀ ਰੋਹ ਅਤੇ ਹੜਤਾਲ ਨੇ ਫਰਾਂਸ ਨੂੰ ਹਿਲਾਕੇ ਰੱਖ ਦਿੱਤਾ ਸੀ।

ਉਸੇ ਸਾਲ ਪੰਜਾਬ ਵਿੱਚ ਵੀ ਖਾੜਕੂ ਵਿਦਿਆਰਥੀ ਲਹਿਰਾਂ ਨੇ ਵਿਵਸਥਾ ਨੂੰ ਝਟਕੇ ਦੇਣੇ ਆਰੰਭ ਕੀਤੇ ਸਨ। ਇਸ ਦੌਰਾਨ ਬੰਗਾ ਇਲਾਕੇ ਵਿੱਚ, ਸਿੱਖ ਨੈਸ਼ਨਲ ਕਾਲਜ ਬੰਗਾ ਦੇ ਵਿਦਿਆਰਥੀਆਂ ’ਤੇ ਖਾੜਕੂ ਸੰਘਰਸ਼ ਦਾ ਭਰਵਾਂ ਪ੍ਰਭਾਵ ਸੀ। ਪੁਲੀਸ ਤੇ ਪ੍ਰਸਾਸ਼ਨ ਵਿਰੁੱਧ ਬੇਕਿਰਕ ਤੇ ਫਸਵਾਂ ਸੰਘਰਸ਼, ਆਮ ਪੇਂਡੂ ਤੇ ਸ਼ਹਿਰੀ ਵਸੋਂ ਨੂੰ ਵੀ ਟੁੰਬਦਾ ਸੀ। ਇਨਾਂ ਹੜਤਾਲਾਂ ਅਤੇ ਪੁਲੀਸ ਨਾਲ ਟੱਕਰਾਂ ਤੋਂ ਪਹਿਲਾਂ, ਇਨਾਂ ਦੌਰਾਨ ਅਤੇ ਮਗਰੋਂ ਮੋਹਰੀ ਵਿਦਿਆਰਥੀ ਆਗੂਆਂ ਦੀਆਂ ਲੁਕਵੀਆਂ ਮੀਟਿੰਗਾਂ ਅਕਸਰ ਹੁੰਦੀਆਂ ਰਹਿੰਦੀਆਂ। ਜਸਵੰਤ ਖਟਕੜ ਇਨਾਂ ਵਿੱਚ ਘੁਸਣ ਦਾ ਢੰਗ ਲੱਭ ਲੈਂਦਾ ਸੀ। ਇਸ ਤਰ੍ਹਾਂ ਜਸਵੰਤ ਖਟਕੜ ਸਭ ਤੋਂ ਘੱਟ ਉਮਰ ਦਾ ਅਤੇ ਸਕੂਲ-ਪੜ੍ਹਦਾ ਵਿਦਿਆਰਥੀ ਸੀ ਜਿਹੜਾ ਇਸ ਜੁਝਾਰਵਾਦੀ ਵਿਦਿਆਰਥੀ ਲਹਿਰ ਦਾ ਅੰਗ ਬਣ ਗਿਆ ਸੀ।

ਇਹ 1968 ਦਾ ਦੂਸਰਾ ਅੱਧ ਸੀ ਜਦੋਂ ਮੇਰੇ ਤੇ ਇਕਬਾਲ ਖਾਨ ਪਿੰਡ ਖਾਨਖਾਨਾ (ਇਸ ਸਾਲ ਦੇ ਆਰੰਭ ਵਿੱਚ ਕੈਨੇਡਾ ਵਿੱਚ ਦਿਹਾਂਤ) ਦੇ ਵਾਰੰਟ ਜਾਰੀ ਹੋ ਗਏ। ਇਕਬਾਲ ਖਟਕੜ ਉਰਫ ਇਕਬਾਲ ਕੋਮਲ, ਪਿੰਡ ਮੰਗੂਵਾਲ ਦੀ ਗਿ੍ਰਫਤਾਰੀ ਹੋ ਗਈ। ਇਸਤੋਂ ਡੇਢ ਕੁ ਮਹੀਨਾ ਮਗਰੋਂ ਇਕਬਾਲ ਖਾਨ ਦੀ ਗਿ੍ਰਫਤਾਰੀ ਹੋਈ। ਉਦੋਂ ਮੈਂ ਲਗਭਗ ਤਿੰਨ ਕੁ ਮਹੀਨੇ ਗੁਪਤਵਾਸ ਰਿਹਾ ਸਾਂ ਤੇ ਇਸੇ ਦੌਰਾਨ ਮੇਰੀ ਗਿ੍ਰਫਤਾਰੀ ਹੋ ਗਈ। ਸਾਨੂੰ ਤਿੰਨਾਂ ਨੂੰ ਵਾਰੋ-ਵਾਰੀ ਇੰਟੈਰੋਗੇਸ਼ਨ ਸੈਂਟਰ, ਅੰਮ੍ਰਿਤਸਰ ਭੇਜਿਆ ਅਤੇ ਕੋਹਿਆ ਗਿਆ ਸੀ। ਇਸ ਅਰਸੇ ਦੌਰਾਨ ਕਈ ਵਾਰ ਜਸਵੰਤ ਖਟਕੜ ਸੁਨੇਹੇ ਲਿਆਉਣ-ਲਿਜਾਣ ਦਾ ਕਾਰਜ ਕਰਦਾ ਸੀ। ਇਸ ਤਰ੍ਹਾਂ ਪੰਜਾਬ ਵਿੱਚ ਉਹ ਸਭ ਤੋਂ ਛੋਟੀ ਉਮਰ ਦੇ ਕਮਿਊਨਿਸਟ ਇਨਕਲਾਬੀ ਵਜੋਂ ਵਿਕਸਤ ਹੋ ਰਿਹਾ ਸੀ। ਇਸ ਕਾਲ ਦੌਰਾਨ ਪੁਲੀਸ ਕਈ ਵਾਰ ਸਾਡੇ ਘਰ ਛਾਪੇ ਮਾਰਦੀ ਰਹੀ, ਮੇਰੇ ਬਾਪ ਤੇ ਤਾਇਆ ਜੀ ਨੂੰ ਹਿਰਾਸਤ ਵਿੱਚ ਰੱਖਦੀ ਰਹੀ। ਪਰ ਅੱਲੜ੍ਹ-ਵਰੇਸ ਨਾਬਾਲਿਗ ਜਸਵੰਤ ਇਸ ਜਬਰ ਤੋਂ ਡਰਿਆ-ਘਬਰਾਇਆ ਨਹੀਂ ਸੀ।

ਮੈਂ, ਇਕਬਾਲ ਖਾਨ ਅਤੇ ਇਕਬਾਲ ਕੋਮਲ ਜ਼ਮਾਨਤ ’ਤੇ ਆਏ ਸਾਂ। ਉਦੋਂ ਵਿਦਿਆਰਥੀ ਜੱਥੇਬੰਦੀ ਸਮੇਤ ਜਨਤਕ ਜੱਥੇਬੰਦੀਆਂ ਬਣਾਉਣ ਦੀ ਸੇਧ ਰੱਦ ਕਰ ਦਿੱਤੀ ਗਈ ਸੀ, ਜਿਸ ਕਰਕੇ ਹੁਣ ਅਸੀਂ ਵਿਦਿਆਰਥੀਆਂ ਨੂੰ ਜੱਥੇਬੰਦ ਕਰਨ ਅਤੇ ਵਿੱਦਿਆ-ਪ੍ਰਾਪਤੀ ਦੇ ਕਾਰਜ ਨੂੰ ਛੱਡ ਦੇਣਾ ਸੀ। ਮੁਕੱਦਮੇ ਲੜਨ ਵਿੱਚ ਸਮਾਂ ਖਰਚ ਕਰਨ ਦੀ ਵੀ ਸੇਧ ਨਹੀਂ ਸੀ। ਇਸ ਕਰਕੇ ਅਸੀਂ ਤਿੰਨੇ ਵੱਖ-ਵੱਖ ਸਮੇਂ ’ਤੇ ਪਾਰਟੀ ਵਿੱਚ ਬਾਕਾਇਦਾ ਸ਼ਾਮਲ ਹੋ ਗਏ ਅਤੇ ਪਾਰਟੀ-ਸੇਧ ਲਾਗੂ ਕਰਨ ਲੱਗੇ ਪਏ। ਕਰੀਬ ਡੇਢ ਸਾਲ ਤੱਕ ਜਸਵੰਤ ਖਟਕੜ ਸਕੂਲ ਵੀ ਜਾਂਦਾ ਰਿਹਾ ਅਤੇ ਪਾਰਟੀ ਦੇ ਕੰਮ ਕਾਰ ਵਿੱਚ ਵੀ ਯੋਗਦਾਨ ਪਾਉਂਦਾ ਰਿਹਾ। ਮਈ 1970 ਵਿੱਚ ਪਿੰਡ ਦੇ ਮੁਖਬਰ ਮਾਸਟਰ ਦੇਵ ਦੇ ਘਰ ਉੱਪਰ ਪਾਰਟੀ ਦੀ ਹਥਿਆਰਬੰਦ ਟੋਲੀ ਵੱਲੋਂ ਕੀਤੇ ਗਏ ਹਮਲੇ ਵਿੱਚ ਉਸਦਾ ਸਾਂਢੂ ਮਾਰਿਆ ਗਿਆ ਅਤੇ ਮਾਸਟਰ ਆਪ ਗੰਭੀਰ ਜਖਮੀ ਹੋ ਗਿਆ। ਉਸ ਘਟਨਾ ਤੋਂ ਬਾਅਦ ਜਸਵੰਤ ਖਟਕੜ ਗੁਪਤਵਾਸੀ ਹੋ ਗਿਆ। ਉਹ ਕਰੀਬ 7 ਮਹੀਨੇ ਅੰਡਰ-ਗਰਾਊਂਡ ਰਿਹਾ। ਕਿਹਾ ਜਾਂਦਾ ਹੈ ਕਿ ਇਨਾਂ ਸੱਤਾਂ ਮਹੀਨਿਆਂ ਦੌਰਾਨ ਉਸਨੇ ਕੁੱਝ ਐਕਸ਼ਨਾਂ ਵਿੱਚ ਸਿੱਧਾ ਹਿੱਸਾ ਲਿਆ ਅਤੇ ਇਸ ਤਰ੍ਹਾਂ ਸਭ ਤੋਂ ਛੋਟੀ ਉਮਰ ਦਾ ‘ਗੁਰੀਲਾ’ ਹੋਣ ਦਾ ਮਾਣ ਪ੍ਰਾਪਤ ਕੀਤਾ।

ਇਨਾਂ ਸੱਤਾਂ ਮਹੀਨਿਆਂ ਵਿੱਚ ਉਸ ਨੇ ਉਹ ਸਾਰੇ ਫਰਜ਼ ਨਿਭਾਏ ਜਿਹੜੇ ਉਸ ਨੂੰ ਸੌਂਪੇ ਗਏ ਸਨ। ਇਸ ਅਰਸੇ ਵਿੱਚ ਉਸਨੇ ਨਿੱਡਰ, ਸਫ਼ਲ ਅਤੇ ਜੋਸ਼ੀਲੇ ਐਕਸ਼ਨ ਵੀ ਦੇਖੇ ਅਤੇ ਇਨਾਂ ਵਿੱਚ ਹਿੱਸਾ ਵੀ ਲਿਆ। ਇਸੇ ਅਰਸੇ ਦੌਰਾਨ ਉਸਨੇ ਇਕਬਾਲ ਖਾਨ ਅਤੇ ਕਈ ਸਥਾਨਕ ਆਗੂਆਂ ਦੀਆਂ ਗਿ੍ਰਫਤਾਰੀਆਂ ਦਾ ਦਰਦ ਵੀ ਹੰਢਾਇਆ। ਇੰਨਾ ਹੀ ਨਹੀਂ, ਉਸ ਪੰਜਾਬ ਦੇ ਨਕਸਲੀ ਲੋਹ-ਪੁਰਸ਼ ਸਾਥੀ ਦਰਸ਼ਨ ਦੁਸਾਂਝ ਉੱਪਰ ਕੀਤੇ ਗਏ ਬੇਰਹਿਮ ਪੁਲੀਸ ਜਬਰ, ਸ਼ਹੀਦ ਰਵਿੰਦਰ ਰਵੀ ਜਗਤਪੁਰ ਅਤੇ ਬਾਬਾ ਬੂਝਾ ਸਿੰਘ ਅਤੇ ਸ਼ਹੀਦ ਇਕਬਾਲ ਖਟਕੜ (ਮੰਗੂਵਾਲ) ਦੀ ਸ਼ਹੀਦੀ ਅਤੇ ਵਿਛੋੜੇ ਦਾ ਦਰਦ ਵੀ ਹੰਢਾਇਆ। ਪਰ ਨਾ ਤਾਂ ਉਹ ਆਪ ਡੋਲਿਆ ਅਤੇ ਨਾ ਹੀ ਉਸ ਆਪਣੇ ਸਾਥੀਆਂ ਨੂੰ ਡੋਲਣ ਦਿੱਤਾ। ਬੰਗਾ ਪੁਲੀਸ ਨੇ 1 ਜਨਵਰੀ 1971 ਨੂੰ, ਸਾਥੀ ਇਕਬਾਲ ਖਟਕੜ ਨੂੰ ਝੂਠੇ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ। ਕੁੱਝ ਦਿਨ ਮਗਰੋਂ ਖੁਦ ਜਸਵੰਤ ਖਟਕੜ ਨੂੰ ਬੰਗਾ ਪੁਲੀਸ ਨੇ ਕੋਟ ਫਤੂਹੀ ਤੋਂ ਗਿ੍ਰਫਤਾਰ ਕਰ ਲਿਆ।

ਉਸ ਦੇ ਨਾਲ ਜਸਪਾਲ ਸਿੰਘ ਜੱਸੀ, ਪਿੰਡ ਰਸੂਲਪੁਰ, ਤਹਿ ਨਵਾਂਸ਼ਹਿਰ ਵੀ ਸੀ। 5 ਜਨਵਰੀ, 1971 ਨੂੰ ਮੇਰੀ ਤੇ ਸਾਥੀ ਹਾਕਮ ਸਿੰਘ ਸਮਾਉਂ ਦੀ ਗਿ੍ਰਫਤਾਰੀ ਹੋਈ। ਕਈ ਥਾਣਿਆਂ ਦਾ ਪੁਲੀਸ ਰਿਮਾਂਡ ਝੱਲਣ ਮਗਰੋਂ ਜਸਵੰਤ ਨੂੰ ਅਤੇ ਮੈਨੂੰ ਵੀ, ਵੱਖ-ਵੱਖ ਤਰੀਕਾਂ ’ਤੇ ਜ਼ਿਲ੍ਹਾ ਜੇਲ੍ਹ ਜਲੰਧਰ ਵਿੱਚ ਡੱਕ ਦਿੱਤਾ ਗਿਆ। ਆਪਣੇ ਹੋਰ ਸਾਥੀਆਂ, ਸਾਥੀ ਦਰਸ਼ਨ ਦੁਸਾਂਝ, ਇਕਬਾਲ ਖਾਨ, ਸਰਬਜੀਤ ਦੁਸਾਂਝ, ਸਾਥੀ ਪਰਮਜੀਤ ਖਟੜਾ, ਸਾਥੀ ਅਵਤਾਰ ਪਾਸ਼, ਮਾਸਟਰ ਗੁਰਮੇਲ ਮਹੇਰਨਾ ਖੁਰਦ ਜ਼ਿਲ੍ਹਾ ਸੰਗਰੂਰ, ਸਾਥੀ ਨੱਥਾ ਸਿੰਘ, ਸਾਥੀ ਮੋਹਣ ਲਾਲ ਮੰਗੂਵਾਲ ਆਦਿ ਨਾਲ ਜਸਵੰਤ ਖਟਕੜ ਇਸੇ ਜੇਲ੍ਹ ਦੀਆਂ 36 ਚੱਕੀਆਂ ਵਿੱਚ ਬੰਦ ਰਿਹਾ ਅਤੇ 1973 ਦੇ ਪਹਿਲੇ ਅੱਧ ਵਿੱਚ ਉਸ ਦੀ ਜਮਾਨਤ ’ਤੇ ਰਿਹਾਈ ਹੋ ਗਈ ਸੀ। ਉਹ ਜੇਲ੍ਹ ਵਿੱਚ ਲੜੇ ਗਏ ਸਾਰੇ ਸੰਘਰਸ਼ਾਂ ਵਿੱਚ ਦਲੇਰ ਹਾਜ਼ਰੀ ਲੁਆਉਂਦਾ ਰਿਹਾ। 18 ਦਿਨ ਲੰਬੀ ਭੁੱਖ ਹੜਤਾਲ ਵਿੱਚ ਉਸ ਨੇ ਆਪਣੀ ਵਾਰੀ ਪੂਰੇ ਸਿਰੜ ਅਤੇ ਜਾਬਤੇ ਨਾਲ ਨਿਭਾਈ ਸੀ। ਉਨਾਂ ਦਿਨਾਂ ਵਿੱਚ ਉਹ ਫੱਬਵੀਂ ਪੱਗ ਬੰਨ੍ਹਦਾ ਸੀ। ਬਾਹਰ ਪੇਸ਼ੀ ਭੁਗਤਣ ਜਾਂਦੇ ਸਮੇਂ ਉਹ ਪੂਰਾ ਸਜ-ਧਜ ਕੇ ਨਿਕਲਦਾ ਸੀ। ਪੈਂਟ, ਕਮੀਜ, ਫੱਬਵੀਂ ਪੱਗ, ਬੇੜੀਆਂ ਅਤੇ ਹੱਥਕੜੀਆਂ ਵਿੱਚ ਉਹ ਖੂਬ ਫੱਬਦਾ ਸੀ। ਪੇਸ਼ੀਆਂ ਲਈ ਜਾਣ-ਔਣ ਸਮੇਂ ਅਤੇ ਕਚਹਿਰੀਆਂ ਵਿੱਚ ਉਹ ਦੋਵੇਂ ਹੱਥ ਉੱਪਰ ਚੁੱਕ ਕੇ ਨਾਹਰੇ ਮਾਰਦਾ ਤਾਂ, ਵਿਸ਼ੇਸ਼ ਖਿੱਚ ਦਾ ਕੇਂਦਰ ਹੁੰਦਾ ਸੀ।

ਜਲੰਧਰੋਂ ਬੰਗਿਆਂ ਰਾਹੀਂ ਨਵਾਂਸ਼ਹਿਰ ਪੇਸ਼ੀਆਂ ’ਤੇ ਆਉਣ ਸਮੇਂ ਅਸੀਂ ਕਈ ਵਾਰ 7-8 ਸਾਥੀ ਵੀ ਹੁੰਦੇ ਸਾਂ। ਸੜਕ ਉੱਪਰ ਪੈਂਦੇ ਸਾਰੇ ਬੱਸ ਅੱਡਿਆਂ ਵਿੱਚੋਂ ਲੰਘਦੇ ਸਮੇਂ ਅਸੀਂ ਨਾਹਰੇ ਜ਼ਰੂਰ ਲਾਉਂਦੇ ਸਾਂ ਅਤੇ ਜਸਵੰਤ ਖਟਕੜ ਇਸ ਕੰਮ ਵਿੱਚ ਸਭ ਤੋਂ ਮੋਹਰੀ ਹੁੰਦਾ ਸੀ। ਸਕੂਲਾਂ ਤੇ ਸ.ਨ. ਕਾਲਜ ਬੰਗਾ ਦੇ ਵਿਦਿਆਰਥੀ ਸਾਡੀਆਂ ਅਗਲੀਆਂ ਪੇਸ਼ੀਆਂ ਦੀਆਂ ਤਰੀਕਾਂ ਦਾ ਪਤਾ ਕਰ ਲੈਂਦੇ ਸਨ ਅਤੇ ਸਾਨੂੰ ਆਉਂਦਿਆਂ-ਜਾਂਦਿਆਂ ਨੂੰ, ਤੇ ਨਾਹਰੇ ਮਾਰਦਿਆਂ ਨੂੰ ਦੇਖ ਕੇ ਇੱਕ ਸੰਤੁਸ਼ਟੀ ਤੇ ਪ੍ਰੇਰਨਾ ਹਾਸਲ ਕਰਦੇ ਸਨ। ਇਨਾਂ ਦਰਸ਼ਕਾਂ ਵਿੱਚ ਕੁੱਝ ਇੱਕ ਅੱਗੇ ਜਾ ਕੇ ਇਨਕਲਾਬੀ ਆਗੂ ਅਤੇ ਕਾਰਕੁੰਨ ਵੀ ਬਣੇ ਸਨ। ਇਹ ਛੀਂਟਕਾ ਜਿਹਾ ਅਤੇ ਮੁੱਛ-ਫੁੱਟ ਗੱਭਰੂ ਖਿੱਚ ਦਾ ਸਰੋਤ ਬਣਿਆ ਰਹਿੰਦਾ ਸੀ। ਜਸਵੰਤ ਖਟਕੜ ਨੇ ਕਵਿਤਾ ਜੇਲ੍ਹ ਵਿੱਚ ਲਿਖਣੀ ਸ਼ੁਰੂ ਕੀਤੀ। ਉਨਾਂ ਦਿਨਾਂ ਵਿੱਚ ਅਨੇਕਾਂ ਸਾਹਿਤਕ ਤੇ ਸਿਆਸੀ ਪੱਤਰ-ਪੱਤਰਕਾਵਾਂ ਪ੍ਰਕਾਸ਼ਤ ਹੁੰਦੀਆਂ ਸਨ ਜਿਨਾਂ ਵਿੱਚ ਹੇਮ ਜੋਤੀ, ਰੋਹਲੇ ਬਾਣ, ਸਿਆੜ, ਲਕੀਰ, ਜੈ-ਤੇਗੰਮ, ਨਾਗ-ਨਿਵਾਸ, ਜੱਥੇਬੰਦੀ, ਮਾਂ ਆਦਿ ਸ਼ਾਮਲ ਸਨ। ਸਾਡੇ ਵਿੱਚੋਂ ਸਾਰੇ ਕਵੀਆਂ ਨੂੰ ਆਪੋ-ਆਪਣੀ ਕਵਿਤਾ ਛਪਣ ਦੀ ਤਾਂਘ ਹੁੰਦੀ ਸੀ।

ਪਛਾਣ ਤੇ ਪ੍ਰਾਪਤੀ ਦੇ ਤਾਂਘੀ ਮਨ ਹਾਬੜਿਆਂ ਵਾਂਗ ਇਨਾਂ ਨੂੰ ਟੱਕਰਦੇ ਸਨ। ਇਸ ਸਮੇਂ ਦੇ ਸਮੁੱਚੇ ਪ੍ਰਭਾਵ ਹੇਠ ਜਸਵੰਤ ਖਟਕੜ, ਇਕਬਾਲ ਖਾਨ, ਪਾਸ਼ ਅਤੇ ਮੇਰੀਆਂ ਕਵਿਤਾਵਾਂ ਵੀ ਅਕਸਰ ਛਪਦੀਆਂ ਰਹਿੰਦੀਆਂ ਸਨ ਅਤੇ ਕਈ ਨਵੇਂ ਚਿਹਰੇ ਉੱਭਰਦੇ ਦੇਖਕੇ ਵੀ ਮਨ ਨੂੰ ਫੈਲ-ਪਸਰ ਰਹੇ ਇਨਕਲਾਬੀ ਸੱਭਿਆਚਾਰ ਨਾਲ ਸੰਤੁਸ਼ਟੀ ਤੇ ਹੁਲਾਰਾ ਮਿਲਦਾ ਸੀ। ਜੇਲ੍ਹ ਤੋਂ ਬਾਹਰ ਆ ਕੇ ਜਸਵੰਤ ਖਟਕੜ ਨੇ ਕਵਿਤਾ ਲਿਖੀ, ਕਵੀ ਦਰਬਾਰਾਂ ਤੇ ਜਨਤਕ ਇਕੱਠਾਂ ਵਿੱਚ ਕਵਿਤਾ ਪੜ੍ਹਨੀ ਜਾਰੀ ਰੱਖੀ। ਨਾਲ ਹੀ ਨਾਲ ਉਸ ਨੂੰ ਨੌਜਵਾਨ ਭਾਰਤ ਸਭਾ ਜੱਥੇਬੰਦ ਕਰਨ ਦਾ ਕਾਰਜ ਵੀ ਮਿਲਿਆ। ਉਸ ਨੇ ਬੰਗਾ ਇਲਾਕੇ ਵਿੱਚ ਕਈ ਪਿੰਡਾਂ ਵਿੱਚ ਨੌਜਵਾਨ ਸਭਾਵਾਂ ਬਣਾਈਆਂ।

ਵਿਦਿਆਰਥੀ ਜੀਵਨ ਅਤੇ ਆਰੰਭਕ ਇਨਕਲਾਬੀ ਸਰਗਰਮੀ ਦੌਰਾਨ ਉਸਦੀ ਸ਼ਖ਼ਸੀਅਤ ਦੀਆਂ ਦੋ ਹੋਰ ਪਰਤਾਂ ਉਜਾਗਰ ਹੋਈਆਂ। ਇੱਕ ਸੀ ਦੂਸਰਿਆਂ ਦੀਆਂ ਸਾਂਗਾਂ ਲਾਹੁਣੀਆਂ ਅਤੇ ਦੂਸਰੀ ਪਰਤ ਸੀ ਵਿਅੰਗ ਬਾਣ ਛੱਡਣੇ। ਦੂਸਰੀ ਸਿਫ਼ਤ ਇੱਕ ਤਰ੍ਹਾਂ ਨਾਲ ਪਹਿਲੀ ਵਿੱਚੋਂ ਹੀ ਸਿੰਮਦੀ ਤੇ ਨਿਕਲਦੀ ਸੀ। ਉਸਦੇ ਵਿਅੰਗ ਵਧੇਰੇ ਸਿਆਸੀ ਹੁੰਦੇ ਸਨ। ਉਹ ਰੋਂਦਿਆਂ ਨੂੰ ਹਸਾਅ ਸਕਦਾ ਸੀ, ਉਦਾਸਾਂ ਨੂੰ ਮੁਸਕਰਾਹਟ ਵੰਡ ਸਕਦਾ ਸੀ ਅਤੇ ਘੋਰ ਸੰਜੀਦਾ ਪਲਾਂ ਵਿੱਚ ਕੁੱਝ ਹਲਕੇ ਤੇ ਰਾਹਤ ਦੇ ਪਲ ਸਿਰਜ ਸਕਦਾ ਸੀ। ਗੁਪਤਵਾਸੀ ਕਾਲ ਦੌਰਾਨ ਉਸ ਦਾ ਨਾਂ ਬਿੱਲੂ ਹੁੰਦਾ ਸੀ ਅਤੇ ਉਕਤ ਵਿਅੰਗ-ਵਿਨੋਦ ਕਰਕੇ ਉਹ ਕਾਫੀ ਹਰਮਨਪਿਆਰਾ ਸੀ। ਸਾਂਗ ਲਾਉਣ ਦੇ ਗੁਣ ਵਿੱਚੋਂ, ਉਸ ਦਾ ਸੁਭਾਅ ਨਾਟਕ ਵੱਲ ਨੂੰ ਹੋਇਆ ਸੀ। 1974 ਦੇ ਪਹਿਲੇ ਅੱਧ ਵਿੱਚ ਹੀ ਉਸਨੇ ਨਾਟਕ ਟੀਮ ਬਣਾਉਣ ਦੀ ਖਾਹਿਸ਼ ਪ੍ਰਗਟ ਕੀਤੀ। ਉਨਾਂ ਦਿਨਾਂ ਵਿੱਚ ਅਤੇ ਮਗਰਲੇ ਸਮੇਂ ਵਿੱਚ ਭਾਅ ਜੀ ਗੁਰਸ਼ਰਨ ਸਿੰਘ ਦੀ ਨਾਟਕ ਖੇਤਰ ਵਿੱਚ ਪੂਰੀ ਧਾਂਕ ਹੁੰਦੀ ਸੀ। ਉਨ੍ਹਾਂ ਦੇ ਨਾਟਕ ਉਸ ਕਾਲ ਦੇ ਜੁਝਾਰਵਾਦ ਨਾਲ ਪ੍ਰਣਾਏ ਹੁੰਦੇ ਸਨ ਅਤੇ ਜਮਾਤੀ ਸੰਘਰਸ਼ਾਂ ਦਾ ਸੁਨੇਹਾ ਵੀ ਦਿੰਦੇ ਸਨ। ਇਨਕਲਾਬੀ ਜਨਤਕ ਕਾਰਜਾਂ ਦੇ ਪਸਾਰ ਲਈ ਅਜਿਹੇ ਕਲਾ ਉੱਦਮ ਅਤੇ ਕਲਾ-ਮੰਚ ਦੀ ਲੋੜ ਵੀ ਸੀ ਜਿਸ ਕਰਕੇ ਉਸ ਨੂੰ ਰੰਗ-ਮੰਚ ਅਪਨਾਉਣ ਦਾ ਕਾਰਜ ਮਿਲ ਗਿਆ। ਸਤੰਬਰ 1974 ਤੋਂ ਜੂਨ 1975 ਤੱਕ ਦੇ 10 ਮਹੀਨਿਆਂ ਵਿੱਚ ਉਸ ਨੇ ‘ਡਾਇਰ ਨਹੀਂ ਮੋਇਆ’, ‘ਚੰਨ ਚੜਿ੍ਹਆ’ ਅਤੇ ‘ਹਵਾਈ ਗੋਲੇ’ ਨਾਟਕਾਂ ਦਾ ਲਗਾਤਾਰ ਮੰਚਣ ਕੀਤਾ।

ਉਸ ਦੇ ਇਨਕਲਾਬੀ ਕਾਰਜਾਂ ਦੀ ਵਡੱਤਣ ਕਰਕੇ ਵੀ ਉਸ ਦੇ ਨਾਟਕਾਂ ਨੂੰ ਪਿੰਡ ਪਿੰਡ ਜਾਣ ਦਾ ਮੌਕਾ ਮਿਲਿਆ। ਇਸ ਕਾਰਜ ਦੇ ਨਾਲ ਹੀ ਉਸ ਨੇ ਬੰਗਾ ਇਲਾਕੇ ਵਿੱਚ ਨੌਜਵਾਨ ਭਾਰਤ ਸਭਾ ਦੀਆਂ ਕਈ ਪਿੰਡ ਇਕਾਈਆਂ ਦਾ ਗਠਨ ਵੀ ਕੀਤਾ। ਉਹ ਸਰਕਾਰੀ ਦਮਨ ਵਿਰੁੱਧ ਅਤੇ ਜਨਤਕ ਮੰਗਾਂ ਲਈ ਕੀਤੇ ਜਾਂਦੇ ਜਲਸਿਆਂ-ਮੁਜ਼ਾਹਰਿਆਂ ਵਿੱਚ ਵੀ ਭਰਵੀਂ ਹਾਜ਼ਰੀ ਲੁਆਉਂਦਾ ਰਿਹਾ। 26 ਜੂਨ 1975 ਨੂੰ ਇੰਦਰਾ ਸਰਕਾਰ ਨੇ ਹੰਗਾਮੀ ਹਾਲਤ ਦਾ ਐਲਾਨ ਕਰ ਦਿੱਤਾ ਤਾਂ ਜਸਵੰਤ ਖਟਕੜ ਸਮੇਤ ਕਈ ਇਨਕਲਾਬੀ ਸਾਥੀ ਅੰਡਰ-ਗਰਾਊਂਡ ਹੋ ਗਏ। ਘਰਾਂ ’ਤੇ ਪੁਲੀਸ ਦੇ ਛਾਪੇ ਪੈਣ ਲੱਗੇ। ਉਸਦੇ ਬਾਪ ਤੇ ਮੇਰੇ ਤਾਇਆ ਜੀ, ਛੋਟੇ ਭਰਾ ਜੋਗਾ ਸਿੰਘ ਨੂੰ ਪੁਲੀਸ ਨੇ ਫੜਕੇ ਠਾਣੇ ਬਿਠਾ ਰੱਖਿਆ। ਪਰ ਸਾਡੀ ਸਾਰਿਆਂ ਦੀ ਗੁਪਤ-ਸਰਗਰਮੀ ਚੱਲਦੀ ਰਹੀ। ਇੱਕ ਦਿਨ ਜਸਵੰਤ ਖਟਕੜ, ਉਸਦਾ ਜਮਾਤੀ ਮਿੱਤਰ ਅਤੇ ਇਨਕਲਾਬੀ ਸਾਥੀ ਪਰਮਜੀਤ ਕਾਹਮਾ ਤੇ ਸਾਥੀ ਦਿਲਜੀਤ ਸਿੰਘ ਉੜਾਪੜ, ਕਾਹਮਾ ਪਿੰਡ ਵਿੱਚ ਪੁਲੀਸ ਦੇ ਹੱਥ ਆ ਗਏ। ਕੁੱਝ ਸਮੇਂ ਮਗਰੋਂ ਇਨਾਂ ਦੀ ਜਮਾਨਤ ਹੋ ਗਈ ਸੀ।

1974 ਤੋਂ 1980 ਤੱਕ ਉਹ ਨੌਜਵਾਨਾਂ ਦੀ ਜੱਥੇਬੰਦੀ ਅਤੇ ਰੰਗ-ਮੰਚ ਸਰਗਰਮੀਆਂ ਦੋਹਾਂ ਨਾਲ ਹੀ ਨਿਭਦਾ ਰਿਹਾ। ਰੰਗ-ਮੰਚ ਨੂੰ ਹੋਰ ਵਿਕਸਤ ਕਰਨਾ ਚਾਹੁੰਦਾ ਸੀ। ਪਰ ਦੋਹਾਂ ਬੇੜੀਆਂ ਦਾ ਸਵਾਰ ਹੋਣ ਕਰਕੇ ਦੋਹਾਂ ਨਾਲ ਇਨਸਾਫ ਨਹੀਂ ਸੀ ਕਰ ਸਕਿਆ। ਹੌਲੀ-ਹੌਲੀ ਉਸ ਨੇ ਇਨਕਲਾਬੀ ਜਨਤਕ ਸਰਗਰਮੀ ਘਟਾ ਦਿੱਤੀ ਅਤੇ ਚੱਲਦਾ-ਫਿਰਦਾ ਰੰਗ-ਮੰਚ ਵਿਕਸਤ ਕਰਨ ਦੀ ਕੋਸ਼ਿਸ਼ ਕੀਤੀ। ਪਰ ਉਹ ਤਜਰਬਾ ਸਫ਼ਲ ਨਹੀਂ ਸੀ ਹੋ ਸਕਿਆ। ਹਰੇਕ ਕੰਮ ਲਈ ਜਾਂ ਨਿਸ਼ਾਨੇ ਲਈ ਇੱਕ ਵਿਉਂਤਬੰਦ, ਜਾਬਤਾਬੱਧ ਅਤੇ ਨਿਰੰਤਰ ਸਰਗਰਮੀ ਲੋੜੀਂਦੀ ਹੁੰਦੀ ਹੈ। ਵੱਡੀਆਂ ਕਲਪਨਾਵਾਂ ਹੀ ਕਾਫੀ ਨਹੀਂ ਹੁੰਦੀਆਂ। ਉਸ ਦੀ ਇਸ ਕਮਜ਼ੋਰੀ ਕਾਰਨ, ਉਸ ਦਾ ਇਹ ਉੱਦਮ ਅਸਫ਼ਲ ਸਾਬਤ ਹੋਇਆ। ਫੇਰ ਉਸ ਨੇ ਇਨਕਲਾਬੀ ਸੇਧ ਅਤੇ ਸਰਗਰਮੀ ਤੋਂ ਵੀ ਕਿਨਾਰਾ ਕਰ ਲਿਆ ਅਤੇ ਅਕਾਲੀ ਦਲ ਦਾ ਲੜ ਜਾ ਫੜਿਆ। ਪਿੰਡ ਦੀ ਪੰਚਾਇਤੀ ਚੋਣ ਵਿੱਚ ਆਪਣੀ ਪਤਨੀ ਨੂੰ ਸਰਪੰਚ ਅਤੇ ਪੰਚ ਬਣਾਉਣ ਵਿੱਚ ਸਫ਼ਲ ਰਿਹਾ। ਬੇ-ਤਰਤੀਬੀ ਅਤੇ ਮਨਮੱਤ ਨੇ ਉਸ ਨੂੰ ਦੋਹਾਂ ਖੇਤਰਾਂ, ਰੰਗ-ਮੰਚ ਅਤੇ ਇਨਕਲਾਬੀ ਸਿਆਸਤ ਤੋਂ ਦੂਰ ਕਰ ਦਿੱਤਾ। ਉਸ ਕੋਲ ਬਹੁਤ ਮੌਕੇ ਆਏ, ਉਨਾਂ ਵਿੱਚੋਂ ਕੁੱਝ ਇੱਕ ਦਾ ਉਸ ਨੇ ਲਾਭ ਵੀ ਲਿਆ। ਜਲੰਧਰ ਦੂਰਦਰਸ਼ਨ ਨੇ ਉਸਦੀ ਨਾਟਕ-ਟੀਮ ਦੇ ਨਾਟਕ ਰਿਕਾਰਡ ਕੀਤੇ ਅਤੇ ਪੇਸ਼ ਕੀਤੇ। ਉਹ ਚਾਹੁੰਦਾ ਤਾਂ ਅਸਾਨੀ ਨਾਲ ਇੱਕ ਸਫ਼ਲ ਟੀ.ਵੀ. ਅਤੇ ਫ਼ਿਲਮ ਕਲਾਕਾਰ ਬਣ ਸਕਦਾ ਸੀ। ਹਾਸ-ਵਿਅੰਗ ਉਸਦਾ ਬਹੁਤ ਮਸ਼ਹੂਰ ਹੈ। 1984-94 ਦੌਰਾਨ ਉਸ ਕੋਲ ਬਹੁਤ ਸੁਨਹਿਰੀ ਮੌਕਾ ਸੀ। ਜਦੋਂ ਭੱਲਾ ਤੇ ਬਾਲਾ ਵਿਅੰਗ-ਜੋੜੀ ਉਭਰ ਰਹੀ ਸੀ ਤਾਂ ਉਹ ਆਪਣੀ ਹਾਸ-ਵਿਅੰਗ ਕਲਾ ਨੂੰ, ‘ਕੋਕਰੀ ਦਾ ਬੱਚਾ’ (ਕੁੱਕੜੀ ਦਾ ਬੱਚਾ) ਰਾਹੀਂ, ਆਪਣੀ ਜਾਮਣ ਹੇਠਾਂ ਬੈਠ ਕੇ ਗੁਆਈ ਜਾ ਰਿਹਾ ਸੀ।

ਉਸਦੀ ਵਿਅਕਤੀਗਤ ਚੜਾਈ ਅਤੇ ਪ੍ਰਾਪਤੀਆਂ ਵਿੱਚ ਉਸ ਦੇ ਤੀਖਣ ਸਵੈ-ਵਿਸ਼ਵਾਸ਼, ਨਰੋਈ ਤੇ ਸਾਰਥਕ ਹੌਉਂ ਨੇ ਫੈਸਲਾਕੁੰਨ ਭੂਮਿਕਾ ਨਿਭਾਈ ਹੈ। ਪਰ ਜਿਉਂ-ਜਿਉਂ ਇਹ ਹਉਂਵਾਦ ਵਿੱਚ ਪਰਿਵਰਤਨ ਹੁੰਦੀ ਗਈ, ਇਹ ਉਸਦਾ ਨੁਕਸਾਨ ਕਰਦੀ ਗਈ। ਉਹ ਕਈ ਕਲਾਕਾਰਾਂ ਅਤੇ ਕਲਾ-ਪ੍ਰਬੰਧਕਾਂ ਦੀ ਗੈਰ-ਜ਼ਿੰਮੇਦਾਰ ਅਲੋਚਨਾ ਵਿੱਚ ਖੁੱਭਾ ਰਿਹਾ, ਅਤੇ ਠੋਸ ਅਤੇ ਅਮਲੀ ਪਹੁੰਚ ਨੂੰ ਖਾਰਜ ਕਰਦਾ ਗਿਆ। ਇਸ ਔਗੁਣ ਨੇ ਉਸ ਨੂੰ ਖਾਲੀ ਕਰਕੇ ਰੱਖ ਦਿੱਤਾ। ਮੈਂ ਉਸਦੇ ਗੁਣਾਂ, ਯੋਜਨਾਵਾਂ ਅਤੇ ਪੇਸ਼ਕਾਰੀਆਂ ਨੂੰ ਸਫ਼ਲ ਕਰਨ ਵਿੱਚ ਆਪਣਾ ਬਣਦਾ ਯੋਗਦਾਨ ਪਾਉਂਦਾ ਰਿਹਾ ਹਾਂ, ਪਰ ਸਹੀ ਸੇਧ ਅਤੇ ਠੋਸ ਅਮਲ ਦੀ ਅਣਹੋਂਦ ਕਾਰਨ, ਉਸਦੀਆਂ ਪ੍ਰਾਪਤੀਆਂ ਸਾਕਾਰ ਨਹੀਂ ਹੋ ਸਕੀਆਂ। ਪ੍ਰਸਿੱਧ ਨਾਟਕਕਾਰ ਸ਼੍ਰੀ ਕਪੂਰ ਸਿੰਘ ਘੁੰਮਣ, ਡਾ. ਹਰਚਰਨ ਸਿੰਘ, ਡਾ. ਗੁਰਦਿਆਲ ਸਿੰਘ ਫੁੱਲ, ਖੁਦ ਭਾਅ ਜੀ ਗੁਰਸ਼ਰਨ ਸਿੰਘ ਉਸਦੇ ਕਲਾ-ਕੌਸ਼ਲ ਦੇ ਪ੍ਰਸੰਸਕ ਸਨ। ਕਵੀ ਪਾਸ਼ ਅਤੇ ਕਵੀ ਅਮਿਤੋਜ ਵੀ ਉਸਦੇ ਬਹੁਤ ਕਰੀਬੀ ਰਹੇ ਹਨ। ਨਾਟਕ-ਕਲਾ ਕਾਰਨ ਹੀ ਸ਼੍ਰੀ ਜੰਗ ਬਹਾਦਰ ਗੋਇਲ, ਜੋ 1986 ਵਿੱਚ ਨਵਾਂਸ਼ਹਿਰ ਵਿੱਚ ਬਤੌਰ ਐਸ.ਡੀ.ਐਮ. ਤਾਇਨਾਤ ਸਨ, ਜਸਵੰਤ ਲਈ ਮਿਹਰਬਾਨ ਤੇ ਕਦਰਦਾਨ ਸੱਜਣ ਸਨ। ‘ਅਕਾਲ ਤਖਤ ਦੀ ਵਾਰ’ ਵਿੱਚ ਉਸਦੇ ਸਰੋਤਿਆਂ ਵਿੱਚ ਸ. ਗੁਰਚਰਨ ਸਿੰਘ ਟੌਹੜਾ, ਸ. ਗੁਰਨਾਮ ਸਿੰਘ ਤੀਰ ਵਰਗੇ ਵਿਅਕਤੀ ਵੀ ਸ਼ਾਮਿਲ ਸਨ।

ਮੇਰੀ ਸੰਖੇਪ ਜਿਹੀ ਸਰਪੰਚੀ ਦੌਰਾਨ ਕਈ ਔਰਤਾਂ-ਮਰਦ ਮੇਰੀ ਦਖਲ-ਅੰਦਾਜੀ ਨਾਲੋਂ ਜਸਵੰਤ ਦੀ ਦਖਲ-ਅੰਦਾਜੀ ਨੂੰ ਤਰਜੀਹ ਦਿੰਦੇ ਸਨ। ਇਸ ਦਾ ਇੱਕ ਕਾਰਨ ਉਸਦਾ ਲਲਕਾਰਾ ਅਤੇ ਗੜ੍ਹਕਾ ਹੁੰਦਾ ਸੀ। ਹੁਣ ਵੀ ਕਦੇ-ਕਦੇ ਤਲਖ ਪਲਾਂ ਵਿੱਚ ਆਪਣੀ ਜੀਵਨ-ਸਾਥਣ ਨਰਿੰਦਰਜੀਤ ਖਟਕੜ ਨੂੰ ਇਹ ਰਹੱਸ ਦੱਸਦਾ ਹੁੰਦਾ ਹੈ ਕਿ ‘‘ਮੇਰੇ ਮਰੇ ਪਏ ਕੋਲ ਵੀ ਮੇਰੇ ਦੁਸ਼ਮਣਾਂ ਨੇ ਨਹੀਂ ਆਉਣਾ…। ਉਸ ਦੀ ਬੇਟੀ ਨਵਜੋਤ, ਬੇਟੇ ਨਵਦੀਪ ਅਤੇ ਉਸਦੀ ਪਤਨੀ ਨਰਿੰਦਰਜੀਤ ਖਟਕੜ ਨੇ ਉਸ ਨੂੰ ਅਥਾਹ ਆਦਰ ਅਤੇ ਸਹਿਯੋਗ ਦਿੱਤਾ ਹੈ। ਉਨ੍ਹਾਂ ਨੇ ਚੁਣੌਤੀਆਂ ਵਿੱਚ ਵੀ ਸਾਬਤ-ਕਦਮੀ ਦਿਖਾਈ ਹੈ।

ਮੈਂ 1970 ਵਿੱਚ ਸ਼੍ਰੀ ਨਿਰੰਜਣ ਸਿੰਘ ਢੇਸੀ ਅਤੇ ਸ਼੍ਰੀ ਕੇਵਲ ਸਿੰਘ ਪਰਵਾਨਾ ਦੀ ਸੰਗਤ ਵਿੱਚ ਕਿਹਾ ਸੀ ਕਿ ਜਸਵੰਤ ਨੂੰ ਵਿਅੰਗ ਲਿਖਣ ਵੱਲ ਲਾਓ। ਉਸ ਨੂੰ ਕੁਝ ਵਿਸ਼ੇ ਵੀ ਸੁਝਾਏ ਗਏ। ਪਰ ਉਸ ਨੇ ਆਪਣੀ ਸਿਰਜਕ ਸ਼ਕਤੀ ਨੂੰ ਚੁਟਕਲੇਬਾਜੀ ਤੱਕ ਅਤੇ ਸਾਂਗਾਂ ਲਾਉਣ ਤੱਕ ਹੀ ਸਮੇਟ ਲਿਆ ਸੀ। ਉਹ ਸ਼ਰਾਬ ਅਤੇ ਸਿਰਜਣਾ, ਸ਼ਰਾਬ ਅਤੇ ਸੰਜੀਦਗੀ, ਸ਼ਰਾਬ ਅਤੇ ਸੁਹਿਦਰਤਾ ਵਿੱਚ ਸਹੀ ਸਮਤੋਲ ਪੈਦਾ ਨਹੀਂ ਕਰ ਸਕਿਆ। ਉਹ ਆਪਣੇ ਸਾਧਨ-ਸੱਖਣੇ ਵਿਹੜੇ ਨੂੰ ਸਰਵ-ਸੰਪੂਰਨ ਸਮਝਣ ਦੀ ਕੁਤਾਹੀ ਕਰ ਬੈਠਾ। ਉਸ ਦੀਆਂ ਦੋਸਤੀਆਂ, ਸਹਿਚਾਰ ਅਤੇ ਸਰਗਰਮੀ ਸ਼ਰਾਬ ਅਧਾਰਤ ਹੋ ਗਈ। ਵਿੱਚ-ਵਿਚਾਲੇ ਕੁੱਝ ਚੰਗੀਆਂ ਅਤੇ ਸਥਾਨਕ ਕਥਾਨਕ ਅਧਾਰਤ ਕਵਿਤਾਵਾਂ ਲਿਖ ਕੇ ਉਹ ਆਪਣੇ ਮਿੱਤਰ-ਮੰਡਲ ਦੇ ਹਾਸੇ, ਸਮਰਥਨ ਅਤੇ ਸਾਬਾਸ਼ ਤਾਂ ਪ੍ਰਾਪਤ ਕਰਦਾ ਰਿਹਾ ਅਤੇ ਕਈ ਵਾਰ ਬਹੁਤ ਗੰਭੀਰ ਸਤਰਾਂ ਦੀ ਸਿਰਜਣਾ ਕਰਦਾ ਰਿਹਾ ਪਰ ਨਾਲ ਨਾਲ ਉਹ ਆਪਣੀ ਸਿਰਜਕ-ਸਮਰੱਥਾ ਨੂੰ ਅਜਾਈ ਵੀ ਖੋਰਦਾ ਰਿਹਾ।

ਉਹ ਇਸ ਤੱਥ ਨੂੰ ਸਮਝਣ ਵਿੱਚ ਸਫ਼ਲ ਨਹੀਂ ਹੋਇਆ ਕਿ ਜ਼ਿੰਦਗੀ ਦੇ ਪਲਾਂ ਨੂੰ ਹਾਸੇ ਦੇ ਛੁਣਛੁਣੇ ਨਾਲ ਸੰਤੁਸ਼ਟ ਅਤੇ ਖੁਸ਼ ਨਹੀਂ ਕੀਤਾ ਜਾ ਸਕਦਾ। ਇਸ ਸਤਹੀ ਪਹੁੰਚ ਨੇ ਅਤੇ ਉਲਾਰ ਜੀਵਨ-ਸ਼ੈਲੀ ਨੇ ਉਸਦੇ ਸਿਰਜਕ ਵਹਿਣ ਦਾ ਬਹੁਤ ਨੁਕਸਾਨ ਕੀਤਾ ਹੈ। ਵਿਅਕਤੀ ਅਸਲੀਅਤ ਤੋਂ ਜਿੰਨਾ ਦੂਰ ਜਾਂਦਾ ਹੈ, ਜਿੰਨਾ ਰੇਤੇ ਅਤੇ ਮਿ੍ਰਗਤ੍ਰਿਸ਼ਨਾ ਦੇ ਝਾਉਲਿਆਂ ਵਿੱਚ ਉਲਝਦਾ ਜਾਂਦਾ ਹੈ, ਉਹ ਮਾਰੂਥਲ ਵਿੱਚ ਓਨਾ ਹੀ ਭਟਕਦਾ ਹੈ। ਜਸਵੰਤ ਖਟਕੜ ਕਈ ਜਲ-ਸਰੋਤਾਂ ਨਾਲ ਰਚੀ ਜਾਂਦੀ ਨਦੀ ਵਰਗਾ ਕਿਰਦਾਰ ਹੈ। ਉਸ ਨਦੀ ਦੀ ਸੀਮਾ ਇਹ ਰਹੀ ਹੈ ਕਿ ਉਹ ਮੈਦਾਨਾਂ ਨੂੰ ਹਰੇ-ਭਰੇ ਕਰਨ ਦੀ ਥਾਂ ਕਿਸੇ ਰੇਤਥਲ ਵੱਲ ਪਰਤ ਗਈ ਹੈ ਅਤੇ ਰੇਤਥਲ ਵਿੱਚ, ਰਾਜਸਥਾਨ ਦੇ ਟਿੱਬਿਆਂ ਵਿੱਚ ਗੁਆਚ ਗਈ ਸਰਸਵਤੀ ਦੀ ਹੋਣੀ ਸਭ ਨੂੰ ਪੀੜਤ ਹੀ ਕਰਦੀ ਹੈ। ਹਾਲਾਂ ਵੀ ਉਸ ਦੇ ਸਾਹਮਣੇ ਮੁੜ-ਵਗਣ ਦੇ ਮੌਕੇ ਹਨ, ਹਾਲਾਂ ਵੀ ਮੁੜ-ਸੁਰਜੀਤੀ ਦੀ ਸੰਭਾਵਨਾ ਸਾਕਾਰ ਹੋ ਸਕਦੀ ਹੈ ਜੇਕਰ ਉਹ ਹਿੰਮਤ, ਹੌਸਲੇ ਅਤੇ ਤਰਕ ਦਾ ਤਰਕਸ਼ ਸਾਂਭ ਲਵੇ।

— ਦਰਸ਼ਨ ਸਿੰਘ ਖਟਕੜ

Share this content:

Post Comment