Loading Now

ਮਹਿੰਦਰ ਸਾਥੀ ਯਾਦਗਾਰੀ ਮੰਚ ਵਲੋ ਕਵੀ ਦਰਬਾਰ ਤੇ ਸਮਾਗਮ

ਮਹਿੰਦਰ ਸਾਥੀ ਯਾਦਗਾਰੀ ਮੰਚ ਵਲੋ ਕਵੀ ਦਰਬਾਰ ਤੇ ਸਮਾਗਮ

*ਵਿਜੇ ਵਿਵੇਕ ਸ਼ਾਇਰ
*ਸ਼ੇਰ ਜੰਗ ਜਾਂਗਲੀ ਐਵਾਰਡ ਨਾਲ ਸਨਮਾਨਿਤ
*ਡਾਕਟਰ ਸੁਨੀਤਾ ਰਾਣੀ ਦੀਆਂ ਪੁਸਤਕਾਂ ਹੋਈਆਂ ਲੋਕ ਅਰਪਣ
ਮੋਗਾ, 20 ਨਵੰਬਰ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਮਹਿੰਦਰ ਸਾਥੀ ਯਾਦਗਾਰੀ ਮੰਚ ਮੋਗਾ ਵੱਲੋਂ ਡੀ ਐਮ ਕਾਲਜ ਮੋਗਾ ਵਿਖੇ ਸ਼ਾਨਦਾਰ ਯਾਦਗਾਰੀ ਕਵੀ ਦਰਬਾਰ ਤੇ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਮਰੱਥ ਸ਼ਾਇਰ ਵਿਜੇ ਵਿਵੇਕ ਨੂੰ ਕੌਮਾਂਤਰੀ ‘ ਸ਼ੇਰ ਜੰਗ ਫਾਊਂਡੇਸ਼ਨ ਵੱਲੋਂ ਸ਼ੇਰ ਜੰਗ ਜਾਂਗਲੀ ਪੁਰਸਕਾਰ ਨਾਲ਼ ਸਨਮਾਨਿਤ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿਚ ਸ਼ਾਮਿਲ ਕੇ ਐਲ ਗਰਗ ਨੇ ਸ਼ੇਰ ਜੰਗ ਜਾਂਗਲੀ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ।‌ ਵਿਜੇ ਕੁਮਾਰ ਨੇ ਫਾਊਂਡੇਸ਼ਨ ਅਤੇ ਪੁਰਸਕਾਰ ਬਾਰੇ ਦੱਸਿਆ।‌ ਵਿਜੇ ਵਿਵੇਕ ਦਾ ਸਨਮਾਨ ਪੱਤਰ ਕਹਾਣੀਕਾਰ ਜਸਵਿੰਦਰ ਧਰਮਕੋਟ ਨੇ ਪੜ੍ਹਿਆ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਸ਼ਾਇਰ ਗੁਰਤੇਜ ਕੋਹਾਰਵਾਲਾ ਨੇ ਕਿਹਾ ਕਿ ਵਿਜੇ ਵਿਵੇਕ ਸਾਡੇ ਸਮਿਆਂ ਦਾ ਉਹ ਵੱਡਾ ਸ਼ਾਇਰ ਹੈ ਜਿਸਨੂੰ ਭਰਵੀਂ ਲੋਕ ਪ੍ਰਵਾਨਗੀ ਪ੍ਰਾਪਤ ਹੋਈ ਹੈ। ਗੁਰਤੇਜ ਕੋਹਾਰਵਾਲਾ ਨੇ ਆਪਣੀ ਖੂਬਸੂਰਤ ਗ਼ਜ਼ਲ “ਸਾਡੇ ‘ਚ ਇੱਕ ਅਜੀਬ ਹੀ ਦਰਿਆ ਹੈ ਵਗ ਪਿਆ, ਪਾਣੀ ਖੜੋ ਗਿਆ ਹੈ ਤੇ ਗੀਟੇ ਵਹਾ ‘ਚ ਹਨ” ਨਾਲ਼ ਸੰਜੀਦਾ ਸ਼ਾਇਰੀ ਸਾਂਝੀ ਕੀਤੀ।

ਕਹਾਣੀਕਾਰ ਅਤੇ ਮੰਚ ਦੇ ਸਰਪ੍ਰਸਤ ਗੁਰਮੀਤ ਕੜਿਆਲਵੀ ਨੇ ਮਹਿੰਦਰ ਸਾਥੀ ਯਾਦਗਾਰੀ ਮੰਚ ਵੱਲੋਂ ਕੀਤੇ ਜਾ ਰਹੇ ਸਾਹਿਤਕ ਕਾਰਜਾਂ ਬਾਰੇ ਰਿਪੋਰਟ ਪੇਸ਼ ਕੀਤੀ। ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੋਗਾ ਦੀਆਂ ਵਿਦਿਆਰਥਣਾਂ ਸਿਮਰਨਜੀਤ ਕੌਰ ਤੇ ਸਾਥਣਾਂ ਨੇ ਮਹਿੰਦਰ ਸਾਥੀ ਦੀ ਵਿਸ਼ਵ ਪ੍ਰਸਿੱਧ ਰਚਨਾ ‘ਮਿਸ਼ਾਲਾਂ ਬਾਲ ਕੇ ਚੱਲਣਾ, ਜਦੋਂ ਤੱਕ ਰਾਤ ਬਾਕੀ ਹੈ’ ਬੁਲੰਦ ਆਵਾਜ਼ ਵਿੱਚ ਗਾਈ। ਉਪਰੰਤ ਮੰਚ ਸੰਚਾਲਨ ਕਰ ਰਹੇ ਜਨਰਲ ਸਕੱਤਰ ਗੁਰਪ੍ਰੀਤ ਧਰਮਕੋਟ ਨੇ ਕਵੀ ਦਰਬਾਰ ਦੀ ਸ਼ੁਰੂਆਤ ਕਰਨ ਲਈ ਨਿੱਕੀ ਬਹਿਰ ਦੇ ਵੱਡੇ ਸ਼ਾਇਰ ਤ੍ਰੈਲੋਚਨ ਲੋਚੀ ਨੂੰ ਸੱਦਾ ਦਿਤਾ। ਲੋਚੀ ਨੇ ਤਰੰਨਮ ਨਾਲ਼ “ਘਰਾਂ ਵਿੱਚ ਰੋਸ਼ਨੀ ਹੁੰਦੇ ਹੋਏ ਵੀ” ਗ਼ਜ਼ਲ ਪੇਸ਼ ਕੀਤੀ ਤਾਂ ਸਰੋਤੇ ਅਸ਼ ਅਸ਼ ਕਰ ਉੱਠੇ। ਨਵਾਂ ਸ਼ਹਿਰ ਤੋਂ ਆਏ ਸ਼ਾਇਰ ਕੁਲਵਿੰਦਰ ਕੁੱਲਾ ਨੇ “ਤੂੰ ਨੱਚੇਂ ਤਾਂ ਛਣਕਾਂ ਮੈਂ ਪਾਇਲ ਨਹੀਂ ਹਾਂ” ਨਾਲ਼ ਗੱਲ ਅੱਗੇ ਤੋਰੀ। ਕਵੀ ਦਰਬਾਰ ਦੇ ਅਗਲੇ ਸ਼ਾਇਰ ਜਸਪਾਲ ਅਨਹਦ ਦੇ ਗਹਿਰ ਗੰਭੀਰ ਸ਼ੇਅਰਾਂ “ਇਹ ਵੀ ਹੈ ਤੇਰੇ ਸ਼ਹਿਰ ਦੀ ਕੈਸੀ ਤ੍ਰਾਸਦੀ, ਬੰਦੇ ਮਿਲੇ ਨੇ ਬਹੁਤ ਪਰ ਜਿਉਂਦੇ ਨਹੀਂ ਮਿਲੇ” ਨੇ ਸਰੋਤਿਆਂ ਨੂੰ ਸੋਚੀਂ ਪਾ ਦਿੱਤਾ। ਪ੍ਰਮੋਧ ਕਾਫ਼ਿਰ ਦੀ ਗ਼ਜ਼ਲ “ਨਟੀ ਨੂੰ ਸਭ ਪਤਾ ਏ” ਸਮਾਗਮ ਦਾ ਸਿਖ਼ਰ ਹੋ ਨਿਬੜੀ।

ਫਿਰੋਜ਼ਪੁਰ ਤੋਂ ਆਏ ਸ਼ਾਇਰ ਸੁਖਜਿੰਦਰ ਨੇ ਮੁਲਕ ਨਾਲ ਕੁੱਝ ਨਿਰਾਰਥਕ ਗੱਲਾਂ ਕੀਤੀਆਂ। ਵੱਡੇ ਸ਼ਾਇਰ ਮਨਜਿੰਦਰ ਧਨੋਆ ਦੇ ਸ਼ੇਅਰਾਂ ‘ਤੇ ਵੱਜਦੀਆਂ ਤਾੜੀਆਂ ਨੇ ਹਾਲ ਗੂੰਜਣ ਲਾ ਦਿੱਤਾ। “ਅੱਜ ਵੀ ਕੱਚੇ ਘਰ ਦੀ ਕੰਧ ਪੁਰਾਣੀ ਉੱਤੇ, ਧੂੰਏਂ ਦੇ ਸੰਗ ਮਾਂ ਦੀ ਇਕ ਤਸਵੀਰ ਬਣੀ ਏ” ਨੇ ਸਾਰਿਆਂ ਨੂੰ ਭਾਵਕ ਕਰ ਦਿਤਾ। ਜਲਾਲਾਬਾਦ ਪੱਛਮੀ ਤੋਂ ਆਈ ਸ਼ਾਇਰਾ ਮੀਨਾ ਮਹਿਰੋਕ, ਮਲੋਟ ਤੋਂ ਆਏ ਮਨਜੀਤ ਸੂਖ਼ਮ, ਕਨੇਡਾ ਰਹਿੰਦੇ ਸ਼ਾਇਰ ਤੇ ਚਿਤਰਕਾਰ ਪ੍ਰਤੀਕ, ਵਿਕਟੋਰੀਆ (ਕਨੇਡਾ) ਤੋਂ ਹੀ ਆਏ ਸ਼ਾਇਰ ਤੇਜਵਿੰਦਰ ਨੇ ਆਪਣੀਆਂ ਰਚਨਾਵਾਂ ਨਾਲ਼ ਕਵੀ ਦਰਬਾਰ ਨੂੰ ਸਿਖਰਾਂ ‘ਤੇ ਪਹੁੰਚਾ ਦਿੱਤਾ। ਪ੍ਰਧਾਨਗੀ ਮੰਡਲ ਵਿਚ ਬੈਠੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮੁਖੀ ਡਾ ਗੁਰਸੇਵਕ ਲੰਬੀ ਨੇ ਜਿਥੇ ਆਪਣੀਆਂ ਕਵਿਤਾਵਾਂ ਸੁਣਾਈਆਂ ਉੱਥੇ ਮੰਚ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਹਰਮੀਤ ਵਿਦਿਆਰਥੀ ਨੇ ਕੱਟੜਤਾ ਦੇ ਅਜੋਕੇ ਦੌਰ ਤੋਂ ਸੁਚੇਤ ਕਰਦਿਆਂ ਆਪਣੇ ਕੁੱਝ ਸ਼ੇਅਰ ਆਖੇ। ਜ਼ਿਲਾ ਭਾਸ਼ਾ ਅਫ਼ਸਰ ਡਾ ਅਜੀਤਪਾਲ ਨੇ ਤਰੰਨਮ ਨਾਲ਼ ਗ਼ਜ਼ਲ ਪੇਸ਼ ਕੀਤੀ।

ਸਮਾਗਮ ਦਾ ਸਿਖ਼ਰਲਾ ਪੜਾਅ ਸੀ ਸਨਮਾਨਿਤ ਸ਼ਾਇਰ ਵਿਜੇ ਵਿਵੇਕ ਦੀ ਸ਼ਾਇਰੀ। ਉਸਦੇ ਇਕ ਇਕ ਸ਼ੇਅਰ ਨੂੰ ਭਰਵੀਂ ਦਾਦ ਮਿਲੀ। ਵਿਜੇ ਦੇ ‘ਜਨੌਰ ਚੁਗ ਗਏ ਨੇ ਬਾਜ਼ਰੀ ਉਮੀਦਾਂ ਦੀ, ਮੈਂ ਵਿਹਲਾ ਤੂਤੜਾ ਛੱਟਣ ‘ਤੇ ਆਇਆ ਹੋਇਆ ਹਾਂ’ ਸਮੇਤ ਕਈ ਕਲਾਤਮਿਕ ਸ਼ੇਅਰ ਸਰੋਤਿਆਂ ਨੂੰ ਝੂੰਮਣ ਲਾ ਗਏ। ਇਸ ਮੌਕੇ ਊੜਾ ਪ੍ਰਕਾਸ਼ਨ ਵੱਲੋਂ ਪੁਸਤਕ ਪ੍ਰਦਰਸ਼ਨੀ ਲਗਾਈ ਗਈ। ਡੀ ਐਮ ਕਾਲਜ ਮੋਗਾ ਦੀ ਪ੍ਰੋਫੈਸਰ ਡਾਕਟਰ ਸੁਨੀਤਾ ਰਾਣੀ ਦੀ ਪੁਸਤਕ “ਪੰਜਾਬ ਦੀ ਵਿਰਾਸਤ” ਅਤੇ ਸ਼ੇਰ ਜੰਗ ਜਾਂਗਲੀ ਦੀ ਪੁਸਤਕ ‘ਝੁਰ ਝੁਰ’ ਲੋਕ ਅਰਪਣ ਕੀਤੀਆਂ ਗਈਆਂ। ਸ਼ੇਰ ਜੰਗ ਜਾਂਗਲੀ ਦੀ ਧਰਮਪਤਨੀ ਸ਼੍ਰੀਮਤੀ ਸ਼ਕੁੰਤਲਾ ਜੰਗ ਇੰਗਲੈਂਡ ਤੋਂ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਮੰਚ ਦੇ ਪ੍ਰਧਾਨ ਨਵਨੀਤ ਸਿੰਘ ਸੇਖਾ ਨੇ ਸਾਰਿਆਂ ਦਾ ਧੰਨਵਾਦ ਕੀਤਾ। ਮੰਚ ਦੀ ਸੀਨੀਅਰ ਮੀਤ ਪ੍ਰਧਾਨ ਅਮਰਪ੍ਰੀਤ ਕੌਰ ਸੰਘਾ, ਮੀਤ ਪ੍ਰਧਾਨ ਧਾਮੀ ਗਿੱਲ, ਸਿਮਰਜੀਤ ਸਿੰਮੀ, ਵਿਤ ਸਕੱਤਰ ਪ੍ਰਦੀਪ ਰਖਰਾ, ਕਾਰਜਕਾਰਨੀ ਮੈਂਬਰ ਅਵਤਾਰ ਕਮਾਲ, ਸੋਨੀ ਮੋਗਾ ਸੋਨੀਆ ਸਿਮਰ, ਮਲੋਟ ਤੋਂ ਸ਼ਾਇਰ ਰਿਸ਼ੀ ਹਿਰਦੇਪਾਲ, ਪਰਮਜੀਤ ਢਿੱਲੋਂ, ਡਾਕਟਰ ਸਾਧੂ ਰਾਮ ਲੰਗੇਆਣਾ, ਜਸਵੰਤ ਸਿੰਘ ਸਿੱਧੂ ਬਾਘਾ ਪੁਰਾਣਾ, ਸਾਗਰ ਸਫਰੀ, ਬਲਵਿੰਦਰ ਕੈਂਥ, ਨਾਵਲਕਾਰ ਨਛੱਤਰ ਪ੍ਰੇਮੀ, ਡਾਕਟਰ ਹਰਨੇਕ ਸਿੰਘ ਰੋਡੇ, ਕੈਪਟਨ ਜਸਵੰਤ ਸਿੰਘ ਪੰਡੋਰੀ, ਡਾਕਟਰ ਸਰਬਜੀਤ ਕੌਰ ਬਰਾੜ, ਪ੍ਰਿੰਸੀਪਲ ਅਵਤਾਰ ਸਿੰਘ ਕਰੀਰ, ਖੇਤਪਾਲ ਸਿੰਘ ਦੀਪ, ਨੌਜਵਾਨ ਲੇਖਕ ਅਰਸ਼ਦੀਪ, ਚਮਕੌਰ ਬਿੱਲਾ ਪੰਜਾਬੀ ਯੂਨੀਵਰਸਿਟੀ ਪਟਿਆਲਾ, ਬਜ਼ੁਰਗ ਸ਼ਾਇਰ ਜੀਵਨ ਸਿੰਘ ਹਾਣੀ, ਸੁਖਰਾਜ ਸਿੰਘ ਜ਼ੀਰਾ, ਦਲਜੀਤ ਰਾਏ ਕਾਲੀਆ, ਮਾਸਟਰ ਸ਼ਮਸ਼ੇਰ ਸਿੰਘ ਲਲਿਤ ਸਿੰਗਲਾ, ਦਿਲਬਾਗ ਬੌਡੇ, ਸੁਖਮੰਦਰ ਕੌਰ ਬੌਡੇ, ਦਰਸ਼ਨ ਸਿੰਘ ਤੂਰ, ਗੁਰਬਚਨ ਕਮਲ, ਵੀਰਪਾਲ ਕੌਰ, ਮਨਜੋਤ ਕੌਰ, ਕਹਾਣੀਕਾਰ ਰਾਜਵਿੰਦਰ ਰਾਜਾ, ਨਵਦੀਪ ਲੰਗੇਆਣਾ, ਰਾਏ ਜੰਗ, ਸੁਖਦੇਵ ਸਿੰਘ ਭੱਟੀ, ਯਾਦਵਿੰਦਰ, ਕਰਮਵੀਰ ਕੌਰ, ਅੰਮ੍ਰਿਤਪਾਲ ਸ਼ਰਮਾ ਮੀਡੀਆ ਕੋਆਰਡੀਨੇਟਰ ਸਿਵਲ ਹਸਪਤਾਲ ਮੋਗਾ, ਮਾਸਟਰ ਗੁਰਸ਼ਰਨ, ਸਿਮਰਨਜੀਤ ਕੌਰ, ਤਾਨੀਆ ਗੋਇਲ, ਨੇਕ ਖੋਸਾ ਅਤੇ ਮੁਸਕਾਨ ਸਮੇਤ ਬਹੁਤ ਸਾਰੇ ਸਾਹਿਤਕਾਰ ਤੇ ਸਾਹਿਤ ਪ੍ਰੇਮੀ ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।

Share this content:

Post Comment