ਮਲਕੀਤ ਕੌਰ ਡਿਪਟੀ ਮਾਸ ਮੀਡੀਆ ਸੂਚਨਾਂ ਅਫਸਰ,ਬਠਿੰਡਾ ਸੇਵਾ ਮੁਕਤ ਹੋਏ,
*ਸਿਵਲ ਸਰਜਨ ਬਠਿੰਡਾ ਅਤੇ ਸਮੂਹ ਸਟਾਫ਼ ਵੱਲੋਂ ਉਹਨਾਂ ਦਾ ਕੀਤਾ ਗਿਆ ਵਿਸ਼ੇਸ ਸਨਮਾਨ
ਬਠਿੰਡਾ,30 ਅਗਸਤ (ਏ.ਡੀ.ਪੀ ਨਿਊਜ਼) – ਮਲਕੀਤ ਕੌਰ ਜਿਨਾਂ ਨੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਵਿੱਚ ਸਰਕਾਰੀ ਸੇਵਾ ਕੀਤੀ ਅਤੇ ਨੌਕਰੀ ਦੇ ਨਾਲ ਨਾਲ ਉਹਨਾਂ ਨੇ ਕਦੇ ਦਿਨ ਰਾਤ ਨਹੀਂ ਦੇਖਿਆ ਅਤੇ ਹਮੇਸ਼ਾ ਜਰੂਰਤਮੰਦ ਲੋਕਾਂ ਦੇ ਪਰਿਵਾਰਾਂ ਦੀ ਸਹਾਇਤਾ ਕੀਤੀ।ਸੱਚ ਤਾਂ ਇਹ ਕਿ ਮਲਕੀਤ ਕੌਰ ਨੇ ਆਪਣੀ ਸਰਕਾਰੀ ਨੌਕਰੀ ਨੂੰ ਸਿਰਫ ਨੌਕਰੀ ਨਹੀਂ ਬਲਕਿ ਸੇਵਾ ਤੇ ਸਮਰਪਣ ਭਾਵਨਾ ਵਾਲਾ, ਆਪਣੇ ਹਿੱਸੇ ਲੱਗਿਆ ਇੱਕ ਜਿੰਮੇਵਾਰੀ ਸਮਾਜਿਕ ਕਾਰਜ ਸਮਝਿਆ।
ਹੋਰ ਤਾਂ ਹੋਰ ਹੋਰ ਇਹਨਾਂ ਨੂੰ ਰਾਤਾਂ ਨੂੰ ਵੀ ਕਰੋਨਾ ਕਾਲ ਦੌਰਾਨ ਟੀਕੇ ਲਾਉਂਦੇ ਵੇਖਿਆ ਗਿਆ। ਹੁਣ ਇਹ ਡਿਪਟੀ ਮਾਸ ਮੀਡੀਆ ਸੂਚਨਾਂ ਅਫਸਰ ਦੇ ਅਹੁਦੇ ਤੋਂ ਸਿਵਲ ਸਰਜਨ ਦਫਤਰ, ਬਠਿੰਡਾ ਤੋੰ ਸੇਵਾ ਮੁਕਤ ਹੋਏ ਹਨ। ਇਹਨਾਂ ਦਾ ਜਨਮ 18 ਅਗਸਤ,1967 ਨੂੰ ਪੱਟੀ,ਜਿਲ੍ਹਾ ਤਰਨਤਾਰਨ ਵਿਖੇ ਹੋਇਆ ਅਤੇ ਉਹ ਬਚਪਨ ਤੋਂ ਹੀ ਸੇਵਾ ਦੇ ਕੰਮਾਂ ਵਿਚ ਅੱਗੇ ਰਹਿੰਦੇ ਸੀ ਤੇ ਮਾਤਾ ਪਿਤਾ ਦੀ ਚੰਗੀ ਸਿੱਖਿਆ ਦਾ ਨਤੀਜਾ ਕਿ ਉਹ ਆਪਣੀ ਜਿੰਦਗੀ ਵਿੱਚ ਇੱਕ ਸਹੀ ਅਤੇ ਕਾਮਯਾਬੀ ਦੇ ਮੁਕਾਮ ‘ਤੇ ਪਹੁੰਚੇ।ਭਾਵੇਂ ਜਿੰਦਗੀ ਵਿਚ ਦੁੱਖਾਂ ਨੇ ਵੀ ਉਹਨਾਂ ਨੂੰ ਘੇਰਿਆ… ਪਰ ਉਹ ਕਦੇ ਵੀ ਡਾਵਾਂ ਡੋਲ ਨਹੀ ਹੋਏ ਅਤੇ ਹਮੇਸਾ ਵਾਹਿਗੁਰੂ ਦਾ ਭਾਣਾ ਮੰਨਦੇ ਹੋਏ ਚੜ੍ਹਦੀ-ਕਲਾ ਵਿਚ ਰਹੇ ਤੇ ਆਪਣੀਆਂ ਜਿੰਮੇਵਾਰੀਆਂ ਖਿੜੇ ਮੱਥੇ ਨਿਭਾਉਂਦੇ ਰਹੇ।
ਉਹਨਾਂ ਦੇ ਸਰਕਾਰੀ ਸਰਵਿਸ ਵਿੱਚ ਆਉਣ ਦੀ ਮਿਤੀ 10ਅਕਤੂਬਰ,1985 (ਪੀ ਐੱਚ ਸੀ ,ਸੰਗਤ ਮੰਡੀ) ਸੀ ਅਤੇ ਪੀ ਐੱਚ ਸੀ ਗੋਨਿਆਣਾ ਮੰਡੀ ਵਿੱਚ ਵੀ ਕਈ ਸਾਲ ਉਹਨਾਂ ਆਪਣੀਆਂ ਸਿਹਤ ਸੇਵਾਵਾਂ ਦਿੱਤੀਆਂ। 2001 ਵਿੱਚ ਟਾਉਨ ਡਿਸਪੈਂਸਰੀ,ਬਠਿੰਡਾ ਅਤੇ ਅਰਬਨ ਹੈਲਥ ਕੇਅਰ ਸੈਂਟਰ,ਬੇਅੰਤ ਨਗਰ ਵਿਖੇ 2011ਤੋਂ ਲੈ ਕੇ 2023 ਤੱਕ ਉਹਨਾਂ ਹੈਲਥ ਸੁਪਰਵਾਈਜ਼ਰ ਵੱਲੋਂ ਕੰਮ ਕੀਤਾ ਅਤੇ 2024 ਵਿੱਚ ਸਿਵਲ ਸਰਜਨ ਦਫ਼ਤਰ,ਬਠਿੰਡਾ ਵਿਖੇ ਡਿਪਟੀ ਮਾਸ ਮੀਡੀਆ ਸੂਚਨਾ ਅਫ਼ਸਰ ਵਜੋਂ ਅਗਸਤ 2025 ਤੱਕ ਆਪਣੀਆਂ ਸੇਵਾਵਾਂ ਤਨ ਦੇਹੀ ਨਾਲ ਅਤੇ ਸੇਵਾ ਭਾਵਨਾ ਨਾਲ ਨਿਭਾਈਆਂ। ਮਲਕੀਤ ਕੌਰ ਸਮੇਂ ਸਮੇਂ ਸਿਰ ਸਿਹਤ ਮੰਤਰੀ ਤੋਂ ਲੈ ਕੇ ਸਿਵਲ ਸਰਜਨ ਵੱਲੋਂ ਅਤੇ ਹੋਰਨਾਂ ਸੰਸਥਾਵਾਂ ਵੱਲੋਂ ਸਨਮਾਨਿਤ ਵੀ ਹੁੰਦੇ ਰਹੇ।ਇਨਾਂ ਦਾ ਵਿਆਹ ਡਾਕਟਰ ਖੇਮ ਰਾਜ ਬਾਂਸਲ ਜੀ ਨਾਲ ਹੋਇਆ, ਜੋ ਕਿ ਸਿਵਲ ਸਰਜਨ ਦਫ਼ਤਰ,ਬਠਿੰਡਾ ਵਿੱਚੋਂ ਡਿਪਟੀ ਮੈਡੀਕਲ ਕਮਿਸ਼ਨਰ ਰਿਟਾਇਰ ਹੋਏ ਸਨ,।ਇਹਨਾਂ ਦਾ ਇੱਕ ਬੇਟਾ ਜਤਿਨ ਬਾਂਸਲ ਜੋ ਇਸ ਸਮੇਂ ਐੱਮ ਬੀ ਬੀ ਐਸ ਕਰਕੇ ਆਪਣੇ ਪਿਤਾ ਦੇ ਨਕਸ਼ੇ ਕਦਮਾਂ ‘ਤੇ ਚੱਲ ਕੇ ਡਾਕਟਰ ਬਣ ਗਿਆ ਹੈ।
ਬਹੁਤ ਦੁੱਖ ਦਾਈ ਘਟਨਾ ਇਹ ਹੋਈ ਕਿ ਕਰੋਨਾ ਕਾਲ ਵਿੱਚ ਮਲਕੀਤ ਕੌਰ ਦੇ ਪਤੀ ਡਾਕਟਰ ਖੇਮ ਰਾਜ ਬਾਂਸਲ ਇਹਨਾਂ ਨੂੰ ਸਦਾ ਸਦਾ ਲਈ ਅਲਵਿਦਾ ਆਖ ਗਏ।ਇਹਨਾਂ ਨੇ ਵਾਹਿਗੁਰੂ ਜੀ ਦਾ ਭਾਣਾ ਮੰਨ ਕੇ ਤੇ ਹੌਂਸਲਾ ਰੱਖ ਕੇ ਬੇਟੇ ਨੂੰ ਡਾਕਟਰ ਬਣਾਇਆ ਅਤੇ ਆਪਣੀ ਡਿਊਟੀ ਨੂੰ ਵੀ ਨਿਭਾਇਆ ਭਾਵ 39 ਸਾਲ 10 ਮਹੀਨੇ ਆਪਣੀ ਸਰਵਿਸ ਬੇਦਾਗ ਨਿਭਾਈ। ਜਿਕਰਯੋਗ ਹੈ ਕਿ ਮਲਕੀਤ ਕੌਰ ਨੇ ਨਰਸਿੰਗ ਕੋਰਸ ਵੀ ਬਠਿੰਡਾ ਵਿਖੇ ਹੀ ਕੀਤਾ ਅਤੇ ਸਾਰੀ ਸਰਵਿਸ ਵੀ ਬਠਿੰਡਾ ਜ਼ਿਲ੍ਹੇ ਵਿੱਚ ਹੀ ਕੀਤੀ। ਸੇਵਾ ਮੁਕਤ ਹੋਣ ਉਪਰੰਤ ਮਲਕੀਤ ਕੌਰ ਡਿਪਟੀ ਮਾਸ ਮੀਡੀਆ ਸੂਚਨਾ ਅਫਸਰ ਨੂੰ ਮਾਨਯੋਗ ਸਿਵਲ ਸਰਜਨ ਬਠਿੰਡਾ ਤਪਿੰਦਰਜੋਤ,ਸਹਾਇਕ ਸਿਵਲ ਸਰਜਨ ਅਨੁਪਮ ਸ਼ਰਮਾਂ,ਮੀਡੀਆ ਅਫਸਰ ਪਵਨ ਕੁਮਾਰ,ਡੀ ਅੈਮ ਈ ਆਈ ਓ ਰੋਹਿਤ ਅਤੇ ਸਮੂਹ ਸਟਾਫ਼ ਵੱਲੋਂ ਵਿਸ਼ੇਸ ਸਨਮਾਨ ਦਿੱਤਾ ਗਿਆ ਅਤੇ ਬਹੁਤ ਬਹੁਤ ਮੁਬਾਰਕਾਂ ਦਿੱਤੀਆਂ ਗਈਆਂ ਉਹਨਾਂ ਦੀ ਤੰਦਰੁਸਤ ਅਤੇ ਲੰਬੀ ਉਮਰ ਦੀ ਕਾਮਨਾ ਕੀਤੀ ਗਈ।
Share this content:


Post Comment